ਕੈਨੇਡਾ ਜਾ ਰਹੇ ਪੰਜਾਬੀ ਪੜ੍ਹਨਹਾਰਿਆਂ ਨੂੰ ਦਰਪੇਸ਼ ਚੁਣੌਤੀਆਂ

ਪੰਜਾਬ ਵਿਚ ਰੁਜ਼ਗਾਰ, ਵਪਾਰ, ਅਤੇ ਅਮਨ-ਕਾਨੂੰਨ ਦੇ ਸੰਭਾਵਤ ਧੁੰਦਲ਼ੇ ਭਵਿਖ ਤੋਂ ਤ੍ਰਭਕੇ ਹੋਏੇ ਮਾਪੇ, ਆਪਣੇ ਬਚਿਆਂ ਨੂੰ ਹਰ ਹੀਲੇ ਕੈਨੇਡਾ ’ਚ ਪੜ੍ਹਨ ਲਈ ਭੇਜਣ ਵਾਸਤੇ ਉਤਸੁਕ ਹਨ । ਜਿਥੇ ਪੰਜਾਬੀ ਬਚਿਆਂ ਦਾ ਕੈਨੇਡਾ ’ਚ ਏਡੀ ਵਡੀ ਗਿਣਤੀ ’ਚ ਜਾਣਾ ਹਾਂ-ਪਖੀ ਰੁਝਾਨ ਹੈ ਓਥੇ ਇਹ ਗਲ ਸਮਝਣੀ ਵੀ ਜ਼ਰੂਰੀ ਹੈ ਕਿ ਅਨੇਕਾਂ ਵਿਦਿਆਰਥੀ ਕੈਨੇਡਾ ਜਾ ਕੇ ਵਡੇ ਸੰਕਟਾਂ ’ਚੋਂ ਵੀ ਗੁਜ਼ਰ ਰਹੇ ਹਨ ਇਨ੍ਹਾਂ ’ਚੋਂ ਕੁਝ ਸੰਕਟ ਬਚਿਆਂ ਦੀ ਪਰਵਰਿਸ਼ ਦੇ ਵਖਰੇਵੇਂ ਤੇ ਤਰੁਟੀਆਂ ਕਾਰਨ ਆਉਂਦੇ ਹਨ, ਤੇ ਕੁਝ ਬਚਿਆਂ ਅੰਦਰ, ਕੈਨੇਡਾ ਦੇ ਕਲਚਰਲ ਮਹੌਲ ’ਚ ਸਲੀਕੇ ਨਾਲ ਵਿਚਰ ਸਕਣ ਦੀ ਜਾਚ ਦੀ ਅਣਹੋਂਦ ਕਾਰਨ ਇਨ੍ਹਾਂ ਅਣਕਿਆਸੇ ਕਾਰਨਾਂ ਤੋਂ ਭਾਰਤ ਰਹਿੰਦੇ ਮਾਪੇ ਬੇਖ਼ਬਰ ਹੁੰਦੇ ਹਨ। ਮਾਪਿਆਂ ਦੀ ਜਾਣਕਾਰੀ ਲਈ ਮੈਂ ਕੁਝ ਕੁ ਨੁਕਤੇ ਉਨ੍ਹਾਂ ਨਾਲ ਸਾਂਝੇ ਕਰ ਰਿਹਾ ਹਾਂ ਜਿਨ੍ਹਾਂ ਦੀ ਜਾਣਕਾਰੀ, ਬੱਚਿਆਂ ਨੂੰ ਅਗਾਊਂ-ਤਿਆਰ ਕਰਨ ਲਈ ਅਤੇ ਬਚਿਆਂ ਦੀ ਕਾਮਯਾਬੀ ਲਈ ਸਹਾਈ ਹੋ ਸਕਦੀ ਹੈ।
1) ਭਾਰਤ ਬੈਠੇ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਕੈਨੇਡਾ ਭੂਗੋਲਿਕ ਤੌਰ ‘ਤੇ ਬਹੁਤ ਹੀ ਵਿਸ਼ਾਲ ਮੁਲਕ ਹੈ ਏਡਾ ਵਿਸ਼ਾਲ ਕਿ ਏਥੇ ਛੇ ਟਾਈਮ ਜ਼ੋਨ ਹਨ ਦੇਸ਼ ਦੇ ਪੂਰਬੀ ਕੋਨੇ ਤੋਂ ਪਛਮੀ ਤਕ ਫਾਸਲਾ 7300 ਕਿਲੋਮੀਟਰ ਹੈ ਜਦੋਂ ਪੂਰਬੀ ਤਟ ‘ਤੇ ਦੁਪਹਿਰ ਦੇ ਬਾਰਾਂ ਵਜੇ ਹੁੰਦੇ ਹਨ ਤਾਂ ਮਧ-ਕੈਨੇਡਾ (ਟਰਾਂਟੋ) ‘ਚ ਸਵੇਰ ਦੇ ਨੌਂ, ਵਿੰਨਾਪੈਗ ‘ਚ ਸਵੇਰ ਦੇ ਸਤ ਤੇ ਪਛਮੀ ਤਟ ਉਤੇ ਵੈਨਕੂਵਰ ‘ਚ ਤੜਕੇ ਦੇ ਛੇ ਬਹੁਤੇ ਮਾਪਿਆਂ ਲਈ ਕੈਨੇਡਾ ਪਹੁੰਚ ਜਾਣ ਦਾ ਮਤਲਬ ਹੈ ਕਿ ਸਭ ਕੁਝ ਹੁਣ ‘ਅਛਾ ਹੀ ਅਛਾ‘ ਹੋ ਜਾਵੇਗਾ, ਪ੍ਰੰਤੂ ਅਸਲੀਅਤ ਕੁਝ ਹੋਰ ਹੈ।
ਕੈਨੇਡਾ ਦੇ ਕਾਲਜਾਂ ‘ਚ ਦਾਖ਼ਲਾ ਭਾਵੇਂ ਨੈਟ ਰਾਹੀਂ ਕਾਲਜ ਨਾਲ ਸਿਧਾ ਸੰਪਰਕ ਕਰ ਕੇ ਵੀ ਲਿਆ ਜਾ ਸਕਦਾ ਹੈ, ਪ੍ਰੰਤੂ ਹਰ ਕਾਲਜ ਨੇ ਦਾਖ਼ਲੇ ਦਵਾਉਣ ਲਈ ਏਜੰਟ ਵੀ ਰਖੇ ਹੁੰਦੇ ਹਨ ਜਿਨ੍ਹਾਂ ‘ਚੋਂ ਬਹੁਤਿਆਂ ਦੀ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਬੈਠੇ ਅਣਭੋਲ ਵਿਦਿਆਰਥੀਆਂ ਨੂੰ ਉਸ ਕਾਲਜ ‘ਚ ਦਾਖ਼ਲਾ ਦਵਾਇਆ ਜਾਵੇ ਜਿਸ ਤੋਂ ਏਜੰਟਾਂ ਨੂੰ ਵਧੇਰੇ ਕਮਿਸ਼ਨ ਮਿਲਦਾ ਹੋਵੇ ਇਸ ਤਰ੍ਹਾਂ, ਓਪਰੇ ਮੁਲਕ ‘ਚ ਬਚਿਆਂ ਦੀਆਂ ਸੰਭਾਵਤ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਦਿਆਂ, ਲਾਲਚੀ ਏਜੰਟ ਦਾਖ਼ਲਾ ਐਸੀ ਜਗ੍ਹਾ ਦੁਆ ਦਿੰਦੇ ਹਨ ਜਿਥੇ ਰਹਿਣ ਲਈ ਕਮਰੇ ਦਾ ਇੰਤਜ਼ਾਮ ਕਰਨਾ ਹੀ ਮੁਹਾਲ ਹੁੰਦਾ ਹੈ ਤੇ ਪਾਰਟ ਟਾਈਮ ਕੰਮ ਲਭਣਾ ਵੀ ਬਹੁਤ ਹੀ ਮੁਸ਼ਕਲ ਹੁੰਦਾ ਹੈ
ਇਸ ਲਈ ਦੋ ਤਜਵੀਜ਼ਾਂ ਹਨ: ਇਕ ਤਾਂ ਦਾਖ਼ਲਾ, ਏਜੰਟ ਦੀ ਬਜਾਏ, ਸਿਧਾ ਨੈਟ ਰਾਹੀਂ ਲਿਆ ਜਾਵੇ ਦੂਜਾ, ਦਾਖ਼ਲਾ ਜੇਕਰ ਟਰਾਂਟੋ ਦੇ ਹੰਬਰ ਕਾਲਜ ਨੋਰਥ ਕੈਂਪਸ, ਸ਼ੈਰੀਡਨ ਕਾਲਜ ਬਰੈਂਪਟਨ, ਜਾਂ ਸੈਨਕਾ ਕਾਲਜ ਦੇ ਯੋਰਕ ਯੂਨੀਵਰਸਿਟੀ ‘ਚ ਹੋਵੇ ਤਾਂ ਕੰਮ ਲਭਣ ਤੇ ਰਿਹਾਇਸ਼ ਲਭਣ ‘ਚ ਆਸਾਨੀ ਰਹਿੰਦੀ ਹੈ ਕਿਉਂਕਿ ਇਹ ਉਹ ਕਾਲਜ-ਯੂਨੀਵਰਸਿਟੀਆਂ ਹਨ ਜਿਥੋਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲ਼ੇ ਬਰੈਂਪਟਨ, ਮਾਲਟਨ, ਵੁਡਬਰਿਜ, ਕਾਨਕੋਰਡ, ਵੈਸਟਨ, ਇਟੋਬੀਕੋਅ, ਰੈਕਸਡੇਲ ਆਦਿਕ ਸ਼ਹਿਰ ਬਹੁਤ ਨੇੜੇ ਹਨ ਅਜ ਕਲ੍ਹ ਨੈਟ ਦਾ ਯੁਗ ਹੈ; ਇਸ ਲਈ ਕਾਲਜ ਦੀ ਚੋਣ ਕਰਨ ਵੇਲੇ ਵਿਦਿਆਰਥੀ ਖੁਦ ਹੀ ਗੂਗਲ ਰਾਹੀਂ ਇਹ ਪਤਾ ਜ਼ਰੂਰ ਕਰ ਲੈਣ ਕਿ ਜਿਸ ਜਗ੍ਹਾ ਉਨ੍ਹਾਂ ਨੂੰ ਦਾਖ਼ਲਾ ਮਿਲ ਰਿਹਾ ਹੈ, ਉਹ ਇਨ੍ਹਾਂ ਇਲਾਕਿਆਂ ਤੋਂ ਕਿੰਨੀ ਦੂਰ ਹਨ।
2) ਜਦੋਂ ਕਿ ਕੈਨੇਡਾ ਪਹੁੰਚੇ ਵਡੀ ਗਿਣਤੀ ਪੰਜਾਬੀ ਬਚੇ ਪੜ੍ਹਾਈ ‘ਚ ਵੀ ਤੇ ਕੰਮ ‘ਚ ਵੀ ਹਡ-ਭੰਨਵੀਂ ਮਿਹਨਤ ਕਰਦੇ ਹਨ, ਅਨੇਕਾਂ ਬਚੇ ਉਹ ਵੀ ਹਨ ਜਿਨ੍ਹਾਂ ਨੇ ਜ਼ਿੰਦਗੀ ‘ਚ ਕਦੇ ਕੰਮ ਕੀਤਾ ਹੀ ਨਹੀਂ ਹੁੰਦਾ ਕੈਨੇਡਾ ‘ਚ ਕੰਮ ਦੇ ਮੁਕਾਮ ‘ਤੇ ਵਾਸ਼ਰੂਮ-ਟਾਇਲਟ ਦੀ ਸਫ਼ਾਈ ਕਰਨਾ, ਝਾੜੂ ਮਾਰਨਾ, ਡਸਟਿੰਗ ਕਰਨੀ ਆਦਿਕ ਚੀਜ਼ਾਂ ਕੰਮ ਦਾ ਹਿਸਾ ਹੁੰਦੇ ਹਨ ਅਤੇ ਕੰਮ ਦੇ ਮਾਲਕ ਇਹ ਕੰਮ ਆਪ ਵੀ ਕਰਦੇ ਹਨ ਪਰ ਪੰਜਾਬ ਦੇ ਵਖਰੇ ਸਮਾਜਿਕ ਮਹੌਲ ‘ਚੋਂ ਗਏ ਬਚੇ ਕਈ ਵਾਰ ਝਾੜੂ ਮਾਰਨ, ਪੋਚਾ ਲਾਉਣ, ਵਾਸ਼ਰੂਮ ਦੀ ਸਫ਼ਾਈ ਆਦਿਕ ਨੂੰ ਘਟੀਆ ਸਮਝਣ ਦੀ ਗ਼ਲਤੀ ਕਰ ਬੈਠਦੇ ਹਨ ਤੇ ਇਨ੍ਹਾਂ ਕੰਮਾਂ ਤੋਂ ਪਾਸਾ ਵਟ ਕੇ ਆਪਣੀ ਜੌਬ ਵੀ ਗੁਆ ਬੈਠਦੇ ਹਨ।
ਉਂਜ ਵੀ ਜਿਨ੍ਹਾਂ ਬਚਿਆਂ ਨੂੰ ਮਾਪਿਆਂ ਨੇ ਕੰਮ ਕਰਨ ਦੀ ਆਦਤ ਹੀ ਨਹੀਂ ਪਾਈ ਹੁੰਦੀ, ਉਨ੍ਹਾਂ ਨੂੰ ਕੰਮ ਕਰਨਾ ਔਖਾ ਵੀ ਲਗਦਾ ਹੈ ਇਸ ਲਈ ਉਹ ਰਿਹਾਇਸ਼ ਦੇ ਕਿਰਾਏ, ਗਰੋਸਰੀ, ਬਸਾਂ ਦੇ ਕਿਰਾਏ ਤੇ ਹੋਰ ਫੁਟਕਲ ਖ਼ਰਚਿਆਂ ਲਈ ਆਪਣੇ ਮਾਪਿਆਂ ‘ਤੇ ਹੀ ਨਿਰਭਰ ਹੋ ਜਾਂਦੇ ਹਨ ਅਜਿਹੇ ਬਚਿਆਂ ਲਈ ਕੈਨੇਡਾ ‘ਚ ਕਾਮਯਾਬ ਹੋਣਾ ਔਖਾ ਹੁੰਦਾ ਹੈ ਇਸ ਲਈ ਮਾਪਿਆਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਆਪਣੇ ਬਚਿਆਂ ਨੂੰ ਉਨ੍ਹਾਂ ਦੀ ਨਿਆਣੀ ਉਮਰ ਤੋਂ ਹੀ ਕੰਮ ਕਰਨ ਦੀ ਆਦਤ ਪਾਉਣੀ ਜ਼ਰੂਰੀ ਹੈ, ਨਹੀਂ ਤਾਂ ਉਹ ਕੰਮਚੋਰ ਅਤੇ ਆਲਸੀ ਹੋ ਜਾਣਗੇ।
3) ਮਾਪਿਆਂ ਨੂੰ ਚਾਹੀਦਾ ਹੈ ਕਿ ਕੈਨੇਡਾ ਜਾ ਰਹੇ ਬਚਿਆਂ ਨੂੰ ਇਸ ਗਲੋਂ ਆਗਾਹ ਕਰ ਕੇ ਹੀ ਬਾਹਰ ਘਲਣ ਕਿ ਉਨ੍ਹਾਂ ਨੂੰ ਬਾਹਰਲੇ ਮੁਲਕ ‘ਚ ਆਪਣੀ ਰਿਹਾਇਸ਼ ਦਾ ਕਿਰਾਇਆ ਤੇ ਜੇਬ ਖ਼ਰਚਾ, ਪਾਰਟ ਟਾਈਮ ਕੰਮ ਕਰ ਕੇ ਆਪ ਕਮਾਉਣਾ ਪੈਣਾ ਹੈ ਜਿਨ੍ਹਾਂ ਮਾਪਿਆਂ ਨੂੰ ਇਹ ਪਤਾ ਹੈ ਕਿ ਉਨ੍ਹਾਂ ਦੇ ਬਚੇ ਕੰਮ ਕਰਨ ਤੋਂ ਟਲ਼ਦੇ ਹਨ, ਆਲਸੀ ਹਨ, ਤੇ ਪੰਜਾਬੀ ਸਭਿਆਚਾਰ ‘ਚ ਕੁਝ ਕੰਮਾਂ ਨੂੰ ਘਟੀਆ ਸਮਝਣ ਦਾ ਕੂੜਾ ਆਪਣੇ ਨਾਲ਼ ਹੀ ਚੁਕੀ ਫ਼ਿਰਦੇ ਹਨ, ਉਨ੍ਹਾਂ ਲਈ ਬਿਹਤਰ ਕਿ ਉਹ ਪੈਸਾ ਬਰਬਾਦ ਕਰਨ ਦਾ ਰਿਸਕ ਨਾ ਲੈਣ ਤੇ ਬਚਿਆਂ ਨੂੰ ਬਾਹਰ ਭੇਜਣ ਤੋਂ ਗੁਰੇਜ਼ ਕਰਨ ਉਂਜ ਇਹ ਗਲ ਵੀ ਨੋਟ ਕਰਨ ਵਾਲ਼ੀ ਹੈ ਕਿ ਬਹੁਤੇ ਬਚੇ ਏਨੇ ਮਿਹਨਤੀ ਤੇ ਦੂਰਦਰਸ਼ੀ ਹੁੰਦੇ ਹਨ ਕਿ ਰਾਤਾਂ ਨੂੰ ਕੰਮ ਕਰ ਕੇ ਤੇ ਦਿਨੇ ਪੜ੍ਹਾਈ ‘ਚ ਮਸਰੂਫ਼ ਰਹਿ ਕੇ ਆਪਣੀਆਂ ਫੀਸਾਂ ਵੀ ਆਪ ਕਮਾ ਲੈਂਦੇ ਹਨ।
4) ਕੈਨੇਡਾ ਦਾ ਸਮਾਜਿਕ ਮਹੌਲ ਭਾਰਤ ਨਾਲੋਂ ਬਿਲਕੁਲ ਹੀ ਵਖਰਾ ਹੈ ਇਥੇ ਮੁੰਡੇ ਕੁੜੀਆਂ ਨੂੰ ਮਿਲਣ-ਗਿਲਣ ਦੀ ਸੰਪੂਰਨ ਆਜ਼ਾਦੀ ਹੁੰਦੀ ਹੈ ਕੈਨੇਡਾ ਦੇ ਜੰਮਪਲ ਬਚੇ ਇਸ ਮਹੌਲ ਨੂੰ ਚੰਗੀ ਤਰ੍ਹਾਂ ਸਮਝਦੇ ਹੁੰਦੇ ਹਨ ਅਤੇ ਢੁਕਵੀਂ ਵਿਥ ਰਖ ਕੇ ਆਪਸ ‘ਚ ਦੋਸਤੀਆਂ ਰਖਦੇ ਹਨ ਪਰ ਪੰਜਾਬੋਂ ਆਏ ਅਨੇਕਾਂ ਬਚੇ ਇਸ ਖੁਲ੍ਹੇ-ਡੁਲ੍ਹੇ ਮਹੌਲ ‘ਚ ਸੰਗੀਨ ਗਲਤੀਆਂ ਵੀ ਕਰ ਬੈਠਦੇ ਹਨ ਜਿਨ੍ਹਾਂ ਦਾ ਮਾਰੂ ਅਸਰ ਉਨ੍ਹਾਂ ਦੀ ਪੜ੍ਹਾਈ ‘ਤੇ ਵੀ ਪੈਂਦਾ ਹੈ ਅਤੇ ਸਮਾਜਿਕ ਵਰਤਾਰੇ ‘ਤੇ ਵੀ।
5) ਉਹ ਮਾਪੇ ਆਪਣੇ ਬਚਿਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਡੂੰਘੀ ਸੋਚ-ਵਿਚਾਰ ਜ਼ਰੂਰ ਕਰਨ, ਜਿਨ੍ਹਾਂ ਦਾ ਕੈਨੇਡਾ ‘ਚ ਕੋਈ ਜਾਣਕਾਰ ਨਾ ਹੋਵੇ, ਨਹੀਂ ਤਾਂ ਕੈਨੇਡਾ ਪਹੁੰਚਣ ‘ਤੇ ਉਨ੍ਹਾਂ ਦਾ ਬਚਾ ਰਿਹਾਇਸ਼ ਦੇ ਇੰਤਜ਼ਾਮ ਲਈ ਡਾਢੀ ਪ੍ਰੇਸ਼ਾਨੀ ‘ਚੋਂ ਗੁਜ਼ਰੇਗਾ ਜੇਕਰ ਕੋਈ ਜਾਣਕਾਰ, ਬਚੇ ਨੂੰ ਹਵਾਈ ਅਡੇ ‘ਤੇ ਪਹੁੰਚ ਕੇ ਆਪਣੇ ਘਰ ਲੈ ਜਾਵੇਗਾ ਤਾਂ ਬਚਾ ਵਡੀ ਪ੍ਰੇਸ਼ਾਨੀ ਤੋਂ ਬਚ ਸਕਦਾ ਹੈ। ਪਰ ਜਾਣਕਾਰ ਤੋਂ ਏਨੀ ਵਡੀ ਤਵਕੋ ਨਾ ਰਖੀ ਜਾਵੇ ਕਿ ਉਹ ਓਪਰੇ ਬਚੇ ਨੂੰ ਮੁਫ਼ਤ ‘ਚ ਆਪਣੇ ਪਾਸ ਕਈ ਦਿਨ ਰਖ ਸਕੇਗਾ ਏਥੇ ਹਰ ਚੀਜ਼ ਮੁਲ ਦੀ ਹੈ, ਪਾਣੀ ਵੀ, ਘਰਾਂ ਨੂੰ ਗਰਮ ਠੰਢਾ ਰਖਣ ਵਾਲਾ ਸਿਸਟਮ ਵੀ, ਦੁਧ ਵੀ, ਖਾਣ ਦੀਆਂ ਵਸਤਾਂ ਵੀ ਇਸ ਲਈ ਬਚਿਆਂ ਨੂੰ ਇਹ ਅਹਿਸਾਸ ਕਰਾ ਕੇ ਘਲਣਾ ਜ਼ਰੂਰੀ ਹੈ ਕਿ ਜਿਸ ਘਰ ਵਿਚ ਬਚੇ ਨੂੰ ਕੁਝ ਦਿਨਾਂ ਲਈ ਪਨਾਹ ਮਿਲੀ ਹੋਵੇ, ਉਸ ਪਰਿਵਾਰ ਨੂੰ ਘਟ ਤੋਂ ਘਟ ਤਕਲੀਫ਼ ਦਿਤੀ ਜਾਵੇ ਜਿਵੇਂ ਭਾਰਤ ਤੋਂ ਆਏ ਬਚੇ ਨਹਾਉਣ ਲਗਿਆਂ ਨਾਲ਼ੇ ਤਾਂ ਨਿਘੇ ਪਾਣੀ ਵਾਲ਼ਾ ਸ਼ਾਵਰ (ਫੁਹਾਰਾ) ਛਡ ਲੈਂਦੇ ਹਨ ਅਤੇ ਨਾਲ ਹੀ ਸਾਬਣ ਲਾ ਕੇ ਲੰਮਾਂ ਸਮਾਂ ਸਾਬਣ ਨੂੰ ਵੀ ਤੇ ਪਾਣੀ ਨੂੰ ਵੀ ਜਾਇਆ ਕਰੀ ਜਾਂਦੇ ਹਨ ਸਿਆਣੇ ਲੋਕ ਅਧਾ ਮਿੰਟ ਸ਼ਾਵਰ ਛਡ ਕੇ ਸਰੀਰ ਨੂੰ ਤਰ ਕਰ ਲੈਂਦੇ ਹਨ ਅਤੇ ਫ਼ਿਰ ਸ਼ਾਵਰ ਨੂੰ ਬੰਦ ਕਰ ਕੇ ਸਾਬਣ ਲਾਉਂਦੇ ਹਨ ਅਖੀਰ ਸਾਬਣ ਨੂੰ ਉਤਾਰਨ ਲਈ ਇਕ ਡੇਢ ਮਿੰਟ ਲਈ ਸ਼ਾਵਰ ਛਡ ਕੇ ਪਾਣੀ ਨੂੰ ਜ਼ਾਇਆ ਕਰਨ ਤੋਂ ਪਰਹੇਜ਼ ਕਰਦੇ ਹਨ ਅਤੇ ਘਰ ਵਾਲਿਆਂ ਦੀ ਖ਼ਾਮੋਸ਼ ਖਿਝ ਤੋਂ ਬਚੇ ਰਹਿੰਦੇ ਹਨ।
6) ਜਿਹੜੇ ਬਚੇ ਆਪਣੇ ਕਿਸੇ ਵਾਕਫ਼ ਦੇ ਘਰ ਠਹਿਰੇ ਹੁੰਦੇ ਹਨ, ਉਨ੍ਹਾਂ ਲਈ ਮੇਰੀ ਸਲਾਹ ਹੈ ਕਿ ਸਕੂਲ ਸ਼ੁਰੂ ਹੋਣ ‘ਤੇ ਉਹ ਇਹ ਕੋਸ਼ਿਸ਼ ਕਰਨ ਕਿ ਜਲਦੀ ਤੋਂ ਜਲਦੀ ਆਪਣਾ ਟਿਕਾਣਾ ਆਪ ਬਣਾਇਆ ਜਾਵੇ । ਪੰਜਾਬ ‘ਚ ਪਲ਼ੇ ਬਹੁਤੇ ਬਚੇ ਆਪਣੇ ਪਰਿਵਾਰਾਂ ‘ਚ ਖਾਣੇ ਤੋਂ ਬਾਦ ਆਪਣੇ ਬਰਤਨ ਚੁਕ ਕੇ ਸਿੰਕ ‘ਚ ਰਖਣ ਦੀ ਆਦਤ ਵੀ ਨਹੀਂ ਸਿਖੇ ਹੁੰਦੇ, ਬਰਤਨ ਸਾਫ਼ ਕਰਨ ਦੀ ਗਲ ਤਾਂ ਦੂਰ ਦੀ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਕਿਸੇ ਵਾਕਫ਼ ਦੇ ਘਰ ਹਫ਼ਤੇ ਦੋ ਹਫ਼ਤੇ ਦਾ ਕਿਆਮ ਕਰਨ ਵਾਲ਼ੇ ਬਚੇ ਨੂੰ ਸਖ਼ਤ ਹਦਾਇਤ ਕਰ ਕੇ ਘਲਣ ਕਿ ਪਨਾਹ ਦੇਣ ਵਾਲੇ ਪਰਿਵਾਰ ‘ਚ ‘ਬਰਾਤੀ‘ ਬਣ ਕੇ ਨਾ ਵਿਚਰਨ ਸਗੋਂ ਬਰਤਨ ਸਫ਼ਾਈ, ਖਾਣੇ ਦੀ ਤਿਆਰੀ ਤੇ ਘਰ ਦੀ ਸਫ਼ਾਈ ‘ਚ ਹਿਸਾ ਪਾਉਣ।
7) ਪੰਜਾਬ ਤੋਂ ਕੈਨੇਡਾ ਗਏ ਅਨੇਕਾਂ ਬਚੇ ਢਾਣੀਆਂ ਬਣਾ ਕੇ ਪਲਾਜ਼ਿਆਂ ‘ਚ ਘੁੰਮਣ ਦੌਰਾਨ ਤੇ ਬਸਾਂ ‘ਚ ਸਫ਼ਰ ਕਰਨ ਦੌਰਾਨ ਪੰਜਾਬ ਵਾਂਗ ਅਜੀਬ ਹਰਕਤਾਂ ਕਰਦੇ ਹਨ, ‘ਲਾਚੜ‘ ਕੇ ਮਖ਼ੌਲ ਕਰਦੇ ਹਨ, ਸ਼ਰਾਰਤਾਂ ਕਰਦੇ ਹਨ ਢਾਣੀਆਂ ‘ਚ ਵਿਚਰਦੇ ਇਹ ਬਚੇ ਬਹੁਤ ਵਾਰੀ ਕੈਨੇਡਾ ਦੇ ਸਭਿਆਚਾਰ ਸਲੀਕੇ ਦੀ ਉਲੰਘਣਾ ਕਰਦੇ ਹੋਏ ਉਚੀ ਉਚੀ ਬੋਲਦੇ ਹਨ ਤੇ ਕੈਨੇਡੀਅਨ ਲੋਕਾਂ ਦੀ ਖਿਝ ਦਾ ਕੇਂਦਰ ਬਣਦੇ ਹਨ ਕੈਨੇਡਾ ਘਲਣ ਤੋਂ ਪਹਿਲਾਂ ਮਾਪੇ ਆਪਣੇ ਬਚਿਆਂ ਨੂੰ, ਚੁਪ-ਚਾਪ ਸਫ਼ਰ ਕਰਨ ਤੇ ਸਟੋਰਾਂ ‘ਚ ਘੁੰਮਣ ਵੇਲੇ ਸਲੀਕਾ ਬਰਕਰਾਰ ਰਖਣ ਦੀ ਤਾੜਨਾ ਕਰਕੇ ਹੀ ਤੋਰਨ।
8) ਇਹ ਵੀ ਨੋਟ ਕੀਤਾ ਗਿਆ ਹੈ ਕਿ ਅਨੇਕਾਂ ਬਚੇ ਸਰੀਰਕ ਸਫ਼ਾਈ ਰਖਣ, ਹਰ ਰੋਜ਼ ਨਹਾਉਣ ਅਤੇ ਹਰ ਰੋਜ਼ ਕਛਾ ਬੁਨੈਣ ਬਦਲਣ ਤੋਂ ਆਲਸ ਕਰ ਲੈਂਦੇ ਹਨ ਇਸ ਮੁਦੇ ‘ਤੇ ਬਚਿਆਂ ਨਾਲ ਗਲ ਕਰਨੀ ਬਹੁਤ ਜ਼ਰੂਰੀ ਹੈ।
9) ਮਾਪਿਆਂ ਤੋਂ ਮਿਲੇ ਢੇਰ ਸਾਰੇ ਪੈਸਿਆਂ ਕਾਰਨ ਅਨੇਕਾਂ ਬਚੇ ਫ਼ਜ਼ੂਲ ਖਰਚੀ ਕਰਨ ਵਲ ਵੀ ਰੁਚਿਤ ਹੋ ਜਾਂਦੇ ਹਨ ਦੋ ਜਾਂ ਤਿੰਨ ਜੀਨ-ਜੋੜੇ, ਚਾਰ ਪੰਜ ਟੀ ਸ਼ਰਟਾਂ ਤੇ ਦੋ ਕੁ ਡਰੈਸ ਸ਼ਰਟਾਂ ਨਾਲ ਸੰਜਮ-ਭਰਪੂਰ ਗੁਜ਼ਾਰਾ ਕਰਨ ਦੀ ਆਦਤ ਵਾਲੇ ਬਚੇ ਕਾਮਯਾਬ ਹੁੰਦੇ ਹਨ।
