ਸੁਖੀ ਗ੍ਰਹਿਸਥ ਜੀਵਨ ਦਾ ਰਾਜ

‘‘ਘਰ ਇੱਟਾਂ ਅਤੇ ਸੀਮਿੰਟ ਨਾਲ ਬਣੀ ਚਾਰ ਦੀਵਾਰੀ ਨਹੀਂ ਹੁੰਦੀ। ਘਰ ਤਾਂ ਉਹ ਥਾਂ ਹੈ ਜਿਥੇ ਮੁਹੱਬਤ ਹੈ, ਪਿਆਰ ਹੈ, ਵਾਅਦੇ ਹਨ, ਸੱਧਰਾਂ ਹਨ, ਸੁਪਨੇ ਹਨ, ਉਮੀਦਾਂ ਹਨ। ਬਜ਼ੁਰਗਾਂ ਦਾ ਅਸ਼ੀਰਵਾਦ ਗੁੰਜਦਾ ਹੁੰਦਾ ਹੈ ਘਰ ਵਿੱਚ। ਬੱਚਿਆਂ ਦੀਆਂ ਕਿਲਕਾਰੀਆਂ ਅਤੇ ਮਾਸੂਮ ਹਾਸਿਆਂ ਦਾ ਸੰਗੀਤ ਹੁੰਦਾ ਹੈ ਘਰ। ਕਿਹਾ ਗਿਆ ਹੈ ਕਿ ਮਰਦ ਮਕਾਨ ਬਣਾਉਂਦੇ ਹਨ, ਔਰਤਾਂ ਉਸ ਨੂੰ ਘਰ ਬਣਾਉਂਦੀਆਂ ਹਨ। ਪੰਜਾਬ ਵਿੱਚ ਇਕ ਹੋਰ ਅਖਾਣ ਮਸ਼ਹੂਰ ਹੈ। ‘ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ’। ਛੱਜੂ ਦੇ ਚੁਬਾਰੇ ਸੁੱਖ ਤਾਂ ਹੀ ਮਿਲੇਗਾ ਜੇ ਉਥੇ ਪ੍ਰੇਮ ਹੋਵੇਗਾ, ਮੁਹੱਬਤ ਹੋਵੇਗੀ, ਸੁੱਖ ਹੋਵੇਗਾ, ਸ਼ਾਂਤੀ ਹੋਵੇਗੀ। ਪਿਆਰ ਹੀ ਹੈ ਜੋ ਮਕਾਨ ਨੂੰ ਘਰ ਬਣਾਉਂਦਾ ਹੈ। ਪਿਆਰ ਹੀ ਸਾਰੀਆਂ ਕਲਾਵਾਂ ਦਾ ਗੁਰੂ ਹੁੰਦਾ ਹੈ। ਜਿਹੜੇ ਘਰ ਵਿੱਚ ਪਿਆਰ ਹੁੰਦਾ ਹੈ, ਉਥੇ ਹਨੇਰਾ ਨਹੀਂ ਹੁੰਦਾ, ਝਗੜਾ ਨਹੀਂ ਹੁੰਦਾ ਅਤੇ ਅਸ਼ਾਂਤੀ ਨਹੀਂ ਹੁੰਦੀ। ਪਿਆਰ ਦੀ ਕੋਈ ਸੀਮਾ ਵੀ ਨਹੀਂ ਹੁੰਦੀ। ਪਿਆਰ ਤਾਂ ਘਰ ਵਿਚਲੀਆਂ ਤੰਗੀਆਂ ਤੁਰਸ਼ੀਆਂ ਨੂੰ ਵੀ ਭੁਲਾ ਦਿੰਦਾ ਹੈ। ਪੰਜਾਬੀ ਲੋਕ ਕਥਨ ਹੈ :
ਕੁੱਲੀ ਯਾਰ ਦੀ ਸੁਰਗ ਦਾ ਝੂਟਾ
ਅੱਗ ਲਾਵਾਂ ਮਹਿਲਾਂ ਨੂੰ
ਪਤੀ-ਪਤਨੀ ਨੂੰ ਪਿਆਰ ਸਿਖਾਉਣ ਲਈ ਕਿਸੇ ਉਸਤਾਦ ਦੀ ਲੋੜ ਨਹੀਂ ਹੁੰਦੀ। ਬਸ ਆਪਸ ਵਿੱਚ ਪ੍ਰੇਮ ਮੁਹੱਬਤ ਨਾਲ ਰਹੋ ਅਤੇ ਇੱਟਾਂ ਦੇ ਕੋਠੇ ਨੂੰ ਘਰ ਬਣਾਓ।’’ ਇਹ ਕਹਿੰਦੇ ਹੋਏ ਪ੍ਰੋਫੈਸਰ ਸਾਹਿਬ ਨੇ ਹਾਜ਼ਰ ਨੌਜਵਾਨ ਜੋੜਿਆਂ ਵੱਲ ਪਿਆਰ ਭਰੀਆਂ ਨਿਗਾਹਾਂ ਨਾਲ ਤੱਕਿਆ। ‘‘ਘਰ ਤਾਂ ਬਣਾਈਏ ਜੇ ਸਾਡੇ ਸੁਪਨੇ ਦਾ ਘਰ ਹੋਵੇ। ਸੋਚਿਆ ਕੁੱਝ ਹੋਰ ਸੀ ਮਿਲਿਆ ਕੁੱਝ ਹੋਰ। ਕਈ ਵਾਰ ਤਾਂ ਪਛਤਾਵਾ ਹੁੰਦਾ ਹੈ ਕਿ ਮੇਰੇ ਮਾਪਿਆਂ ਨੇ ਗਲਤ ਚੋਣ ਕਰ ਲਈ। ਜੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਅੱਜ ਅਮਰੀਕਾ ਜਾਂ ਕੈਨੇਡਾ ਬੈਠੀ ਹੁੰਦੀ। ਉਂਜ ਕਈ ਵਾਰ ਮੈਂ ਸੋਚਦੀ ਹਾਂ ਕਿ ਕੁੜੀ ਦੀ ਵੀ ਕੋਈ ਜ਼ਿੰਦਗੀ ਹੈ। ਮੇਰੀ ਪੜ੍ਹਾਈ ਦਾ ਮੈਨੂੰ ਕੀ ਫਾਇਦਾ ਹੋਇਆ ਜੇ ਬੱਚੇ ਪੈਦਾ ਕਰਕੇ ਇਨ੍ਹਾਂ ਨੂੰ ਹੀ ਸੰਭਾਲਣਾ ਸੀ। ਪਿਆਰ ਤਾਂ ਉਦੋਂ ਹੀ ਕਰ ਸਕਦੇ ਹਾਂ ਜੇ ਸੁਪਨੇ ਵਾਲਾ ਘਰ ਪਰਿਵਾਰ ਮਿਲਿਆ ਹੋਵੇ। ਜੇ ਸਾਰੀ ਜ਼ਿੰਦਗੀ ਇਉਂ ਹੀ ਤੰਗੀ ਤੁਰਸ਼ੀ ਅਤੇ ਕਲੇਸ਼ ’ਚ ਹੀ ਕੱਟਣੀ ਹੈ ਤਾਂ ਅਜਿਹੀ ਜ਼ਿੰਦਗੀ ਦਾ ਕੀ ਫਾਇਦਾ। ਸੱਚ-ਮੁੱਚ ਹੀ ਮੈਂ ਬਹੁਤ ਦੁਖੀ ਹਾਂ। ਮੇਰੇ ਵਰਗਿਆਂ ਬਾਰੇ ਵੀ ਕੁੱਝ ਬੋਲੋ। ਗੁਰੂ ਜੀ। ‘‘ਇਕ ਗੱਲ ਯਾਦ ਰੱਖੋ ਕਿ ਕਦੇ ਵੀ ਕਿਸੇ ਨੂੰ ਉਸ ਦੇ ਸੁਪਨਿਆਂ ਵਾਲਾ ਸੰਸਾਰ ਨਹੀਂ ਮਿਲਦਾ ਹੁੰਦਾ। ਵਿਆਹ ਤਾਂ ਕਾਫੀ ਹੱਦ ਤੱਕ ਦੋਵੇਂ ਧਿਰਾਂ ਵਿੱਚ ਹੋਇਆ ਸਮਝੌਤਾ ਹੁੰਦਾ ਹੈ। ਸਿਆਣੇ ਮਰਦ ਅਤੇ ਇਸਤਰੀਆਂ ਇਸ ਸਮਝੌਤੇ ਵਿੱਚੋਂ ਹੀ ਆਪਣੇ ਸੁਪਨਿਆਂ ਦਾ ਘਰ ਸ਼ਿੰਗਾਰ ਲੈਂਦੇ ਹਨ। ਮਨ ਲਵੋ, ਕਿ ਤੁਹਾਡੀ ਆਮਦਨ ਘੱਟ ਹੈ। ਕੁਝ ਆਰਥਿਕ ਸਮੱਸਿਆਵਾਂ ਹਨ। ਜੇ ਆਦਮੀ ਤੀਵੀਂ ਵਿੱਚ ਇਕਸੁਰਤਾ ਅਤੇ ਸਮਝ ਹੋਵੇ ਅਤੇ ਮੁਹੱਬਤ ਦਾ ਗੂੜ੍ਹਾ ਰਿਸ਼ਤਾ ਹੋਵੇਗਾ। ਉਹ ਆਮਦਨ ਵਧਾਉਣ ਦੇ ਵਸੀਲੇ ਵਧਾਉਣ ਵਿੱਚ ਕਾਮਯਾਬ ਹੋ ਜਾਣਗੇ। ਮੈਂ ਬਹੁਤ ਸਾਰੇ ਅਜਿਹੇ ਘਰ ਵੇਖੇ ਹਨ ਜਿਨ੍ਹਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਪਰ ਘਰ ਵਿੱਚ ਪਿਆਰ ਅਤੇ ਵਿਸ਼ਵਾਸ ਦੀ ਕਮੀ ਕਾਰਨ ਜੀਵਨ ਨਰਕ ਸਮਾਨ ਬਣਿਆ ਪਿਆ ਹੈ। ਪੈਸਾ ਪਿਆਰ, ਸ਼ਾਂਤੀ ਅਤੇ ਖੁਸ਼ੀ ਦਾ ਜਾਮਨੀ ਨਹੀਂ ਹੁੰਦਾ। ਆਪਣੇ ਸੁਪਨਿਆਂ ਦੇ ਘਰ ਨੂੰ ਬਣਾਉਣ ਲਈ ਮਿਹਨਤ ਦੀ ਲੋੜ ਹੁੰਦੀ ਹੈ। ਆਪਣੇ ਸਾਥੀ ਨੂੰ ਪਿਆਰ ਨਾਲ ਪ੍ਰੇਰਨ ਦੀ ਲੋੜ ਹੁੰਦੀ ਹੈ। ਮਨੁੱਖੀ ਮਨ ਦੀ ਆਦਤ ਹੈ ਕਿ ਜੋ ਚੀਜ਼ ਸਾਨੂੰ ਪ੍ਰਾਪਤ ਨਹੀਂ ਹੁੰਦੀ ਉਹ ਸਾਨੂੰ ਚੰਗੀ ਲੱਗਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕਈ ਵਾਰ ਮਨਪਸੰਦ ਬੰਦੇ ਨਾਲ ਵਿਆਹ ਨਹੀਂ ਹੁੰਦਾ ਤਾਂ ਕਈ ਲੋਕ ਪਛਤਾਵਾ ਕਰਦੇ ਰਹਿੰਦੇ ਹਨ। ਉਨ੍ਹਾਂ ਇਹ ਪਛਤਾਵਾ ਨਿਰਮੂਲ ਹੁੰਦਾ ਹੈ। ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਤੁਸੀਂ ਉਸ ਬੰਦੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਲੈਂਦੇ। ਤੁਸੀਂ ਆਪਣੇ ਕੇਸ ਨੂੰ ਸਮਝਣ ਲਈ ਆਪਣੀਆਂ ਚਾਹਵਾਂ ਦੀ ਸੂਚੀ ਬਣਾਓ। ਇਹ ਵੇਖੋ ਕਿ ਤੁਸੀਂ ਆਪਣੇ ਸਾਥੀ ਤੋਂ ਕੀ ਚਾਹੁੰਦੇ ਹੋ ਅਤੇ ਉਸ ਵਿੱਚ ਤੁਹਾਡੇ ਮੁਤਾਬਿਕ ਕਿਹੜੀਆਂ ਕਮੀਆਂ ਹਨ। ਹੁਣ ਤੁਸੀਂ ਇਮਾਨਦਾਰੀ ਨਾਲ ਆਪਣੀਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਦੀ ਵੀ ਇਕ ਸੂਚੀ ਬਣਾ ਲਵੋ। ਆਪਣੀਆਂ ਕਮੀਆਂ ਅਤੇ ਆਪਣੀ ਸਖਸ਼ੀਅਤ ਦੀਆਂ ਚੰਗੀਆਂ ਗੱਲਾਂ ਬਾਰੇ ਵੀ ਸਵੈ-ਪੜਚੋਲ ਕਰੋ। ਫਿਰ ਆਪਣੇ ਸਾਥੀ ਨਾਲ ਇਹ ਗੱਲ ਸਾਂਝੀ ਕਰ ਸਕਦੇ ਹੋ ਅਤੇ ਬਿਨਾਂ ਸਾਂਝੀ ਕੀਤੇ ਵੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਵੀ ਕਰ ਸਕਦੇ ਹੋ। ਮਨ ਲਵੋ ਕਿ ਤੁਹਾਡੀ ਆਮਦਨ ਤੁਹਾਡੇ ਖਰਚ ਨਾਲੋਂ ਘੱਟ ਹੈ। ਤੁਸੀਂ ਖਰਚ ਘਟਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਦੂਜੇ ਪਾਸੇ ਆਪਣੇ ਪਤੀ ਦੀ ਮੱਦਦ ਲਈ ਅੱਗੇ ਆ ਸਕਦੇ ਹੋ।
ਜੇ ਤੁਹਾਨੂੰ ਆਪਣੇ ਪਤੀ ਦੀ ਕੋਈ ਆਦਤ ਨਹੀਂ ਚੰਗੀ ਲੱਗਦੀ ਤਾਂ ਉਸ ਨੂੰ ਪਿਆਰ ਨਾਲ ਬਦਲਣ ਦੀ ਕੋਸ਼ਿਸ਼ ਕਰੋ। ਮੈਂ ਕਈ ਕੀਮਤਾਂ ਨੂੰ ਇਸੇ ਪਿਆਰ ਦੇ ਜਾਦੂ ਨਾਲ ਬੰਦਿਆਂ ਨੂੰ ਸ਼ਰਾਬ ਦੀ ਲੱਤ ਛਡਾਉਂਦੇ ਹੋਏ ਵੇਖਿਆ ਹੈ। ਹਰ ਚੀਜ਼ ਦੀ ਕੀਮਤ ਹੁੰਦੀ ਹੈ। ਮਕਾਨ ਨੂੰ ਘਰ ਬਣਾਉਣ ਦੀ ਵੀ ਕੀਮਤ ਹੈ ਪਿਆਰ ਅਤੇ ਪਿਆਰ ਕੁਰਬਾਨੀ ਮੰਗਦਾ ਹੈ। ਸੋ ਥੋੜ੍ਹੀ ਕੁਰਬਾਨੀ ਕਰੋ, ਤੁਹਾਨੂੰ ਤੁਹਾਡੇ ਸੁਪਨਿਆਂ ਦਾ ਸੰਸਾਰ ਮਿਲੇਗਾ।
ਪ੍ਰੋਫੈਸਰ ਸਾਹਿਬ ਨੇ ਆਪਣਾ ਪਵਚਨ ਜਾਰੀ ਰੱਖਦੇ ਹੋਏ ਸਰੋਤਿਆਂ ਵੱਲ ਵੇਖਿਆ। ਸ਼ਾਇਦ ਉਹ ਆਪਣੀਆਂ ਗੱਲਾਂ ਦਾ ਪ੍ਰਭਾਵ ਜਾਣਨ ਦਾ ਯਤਨ ਕਰ ਰਹੇ ਸਨ।

Send this to a friend