May 7, 2026 1:37 pm

ਟਰੂਡੋ ਦੀ ਪੰਜਾਬ ਫੇਰੀ ਅਤੇ ਕੈਨੇਡਾ ’ਚ ਪੰਜਾਬੀਆਂ ਦੀ ਭੂਮਿਕਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੀ ਫੇਰੀ ਦੌਰਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਸਮੂਹ ਵਿਖੇ ਦਰਸ਼ਨਾਂ ਲਈ ਪੁਜਣ ਦੀਆਂ ਖ਼ਬਰਾਂ ਕਾਰਨ ਸੰਸਾਰ ਭਰ ‘ਚ ਵਸਦੇ ਪੰਜਾਬੀਆਂ ਦੀਆਂ ਟਰੂਡੋ ਦੀ ਇਸ ਇਤਿਹਾਸਕ ਯਾਤਰਾ ਵਲ ਨਜ਼ਰਾਂ ਸਨ ਕਿਉਂਕਿ ਪੰਜਾਬੀਆਂ ਲਈ ਕੈਨੇਡਾ ਉਹਨਾ ਦੇ ਪ੍ਰਵਾਸ ਟਿਕਾਣੇ ਦੀ ਪਹਿਲ ਹੈ। ਲਖਾਂ ਦੀ ਗਿਣਤੀ ‘ਚ ਪੰਜਾਬੀ ਇਸ ਸੁੰਦਰ, ਸੁਹਾਣੇ ਦੇਸ਼ ਵਿਚ ਦਹਾਕਿਆਂ ਤੋਂ ਵਸੇ ਹੋਏ ਹਨ। ਇਹ ਪ੍ਰਵਾਸੀ ਮਿਹਨਤ ਕਰਕੇ ਉਥੇ ਚੰਗੀ ਜ਼ਿੰਦਗੀ ਵਸਰ ਕਰਨ ਦੇ ਆਹਰ ਵਿਚ ਹਨ ਅਤੇ ਉਹਨਾ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਵੀ ਮਿਲੇ ਹੋਏ ਹਨ, ਜਿਸ ਸਦਕਾ ਉਹਨਾ ਕੈਨੇਡਾ ਦੇ ਚੰਗੇ ਸ਼ਹਿਰੀ ਬਣਕੇ ਹਰ ਖੇਤਰ ਵਿਚ ਨਾਮਣਾ ਵੀ ਖਟਿਆ ਹੈ। ਆਪਣੀ ਜਨਮ ਭੂਮੀ ਉਤੇ ਆਪਣੇ ਕਰਮਭੂਮੀ ਦੇ ਪ੍ਰਧਾਨ ਮੰਤਰੀ ਦੀ ਫੇਰੀ ਭਾਵੁਕ ਤੌਰ ‘ਤੇ ਉਹਨਾ ਲਈ ਵਡੇਰੇ ਅਰਥ ਰਖਦੀ ਹੈ। ਦੋਹਾਂ ਖਿਤਿਆ ਦੇ ਲੋਕਾਂ ਦੇ ਆਪਸੀ ਸਬੰਧਾਂ, ਸਹਿਯੋਗ ‘ਚ ਪਹਿਲਕਦਮੀ ਨੇੜਲੇ ਭਵਿਖ ‘ਚ ਪੰਜਾਬੀਆਂ ਲਈ ਨਵੇਂ ਦਰ ਵੀ ਖੋਹਲ ਸਕਦੀ ਹੈ। ਪਰ ਟਰੂਡੋ ਦੀ ਇਸ ਭਾਰਤ ਫੇਰੀ ਦੌਰਾਨ ਪੰਜਾਬ ਦੀ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਉਹਨਾ ਪ੍ਰਤੀ ਵਿਖਾਈ ਬੇਰੁਖੀ, ਪ੍ਰਵਾਸੀ ਪੰਜਾਬੀਆਂ ਦੀ ਸਰਕਾਰ ਪ੍ਰਤੀ ਦੂਰੀ ਵਧਾਉਣ ਦਾ ਕਾਰਨ ਬਣ ਸਕਦੀ ਹੈ ਹਾਲਾਂਕਿ ਪ੍ਰਵਾਸੀ ਪੰਜਾਬੀ ਪੰਜਾਬ ਨੰ ਕੈਨੇਡਾ ਵਰਗਾ ਬਣਿਆ ਵੇਖਣਾ ਚਾਹੁੰਦੇ ਹਨ, ਅਤੇ ਪੰਜਾਬ ਨੂੰ ਕੈਨੇਡਾ ਦੇ ਵਪਾਰਕ, ਸਿਖਿਆ, ਸਭਿਆਚਾਰਕ, ਉਦਯੋਗਿਕ ਖੇਤਰ ‘ਚ ਸਾਂਝ- ਭਿਆਲੀ ਨਾਲ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਚਾਹਵਾਨ ਵੀ ਹਨ।
ਕੈਨੇਡਾ ਵਿਚ ਪੰਜਾਬੀ ਸਥਾਪਤੀ
ਕੈਨੇਡਾ ਦੀਆਂ ਪਿਛਲੀਆਂ ਚੋਣਾਂ ‘ਚ ਪ੍ਰਵਾਸੀਆਂ ਨੇ ਵਡੀਆਂ ਮਲਾਂ ਮਾਰੀਆਂ। ਚਾਰ ਪ੍ਰਵਾਸੀ ਇਸ ਵੇਲੇ ਕੈਨੇਡੀਅਨ ਵਜਾਰਤ ਵਿਚ ਮੰਤਰੀ ਹਨ ਅਤੇ ਕੈਨੇਡੀਅਨ ਪਾਰਲੀਮੈਂਟ ਵਿਚ ਭਾਰਤੀ ਮੂਲ ਦੇ 19 ਮੈਂਬਰ ਪਾਰਲੀਮੈਂਟ ਹਨ, ਜਿਹਨਾ ‘ਚ ਬਹੁ-ਗਿਣਤੀ ਪ੍ਰਵਾਸੀ ਪੰਜਾਬੀ ਹਨ। ਪ੍ਰਧਾਨ ਮੰਤਰੀ ਟਰੂਡੋ ਦਾ ਪ੍ਰਵਾਸੀਆਂ ਪ੍ਰਤੀ ਵਿਸ਼ੇਸ਼ ਲਗਾਅ ਹੈ ਅਤੇ ਸਮੇਂ ਸਮੇਂ ਉਸ ਵਲੋਂ ਪ੍ਰਵਾਸ ਹੰਢਾ ਰਹੇ ਇਹਨਾ ਕੈਨੇਡੀਅਨ ਭਾਰਤੀਆਂ ਖਾਸਕਰ ਪੰਜਾਬੀਆਂ ਉਹਨਾ ਦੇ ਹਿਤ ਦੀਆਂ ਨੀਤੀਆਂ ਘੜਨ ਅਤੇ ਲਾਗੂ ਕਰਨ ਦੀਆਂ ਖ਼ਬਰਾਂ ਮਿਲਦੀਆਂ ਹੀ ਰਹਿੰਦੀਆਂ ਹਨ।
ਕੈਨੇਡਾ ਪੁਜੇ ਪੰਜਾਬੀਆਂ ਨੂੰ ਆਪਣੇ ਮੁਢਲੇ ਪ੍ਰਵਾਸ ਦੌਰਾਨ ਬਹੁਤ ਕਸ਼ਟ ਝਲਣੇ ਪਏ। ਉਥੋਂ ਦੀ ਬੋਲੀ ਪ੍ਰਤੀ ਅਗਿਆਨਤਾ, ਅਤੇ ਉਥੋਂ ਦੇ ਕਟੜ ਕਿਸਮ ਦੇ ਲੋਕਾਂ ਵਲੋਂ ਇਹਨਾ ਪ੍ਰਵਾਸੀਆਂ ਪ੍ਰਤੀ ਵਿਰੋਧ ਨੇ ਸਥਾਨਕ ਲੋਕਾਂ ਤੋਂ ਦੂਰੀ ਬਣਾਈ ਰਖੀ, ਪਰ ਆਪਣੀ ਸਖਤ ਮਿਹਨਤ ਅਤੇ ਮਿਲਾਪੜੇ ਸੁਭਾਅ ਕਾਰਨ ਉਹਨਾ ਹਰ ਖੇਤਰ ‘ਚ ਆਪਣੀ ਥਾਂ ਬਣਾਈ। ਇਕ ਰਿਪੋਰਟ ਅਨੁਸਾਰ 1906 ‘ਚ ਕੈਨੇਡਾ ਪੁਜੇ ਸਿਖ ਵਰਕਰਾਂ ਦੀ ਗਿਣਤੀ 1500 ਸੀ, ਜਿਹੜੇ ਕਿ ਟੋਲਿਆਂ ਵਿਚ ਰਹਿਕੇ ਜਾਨ-ਹੂਲਵੀ ਮਿਹਨਤ ਕਰਕੇ ਔਖੇ ਔਖੇ ਮਿਹਨਤੀ ਕੰਮ ਕਰਦੇ ਸਨ। ਇਸ ਮਿਹਨਤ ਸਦਕਾ, ਸਥਾਨਕ ਲੋਕਾਂ ਦੀ ਮਿਲਵਰਤਨ ਅਤੇ ਇਕਠਿਆਂ ਹੋਕੇ ਹੰਭਲਾ ਮਾਰਨ ਦੀ ਪ੍ਰਵਿਰਤੀ ਸਦਕਾ ਉਹਨਾ ਉਨੀ ਸੌ ਸਤਰਵਿਆਂ ਤਕ ਕੈਨੇਡਾ ‘ਚ ਆਪਣੀ ਵਰਨਣ ਯੋਗ ਹਾਜ਼ਰੀ ਸਥਾਪਤ ਕਰ ਲਈ ਅਤੇ ਕੈਨੇਡਾ ਦੇ ਬ੍ਰਿਟਿਸ਼ ਕਲੰਬੀਆਂ ਸੂਬੇ ਦੇ ਸ਼ਹਿਰਾਂ ਵੈਨਕੋਵਰ, ਡੈਲਟਾ, ਰੈਚਮੈਂਡ, ਸਰੀ ‘ਚ ਆਪਣੀਆਂ ਰਿਹਾਇਸ਼ਾਂ ਅਤੇ ਗੁਰੂ ਘਰਾਂ ਦਾ ਨਿਰਮਾਣ ਕਰਨ ‘ਚ ਸਫਲਤਾ ਪ੍ਰਾਪਤ ਕੀਤੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਅਜ ਕੈਨੇਡਾ ਵਿਚ ਪੰਜਾਬੀ ਕੈਨੇਡੀਅਨਾਂ ਦੀ ਗਿਣਤੀ 5,45,730 ਹੈ, ਜਿਹੜੇ ਕਿ ਖਾਸ ਤੌਰ ਤੇ ਸੂਬੇ ਬ੍ਰਿਟਿਸ਼ ਕਲੰਬੀਆ, ਉਨਟੋਰਿਓ, ਐਡਮੈਨਟਨ, ਆਦਿ ਥਾਵਾਂ ਤੇ ਬਹੁਤਾਤ ‘ਚ ਰਹਿੰਦੇ ਹਨ ਅਤੇ ਉਹ ਅੰਗਰੇਜ਼ੀ, ਫਰੈਂਚ, ਪੰਜਾਬੀ, ਉਰਦੂ, ਹਿੰਦੀ, ਬੋਲਦੇ ਹਨ। ਇਹ ਪ੍ਰਵਾਸੀ ਪੰਜਾਬੀ ਸਿਖ, ਹਿੰਦੂ, ਮੁਸਲਿਮ ਅਤੇ ਈਸਾਈ ਧਰਮ ਨਾਲ ਮੁਖ ਤੌਰ ਤੇ ਸਬੰਧਤ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ ਪੰਜਾਬੀ ਬੋਲੀ ਤੀਸਰੀ ਵਡੀ ਭਾਸ਼ਾ ਹੈ, ਜੋ ਪਾਰਲੀਮੈਂਟ ਵਿਚ ਬੋਲੀ ਸੁਣੀ ਜਾਂਦੀ ਹੈ। ਵੈਨਕੋਵਰ ‘ਚ 5.5 ਫੀਸਦੀ ਲੋਕ ਜਦਕਿ ਸਰੀ ‘ਚ 21.3 ਫੀਸਦੀ ਲੋਕ ਘਰਾਂ ‘ਚ ਪੰਜਾਬੀ ਬੋਲਦੇ ਹਨ। ਇਸ ਤੋਂ ਵੀ ਮਹਤਵਪੂਰਨ ਗਲ ਇਹ ਹੈ ਕਿ ਹਰ ਵਰ੍ਹੇ ਹਜ਼ਾਰਾਂ ਵਿਦਿਆਰਥੀ ਪੜ੍ਹਨ ਲਈ ਕੈਨੇਡਾ ਪੁਜਦੇ ਹਨ। ਯੋਗਤਾ ਅਧਾਰਤ ਉਥੋਂ ਦੀ ਪਕੀ ਰਿਹਾਇਸ਼ ਪ੍ਰਾਪਤ ਕਰਨ ਲਈ ਯਤਨ ਕਰਦੇ ਹਨ। ਸਾਲ 2016-17 ਵਿਚ ਲਗਭਗ ਸਵਾ ਲਖ ਭਾਰਤੀ ਵਿਦਿਆਰਥੀ, ਮੁਖ ਤੌਰ ਤੇ ਪੰਜਾਬੀ ਨੌਜਵਾਨ ਵਿਦਿਆਰਥੀ ਵੀਜ਼ਾ ਲੈਕੇ ਕੈਨੇਡਾ ਪੁਜੇ ਹਨ।
ਕੈਨੇਡਾ ਪੁਜੇ ਮੁਢਲੇ ਪੰਜਾਬੀਆਂ ਨੇ ਵਡੀਆਂ ਘਾਲਣਾਵਾਂ ਘਾਲੀਆਂ। ਦਿਨ ਰਾਤ ਮਿਹਨਤ ਕੀਤੀ। ਕੋਈ ਸਮਾਂ ਸੀ ਜਦੋਂ ਇਹਨਾਂ ਪ੍ਰਵਾਸੀਆਂ ਨੂੰ ਕੈਨੇਡਾ ‘ਚ ਵੋਟ ਪਾਉਣ ਦਾ ਵੀ ਹਕ ਨਹੀਂ ਸੀ। ਪੰਜਾਬੀਆਂ ਇਸ ਵਿਤਕਰੇ ਵਿਰੁਧ ਲੜਾਈ ਲੜੀ। ਦੇਸ਼ ਦੀ ਅਜ਼ਾਦੀ ਲਈ ਵੀ ਵਡਾ ਯੋਗਦਾਨ ਪਾਇਆ। ਅਜ ਸਥਿਤੀ ਇਹ ਹੈ ਕਿ ਤਿੰਨ ਦਰਜਨ ਦੇ ਕਰੀਬ ਇਹ ਪ੍ਰਵਾਸੀ ਪੰਜਾਬੀ ਕੈਨੇਡੀਅਨ ਪਾਰਲੀਮੈਂਟ ਅਤੇ ਸੂਬਿਆਂ ਦੀ ਵਿਧਾਨ ਸਭਾਵਾਂ ਵਿਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ। ਦੇਸ਼ ਦਾ ਰਖਿਆ ਮੰਤਰੀ ਪੰਜਾਬੀ ਹੈ।
ਪੰਜਾਬੀਆਂ ਨੇ ਇਸ ਵੇਲੇ ਕੈਨੇਡਾ ‘ਚ ਆਪਣੇ ਕਾਰੋਬਾਰ ਖੋਲ੍ਹੇ ਹੋਏ ਹਨ। ਉਹ ਪਰਵਾਸੀ ਜਿਹੜੇ 20ਵੀਂ ਸਦੀ ਦੇ ਆਰੰਭ ‘ਚ ਕੈਨੇਡਾ ਦੇ ਵਡੇ-ਵਡੇ ਲਕੜ ਦੇ ਆਰਿਆਂ ‘ਤੇ ਮਜ਼ਦੂਰੀ ਕਰਦੇ ਸਨ, ਖੇਤਾਂ ‘ਚ ਖੇਤ ਮਜ਼ਦੂਰ ਵਜੋਂ ਕਾਮੇ ਸਨ, ਅਜ ਉਹ ਖੇਤਾਂ ਦੇ, ਸਾਅ ਮਿਲਾਂ ਦੇ ਮਾਲਕ ਹਨ। ਲਕੜ ਦੇ ਆਰਿਆਂ ਦੇ ਮਾਲਕ ਤਾਂ ਉਹ ੳਦੋਂ ਹੀ ਬਣ ਗਏ ਸਨ, ਜਦੋਂ ਉਨੀਵੀਂ ਸਦੀ ਦੇ ਪਹਿਲੇ-ਦੂਜੇ ਦਹਾਕੇ ‘ਚ ਉਹ ਸਿਰੜੀ ਕਾਮਿਆਂ ਵਜੋਂ ਆਪਣੀ ਪਹਿਚਾਣ ਬਣਾ ਚੁਕੇ ਸਨ। ਪੰਜਾਬ ਦੇ ਦੁਆਬੇ ਖਿਤੇ ਦੇ ਪਿੰਡ ਪਾਲਦੀ ਅਤੇ ਇਸੇ ਖਿਤੇ ਦੇ ਪਿੰਡ ਪਲਾਹੀ (ਫਗਵਾੜਾ) ਦੇ ਪੰਜਾਬੀਆਂ ਦਾ ਨਾਂ( ਜਿਹਨਾ ‘ਚ ਸ. ਨੰਦ ਸਿੰਘ ਪਲਾਹੀ, ਸੇਵਾ ਸਿੰਘ ਪਾਲਦੀ, ਆਸਾ ਸਿੰਘ ਜੋਹਲ, ਜੈਕ ਓਪਲ ਦਾ ਨਾਂ ਵਿਸ਼ੇਸ਼ ਹੈ), ਉਹਨਾ ਲੋਕਾਂ ‘ਚ ਬੋਲਦਾ ਹੈ, ਜਿਹਨਾ ਨੇ ਭਰ ਜੁਆਨੀ ‘ਚ ਹੀ ਆਪਣੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਅਤੇ ਇਹਨਾ ਕਾਰੋਬਾਰਾਂ ‘ਚ ਪੰਜਾਬੋਂ ਆਉਂਦੇ ਪੰਜਾਬੀਆਂ ਨੂੰ ਰੁਜ਼ਗਾਰ ਹੀ ਨਹੀਂ ਦਿਤੇ, ਸਗੋਂ ਉਹਨਾ ਦੀ ਰਿਹਾਇਸ਼ ਖਾਣ-ਪੀਣ ਦੇ ਪ੍ਰਬੰਧ ‘ਚ ਖੁਲ੍ਹ-ਦਿਲੀ ਨਾਲ ਮਦਦ ਕੀਤੀ। ਅਜ ਕੈਨੇਡਾ ‘ਚ ਮਾਹਰ ਇੰਜੀਨੀਅਰ ਪੰਜਾਬੀ ਹਨ, ਡਾਕਟਰ ਹਨ, ਪ੍ਰੋਫੈਸ਼ਨਲ ਹਨ, ਵਡੇ ਆਈ ਟੀ ਕਾਰੋਬਾਰਾਂ ਦੇ ਮਾਲਕ ਹਨ ਅਤੇ ਪੰਜਾਬੀ ਦੇ ਵਡੇ-ਵਡੇ ਸਪਤਾਹਿਕ ਪ੍ਰਿੰਟ ਅਤੇ ਆਨ-ਲਾਈਨ ਅਖ਼ਬਾਰ ਹਨ, ਰੇਡੀਉ ਹਨ, ਪੰਜਾਬੀ ਚੈਂਨਲ ਹਨ, ਜਿਹੜੇ ਪਲ ਪਲ ਦੀ ਦੇਸੀ ਵਿਦੇਸ਼ੀ ਖ਼ਬਰ ਪੰਜਾਬੀਆਂ ਤਕ ਪੁਜਦੀ ਕਰਦੇ ਹਨ, ਜਿਹਨਾ ਦੀ ਤਾਂਘ ਪ੍ਰਵਾਸ ਹੰਢਾ ਰਹੇ ਪੰਜਾਬੀਆਂ ਨੂੰ ਹਰ ਪਲ ਰਹਿੰਦੀ ਹੈ। ਵਡੇ ਗਿਣਤੀ ਪੰਜਾਬੀ ਲੇਖਕ ਕੈਨੇਡਾ ਦੀ ਧਰਤੀ ‘ਤੇ ਬੈਠੇ ਹਨ। ਕੈਨੇਡਾ ਵਸਦੇ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ, ਉਹਨਾ ਦੀਆਂ ਵਖੋ-ਵਖਰੇ ਖੇਤਰਾਂ ‘ਚ ਕੀਤੀਆਂ ਪ੍ਰਾਪਤੀਆਂ ਸਬੰਧੀ ਅੰਤਰਰਾਸ਼ਟਰੀ ਪਤਰਕਾਰ ਨਰਪਾਲ ਸਿੰਘ ਸ਼ੇਰਗਿਲ ਨੇ ਇੰਡੀਅਨ ਐਬਰੋਡ ਐਂਡ ਪੰਜਾਬ ਇੰਮਪੈਕਟ (ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ- ਸਪੈਸ਼ਲ ਕੈਨੇਡਾ ਅੰਕ-2018) ਪੁਸਤਕ ਛਾਪੀ, ਜਿਸਨੂੰ ਪੰਜਾਬੀ ਵਿਰਸਾ ਟਰਸਟ (ਰਜਿ.) ਵਲੋਂ ਫਗਵਾੜਾ ਵਿਖੇ ਰਲੀਜ਼ ਕੀਤਾ ਗਿਆ, ਜੋ ਕਿ ਇਸੇ ਕੜੀ ਦੌਰਾਨ ਕੈਨੇਡਾ ਵਸਦੇ ਪੰਜਾਬੀ ਪਰਵਾਸੀਆਂ ਦੀਆਂ ਕੋਸ਼ਿਸ਼ਾਂ ਦੀ ਤਸਵੀਰ ਪੇਸ਼ ਕਰਦੀ ਹੈ।
ਕੈਨੇਡਾ ਵਸਦੇ ਪੰਜਾਬੀਆਂ ਦੀ ਕੈਨੇਡਾ ਦੇ ਅਰਥਚਾਰੇ ਨੂੰ ਹੁਲਾਰਾ ਦੇਣ ‘ਚ ਵਡੀ ਭੂਮਿਕਾ ਹੈ। ਉਹ ਇਸ ਵੇਲੇ ਕੈਨੇਡਾ ਦੇ ਵਿਕਾਸ ਵਿਚ ਹੀ ਨਹੀਂ, ਸਗੋਂ ਕੈਨੇਡਾ ਦੀ ਸਿਆਸਤ ਵਿਚ ਵੀ ਵਡੀ ਭੂਮਿਕਾ ਨਿਭਾ ਰਹੇ ਹਨ। ਕੈਨੇਡਾ ਨੇ ਪੰਜਾਬੀਆਂ ਨੂੰ ਅਜ਼ਾਦ ਫਿਜ਼ਾਵਾਂ ਦਿਤੀਆਂ ਹਨ, ਬਰਾਬਰਤਾ ਦਾ ਅਹਿਸਾਸ ਦਿਤਾ ਹੈ, ਚੰਗਾ ਵਧੀਆ ਜੀਵਨ ਜੀਊਣ ਲਈ ਸਾਧਨ ਪ੍ਰਾਪਤੀ ਦੇ ਮੌਕੇ ਦਿਤੇ ਹਨ ਅਤੇ ਪੰਜਾਬੀ ਪ੍ਰਵਾਸੀ ਇਹਨਾ ਮੌਕਿਆਂ ਦੀ ਸਹੀ ਵਰਤੋਂ ਕਰਦਿਆਂ ਜਿਥੇ ਕੈਨੇਡਾ ਦੀ ਧਰਤੀ ਨਾਲ ਮੋਹ ਪਿਆਰ ਕਰਦੇ ਹਨ, ਉਥੇ ਉਹ ਆਪਣੇ ਪਿਆਰੇ ਪੰਜਾਬ ਲਈ ਵੀ ਕੁਝ ਕਰਨ ਦੇ ਚਾਹਵਾਨ ਰਹਿੰਦੇ ਹਨ। ਟਰੂਡੋ ਫੇਰੀ ਇਧਰਲੇ ਪੰਜਾਬੀਆਂ ਦੇ ਨਾਲ ਉਧਰਲੇ ਕੈਨੇਡੀਅਨ ਪੰਜਾਬੀਆਂ ਦੀ ਸਾਂਝ ਪਾਉਣ ਦੇ ਨਾਲ, ਵਪਾਰਕ ਸਭਿਆਚਾਰਕ, ਸਾਂਝ ਪਾਉਣ ਲਈ ਪਹਿਲਕਦਮੀ ਸਾਬਤ ਹੋ ਸਕਦੀ ਹੈ।

 

Send this to a friend