10) ਇਹ ਵੀ ਦੇਖਣ ‘ਚ ਆਇਆ ਹੈ ਕਿ ਅਨੇਕਾਂ ਬਚੇ ਸਿਗਰਟਾਂ ਸੂਟਣ ਅਤੇ ਹੋਰ ਸ਼ਰਾਬ-ਬੀਅਰ ਆਦਿ ਦਾ ਸੇਵਨ ਕਰਨ ਲਗ ਜਾਂਦੇ ਹਨ ਇਸ ਨਾਲ ਪੈਸੇ ਦੀ, ਸਮੇਂ ਦੀ ਤੇ ਸਿਹਤ ਦੀ ਬਰਬਾਦੀ ਹੋਣ ਦੇ ਨਾਲ਼-ਨਾਲ਼ ਪੜ੍ਹਾਈ ਦਾ ਨੁਕਸਾਨ ਵੀ ਹੁੰਦਾ ਹੈ।
11) ਬਾਹਰ ਰੈਸਟੋਰੈਂਟ ਦਾ ਖਾਣਾ ਬਹੁਤ ਮਹਿੰਗਾ ਪੈਂਦਾ ਹੈ ਪੈਸੇ ਨੂੰ ਸੰਜਮ ਨਾਲ ਖ਼ਰਚਣ ਵਾਲੇ ਬਚੇ ਅਵਲ਼ਾ-ਸਵਲ਼ਾ ਖਾਣ ਦੀ ਥਾਂ ਆਪਣਾ ਖਾਣਾ, ਸੈਂਡਵਿਚ, ਬ੍ਰੇਕਫ਼ਾਸਟ ਆਦਿਕ ਆਪ ਬਣਾ ਕੇ ਡਾਲਰਾਂ ਦੀ ਬਚਤ ਕਰਦੇ ਹਨ ਛੋਹਰ ਉਮਰੇ ਬਚਿਆਂ ਲਈ, ਬਿਗਾਨੇ ਮੁਲਕ ‘ਚ ਮਾਪਿਆਂ ਦੀ ਨਿਗਰਾਨੀ ਤੋਂ ਬਗੈਰ ਰਹਿਣਾ ਵਡਾ ਚੈਲੰਜ ਹੁੰਦਾ ਹੈ ਬਹੁਤੇ ਬਚੇ ਰੂਮਿੰਗ-ਘਰਾਂ ‘ਚ ਰਹਿੰਦੇ ਹਨ ਜਿਥੇ ਇਕ ਘਰ ‘ਚ ਲੋਕਾਂ ਨੇ ਪੰਜ-ਪੰਜ ਕਮਰੇ ਬਣਾ ਕੇ ਇਕ ਇਕ ਕਮਰੇ ਚ ਦੋ-ਦੋ ਬਚੇ ਤਾੜੇ ਹੁੰਦੇ ਹਨ ਹੁਣ ਤੁਸੀਂ ਹੀ ਸੋਚੋ ਕਿ ਜਿਸ ਛੋਟੇ ਜਿਹੇ ਮਕਾਨ ‘ਚ ਦਸ-ਦਸ, ਛੋਹਰ-ਉਮਰੇ ਬਚੇ ਰਹਿੰਦੇ ਹੋਣ, ਉਥੇ ਹੁਲੜਬਾਜ਼ੀ, ਟਿਚਰਬਾਜ਼ੀ, ਮਖੌਲ ਆਦਿਕ ਤੋਂ ਸ਼ੁਰੂ ਹੁੰਦੇ ਝਗੜੇ ਕਈ ਵਾਰ ਖ਼ਤਰਨਾਕ ਰੂਪ ਧਾਰ ਲੈਣ ਦੀ ਵਡੀ ਗੁੰਜਾਇਸ਼ ਰਖਦੇ ਹਨ ਇਸ ਲਈ ਮਾਪੇ ਆਪਣੇ ਬਚਿਆਂ ਨੂੰ ਆਵਾਰਾ ਘੁੰਮਣ ਅਤੇ ਬਹਿਸਬਾਜ਼ੀ ਤੋਂ ਗੁਰੇਜ਼ ਕਰਨ, ਪੈਸੇ ਨੂੰ ਸੰਜਮ ਨਾਲ ਖਰਚਣ, ਸਲੀਕੇ ਨਾਲ ਵਿਚਰਣ ਅਤੇ ਆਪਣਾ ਖਰਚਾ ਆਪ ਕਮਾਉਣ ਵਰਗੀਆਂ ਚੀਜ਼ਾਂ ਲਈ ਤਿਆਰ ਕਰ ਕੇ ਘਲਣ।

Send this to a friend