May 10, 2026 9:51 am

ਪੰਜਾਬੀਆਂ ਨੇ ਜਿੱਤਿਆ ਜਸਟਿਨ ਟਰੂਡੋ ਦਾ ਦਿਲ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸ੍ਰੀ ਅੰਮ੍ਰਿਤਸਰ ਦੀ ਫੇਰੀ ਸਮੇਂ ਪੰਜਾਬੀਆਂ ਨੇ ਇੰਨਾਂ ਨਿੱਘਾ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਕਿ ਉਹ ਦਿਲੋਂ ਗਦਗਦ ਹੋ ਗਏ। ਪੰਜਾਬੀ ਰੰਗ ’ਚ ਰੰਗੇ ਟਰੂਡੋ ਪਰਿਵਾਰ ਦਾ ਆਮ ਲੋਕਾਂ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ। ਸੋਸ਼ਲ ਮੀਡੀਆ ਰਾਹੀਂ ਆਮ ਪੰਜਾਬੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਕੇ ਟਰੂਡੋ ਦੇ ਸਵਾਗਤ ਦਾ ਸੱਦਾ ਵੱਡੀ ਪੱਧਰ ’ਤੇ ਦਿੱਤਾ ਗਿਆ ਸੀ ਅਤੇ ਜਿਸ ਦਾ ਹੁੰਗਾਰਾ ਵੀ ਵੱਡੀ ਪੱਧਰ ’ਤੇ ਮਿਲਿਆ। ਪੰਜਾਬੀ ਖਾਸ ਤੌਰ ’ਤੇ ਸਿੱਖਾਂ ਵਿੱਚ ਇਸ ਗੱਲ ਦੀ ਨਿਰਾਸ਼ਾ ਪਾਈ ਜਾ ਰਹੀ ਸੀ ਕਿ ਭਾਰਤ ਦੀ ਮੋਦੀ ਸਰਕਾਰ ਵੱਲੋਂ ਟਰੂਡੋ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਆਪਣੀ ਫੇਰੀ ਦੇ ਪਹਿਲੇ ਚਾਰ ਦਿਨ ਬਹੁਤ ਫਿੱਕਾ ਸਵਾਗਤ ਕੀਤਾ ਗਿਆ ਹੈ। ਲੋਕ ਗੱਲਾਂ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਲਈ ਕੋਸਦੇ ਨਜ਼ਰ ਆਏ ਕਿ ਉਹ ਹਰ ਛੋਟੇ-ਵੱਡੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪ੍ਰੋਟੋਕੋਲ ਦੀ ਪ੍ਰਵਾਹ ਨਹੀਂ ਕਰਦੇ ਪਰ ਜਸਟਿਨ ਟਰੂਡੋ ਦੇ ਸਵਾਗਤ ਲਈ ਅਣਮੰਨੇ ਢੰਗ ਨਾਲ 4 ਜੂਨੀਅਰ ਮੰਤਰੀਆਂ ਦੀ ਡਿਊਟੀ ਲਗਾਈ ਗਈ। ਮੀਡੀਆ ਦੇ ਇਕ ਹਿੱਸੇ ਦਾ ਖਿਆਲ ਸੀ ਕਿ ਇਹ ਸਭ ਕੁੱਝ ਟਰੂਡੋ ਦੇ ਸਿੱਖਾਂ ਨਾਲ ਪਿਆਰ ਕਰਕੇ ਹੀ ਹੈ ਖਾਸ ਤੌਰ ’ਤੇ ਕੈਨੇਡਾ ’ਚ ਵਸਦੇ ਗਰਮਦਲੀਏ ਸਿੱਖਾਂ ਦੇ ਹਮਦਰਦ ਹੋਣ ਕਾਰਨ। ਇਸ ਕਿਸਮ ਦੀ ਪਹੁੰਚ ਹਿੰਦੁਸਤਾਨ ਦੇ ਰਾਸ਼ਟਰੀ ਮੀਡੀਆ ਦੀ ਵੀ ਰਹੀ। ਇਸ ਨੂੰ ਦੇਖਕੇ ਪੰਜਾਬ ਦਾ ਆਮ ਸਿੱਖ ਵੀ ਇਹ ਸਮਝਣ ਲੱਗਾ ਕਿ ਪੰਜਾਬੀਆਂ ਨੂੰ ਉਸ ਪ੍ਰਧਾਨ ਮੰਤਰੀ ਦਾ ਦਿਲ ਜਿੱਤਣਾ ਜ਼ਰੂਰੀ ਹੈ ਜਿਸ ਨੇ ਪੰਜਾਬੀ ਮੂਲ ਦੇ ਚਾਰ ਸਿੱਖਾਂ ਨੂੰ ਆਪਣੀ ਕੈਬਨਿਟ ਵਿੱਚ ਅਹਿਮ ਥਾਂ ਦਿੱਤੀ ਹੋਈ ਹੈ।
ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਪਹੁੰਚਣ ਤੋਂ ਲੈ ਕੇ ਅੰਮ੍ਰਿਤਸਰ ਵਿੱਚ ਬਿਤਾਏ ਤਿੰਨ ਘੰਟਿਆਂ ਵਿੱਚ ਸਿੱਖਾਂ ਨੇ ਭਾਰਤ ਸਰਕਾਰ ਦੇ ਫਿੱਕੇ ਸਵਾਗਤ ਦੇ ਸਾਰੇ ਲਾਂਭੇ ਲਾਹ ਦਿੱਤੇ। ਹਵਾਈ ਅੱਡੇ ’ਤੇ ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਰਾਜ ਮੰਤਰੀ ਸ. ਹਰਦੀਪ ਸਿੰਘ ਪੁਰੀ ਅਤੇ ਪੰਜਾਬ ਸਰਕਾਰ ਵੱਲੋਂ ਸ. ਨਵਜੋਤ ਸਿੰਘ ਸਿੱਧੂ ਨੇ ਸਵਾਗਤ ਕੀਤਾ। ਦਰਬਾਰ ਪਹੁੰਚਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ। ਉਂਜ ਕਈ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਆਪ ਮੁਹਾਰੇ ਅੱਡੇ ਨੇੜੇ ਪਹੁੰਚੇ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿੱਚ ਸਵਾਗਤੀ, ਬੈਨਰ ਫੜੇ ਹੋਏ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਲਾਗੇ ਨਹੀਂ ਆਉਣ ਦਿੱਤਾ। ਲੰਗਰ ਹਾਲ ਵਿੱਚ ਟਰੂਡੋ ਅਤੇ ਉਸ ਦੇ ਮੰਤਰੀਆਂ ਸ. ਹਰਜੀਤ ਸਿੰਘ ਸੱਜਣ ਅਤੇ ਸ. ਨਵਦੀਪ ਸਿੰਘ ਬੈਂਸ ਅਤੇ ਹੋਰਾਂ ਨੇ ਰੋਟੀਆਂ ਪਕਾਉਣ ਦੀ ਸੇਵਾ ਕੀਤੀ। ਮਿਸਿਜ਼ ਟਰੂਡੋ ਪੰਜਾਬੀ ਸੂਟ ਵਿੱਚ ਆਪਣੇ ਬੱਚਿਆਂ ਸਮੇਤ ਰੋਟੀਆਂ ਪਕਾਉਂਦੀ ਪੰਜਾਬਣ ਲੱਗ ਰਹੀ ਸੀ। ਮਿਸਟਰ ਟਰੂਡੋ ਨੇ ਆਪਣੇ ਸਾਥੀਆਂ ਸਮੇਤ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕੀਤੀ। ਹਰਿਮੰਦਰ ਸਾਹਿਬ ਵਿਖੇ ਮਿਸਟਰ ਟਰੂਡੋ ਪਰਿਵਾਰ ਸਹਿਤ ਨਤਮਸਤਕ ਹੋਏ ਅਤੇ ਹੈ¤ਡ ਗ੍ਰੰਥੀ ਵੱਲੋਂ ਸਿੱਖ ਰਵਾਇਤਾਂ ਅਨੁਸਾਰ ਸਾਰੇ ਮਿਸਟਰ ਟਰੂਡੋ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਵੀ ਮਿਸਟਰ ਟਰੂਡੋ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵਿਜ਼ਟਰ ਬੁੱਕ ਵਿੱਚ ਲਿਖੀ ਟਿੱਪਣੀ ਤੋਂ ਸਪੱਸ਼ਟ ਲਗਦਾ ਹੈ ਕਿ ਉਹ ਅੰਮ੍ਰਿਤਸਰ ਆ ਕੇ ਬਾਗੋ-ਬਾਗ ਹੋ ਗਏ। ਸਿੱਖ ਕੌਮ ਵੱਲੋਂ ਮਿਲੇ ਪਿਆਰ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ ਲੱਗਦਾ ਹੈ। ਅੰਮ੍ਰਿਤਸਰ ਫੇਰੀ ਸਮੇਂ ਉਨ੍ਹਾਂ ਦੀ ਸਰੀਰਕ ਭਾਸ਼ਾ ਇਹ ਸੰਕੇਤ ਦੇ ਰਹੀ ਸੀ ਕਿ ਭਾਰਤ ਸਰਕਾਰ ਦੇ ਰੁੱਖ ਦੀ ਮੈਨੂੰ ਪ੍ਰਵਾਹ ਨਹੀਂ ਪਰ ਸਿੱਖਾਂ ਨੂੰ ਮੈਂ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋ ਗਿਆ। ਕੈਨੇਡਾ ਦੀ ਕੁੱਲ ਵਸੋਂ ਦੀ 1.4 ਫੀਸਦੀ ਆਬਾਦੀ ਸਿੱਖਾਂ ਦੀ ਆਬਾਦੀ ਹੈ ਅਤੇ ਆਉਂਦੀਆਂ ਚੋਣਾਂ ਵਿੱਚ ਨਿਸ਼ਚਿਤ ਤੌਰ ’ਤੇ ਸਿੱਖ ਵੋਟਰਾਂ ਦੇ ਹਵਾਲੇ ਨਾਲ ਫਾਇਦਾ ਹੋਵੇਗਾ। ਮਿਸਟਰ ਟਰੂਡੋ ਦੀ ਅੰਮ੍ਰਿਤਸਰ ਫੇਰੀ ਨਾਲ ਪੰਜਾਬ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਸਿੱਖਾਂ ਨੂੰ ਫਾਇਦਾ ਹੋਵੇਗਾ। ਮਿਸਟਰ ਟਰੂਡੋ ਦੇ ਹੋਏ ਸਵਾਗਤ ਨੇ ਪੰਜਾਬੀਆਂ ਪ੍ਰਤੀ ਮਿਸਟਰ ਟਰੂਡੋ ਦੇ ਮਨ ਵਿੱਚ ਹੋਰ ਵੀ ਜਗ੍ਹਾ ਬਣਾ ਲਈ ਹੈ।

Send this to a friend