May 10, 2026 6:10 am

ਖਾਲਸਾ ਕਾਲਜ ਪਟਿਆਲਾ ਵਿਖੇ 2 ਰੋਜ਼ਾ ਗਲੋਬਲ ਪੰਜਾਬੀ ਕਾਨਫਰੰਸ ਸ਼ੁਰੂ

ਪਹਿਲੇ ਦਿਨ ਨੌਂ ਦੇਸ਼ਾਂ ਦੇ ਲਗਪਗ ਦੋ ਸੌ ਡੈਲੀਗੇਟਾਂ ਨੇ ਲਿਆ ਹਿਸਾ

ਪਟਿਆਲਾ, 21 ਫਰਵਰੀ-ਖਾਲਸਾ ਕਾਲਜ ਪਟਿਆਲਾ ਵਲੋਂ ਕਰਵਾਈ ਜਾ ਰਹੀ ਖਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਦਾ ਅਜ ਬਹੁਤ ਹੀ ਭਰਵੇਂ ਤਰੀਕੇ ਨਾਲ ਆਗਾਜ ਹੋਇਆ। ਕਾਨਫਰੰਸ ਵਿਚ ਨੌਂ ਵਖ ਵਖ ਦੇਸ਼ਾਂ ਦੇ ਲਗਭਗ ਦੋ ਸੌ ਡੈਲੀਗੇਟਾਂ ਨੇ ਕਾਨਫਰੰਸ ਵਿਚ ਹਿਸਾ ਲਿਆ। ਇਸ ਕਾਨਫਰੰਸ ਵਿਚ ਸਰਦਾਰ ਸੁਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਆਨਰੇਰੀ ਸਕਤਰ ਕਾਲਜ ਗਵਰਨਿੰਗ ਬਾਡੀ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ ਅਤੇ ਕੈਨੇਡਾ ਤੋਂ ਸਰਦਾਰ ਅਜੈਬ ਸਿੰਘ ਚਠਾ ਨੇ ਇਸ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਸਮੁਚਾ ਕਾਲਜ ਰਵਾਇਤੀ ਪੰਜਾਬੀ ਸਭਿਆਚਾਰ ਦੇ ਹਰ ਰੰਗ ਵਿਚ ਰੰਗਿਆ ਹੋਇਆ ਸੀ। ਕਾਲਜ ਵਿਚ ਕਿਸੇ ਪਾਸੇ ਅਕਾਦਮਿਕ ਸੈਸ਼ਨ ਚਲ ਰਹੇ ਸਨ ਕਿਸੇ ਪਾਸੇ ਬਾਜ਼ੀਗਰ ਬਾਜ਼ੀਆਂ ਪਾ ਰਹੇ ਸਨ, ਅਤੇ ਕਿਸੇ ਪਾਸੇ ਢਾਡੀ ਅਤੇ ਕਵੀਸ਼ਰ ਵਾਰਾਂ ਤੇ ਕਵੀਸ਼ਰੀਆਂ ਦੇ ਨਾਲ ਰੰਗ ਬੰਨ੍ਹ ਰਹੇ ਸਨ। ਸਮੁਚਾ ਕਾਲਜ ਪੰਜਾਬੀ ਸਭਿਆਚਾਰ, ਪੰਜਾਬੀ ਮਾਂ ਬੋਲੀ ਦਾ ਬਹੁਤ ਵਡਾ ਅਕਸ ਪੇਸ਼ ਕਰ ਰਿਹਾ ਸੀ। ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿਚ ਮੁਖ ਮਹਿਮਾਨ ਵਜੋਂ ਬੋਲਦੇ ਹੋਏ ਸਰਦਾਰ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਨੇ ਇਹ ਕਾਨਫਰੰਸ ਕਰਵਾ ਕੇ ਇਕ ਨਿਵੇਕਲਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਚੁਣੌਤੀਆਂ ਦਾ ਅਨੁਮਾਨ ਵੀ ਲਗਾਇਆ ਜਾਣਾ ਜ਼ਰੂਰੀ ਹੈ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਪਹੁੰਚੀਆਂ ਸਾਰੀਆਂ ਸਖ਼ਸੀਅਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਇਸ ਕਾਨਫਰੰਸ ਰਾਹੀਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਜੋੜਨ ਦਾ ਉਤਮ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਹਰ ਸਾਲ ਇਸ ਦਿਹਾੜੇ ਨੂੰ ਸਮਰਪਿਤ ਵਿਸ਼ਵੀ ਪੱਧਰ ਦੀ ਕਾਨਫਰੰਸ ਆਯੋਜਿਤ ਕਰਕੇ ਪੰਜਾਬੀ ਸਭਿਆਚਾਰ ਦੇ ਪਸਾਰ ਅਤੇ ਸੰਭਾਲ ਦੀ ਕੋਸ਼ਿਸ਼ ਕਰਦੇ ਰਹਿਣਗੇ। ਡਾ. ਸ਼ਤੀਸ ਕੁਮਾਰ ਵਰਮਾ ਨੇ ਕਿਹਾ ਕਿ ਸਾਨੂੰ ਪੰਜਾਬੀ ਮਾਤ-ਭਾਸ਼ਾ ਨਾਲ ਜੁੜ ਕੇ ਅੰਬਰਾਂ ਨੂੰ ਛੂਹਣ ਦਾ ਦ੍ਰਿੜ ਇਰਾਦਾ ਰੱਖਣਾ ਚਾਹੀਦਾ ਹੈ। ਉਦਘਾਟਨੀ ਸੈਸਨ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਅਜੈਬ ਸਿੰਘ ਚਠਾ ਨੇ ਖ਼ਾਲਸਾ ਕਾਲਜ ਪਟਿਆਲਾ ਦੇ ਉਪਰਾਲਿਆਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਨਾ ਕੇਵਲ ਮੌਜੂਦਾ ਸਮੇਂ ਦੀ ਲੋੜ ਹਨ ਬਲਕਿ ਸਾਰੇ ਹੀ ਨੌਜਵਾਨ ਵਰਗ ਵਿਚ ਚੇਤਨਤਾ ਪੈਦਾ ਕਰਨ ਲਈ ਇਹ ਕਾਨਫ਼ਰੰਸਾਂ ਬਹੁਤ ਮਹਤਵਪੂਰਨ ਸਿਧ ਹੋਣਗੀਆਂ। ਦਿਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਰਦਾਰ ਰਵੇਲ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਪੰਜਾਬੀ ਭਾਸ਼ਾ ਦੀ ਗਲੋਬਲੀ ਸਥਿਤੀ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਦੀ ਬਣਤਰ ਹੀ ਗਲੋਬਲੀ ਧਾਰਾ ਵਾਲੀ ਹੈ । ਕਾਨਫਰੰਸ ਦੇ ਦੂਸਰੇ ਸੰਵਾਦ ਸੈਸ਼ਨ ਵਿਚ ਮੁਖ ਤੌਰ ਤੇ ਗੁਰਭਜਨ ਗਿਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਦਾ ਬਚਾਅ ਅਤੇ ਸੰਭਾਲ ਦੀ ਜ਼ਿੰਮੇਵਾਰੀ ਸਾਨੂੰ ਆਪਣੇ ਘਰ ਤੋਂ ਉਠਾਉਣੀ ਚਾਹੀਦੀ ਹੈ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ੍ਰ. ਕਿਰਪਾਲ ਸਿੰਘ ਕਜ਼ਾਕ, ਸ੍ਰ. ਨਛੱਤਰ ਸਿੰਘ, ਸ੍ਰ. ਸਰਦੂਲ ਸਿੰਘ ਖਹਿਰਾ, ਸਵਿੰਦਰ ਸਿੰਘ ਸੱਭਰਵਾਲ, ਸ੍ਰ. ਲਾਭ ਸਿੰਘ ਮੈਂਬਰ ਸ਼੍ਰੋ. ਗੁ. ਪ੍ਰ.ਕਮੇਟੀ, ਇੰਦਰਜੀਤ ਸਿੰਘ ਖਰੌਡ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਸਾਬਕਾ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਉਦਘਾਟਨੀ ਸੈਸ਼ਨ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਅਤੇ ਤਕਨੀਕੀ ਸੈਸ਼ਨਾਂ ਦੌਰਾਨ ਪ੍ਰੋ. ਸੁਖਮੋਹਨ ਕੌਰ, ਡਾ. ਦਵਿੰਦਰ ਸਿੰਘ, ਡਾ. ਸਰਬਜੀਤ ਸਿੰਘ ਅਤੇ ਪ੍ਰੋ. ਪ੍ਰਭਜੋਤ ਸਿੰਘ ਨੇ ਬਾਖੂਬੀ ਕੀਤਾ।

Send this to a friend