ਪੰਜਾਬੀ ਭਾਵਨਾਵਾਂ ਨੂੰ ਸਮਝਣ ਵਾਲੀ ਕਵਿਤਰੀ ਮਨਵਿੰਦਰ ਕੌਰ ਭਿੰਬਰ ਪੰਜਾਬ ਅਤੇ ਪੰਜਾਬੀਅਤ ਦਾ ਹੋਕਾ ਦੇਸ ਦੇ ਦੂਜੇ ਰਾਜਾਂ ਵਿਚ ਦੇ ਕੇ ਪੰਜਾਬੀ ਵਿਰਾਸਤ ਉਪਰ ਪਹਿਰਾ ਦੇਣ ਦਾ ਸ਼ਲਾਘਯੋਗ ਕੰਮ ਕਰ ਰਹੀ ਹੈ। ਆਮ ਤੌਰ ਉਪਰ ਜਦੋਂ ਪੰਜਾਬੀ ਬਾਹਰਲੇ ਰਾਜਾਂ ਜਾਂ ਦੇਸ਼ਾਂ ਵਿਚ ਜਾਂਦੇ ਹਨ ਤਾਂ ਉਹ ਦੂਜੀਆਂ ਭਾਸ਼ਵਾਂ ਨੂੰ ਅਪਣਾ ਲੈਂਦੇ ਹਨ। ਮਨਵਿੰਦਰ ਕੌਰ ਭਿੰਬਰ ਅਜਿਹੀ ਕਵਿਤਰੀ ਹੈ ਜਿਹੜੀ ਆਪਣੀ ਮਾਤ ਭਾਸ਼ਾ ਦੀ ਪਰਫੁਲਤਾ ਲਈ ਹਮੇਸ਼ਾ ਤੱਤਪਰ ਰਹਿੰਦੀ ਹੋਈ ਪੰਜਾਬੀ ਵਿਰਾਸਤ ਅਤੇ ਪਰੰਪਰਾਵਾਂ ਨੂੰ ਦੂਜੀਆਂ ਭਾਸ਼ਵਾਂ ਵਿਚ ਅਨੁਵਾਦ ਕਰਕੇ ਉਥੋਂ ਦੇ ਵਾਸੀਆਂ ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਦੀ ਕੋਸਿਸ਼ ਕਰ ਰਹੀ ਹੈ। ਅੰਮ੍ਰਿਤਸਰ ਪੰਜਾਬ ਦਾ ਸਰਹੱਦੀ ਅਤੇ ਧਾਰਮਿਕ ਤੌਰ ਤੇ ਮਹੱਤਵਪੂਰਨ ਸ਼ਹਿਰ ਹੋਣ ਕਰਕੇ ਸੰਸਾਰ ਦੇ ਨਕਸ਼ੇ ਉਪਰ ਵਿਸ਼ੇਸ ਸਥਾਨ ਰੱਖਣ ਵਾਲਾ ਇਤਿਹਾਸਕ ਸ਼ਹਿਰ ਹੈ। ਸਿੱਖ ਪਰਿਵਾਰ ਵਿਚ ਪੰਜਾਬ ਦੇ ਮਾਝੇ ਦੇ ਇਲਾਕੇ ਵਿਚ ਸਿੱਖੀ ਦੇ ਧੁਰੇ ਸ੍ਰੀ ਅੰਮ੍ਰਿਤਸਰ ਵਿਚ ਸਰਦਾਰਨੀ ਬੇਅੰਤ ਕੌਰ ਅਤੇ ਪਿਤਾ ਬਖ਼ਸ਼ੀਸ਼ ਸਿੰਘ ਦੇ ਘਰ ਵਿਚ ਜਨਮੀ ਮਨਵਿੰਦਰ ਕੌਰ ਈਡਨ, ਸਿੱਖੀ ਵਿਚਾਰਧਾਰਾ ਅਤੇ ਪੰਜਾਬੀ ਭਾਵਨਾਵਾਂ ਨੂੰ ਹਿੰਦੀ ਰੂਪ ਦੇ ਕੇ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੰਦਿਆਂ ਬਾਹਰਲੇ ਸੂਬਿਆਂ ਵਿਚ ਪੰਜਾਬੀਅਤ ਦੀ ਪਹਿਚਾਣ ਬਣਾਈ ਰੱਖਣ ਵਿਚ ਸਫਲ ਹੋਈ ਹੈ। ਭਾਵੇਂ ਉਸਦਾ ਪਾਲਣ ਪੋਸ਼ਣ ਪੰਜਾਬ ਤੋਂ ਬਾਹਰ ਹੋਇਆ ਹੈ ਤਾਂ ਵੀ ਸਿੱਖੀ ਅਤੇ ਪੰਜਾਬੀਅਤ ਦੀ ਖ਼ੁਸ਼ਬੋ ਉਸਦੀ ਆਤਮਾ ਵਿਚ ਸਮੋਈ ਹੋਈ ਹੈ। ਉਹ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਜੁੜੀ ਹੋਈ ਹੈ ਕਿਉਂਕਿ ਉਹ ਭਗਤੀ ਅਤੇ ਸ਼ਕਤੀ ਦੇ ਕੇਂਦਰ ਅੰਮ੍ਰਿਤਸਰ ਵਿਚ ਵਿਚਰਦੀ ਰਹੀ ਅਤੇ ਉਸਨੂੰ ਗੁੜ੍ਹਤੀ ਹੀ ਗੁਰਮਿਤ ਦੀ ਸ਼ਬਦ ਬੂੰਦ ਦੀ ਮਿਲੀ ਸੀ। ਇਹ ਮਹਿਕ ਉਹ ਪੰਜਾਬ ਤੋਂ ਬਾਹਰ ਫੈਲਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਪੰਜਾਬੀ ਹੋਣ ਕਰਕੇ ਪੰਜਾਬ ਦੀ ਸਭਿਅਤਾ, ਸਭਿਆਚਾਰ, ਰੀਤੀ ਰਿਵਾਜ, ਵਹਿਮ ਭਰਮ ਅਤੇ ਪੰਜਾਬੀ ਸੋਚ ਨੂੰ ਆਪਣੀਆਂ ਕਵਿਤਾਵਾਂ ਅਤੇ ਵਾਰਤਾ ਦਾ ਆਧਾਰ ਬਣਾਕੇ ਲਿਖਦੀ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਹਿੰਦੀ ਦੇ ਇੱਕ ਰੋਜਾਨਾ ਅਖਬਾਰ ਵਿਚ ਪੱਤਰਕਾਰ ਦੇ ਤੌਰ ਤੇ ਕੰਮ ਕਰਦੀ ਹੈ ਪ੍ਰੰਤੂ ਪੰਜਾਬੀ ਅਤੇ ਪੰਜਾਬੀਅਤ ਨਾਲ ਵਰਸੋਈ ਹੋਈ ਹੈ। ਪਿਤਾ ਦੇ ਰੇਲਵੇ ਵਿਭਾਗ ਵਿਚ ਨੌਕਰੀ ਕਰਨ ਕਰਕੇ ਪੰਜਾਬ ਤੋਂ ਬਾਹਰ ਹੀ ਬਹੁਤਾ ਸਮਾ ਰਹਿਣਾ ਪਿਆ, ਜਿਸ ਕਰਕੇ ਹਿੰਦੀ ਭਾਸ਼ਾ ਦੇ ਮਾਧਿਅਮ ਵਾਲੇ ਸਕੂਲਾਂ ਵਿਚ ਪੜ੍ਹਨਾ ਪਿਆ ਪ੍ਰੰਤੂ ਘਰ ਪਰਿਵਾਰ ਵਿਚ ਮਾਤਾ ਬੇਅੰਤ ਕੌਰ ਉਸਨੂੰ ਪੰਜਾਬੀ ਪੜ੍ਹਾਉਂਦੀ ਰਹੀ, ਜਿਸ ਕਰਕੇ ਪੰਜਾਬ ਦੇ ਵਿਰਸੇ ਨਾਲ ਉਹ ਬਾਵਾਸਤਾ ਰਹੀ ਹੈ। ਪ੍ਰਾਇਮਰੀ ਤੱਕ ਦੀ ਸਿਖਿਆ ਮੁਰਾਦਾਬਾਦ, ਗ੍ਰੈਜੂਏਸ਼ਨ ਦਿੱਲੀ ਅਤੇ ਪੋਸਟ ਗ੍ਰੈਜੂਏਸ਼ਨ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਸ਼ੋਸਾਲੋਜੀ ਵਿਚ ਕੀਤੀ। ਸੋਸਾਲੋਜੀ ਵਿਚ ਪੜ੍ਹਾਈ ਕਰਨ ਕਰਕੇ ਉਸਦਾ ਸੁਭਾਅ ਅਤੇ ਵਿਵਹਾਰ ਵਿਚ ਸਮਾਜਿਕਤਾ ਦਾ ਪ੍ਰਭਾਵ ਸ਼ਪਸ਼ਟ ਵਿਖਾਈ ਦਿੰਦਾ ਹੈ। 15 ਫਰਵਰੀ 1976 ਨੂੰ ਜ਼ਿੰਦਗੀ ਦਾ ਨਵਾਂ ਸਫਰ ਮਾਲਵੇ ਦੇ ਗੜ੍ਹ ਵੱਜੋਂ ਜਾਣੇ ਜਾਂਦੇ ਲੁਧਿਆਣਾ ਜਿਲੇ ਦੇ ਪਿੰਡ ਮੰਡਿਆਣੀ ਦੇ ਸਰਦਾਰਨੀ ਦਵਿੰਦਰ ਕੌਰ ਅਤੇ ਸ੍ਰ.ਮਹਿੰਦਰ ਸਿੰਘ ਦੇ ਸਪੁਤਰ ਅਮਰਜੀਤ ਸਿੰਘ ਭਿੰਬਰ ਐਰੋਨਾਟਿਕ ਇੰਜਿਨੀਅਰ ਨਾਲ ਵਿਆਹ ਹੋਣ ਤੋਂ ਬਾਅਦ ਸ਼ੁਰੂ ਹੋਇਆ ਅਤੇ ਮਨਵਿੰਦਰ ਈਡਨ ਤੋਂ ਮਨਵਿੰਦਰ ਭਿੰਬਰ ਬਣ ਗਈ। ਵਿਆਹ ਤੋਂ ਬਾਅਦ ਪਤੀ, ਸੱਸ ਅਤੇ ਸਹੁਰੇ ਵੱਲੋਂ ਪੁਸਤਕਾਂ ਪੜ੍ਹਨ ਨੂੰ ਉਤਸ਼ਾਹਤ ਕਰਨ ਕਰਕੇ ਮਨਵਿੰਦਰ ਨੇ ਐਮ.ਏ.ਸ਼ੋਸਾਇਲੋਜੀ ਪਾਸ ਕੀਤੀ। ਇਸ ਤੋਂ ਪਹਿਲਾਂ ਉਸਦੇ ਪਿਤਾ ਦੇ ਸਖ਼ਤ ਸੁਭਾਅ ਦੇ ਹੋਣ ਕਰਕੇ ਹਰ ਪੁਸਤਕ ਉਸਨੂੰ ਸੈਂਸਰ ਕਰਨ ਤੋਂ ਬਾਅਦ ਪੜ੍ਹਨ ਲਈ ਦਿੱਤੀ ਜਾਂਦੀ ਸੀ, ਜਿਵੇਂ ਕਿ ਆਮ ਤੌਰ ਤੇ ਅਲ੍ਹੜ੍ਹ ਉਮਰ ਦੀਆਂ ਲੜਕੀਆਂ ਨਾਲ ਵਾਪਰਦਾ ਹੈ। ਵਿਆਹ ਤੋਂ ਬਾਅਦ ਹੀ ਉਸਨੇ ਨਿੱਠ ਕੇ ਪੰਜਾਬੀ, ਉਰਦੂ ਅਤੇ ਹਿੰਦੀ ਦੀਆਂ ਪੁਸਤਕਾਂ ਪੜ੍ਹੀਆਂ। ਉਸਦੇ ਪਸੰਦੀਦਾ ਲੇਖਕ ਇਸਮਤ ਚਗੁਤਾਈ, ਮੰਟੋ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਅਤੇ ਕ੍ਰਿਸ਼ਨਾ ਸੋਬਤੀ ਹਨ। ਇਸ ਦੌਰਾਨ ਹੀ ਉਸਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਭ ਤੋਂ ਪਹਿਲੀ ਕਵਿਤਾ ਹਿੰਦੀ ਦੇ ਵਾਮਾ ਮੈਗਜੀਨ ਵਿਚ ਪ੍ਰਕਾਸ਼ਤ ਹੋਈ, ਜਿਸ ਨਾਲ ਉਸਦਾ ਮਨੋਬਲ ਵਧ ਗਿਆ। ਇਸ ਦੌਰਾਨ ਆਪਦੇ ਦੋ ਸਪੁਤਰ ਪੈਦਾ ਹੋਏ ਜੋ ਅੱਜ ਕਲ੍ਹ ਆਪਣੇ ਪਰਿਵਾਰਾਂ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪਤੀ ਤਕਨੀਕੀ ਮਾਹਰ ਇੰਜਿਨੀਅਰ ਹੋਵੇ ਤੇ ਪਤਨੀ ਭਾਵਨਾਵਾਂ ਵਿਚ ਵਹਿਣ ਵਾਲੀ ਹੋਵੇ, ਅਜ਼ੀਬ ਹੀ ਇਤਫਾਕ ਦੀ ਗੱਲ ਸੀ ਕਿ ਕਦੀਂ ਵੀ ਕਿੰਤੂ ਪ੍ਰੰਤੂ ਨਹੀਂ ਹੋਇਆ। ਦੋਹਾਂ ਦੇ ਵਿਸ਼ੇ ਇਕ ਦੂਜੇ ਤੋਂ ਵਿਪਰੀਤ ਹਨ ਪ੍ਰੰਤੂ ਮਾਨਸਿਕ ਤੌਰ ਤੇ ਦੋਵੇਂ ਇਕ-ਮਿਕ ਅਤੇ ਇਕ ਦੂਜੇ ਦੇ ਪੂਰਕ ਹਨ।
1987 ਵਿਚ ਉਸਨੇ ਹਿੰਦੀ ਦੇ ਦੈਨਿਕ ਅਖ਼ਬਾਰ ਵਿਚ ਪੱਤਰਕਾਰ ਦੀ ਨੌਕਰੀ ਕਰ ਲਈ ਅਤੇ ਇਸਤਰੀਆਂ ਦੀਆਂ ਸਮੱਸਿਆਵਾਂ ਤੇ ਲਿਖਣਾ ਸ਼ੁਰੂ ਕੀਤਾ। ਉਸਨੇ ਸਭ ਤੋਂ ਪਹਿਲਾਂ ਅਖ਼ਬਾਰ ਦੇ ਸਿਟੀ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਇੱਕ ਹੋਰ ਕੌਮੀ ਨਿਊਜ਼ਪੇਪਰ ਵਿਚ ਨੌਕਰੀ ਕਰ ਲਈ। ਪਰਿਵਾਰਿਕ ਜ਼ਿੰਮੇਵਾਰੀਆਂ ਵਿਚ ਸੱਸ ਅਤੇ ਸਹੁਰੇ ਦੇ ਸਹਿਯੋਗ ਨਾਲ ਉਸਨੇ ਆਪਣੀ ਪੱਤਰਕਾਰਤਾ ਦੀ ਨੌਕਰੀ ਬਾਖ਼ੂਬੀ ਨਿਭਾਈ, ਹਾਲਾਂਕਿ ਉਨ੍ਹਾਂ ਸਮਿਆਂ ਵਿਚ ਪੱਤਰਕਾਰੀ ਵਿਚ ਲੜਕੀਆਂ ਆਟੇ ਵਿਚ ਲੂਣ ਦੇ ਬਰਾਬਰ ਹੀ ਸਨ। ਦਲੇਰੀ, ਸਾਹਸ ਅਤੇ ਮਨੁੱਖਤਾ ਦੀ ਸੇਵਾ ਦੀ ਪ੍ਰਵਿਰਤੀ ਉਸਦੀ ਮਾਨਸਿਕਤਾ ਨੂੰ ਪ੍ਰੇਰਦੀ ਰਹੀ। ਦੋ ਸਾਲ ਪਹਿਲਾਂ ਉਸ ਦੀ ਕਵਿਤਾਵਾਂ ਦੀ ਪੁਸਤਕ ‘ ਅਡੋਲ ’ ਪ੍ਰਕਾਸ਼ਤ ਹੋਈ ਜਿਸਦੇ ਆਉਣ ਨਾਲ ਉਸਦੀ ਸਾਹਿਤਕ ਜਗਤ ਵਿਚ ਇੱਕ ਕਵਿਤਰੀ ਦੇ ਤੌਰ ਤੇ ਪਛਾਣ ਬਣ ਗਈ । ਉਸਦੀ ਪੁਸਤਕ ਭਾਵੇਂ ਹਿੰਦੀ ਵਿਚ ਹੈ ਪ੍ਰੰਤੂ ਉਸਨੇ ਆਪਣੀਆਂ ਕਵਿਤਾਵਾਂ ਵਿਚ ਪੰਜਾਬੀ ਪਰੰਪਰਾਵਾਂ ਤੇ ਪਹਿਰਾ ਦਿੱਤਾ ਹੈ। ਪੰਜਾਬੀ ਵਿਰਸਾ, ਪਰੰਪਰਾਵਾਂ, ਸਮਾਜਿਕ ਸਰੋਕਾਰਾਂ ਅਤੇ ਇਨਸਾਨੀਅਤ ਵਰਗੇ ਮਹੱਤਵਪੂਰਨ ਅਤੇ ਸੰਜੀਦਾ ਵਿਸ਼ਿਆਂ ਨੂੰ ਉਸਨੇ ਆਪਣੀਆਂ ਕਵਿਤਾਵਾਂ ਅਤੇ ਪੱਤਰਕਾਰੀ ਦਾ ਵਿਸ਼ਾ ਬਣਾਇਆ ਹੈ ਕਿਉਂਕਿ ਮਾਨਸਿਕ ਤੌਰ ਤੇ ਉਹ ਪੰਜਾਬੀਅਤ ਨਾਲ ਜੁੜੀ ਹੋਈ ਹੈ। ਪੰਜਾਬ ਤੋਂ ਬਾਹਰ ਦੇਸ਼ ਦੇ ਬਾਕੀ ਸੂਬਿਆਂ ਵਿਚ ਵਿਚਰਦਿਆਂ ਉਹ ਪੰਜਾਬੀਅਤ ਦਾ ਪ੍ਰਤੀਕ ਬਣਕੇ ਜੀਵਨ ਬਸਰ ਕਰ ਰਹੀ ਹੈ।
ਉਸਦੀ ਦੂਜੀ ਪੁਸਤਕ ਹੈ ‘ ਵੋ ਦੇਖੋ ਤਾਰਾ ’। ਇਹ ਪੁਸਤਕ ਵੀ ਉਸਦੀ ਪੰਜਾਬੀ ਕਵਿਤਾ ਅਤੇ ਪੰਜਾਬੀਅਤ ਨਾਲ ਜੁੜੇ ਹੋਣ ਦਾ ਸਬੂਤ ਦਿੰਦੀ ਹੈ। ਉਸ ਅਨੁਸਾਰ ਉਸਨੇ ਪੰਜਾਬ ਤੋਂ ਬਾਹਰ ਵਿਚਰਦੀ ਹੋਈ ਨੇ ਮਹਿਸੂਸ ਕੀਤਾ ਕਿ ਭਾਵੇਂ ਹਿੰਦੀ ਜਾਨਣ ਵਾਲੇ ਸਾਹਿਤਕ ਲੋਕ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਨੂੰ ਗੁਣਗੁਣਾਉਂਦੇ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਉਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ ਸੀ, ਇਸ ਕਰਕੇ ਉਸਨੇ ਸ਼ਿਵ ਕੁਮਾਰ ਦੀ ਕਵਿਤਾ, ਉਸਦਾ ਜੀਵਨ, ਦਰਦ, ਨਿੱਜੀ ਜ਼ਿੰਦਗੀ, ਕਿਵੇਂ ਅਤੇ ਕਿਸ ਹਾਲਾਤ ਵਿਚ ਜਾ ਕੇ ਉਹ ਕਵਿਤਾ ਲਿਖਦਾ ਸੀ, ਬਾਰੇ ਹਿੰਦੀ ਦੇ ਪਾਠਕਾਂ ਨੂੰ ਜਾਣਕਾਰੀ ਦੇਣ ਲਈ ਪੁਸਤਕ ਰੂਪ ਵਿਚ ਲਿਆਂਦਾ ਹੈ।
ਦੂਜੇ ਲੇਖਕਾਂ ਦੇ ਸ਼ਿਵ ਕੁਮਾਰ ਬਾਰੇ ਕੀ ਵਿਚਾਰ ਹਨ, ਭਾਵੇਂ ਕੁਝ ਲੇਖਕ ਉਸਦੀ ਸਾਹਿਤਕ ਚੜ੍ਹਾਈ ਕਰਕੇ ਖ਼ਾਰ ਖਾਂਦਿਆਂ ਕਿੰਤੂ ਪ੍ਰੰਤੂ ਵੀ ਕਰਦੇ ਰਹੇ। ਸ਼ਿਵ ਵੱਲੋਂ ਖੁਦ ਲਿਖੇ ਲੇਖ, ਚਿੱਠੀਆਂ ਅਤੇ ਪ੍ਰਮੁੱਖ ਪੰਜਾਬੀ ਦੇ ਮਹਾਨ ਲੇਖਕਾਂ ਦੇ ਲੇਖਾਂ ਨੂੰ ਹਿੰਦੀ ਵਿਚ ਰੂਪਾਂਤਰ ਕਰਨਾ ਇਹ ਪਹਿਲ ਕਰਨੀ ਮਨਵਿੰਦਰ ਕੌਰ ਭਿੰਬਰ ਦੇ ਜਿੰਮੇ ਹੀ ਆਈ ਹੈ। ਇਸ ਪੁਸਤਕ ਵਿਚ ਸ਼ਿਵ ਕੁਮਾਰ ਦੇ ਰੇਖਾ ਚਿਤਰ ਗੁਰਦਿਆਲ ਸਿੰਘ, ਅੰਮ੍ਰਿਤਾ ਪ੍ਰੀਤਮ, ਮੋਹਨ ਭੰਡਾਰੀ, ਸੁਰਜੀਤ ਸਿੰਘ ਪਾਤਰ, ਬਲਵੰਤ ਗਾਰਗੀ, ਡਾ.ਚੰਦਰ ਤ੍ਰਿਖਾ, ਕੰਵਲਜੀਤ ਸਿੰਘ ਸੂਰੀ, ਪਰਮਜੀਤ ਕੌਰ ਨਿੱਜਰ, ਬੀਬਾ ਕੁਲਵੰਤ, ਡਾ.ਗੁਰਬਖ਼ਸ਼ ਸਿੰਘ ਫਰੈਂਕ, ਡਾ.ਮਨੂ ਸ਼ਰਮਾ ਅਤੇ ਡਾ.ਮਨਮੋਹਨ ਸਿੰਘ ਦੇ ਲਿਖੇ ਹੋਏ ਸ਼ਾਮਲ ਕੀਤੇ ਗਏ ਹਨ। ਮਨਵਿੰਦਰ ਕੌਰ ਭਿੰਬਰ ਜਿਥੇ ਇਕ ਬਿਹਤਰੀਨ ਕਵਿਤਰੀ ਹੈ ਉਸਦੇ ਨਾਲ ਹੀ ਉਹ ਖ਼ੂਬਸੂਰਤ ਤਬੀਅਤ ਵਾਲੀ ਵਿਲੱਖਣ ਇਨਸਾਨ ਵੀ ਹੈ, ਜਿਹੜੀ ਆਪਸੀ ਭਾਈਚਾਰਕ ਸਦਭਾਵਨਾ, ਸੁਹਿਰਦਤਾ ਅਤੇ ਸਹਿਜਤਾ ਦਾ ਪਲੂ ਫੜਕੇ ਪੰਜਾਬੀਅਤ ਦਾ ਝੰਡਾ ਚੁੱਕੀ ਦੇਸ਼ ਦੇ ਕੋਨੇ ਕੋਨੇ ਵਿਚ ਬਾਕੀ ਭਾਸ਼ਾਵਾਂ ਦੇ ਸਾਹਿਤਕਾਰਾਂ ਦਰਮਿਆਨ ਕੜੀ ਦਾ ਕੰਮ ਕਰ ਰਹੀ ਹੈ। ਜੇ ਉਸਨੂੰ ਪੰਜਾਬੀਅਤ ਦਾ ਤੁਰਦਾ ਫਿਰਦਾ ਸਾਹਿਤਕ ਰਾਜਦੂਤ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ। ਖ਼ੁਸ਼ਮਿਜਾਜ ਇਨਸਾਨ ਹਮੇਸ਼ਾ ਆਪਣੇ ਵਿਅਕਤਿਵ ਦਾ ਪ੍ਰਭਾਵ ਪਾ ਕੇ ਦੋਸਤਾਂ ਦੇ ਦਿਲ ਜਿੱਤਣ ਦੇ ਸਮਰੱਥ ਹੁੰਦਾ ਹੈ। ਇਸ ਖੇਤਰ ਵਿਚ ਵੀ ਮਨਵਿੰਦਰ ਕੌਰ ਭਿੰਬਰ ਦੋਸਤੀ ਦਾ ਦਾਇਰਾ ਵਿਸ਼ਾਲ ਕਰਕੇ ਬਾਕਮਾਲ ਕੰਮ ਕਰ ਰਹੀ ਹੈ। ਦੋਸਤੀ ਵਧਾਉਣ ਦਾ ਉਸਦਾ ਮੰਤਵ ਪੰਜਾਬੀਅਤ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਕਿਉਂਕਿ ਸਿੱਖ ਵਿਚਾਰਧਾਰਾ ਸਰਬਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਮਨਵਿੰਦਰ ਕੌਰ ਭਿੰਬਰ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਹੈ। ਆਦਮੀ ਅਤੇ ਔਰਤ ਦੀ ਬਰਾਬਰੀ ਵਿਚ ਵਿਸ਼ਵਾਸ ਕਰਦੀ ਹੋਈ ਦੋਹਾਂ ਵਿਚ ਆਪਸੀ ਪ੍ਰੇਮ ਪਿਆਰ ਬਰਕਰਾਰ ਰੱਖਣ ਦੀ ਤਾਕੀਦ ਵੀ ਕਰਦੀ ਹੈ। ਉਸਦੀਆਂ ਰਚਨਾਵਾਂ ਬਰਾਬਰੀ ਦਾ ਸੰਦੇਸ਼ ਦਿੰਦੀਆਂ ਹਨ। ਮੁੱਖ ਤੌਰ ਤੇ ਉਸਦਾ ਸਾਰਾ ਸਾਹਿਤ ਗੁਰਬਾਣੀ ਨੂੰ ਆਧਾਰ ਬਣਾਕੇ ਲਿਖਿਆ ਹੋਇਆ ਹੈ।