‘‘ਇੱਛਾ ਦੀ ਅੰਦਰੂਨੀ ਸ਼ਕਤੀ ਜੀਵਨ ਨੂੰ ਦਿਸ਼ਾ ਦਿੰਦੀ ਹੈ। ਮੈਂ ਆਪਣੇ ਸੁਪਨੇ ਦਾ ਪਿੱਛਾ ਕੀਤਾ ਅਤੇ ਆਧੁਨਿਕ ਨਾਚ ਦਾ ਸਿਰਜਨ ਕਰਨ ਦੇ ਪ੍ਰਯੋਗ ਕੀਤੇ।’’ ਉਕਤ ਵਿਚਾਰ ਆਧੁਨਿਕ ਨ੍ਰਿਤ ਦੀ ਜਨਣੀ ਦੇ ਨਾਮ ਨਾਲ ਪ੍ਰਸਿੱਧ ਏਂਜਲ ਇਜ਼ਾਡੋਰਾ ਡੰਕਨ ਦੇ ਹਨ। 1877 ਵਿੱਚ ਅਮਰੀਕਾ ਦੇ ਕੈਲੇਫੋਰਨੀਆਂ ਪ੍ਰਾਂਤ ਵਿੱਚ ਜਨਮੀ ਡੰਕਨ ਨੇ ਕਿਸੇ ਸਕੂਲ, ਕਾਲਜ ਜਾਂ ਡਾਂਸ ਸੰਸਥਾ ਤੋਂ ਕਦੇ ਵੀ ਨਾਚ ਨਹੀਂ ਸਿੱਖਿਆ ਸੀ। ਉਹ ਗਰੀਬ ਪਰਿਵਾਰ ਵਿੱਚ ਪੈਦਾ ਹੋਈ। ਡੰਕਨ ਸਿਰਫ ਪੰਜਵੀਂ ਕਲਾਸ ਤੱਕ ਹੀ ਪੜ੍ਹ ਸਕੀ। ਘੱਟ ਪੜ੍ਹਾਈ ਅਤੇ ਗਰੀਬੀ ਉਸ ਦੀ ਸਫ਼ਲਤਾ ਦੇ ਰਸਤੇ ਵਿੱਚ ਕਦੇ ਵੀ ਰੋੜਾ ਨਹੀਂ ਬਣ ਸਕੀ। ਉਸ ਦੇ ਆਤਮ ਬਲ ਨੇ ਉਸ ਨੂੰ ਇਸ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਬਣਾਉਣ ਲਈ ਰਸਤਾ ਦਿੱਤਾ। ਉਸ ਦੀ ਕਾਮਯਾਬੀ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਏਂਥਨਜ਼, ਬਰਲਿਨ, ਲੰਡਨ, ਨਿਊਯਾਰਕ ਅਤੇ ਸੇਂਟ ਪੀਟਰਜ਼ਬਰਗ ਵਿੱਚ ਖੋਲ੍ਹੇ ਡਾਂਸ ਸਕੂਲ ਦੁਨੀਆਂ ਵਿੱਚ ਪ੍ਰਸਿੱਧ ਹੋਏ।
ਇਜ਼ਾਡੋਰਾ ਡੰਕਨ ਦੀ ਸਖਸ਼ੀਅਤ ਬਚਪਨ ਤੋਂ ਹੀ ਪ੍ਰਬਲ ਆਤਮ ਵਿਸ਼ਵਾਸ ਨਾਲ ਭਰਪੂਰ ਸੀ। ਡੰਕਨ ਨੇ ਆਪਣੇ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਸੀ ‘‘ਮੈਂ ਐਫੋਡਾਇਟ ਨਖਸ਼ਰ ਵਿੱਚ ਪੈਦਾ ਹੋਈ ਸੀ। ਮੇਰੇ ਜਨਮ ਸਮੇਂ ਮੇਰੀ ਮਾਂ ਨੇ ਕਿਹਾ ਸੀ ਕਿ ਇਹ ਬੱਚੀ ਸਧਾਰਨ ਨਹੀਂ ਹੋਵੇਗੀ।’’ ਡੰਕਨ ਨੇ ਆਪਣੀ ਮਾਂ ਦੀ ਭਵਿੱਖਬਾਣੀ ਨੂੰ ਸੱਚ ਕਰ ਵਿਖਾਇਆ। 