ਦੇਸ਼ ਵਿੱਚ ਆਮ ਲੋਕ ਅਣਆਈ ਮੌਤੇ ਮਰ ਰਹੇ ਹਨ। ਵੱਡੇ ਲੋਕਾਂ ਦੀ ਸੁਰੱਖਿਆ ’ਤੇ ਅਰਬਾਂ ਰੁਪਏ ਖਰਚਣ ਵਾਲੀ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਲਈ ਕੋਈ ਕਦਮ ਚੁੱਕਣ ਲਈ ਤਿਆਰ ਨਹੀਂ। ਦੇਸ਼ ਵਿੱਚ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਭੰਗ ਦੇ ਭਾੜੇ ਆਪਣੀ ਜਾਣ ਗਵਾਉਣੀ ਪੈ ਰਹੀ ਹੈ। ਬਿਹਾਰ ਦੇ ਮੁਜੱਫਰਪੁਰ ਦੇ ਜ਼ਿਲ੍ਹਾ ਹੈਡ ਕੁਆਰਟਰ ਤੋਂ 10 ਕਿਲੋਮੀਟਰ ਦੂਰ ਪੈਂਦੇ ਮੀਨਾਪੁਰ ਕਸਬੇ ਵਿਖੇ ਇਕ ਬੇਕਾਬੂ ਬਲੈਰੋ ਸਕੂਲ ਦੇ ਬਾਹਰਵਾਰ ਵਿਦਿਆਰਥੀਆਂ ’ਤੇ ਜਾ ਚੜ੍ਹੀ ਤੇ ਇਸ ਨਾਲ ਸਕੂਲ ਪੜ੍ਹਦੇ 9 ਬੱਚੇ ਮੌਕੇ ’ਤੇ ਹੀ ਮਾਰੇ ਗਏ ਅਤੇ 20 ਤੋਂ ਵੱਧ ਵਿਦਿਆਰਥੀ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ ਹਨ। ਵਿਦਿਆਰਥੀ ਸਕੂਲ ’ਚੋਂ ਛੁੱਟੀ ਤੋਂ ਬਾਅਦ ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਸਨ ਜਦੋਂ ਤੇਜ਼ ਰਫ਼ਤਾਰ ਬਲੈਰੋ ਗੱਡੀ ਕਾਲ ਬਣ ਕੇ ਆਈ ਅਤੇ ਅਹੀਆਪੁਰ-ਝਾਪਾਹਾ ਮਾਰਗ ਨੇੜੇ ਵਿਦਿਆਰਥੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਘਨੂੰਪੁਰ ਕਾਲੇ ਇਲਾਕੇ ਵਿਚ ਗੁਬਾਰਿਆਂ ਵਿੱਚ ਹਵਾ ਭਰਨ ਵਾਲਾ ਹਾਈਡਰੋਜਨ ਗੈਸ ਦਾ ਸਿਲੰਡਰ ਫਟਣ ਕਾਰਨ ਸੱਤ ਬੱਚਿਆਂ ਸਣੇ ਨੌ ਵਿਅਕਤੀ ਜ਼ਖਮੀ ਹੋ ਗਏ, ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਡੇਰੇ ਨੇੜੇ ਵਾਪਰਿਆ, ਜਿਥੇ ਮੇਲਾ ਲਗਾ ਸੀ ਅਤੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਰਿਪੋਰਟ ਮੁਤਾਬਿਕ ਗੁਬਾਰੇ ਵਿਚ ਗੈਸ ਭਰਦਿਆਂ ਅਚਾਨਕ ਹੀ ਸਿਲੰਡਰ ਫਟ ਗਿਆ ਅਤੇ ਗੁਬਾਰੇ ਖਰੀਦਣ ਲਈ ਕੋਲ ਖੜ੍ਹੇ ਬੱਚਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਅਜਿਹੇ ਹਾਦਸੇ ਰੋਜ਼ ਵਾਪਰ ਰਹੇ ਹਨ। ਬੱਚਿਆਂ, ਬਜ਼ੁਰਗਾਂ, ਔਰਤਾਂ ਸਮੇਤ ਆਮ ਲੋਕ ਅਜਿਹੇ ਹਾਦਸਿਆਂ ਵਿੱਚ ਅਜਾਈਂ ਜਾਨਾ ਗਵਾ ਰਹੇ ਹਨ। ਸਰਕਾਰ ਅਜਿਹੇ ਹਾਦਸਿਆਂ ਦਾ ਕੋਈ ਨੋਟਿਸ ਤੱਕ ਨਹੀਂ ਲੈਂਦੀ। ਜੇਕਰ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਅਜਿਹੀਆਂ ਅਣਆਈਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਆਮ ਲੋਕ ਵੀ ਨੇਤਾਵਾਂ ਜਿੰਨੇ ਹੀ ਅਹਿਮ ਹਨ। ਸੰਵਿਧਾਨ ਮੁਤਾਬਿਕ ਉਨ੍ਹਾਂ ਨੂੰ ਵੀ ਜਿਉਣ ਦਾ ਬਰਾਬਰ ਦਾ ਹੱਕ ਹਾਸਿਲ ਹੈ, ਪਰ ਸਰਕਾਰ ਨੇ ਆਮ ਲੋਕਾਂ ਨੂੰ ਮਰਨ ਲਈ ਕਿਉਂ ਛੱਡ ਦਿੱਤਾ ਹੈ। ਕਿਉਂ ਨਹੀਂ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਹੋਏ ਮੁੱਦਿਆਂ ’ਤੇ ਧਿਆਨ ਦਿੱਤਾ ਜਾਂਦਾ। ਇਸੇ ਤਰ੍ਹਾਂ ਸੜਕ ਹਾਦਸਿਆਂ ਵਿੱਚ ਵੀ ਰੋਜ਼ਾਨਾ ਦਰਜਨਾਂ ਨਾਗਰਿਕ ਮਾਰੇ ਜਾ ਰਹੇ ਹਨ। ਸੜਕਾਂ ’ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਯੋਜਨਾ ਨਹੀ ਬਣਾਈ ਜਾ ਰਹੀ। ਗੱਡੀਆਂ ਦੀ ਆਵਾਜਾਈ ਨੂੰ ਚੈਕ ਕਰਨ ਦਾ ਕੋਈ ਪੱਕਾ ਅਤੇ ਪੁੱਖਤਾ ਪ੍ਰਬੰਧ ਨਹੀਂ ਹੈ। ਡਰਾਇਵਿੰਗ ਲਾਇਸੰਸ ਪ੍ਰਣਾਲੀ ਵਿੱਚ ਰਿਸ਼ਵਤਖੋਰੀ ਚੱਲ ਰਹੀ ਹੈ। ਟਰੈਫਿਕ ਪੁਲਿਸ ਵੀ ਹਾਦਸਿਆਂ ਨੂੰ ਰੋਕਣ ਦੀ ਥਾਂ ਵਸੂਲੀ ਵੱਲ ਹੀ ਧਿਆਨ ਦਿੰਦੀ ਹੈ। ਉਦਯੋਗਿਕ ਹਾਦਸੇ ਵੀ ਇਸੇ ਕਾਰਨ ਵਾਪਰ ਰਹੇ ਹਨ ਕਿਉਂਕਿ ਸੁਰੱਖਿਆ ਨਾਲ ਜੁੜੇ ਨਿਯਮਾਂ ’ਤੇ ਸਖਤੀ ਨਾਲ ਪਹਿਰਾ ਨਹੀਂ ਦਿੱਤਾ ਜਾਂਦਾ। ਸਬੰਧਤ ਵਿਭਾਗ ਆਪਣਾ ਹਿੱਸਾ ਲੈ ਕੇ ਪਾਸੇ ਹੋ ਜਾਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਕਦਮ ਚੁੱਕੇ। ਇਸ ਲਈ ਬਕਾਇਦਾ ਵਿਆਪਕ ਪੱਧਰ ’ਤੇ ਆਡਿਟ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