‘ਓਰੂ ਅਦਾਰ ਲਵ’ ਫਿਲਮ ਦਾ ਵਿਵਾਦ

ਅੱਖ ਮਾਰਦੀ ਹੋਈ ਕੁੜੀ ਦੀ 20 ਸੈਕਿੰਡ ਦੀ ਵਾਇਰਲ ਹੋਈ ਵੀਡੀਓ ਨੇ ਕੁੜੀ ਨੂੰ ਦੇਖਦੇ-ਦੇਖਦੇ ਪੂਰੇ ਹਿੰਦੋਸਤਾਨ ਵਿੱਚ ਮਸ਼ਹੂਰ ਕਰ ਦਿੱਤਾ। ਅੱਖਾਂ ਦੀਆਂ ਅਦਾਵਾਂ ਕਾਰਨ ਦਿਨਾਂ ’ਚ ਹੀ ਪ੍ਰਸਿੱਧ ਹੋਈ ਇਹ ਸੁੰਦਰੀ ਮਲਿਆਲੀ ਫਿਲਮ ਅਦਾਕਾਰ ਪ੍ਰਿਅ ਪ੍ਰਕਾਸ਼ ਵਾਰੀਅਰ ਹੈ। ਪ੍ਰਿਆ ਪ੍ਰਕਾਸ਼ ਇਕ ਵਾਰ ਫਿਰ ਉਸ ਵੇਲੇ ਸੁਰਖੀਆਂ ਵਿੱਚ ਆ ਗਈ ਹੈ ਜਦੋਂ ਉਸ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿੱਲ ਗਈ ਹੈ। ਕੋਰਟ ਨੇ 21 ਫਰਵਰੀ 2018 ਨੂੰ ਪ੍ਰਿਆ ਪ੍ਰਕਾਸ਼ ਅਤੇ ‘ਓਰੂ ਅਦਾਰ ਲਵ’ ਫ਼ਿਲਮ ਦੇ ਡਾਇਰੈਕਟਰ ਉਮਰ ਅਬਦੁਲ ਵਹਾਬ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਕਾਰਵਾਈ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਆਦੇਸ਼ ਦੇ ਕਾਰਨ ਪੁਲਿਸ ਅੱਗੇ ਦੀ ਕੋਈ ਕਾਰਵਾਈ ਨਹੀਂ ਕਰੇਗੀ। ਇਥੇ ਦਸਣਾ ਉਚਿਤ ਹੋਵੇਗਾ ਕਿ ਪ੍ਰਿਆ ਅਤੇ ਵਹਾਬ ਦੇ ਖਿਲਾਫ਼ ਤੇਲੰਗਾਨਾ ਅਤੇ ਮਹਾਂਰਾਸ਼ਟਰ ਵਿੱਚ ਮੁਸਲਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮੁਕਦਮੇ ਦਰਜ ਹੋਏ ਸਨ।
ਪ੍ਰਿਆ ਪ੍ਰਕਾਸ਼ ਅਤੇ ਫਿਲਮ ਦੇ ਡਾਇਰੈਕਟਰ ਉਮਰ ਅਬਦੁਲ ਵਹਾਬ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕਰਕੇ ਉਨ੍ਹਾਂ ਖਿਲਾਫ਼ ਤੇਲੰਗਾਨਾ ਅਤੇ ਮਹਾਂਰਾਸ਼ਟਰ ’ਚ ਦਰਜ ਮੁਕੱਦਮੇ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਮਲਿਆਲੀ ਫਿਲਮ ‘ੳਰੂ ਅਦਾਰ ਲਵ’ ਦੇ ਗੀਤ ‘ਮਾਣਿਕਿਆ ਮਲਾਰਿਆ ਪੂਵੀ’ ਦੇ ਬੋਲ ਨੂੰ ਕੁਝ ਲੋਕਾਂ ਨੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦਸਦੇ ਹੋਏ ਪ੍ਰਿਆ ਤੇ ਵਬਾਹ ਖਿਲਾਫ ਤੇਲੰਗਾਨਾ ਅਤੇ ਮਹਾਂਰਾਸ਼ਟਰ ’ਚ ਐਫ ਆਈ ਆਰ ਦਰਜ ਕਰਵਾਈ ਸੀ। ਅਦਾਕਾਰਾ ਪ੍ਰਿਆ ਅਤੇ ਡਾਇਰੈਕਟਰ ਵਹਾਬ ਨੇ ਦੋਵੇਂ ਐਫ ਆਈ ਆਰਾਂ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਨ੍ਹਾਂ ਦੋਵਾਂ ਨੇ ਕੋਰਟ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਮਾਣਿਕਿਆਂ ਮਲਾਰਿਆ ਪੂਵੀ ਗੀਤ ਦੇ ਜਾਰੀ ਪ੍ਰਮੋਸ਼ਨਲ ਵੀਡੀਓ ਦੇ ਅਧਾਰ ’ਤੇ ਹੋਰ ਕੋਈ ਮਾਮਲਾ ਦਰਜ ਨਾ ਕੀਤਾ ਜਾਵੇ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀਵਾਈ ਚੰਦਰਚੂਹੜ ਦੇ ਬੈਂਚ ਨੇ ਪ੍ਰਿਆ ਅਤੇ ਡਾਇਰੈਕਟਰ ਵਹਾਬ ਦੀ ਅਪੀਲ ’ਤੇ ਸੁਣਵਾਈ ਕਰਦੇ ਹੋਏ ਤੇਲੰਗਾਨਾ ਅਤੇ ਮਹਾਂਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਦਾ ਜਵਾਬ ਮੰਗਿਆ ਹੈ। ਪਟੀਸ਼ਨ ’ਚ ਵਿਵਾਦਤ ਗੀਤ ’ਤੇ ਸਫਾਈ ਦਿੰਦੇ ਹੋਏ ਕਿਹਾ ਗਿਆ ਸੀ ਕਿ ਗੀਤ ਕੇਰਲ ਦੇ ਮਾਲਾਬਾਰ ਖੇਤਰ ਦਾ ਰਵਾਇਤੀ ਮੁਸਲਮ ਗੀਤ ਹੈ। ਮੂਲ ਰੂਪ ਵਿੱਚ ਇਹ ਲੋਕ ਗੀਤ ਹੈ। ਅਸਲ ਵਿੱਚ ਇਹ 1978 ’ਚ ਲਿਖਿਆ ਗਿਆ ਸੀ। ਪ੍ਰਿਆ ਅਤੇ ਵਹਾਬ ਦਾ ਤਰਕ ਹੈ ਕਿ ਜਿਹੜਾ ਗੀਤ ਪਿਛਲੇ 40 ਸਾਲਾਂ ਤੋਂ ਮੌਜੂਦ ਹੈ, ਉਸ ਨਾਲ ਅਚਾਨਕ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕਿਵੇਂ ਠੇਸ ਪਹੁੰਚ ਸਕਦੀ ਹੈ।
ਉਕਤ ਵਿਵਾਦ ਨੇ ‘ੳਰੂ ਅਦਾਰ ਲਵ’ ਫ਼ਿਲਮ ਨੂੰ ਲੋਕਾਂ ਦੀ ਜ਼ੁਬਾਨ ਤੱਕ ਪਹੁੰਚਾ ਦਿੱਤਾ ਹੈ। ਇਸ ਤੋਂ ਪਹਿਲਾਂ ਹਿੰਦੂ ਸੰਗਠਨਾਂ ਨੇ ਫਿਲਮ ‘ਪਦਮਾਵਤੀ’ ਨੂੰ ਤਕੜੀ ਪਬਲਿਸਿਟੀ ਲਈ ਮੌਕਾ ਪ੍ਰਦਾਨ ਕੀਤਾ ਸੀ। ਹਿੰਦੁਸਤਾਨ ਵਿੱਚ ਇਸ ਕਿਸਮ ਦਾ ਵਿਵਾਦ ਬਹੁਤ ਵਾਰ ਜਾਣਬੁੱਝ ਕੇ ਉਠਾਇਆ ਜਾਂਦਾ ਹੈ ਤਾਂ ਕਿ ਫਿਲਮ ਨੂੰ ਲੋੜੀਂਦੀ ਪਬਲੀਸਿਟੀ ਮਿਲੇ ਅਤੇ ਫਿਲਮ ਬਾਕਸ ਆਫਿਸ ’ਤੇ ਚੰਗਾ ਬਿਜਨਿਸ ਕਰਨ ਦੇ ਯੋਗ ਬਣ ਜਾਵੇ।
ਫਿਲਮ ਦੇ ਪ੍ਰਚਾਰ ਲਈ ਖਰਚੇ ਤੇ ਮਿਹਨਤ ਨਾਲੋਂ ਕਿਸੇ ਵਕੀਲ ਨੂੰ ਪੈਸਾ ਦੇ ਕੇ ਕੋਰਟ ਵਿੱਚ ਕੇਸ ਕਰਵਾਉਣਾ ਅਤੇ ਫਿਰ ਕੇਸ ਨੂੰ ਜਿੱਤਣਾ ਫਿਲਮ ਲਈ ਪਬਲੀਸਿਟੀ ਕਰਵਾਉਣ ਦਾ ਸੌਖਾ ਤਰੀਕਾ ਹੈ। ਬਹੁਤ ਵਾਰ ਇਹ ਤਰੀਕਾ ਵਰਤ ਕੇ ਮਾੜੀਆਂ ਫਿਲਮਾਂ ਵੀ ਚਲ ਜਾਂਦੀਆਂ ਹਨ। ਦੂਜੇ ਪਾਸੇ ਇਸ ਕਿਸਮ ਦੇ ਵਿਵਾਦ ਆਮ ਲੋਕਾਂ ਨੂੰ ਜ਼ਰੂਰ ਠੇਸ ਪਹੁੰਚਾਅ ਜਾਂਦੇ ਹਨ। ਇਸ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਜ਼ਰੂਰੀ ਹੈ।

Send this to a friend