10 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਉਸ ਨੇ ਆਪਣੀ ਹਿੰਮਤ, ਦ੍ਰਿੜ ਇਰਾਦੇ ਅਤੇ ਆਤਮ ਵਿਸ਼ਵਾਸ ਸਦਕਾ ਆਪਣਾ ਡਾਂਸ ਸਟੂਡੀਓ ਸ਼ੁਰੂ ਕਰ ਲਿਆ ਅਤੇ ਪੜ੍ਹਾਈ ਨੂੰ ਅਲਵਿਦਾ ਆਖ ਦਿੱਤੀ ਸੀ। ਜਦੋਂ ਉਹ ਅਜੇ 19 ਵਰ੍ਹਿਆਂ ਦੀ ਹੋਈ ਸੀ, ਉਹ ਯੋਰਪ ਆ ਗਈ। ਲੰਡਨ ਪਹੰਚ ਕੇ ਉਸ ਨੇ ਮਹਾਨ ਲੋਕਾਂ ਦੀ ਜੀਵਨੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਮਨ ਦੀ ਪਿਆਸ ਬੁਝਾਉਣ ਲਈ ਕਲਾਕ੍ਰਿਤੀਆਂ ਦਾ ਅਧਿਐਨ ਸ਼ੁਰੂ ਕੀਤਾ। ਜਿਉਂ-ਜਿਉਂ ਮਹਾਨ ਲੋਕਾਂ ਬਾਰੇ ਜਾਣਨ ਲੱਗੀ ਤਿਉਂ-ਤਿਉਂ ਉਸ ਦੇ ਮਨ ਵਿੱਚ ਉਨ੍ਹਾਂ ਵਾਂਗ ਬਣਨ ਦਾ ਸੁਪਨਾ ਅੰਗੜਾਈ ਲੈਣ ਲੱਗਾ। ਜਿਸ ਵੀ ਸ਼ਹਿਰ ਵਿੱਚ ਉਹ ਜਾਂਦੀ ਉਥੇ ਉਹ ਸਭ ਤੋਂ ਪਹਿਲਾਂ ਲਾਇਬਰੇਰੀ ਜਾ ਕੇ ਅਧਿਐਨ ਕਰਨਾ ਪਸੰਦ ਕਰਦੀ ਹੈ। ਆਪਣੀ ਜਗਿਆਸਾ ਦੀ ਤ੍ਰਿਪਤੀ ਲਈ ਉਸ ਨੇ ਫਰਾਂਸਿਸੀ, ਜਰਮਨ, ਹੰਗੇਰੀਅਨ, ਰੂਸੀ ਅਤੇ ਇਤਾਲਵੀ ਭਾਸ਼ਾਵਾਂ ਸਿੱਖ ਲਈਆਂ ਸਨ। ਇਉਂ ਡੰਕਨ ਨੇ ਜਿੱਥੇ ਆਪਣੀ ਰਸਮੀ ਸਿੱਖਿਆ ਦੀ ਕਮੀ ਨੂੰ ਪੂਰਾ ਕੀਤਾ ਉਥੇ ਉਸ ਨੇ ਆਪਣੇ ਆਪ ਨੂੰ ਸਫ਼ਲਤਾ ਲਈ ਤਿਆਰ ਕਰ ਲਿਆ ਸੀ। ਫਰਾਂਸ ਵਿੱਚ ਆਪਣੇ ਕਿਆਮ ਦੌਰਾਨ ਉਸ ਨੇ ਡੁੰਘਾਈ ਵਿੱਚ ਮਨੁੱਖੀ ਸ਼ਰੀਰ ਦੀ ਰਚਨਾ ਦਾ ਅਧਿਐਨ ਕੀਤਾ ਤਾਂ ਕਿ ਉਹ ਬਾਡੀ ਦੀ ਊਰਜਾ ਦੇ ਸਰੋਤ ਨੂੰ ਸਮਝ ਸਕੇ। ਇਸ ਸਾਰੀ ਮਿਹਨਤ ਦਾ ਇਹ ਨਤੀਜਾ ਨਿਕਲਿਆ ਕਿ ਦੁਨੀਆਂ ਨੇ ਉਸ ਨੂੰ ਆਧੁਨਿਕ ਡਾਂਸ ਦੀ ਜਨਣੀ ਦੇ ਰੂਪ ਵਿੱਚ ਪ੍ਰਵਾਨ ਕੀਤਾ। ਡੰਕਨ ਦੀ ਜੀਵਨ ਕਥਾ ਇਕ ਸੂਤਰ ਸਪੱਸ਼ਟ ਕਰਦੀ ਹੈ ਕਿ ਪ੍ਰਬਲ ਇੱਛਾ ਸਫ਼ਲਤਾ ਦਾ ਇਕ ਅਹਿਮ ਸੂਤਰ ਹੈ। ਜਦੋਂ ਤੁਹਾਡੇ ਵਿੱਚ ਕੁੱਝ ਵੱਡਾ ਕਰਨ ਦੀ ਪ੍ਰਬੱਲ ਇੱਛਾ ਹੋਵੇ ਤਾਂ ਤੁਸੀਂ ਜ਼ਿੰਦਗੀ ਵਿੱਚ ਕੁੱਝ ਅਜਿਹਾ ਕਰਨ ਦੇ ਕਾਬਲ ਬਣ ਜਾਂਦੇ ਹੋ ਜਿਸ ਕਾਰਨ ਦੁਨੀਆਂ ਸਦੀਆਂ ਤੱਕ ਤੁਹਾਨੂੰ ਯਾਦ ਕਰਦੀ ਹੈ ਅਤੇ ਤੁਹਾਡੀ ਸਫ਼ਲਤਾ ਦੀਆਂ ਉਦਾਹਰਣਾਂ ਦਿੰਦੀ ਹੈ।
ਪ੍ਰੱਬਲ ਇੱਛਾ ਹੈ ਸਫ਼ਲਤਾ ਦਾ ਵੱਡਾ ਸੂਤਰ



