Skip to content
Independent perspectives. Global stories.
BREAKING

ਭਗੋੜੇ ਪ੍ਰਵਾਸੀ ਲਾੜਿਆਂ ਦਾ ਮਸਲਾ

Share this story

ਭਗੋੜੇ ਪ੍ਰਵਾਸੀ ਲਾੜਿਆਂ ਦਾ ਮਸਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਵਿਆਹਕੇ ਛੱਡੀਆਂ ਕੁੜੀਆਂ ਨਰਕ ਵਰਗਾ ਜੀਵਨ ਭੋਗ ਰਹੀਆਂ ਹਨ। ਕਾਨੂੰਨੀ ਤੌਰ ’ਤੇ ਉਨ੍ਹਾਂ ਨੂੰ ਹਾਲੇ ਤੱਕ ਕੋਈ ਵੱਡੀ ਸਹਾਇਤਾ ਨਹੀਂ ਮਿਲ ਰਹੀ। ਅਜਿਹੀਆਂ ਕੁੜੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਜਿਨ੍ਹਾਂ ਨੂੰ ਪ੍ਰਵਾਸੀ ਲਾੜਿਆਂ ਵੱਲੋਂ ਵਿਆਹ ਕੇ ਛੱਡ ਦਿੱਤਾ ਗਿਆ। ਕਈ ਮਾਮਲਿਆਂ ਵਿੱਚ ਤਾਂ ਅਜਿਹੀਆਂ ਕੁੜੀਆਂ ਦੇ ਬੱਚੇ ਵੀ ਔਖ ਭਰੀ ਜ਼ਿੰਦਗੀ ਜੀਅ ਰਹੇ ਹਨ। ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਇਹ ਲਗਤਾਰ ਮੰਗ ਉਠਦੀ ਰਹੀ ਹੈ ਕਿ ਭਗੌੜੇ ਪ੍ਰਵਾਸੀ ਲਾੜਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਕੁੜੀਆਂ ਨੂੰ ਇਨਸਾਫ ਮਿਲ ਸਕੇ। ਕੇਂਦਰ ਸਰਕਾਰ ਨੇ ਹੁਣ ਪੰਜਾਬ ਸਣੇ ਦੇਸ਼ ਦੇ ਕਈ ਰਾਜਾਂ ’ਚ ਪ੍ਰਵਾਸੀ ਲਾੜਿਆਂ ਵਲੋਂ ਭਾਰਤ ਵਿਚ ਆ ਕੇ ਵਿਆਹ ਕਰਵਾਉਣ ਤੇ ਫਿਰ ਮਗਰੋਂ ਪਤਨੀਆਂ ਨੂੰ ਛਡ ਜਾਣ ਦੇ ਮਾਮਲਿਆਂ ਨੂੰ ਰੋਕਣ ਲਈ ਇਕ ਪ੍ਰਭਾਵਸ਼ਾਲੀ ਯੋਜਨਾ ਬਣਾਈ ਹੈ ਇਸ ਤਹਿਤ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਸਰਕਾਰ ਵਲੋਂ ਭਗੋੜੇ ਲਾੜਿਆਂ ਦੀ ਭਾਰਤ ਵਿਚਲੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਕਵਾਇਦ ਜਾਰੀ ਹੈ। ਭਗੋੜੇ ਲਾੜੇ ਤੇ ਪਰਿਵਾਰ ਦੀ ਜਾਇਦਾਦ ਪਤਨੀ ਨੂੰ ਦਿਵਾਉਣ ਦੇ ਬਿੱਲ ਦਾ ਖਰੜਾ ਤਿਆਰ ਹੋ ਚੁੱਕਾ ਹੈ। ਉਮੀਦ ਹੈ ਕਿ ਛੇਤੀ ਹੀ ਇਹ ਬਿੱਲ ਕਾਨੂੰਨ ਦਾ ਰੂਪ ਅਖ਼ਤਿਆਰ ਲਵੇਗਾ। ਮੌਜੂਦਾ ਹਾਲਾਤਾਂ ਵਿੱਚ ਭਗੋੜੇ ਪ੍ਰਵਾਸੀ ਲਾੜਿਆਂ ਦੀ ਧਕੇਸ਼ਾਹੀ ਰੋਕਣ ਲਈ ਉਨ੍ਹਾਂ ਖ਼ਿਲਾਫ਼ ਗੰਭੀਰ ਸ਼ਿਕਾਇਤਾਂ ਮਿਲਣ ’ਤੇ ਉਸ ਦਾ ਪਾਸਪੋਰਟ ਰਦ ਕੀਤਾ ਜਾ ਸਕਦਾ ਹੈ। ਇਹ ਕਦਮ ਪ੍ਰਭਾਵੀ ਸਾਬਿਤ ਨਹੀਂ ਹੋਇਆ। ਪਹਿਲੀ ਜਨਵਰੀ 2015 ਤੋਂ 30 ਨਵੰਬਰ 2017 ਦੇ ਸਮੇਂ ਦਰਮਿਆਨ ਭਾਰਤੀ ਵਿਦੇਸ਼ ਮੰਤਰਾਲੇ ਨੂੰ ਪਰਵਾਸੀ ਲਾੜਿਆਂ ਦੀਆਂ ਪਤਨੀਆਂ ਵੱਲੋਂ 3328 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਵਿਚ ਤੰਗ ਪ੍ਰੇਸ਼ਾਨ ਕਰਨ, ਦਹੇਜ ਦੀ ਮੰਗ ਕਰਨ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ ਸ਼ਾਮਲ ਸਨ।।ਸਰਕਾਰ ਨੇ ਭਗੋੜੇ ਪ੍ਰਵਾਸੀ ਲਾੜਿਆਂ ਵੱਲੋਂ ਕੁੜੀਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਹੀ ਵਿਆਹ ਰਜਿਸਟਰੇਸ਼ਨ ਲਾਜ਼ਮੀ ਕਰ ਦਿੱਤਾ ਗਿਆ ਸੀ। ਉਮੀਦ ਕਰਨੀ ਚਾਹੀਦੀ ਹੈ ਕਿ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਕਦਮ ਇਸ ਮਾਮਲੇ ਵਿੱਚ ਪ੍ਰਭਾਵੀ ਸ਼ਾਮਿਲ ਹੋਵੇਗਾ। ਸਰਕਾਰ ਦੀ ਉਪਰੋਕਤ ਯੋਜਨਾ ਉਪਰ ਤੁਰੰਤ ਅਮਲ ਸ਼ੁਰੂ ਹੋਣਾ ਚਾਹੀਦਾ ਹੈ ਤਾਂ ਜੋ ਪੀੜਤ ਪਰਿਵਾਰਾਂ ਅਤੇ ਲੜਕੀਆਂ ਨੂੰ ਕੁਝ ਰਾਹਤ ਮਿਲ ਸਕੇ।
– ਬਲਜੀਤ ਸਿੰਘ ਬਰਾੜ

WRITTEN BY