ਰਾਹ ਕੇ ਪੱਥਰ ਸੇ ਬੜਕੇ
ਕੁਛ ਨਹੀਂ ਹੈਂ ਮੰਜ਼ਿਲੇਂ
ਰਾਸਤੇ ਆਵਾਜ਼ ਦੇਤੇ ਹੈਂ
ਸਫ਼ਰ ਜਾਰੀ ਰੱਖੋ।
ਸ਼ਾਇਰ ਰਾਹਤ ਇੰਦੋਰੀ ਅਵਾਜ਼ ਦੇ ਰਿਹਾ ਹੈ ਕਿ ਸਫ਼ਰ ਜਾਰੀ ਰੱਖੋ। ਸਾਡੇ ਦੇਸ਼ ਵਿੱਚ ਕਰੋੜਾਂ ਲੋਕ ਅਜਿਹੇ ਹਨ ਜੋ ਸਫਰ ਜਾਰੀ ਤਾਂ ਰੱਖਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਸਾਧਨਾਂ ਦੀ ਕਮੀ ਹੈ। ਪੜ੍ਹਾਈ ਲਿਖਾਈ ਤਾਂ ਇਕ ਪਾਸੇ ਰਹੀ, ਬਹੁਤਿਆਂ ਕੋਲ ਤਾਂ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਨਹੀਂ ਹੁੰਦਾ। ਇਸ ਦੇਸ਼ ਵਿੱਚ ਤਾਂ ਹੁਨਰਮੰਦ ਅਤੇ ਉ¤ਚ ਸਿੱਖਿਆ ਪ੍ਰਾਪਤ ਲੋਕ ਵੀ ਰੁਜ਼ਗਾਰ ਦੀ ਤਲਾਸ਼ ਕਰਦੇ-ਕਰਦੇ ਘੌਰ ਉਦਾਸੀ ਦੇ ਆਲਮ ਵਿੱਚ ਗਰਕ ਹੋ ਜਾਂਦੇ ਹਨ। ਇਹ ਉਦਾਸੀ ਅਤੇ ਨਿਰਾਸ਼ਾ ਹੀ ਮਨ ਦੀ ਢਹਿੰਦੀ ਕਲਾ ਵਾਲੇ ਬੰਦੇ ਨੂੰ ਖੁਦਕੁਸ਼ੀਆਂ ਦੇ ਰਾਹ ਪਾ ਦਿੰਦੀ ਹੈ। ਪਰ ਅਜਿਹੇ ਲੋਕ ਵੀ ਅਕਸਰ ਮਿਲ ਜਾਂਦੇ ਹਨ ਜੋ ਅਜਿਹੇ ਮਾੜੇ ਅਤੇ ਉਦਾਸ ਮੌਸਮ ਦਾ ਮੁਕਾਬਲਾ ਬਹੁਤ ਸਿਦਕਦਿਲੀ ਨਾਲ ਕਰਦੇ ਹਨ। ਅਜਿਹੇ ਲੋਕਾਂ ਬਾਰੇ ਹੀ ਕਿਹਾ ਜਾਂਦਾ ਹੈ ਕਿ :
ਦੂਰ ਤੱਕ ਕਾਂਟੇ ਬਿਛੇ ਥੇ,
ਜ਼ਿੰਦਗੀ ਕੀ ਰਾਹ ਮੇਂ
ਢੂੰਡਨੇ ਵਾਲੋਂ ਨੇ ਦੇਖੋ,
ਫਿਰ ਵੀ ਕਲੀਆਂ ਢੂੰਡ ਲੀਂ
ਤਾਮਿਲਨਾਡੂ ਸੂਬੇ ਵਿੱਚ ਪੈਦਾ ਹੋਇਆ ਐਮ.ਜੀ. ਮੁਥੂ ਵੀ ਇਕ ਅਜਿਹਾ ਸਖਸ਼ ਹੈ, ਜਿਸ ਨੇ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਅਨੇਕਾਂ ਹੋਰ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਮਿੱਥੇ ਮਨੋਰਥ ਨੂੰ ਹਾਸਲ ਕਰਕੇ ਦੁਨੀਆਂ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਗਰੀਬ ਪਰਿਵਾਰ ਵਿੱਚ ਪੈਦਾ ਹੋਏ ਮੁਥੂ ਨੂੰ ਦੋ ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੀ ਸੀ। ਸਕੂਲ ਜਾਣ ਦਾ ਸੁਪਨਾ ਭਲਾ ਉਹ ਅਤੇ ਉਸ ਦਾ ਪਰਿਵਾਰ ਕਿਵੇਂ ਪੂਰਾ ਕਰਦਾ। ਉਸ ਦੇ ਮਜ਼ਦੂਰ ਪਿਤਾ ਨੇ ਉਸ ਨੂੰ ਸਕੂਲ ਭੇਜਿਆ ਤਾਂ ਸੀ ਪਰ ਘਰ ਦੇ ਹਾਲਾਤ ਨੇ ਮਜ਼ਬੂਰ ਕਰ ਦਿੱਤਾ ਕਿ ਉਹ ਸਕੂਲ ਛੱਡੇ ਅਤੇ ਆਪਣੇ ਨੰਨੇ ਹੱਥਾਂ ਵਿੱਚ ਕਲਮ ਦੀ ਬਜਾਏ ਖੁਰਪਾ ਫੜ ਲਵੇ। ਮੁਥੂ ਦੇ ਪਿਤਾ ਕਿਸੇ ਜ਼ਿੰਮੀਦਾਰ ਕੋਲ ਦਿਹਾੜੀ ਕਰਦੇ ਸਨ। ਉਸੇ ਜ਼ਿੰਮੀਦਾਰ ਕੋਲ ਬੱਚਾ ਮੁਥੂ ਵੀ ਦਿਹਾੜੀ ਕਰਨ ਲੱਗਾ। ਭਾਵੇਂ ਮੁਥੂ ਨੇ ਸਕੂਲ ਛੱਡ ਦਿੱਤਾ ਸੀ, ਭਾਵੇਂ ਉਹ ਦਿਹਾੜੀ ਮਜ਼ਦੂਰ ਬਣ ਗਿਆ ਸੀ ਪਰ ਉਸ ਦੇ ਮਨ ਵਿੱਚ ਵੱਡੇ ਸੁਪਨੇ ਮਚਲ ਰਹੇ ਸਨ। ਉਹ ਵੀ ਅਮੀਰ ਆਦਮੀ ਬਣਨਾ ਚਾਹੁੰਦਾ ਸੀ। ਉਹ ਵੀ ਚਾਹੁੰਦਾ ਸੀ ਕਿ ਉਸ ਦਾ ਚਿਹਰਾ ਟੀਵੀ ’ਤੇ ਵਿਖਾਈ ਦੇਵੇ। ਉਹ ਵੀ ਜ਼ਿੰਮੀਦਾਰ ਵਰਗੀ ਆਪਣੀ ਜ਼ਿੰਦਗੀ ਜਿਉਣ ਦਾ ਸੁਪਨਾ ਮਨ ਵਿੱਚ ਲੈ ਕੇ ਲਗਾਤਾਰ ਮਿਹਨਤ ਕਰ ਰਿਹਾ ਸੀ। ਜ਼ਿੰਮੀਦਾਰ ਵੱਲੋਂ ਮਿਲੇ ਪੈਸਿਆਂ ਨਾਲ ਮੁਥੂ ਦੇ ਪਰਿਵਾਰ ਦੀ ਰੋਟੀ ਹੀ ਮਸਾਂ ਚਲਦੀ ਸੀ। ਜਦੋਂ ਤੁਹਾਡੇ ਮਨ ਵਿੱਚ ਕੋਈ ਵੱਡਾ ਵਿਚਾਰ ਪਣਪਦਾ ਹੈ ਤਾਂ ਕੁਦਰਤ ਵੀ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਮੁਥੂ ਨੇ ਮਨ ਦੀ ਆਵਾਜ਼ ਸੁਣੀ ਦਿਹਾੜੀਦਾਰੀ ਛੱਡ ਕੇ ਕੁੱਲੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਕੰਮ ਸਮੁੰਦਰੀ ਜਾਹਜ਼ਾਂ ਤੋਂ ਸਮਾਨ ਉਤਾਰਨ ਅਤੇ ਚੜ੍ਹਾਉਣ ਦਾ ਸੀ। ਮੁਥੂ ਨੇ ਕੁੱਲੀ ਦੇ ਕੰਮ ਵਿੱਚੋਂ ਪੈਸੇ ਦੀ ਬਚਤ ਕਰਨੀ ਆਰੰਭ ਕੀਤੀ ਤਾਂ ਕਿ ਉਹ ਖੁਦ ਠੇਕੇਦਾਰੀ ਕਰ ਸਕੇ। ਆਪਣੀ ਮਿਹਨਤ ਸਦਕਾ ਉਹ ਮਦਰਾਸ ਪੋਰਟ ’ਤੇ ਛੋਟਾ ਠੇਕੇਦਾਰ ਬਣ ਗਿਆ। ਛੋਟੀ ਸਫਲਤਾ ਹਮੇਸ਼ਾਂ ਵੱਡੀ ਸਫਲਤਾ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ। ਉਸ ਨੇ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਕੰਪਨੀ ਰਜਿਸਟਰ ਕਰਵਾਈ ਅਤੇ ਅਗਲੀ ਮੰਜ਼ਿਲ ਸਰ ਕਰਨ ਲਈ ਸਫਰ ਆਰੰਭ ਕਰ ਲਿਆ।
ਠਾਨ ਲਿਯਾ ਹੈ ਇਸ ਮੌਸਮ ਮੇਂ,
ਕੁਛ ਅਨਦੇਖਾ ਦੇਖੇਂਗੇ,
ਤੁਮ ਖੇਮੇ ਮੇਂ ਛੁਪ ਜਾਓ,
ਹਮ ਜ਼ੋਰ ਹਵਾ ਕਾ ਦੇਖੇਂਗੇ।
ਦ੍ਰਿੜ ਇਰਾਦੇ ਅਤੇ ਆਤਮ ਵਿਸ਼ਵਾਸ ਨਾਲ ਕੀਤੀ ਸਖਤ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਮੁਥੂ ਨੂੰ ਵੀ ਕਾਮਯਾਬੀ ਮਿਲਣੀ ਸ਼ੁਰੂ ਹੋ ਗਈ। ਅੱਜ ਉਸ ਦੀ ਬਣਾਈ ਕੰਪਨੀ ‘ਐਮ.ਜੀ.ਐਮ. ਗਰੁੱਪ’ ਇਕ ਕਾਮਯਾਬ ਗਰੁੱਪ ਵਜੋਂ ਵੇਖੀ ਜਾਂਦੀ ਹੈ। ਇਸ ਕੰਪਨੀ ਦਾ ਲਾਜਿਸਟਿਕ (ਢੋਆ -ਢੁਆਈ) ਦੇ ਖੇਤਰ ਵਿੱਚ ਵੱਡਾ ਨਾਮ ਹੈ। ਮਾਈਨਿੰਗ ਅਤੇ ਹੋਟਲਾਂ ਵਿੱਚ ਵੀ ਮੁਥੂ ਨੇ ਆਪਣਾ ਸਰਮਾਇਆ ਲਗਾਇਆ ਹੋਇਆ ਹੈ। ਕਿਸੇ ਸਮੇਂ ਸਕੂਲ ਦੀ ਫੀਸ ਨਾ ਭਰ ਸਕਣ ਵਾਲਾ ਮੁਥੂ ਅੱਜ ਕੱਲ੍ਹ ਸਕੂਲਾਂ ਦਾ ਮਾਲਕ ਹੈ ਅਤੇ ਕਰੋੜਾਂ ਰੁਪਏ ਹਰ ਵਰ੍ਹੇ ਉਸ ਦੀ ਆਮਦਨ ’ਚ ਵਾਧਾ ਹੋ ਰਿਹਾ ਹੈ।
ਮੁਥੂ ਦੀ ਕਹਾਣੀ ਸਪੱਸ਼ਟ ਸੂਤਰ ਦਿੰਦੀ ਹੈ ਕਿ ਬੰਦਾ ਚਾਹੇ ਤਾਂ ਹਰ ਹਾਲਾਤ ਵਿੱਚ ਕਾਮਯਾਬੀ ਹਾਸਲ ਕਰਨ ਦੇ ਸਮਰੱਥ ਹੁੰਦਾ ਹੈ।
ਰਾਸਤੇ ਆਵਾਜ਼ ਦੇਤੇ ਹੈਂ ਸਫ਼ਰ ਜਾਰੀ ਰੱਖੋ



