Skip to content
Independent perspectives. Global stories.
BREAKING

ਔਗੁਣ ਨਹੀਂ ਮੈਨੂੰ ਗੁਣ ਹੀ ਨਜ਼ਰ ਆਵੇ

Share this story

‘‘ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਮੇਰੇ ਪ੍ਰੇਮ ਵਿਆਹ ਦਾ ਇਹ ਹਸ਼ਰ ਹੋਵੇਗਾ। ਦੋਵੇਂ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਵਿਆਹ ਕਰਵਾਇਆ ਸੀ। ਮਾਪਿਆਂ ਨੇ ਆਪਣੀ ਔਲਾਦ ਦੀ ਖੁਸ਼ੀ ਖਾਤਰ ਸਾਨੂੰ ਅਪਣਾ ਲਿਆ ਸੀ ਪਰ ਹੁਣ ਉਹ ਬਿਨਾਂ ਕਾਰਨ ਰੁੱਸ ਕੇ ਪੇਕੇ ਜਾ ਬੈਠੀ ਹੈ। ਸਮਝ ਨੀ ਆਉਂਦਾ ਹੁਣ ਮੈਂ ਕੀ ਕਰਾਂ।’’ ਮੇਰਾ ਇੱਕ ਸਾਬਕਾ ਵਿਦਿਆਰਥੀ ਮੇਰੇ ਕੋਲ ਆਪਣਾ ਦੁੱਖ ਰੋ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਕਿਤੇ ਡੈਰਨ ਹਾਰਡੀ ਦੀ ਕਿਤਾਬ ਵਿੱਚ ਪੜ੍ਹਿਆ ਸੀ, ਉਹੀ ਜੁਗਤ ਤੂੰ ਵਰਤ ਕੇ ਦੇਖ ਲੈ। ‘‘ਤੂੰ ਆਪਣੀ ਵਾਇਫ਼ ਨੂੰ ਹਰ ਰੋਜ਼ ਇੱਕ ਮੈਸੇਜ਼ ਕਰ ਅਤੇ ਉਸ ਮੈਸੇਜ਼ ਵਿੱਚ ਉਸ ਦੀ ਪਰਸਲੈਨਿਟੀ ਦੇ ਕਿਸੇ ਇੱਕ ਚੰਗੇ ਪੱਖ ਦੀ ਸੋਹਣੇ ਸ਼ਬਦਾਂ ਵਿੱਚ ਪ੍ਰਸ਼ੰਸਾ ਕਰ। ਇੱਕ ਗੱਲ ਚੇਤੇ ਰੱਖੀਂ, ਉਸਦੀ ਸ਼ਖਸੀਅਤ ਦੇ ਚੰਗੇ ਗੁਣਾਂ ਨੂੰ ਹੀ ਉਭਾਰਨਾ ਹੈ।’’ ਮੈਂ ਉਸ ਨੂੰ ਸਮਝਾਉਂਦਾ ਹਾਂ। ਉਸ ਨੇ ਉਵੇਂ ਹੀ ਕਰਨਾ ਸ਼ੁਰੂ ਕੀਤਾ ਜਿਵੇਂ ਮੈਂ ਸਮਝਾਇਆ ਸੀ। ਹਰ ਰੋਜ਼ ਇੱਕ ਗੁਣ ਦੀ ਪ੍ਰਸ਼ੰਸਾ। ਪ੍ਰਸ਼ੰਸਾ ਕਰਨ ਲਈ ਗੁਣ ਨੂੰ ਲੱਭਣਾ ਫੇਰ ਢੁਕਵੇਂ ਸ਼ਬਦਾਂ ਵਿੱਚ ਆਪਣੀ ਪਤਨੀ ਨੂੰ ਮੈਸੇਜ ਕਰਨਾ ਉਸਦੀ ਆਦਤ ਬਣ ਗਈ। ਹੋਇਆ ਇੰਜ ਕਿ ਉਸ ਨੂੰ ਆਪਣੀ ਪਤਨੀ ਵਿੱਚ ਗੁਣ ਨਜ਼ਰ ਆਉਣ ਲੱਗ ਪਏ। ਦੂਜੇ ਪਾਸੇ ਆਪਣੀ ਸਹੀ ਤਾਰੀਫ਼ ਸੁਣ ਕੇ ਪਤਨੀ ਦਾ ਗੁੱਸਾ ਗਿਲਾ ਜਾਂਦਾ ਰਿਹਾ। ਨਤੀਜੇ ਵਜੋਂ ਉਹ ਨਾ ਸਿਰਫ਼ ਮੁੜ ਇੱਕ ਹੋਏ ਸਗੋਂ ਉਨ੍ਹਾਂ ਵਿੱਚ ਪ੍ਰੇਮ ਵੀ ਵੱਧ ਗਿਆ। ਸੋ, ਸੂਤਰ ਸਪੱਸ਼ਟ ਹੈ ਕਿ ਜ਼ਿੰਦਗੀ ਵਿੱਚ ਮਿਲਣ ਵਾਲੇ ਲੋਕਾਂ ਦੇ ਖਾਸ ਤੌਰ ’ਤੇ ਆਪਣੇ ਸਕੇ ਸਬੰਧੀ ਅਤੇ ਮਿੱਤਰਾਂ ਦੇ ਗੁਣਾਂ ਨੂੰ ਹੀ ਦੇਖਣਾ ਚਾਹੀਦਾ ਹੈ ਨਾ ਕਿ ਕਮੀਆਂ ਤੇ ਔਗੁਣਾਂ ਨੂੰ।
ਤੁਸੀਂ ਆਪਣੇ ਆਲੇ-ਦੁਆਲੇ ਨਿਗਾਹ ਮਾਰੋ, ਤੁਹਾਨੂੰ ਅਨੇਕਾਂ ਲੋਕ ਅਜਿਹੇ ਮਿਲਣਗੇ ਜਿਨ੍ਹਾਂ ਦੀ ਸੋਚ ਨਕਾਰਾਤਮਕ ਹੁੰਦੀ ਹੈ ਅਤੇ ਉਹ ਦੂਜੇ ਵਿਅਕਤੀ ਦੇ ਦੋਸ਼ਾਂ ਅਤੇ ਔਗੁਣਾਂ ਨੂੰ ਕੱਢਣ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ। ਕਈ ਵਿਅਕਤੀ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਹਰ ਚੀਜ਼ ਵਿੱਚ ਨੁਕਸ ਕੱਢਣ ਦੀ ਆਦਤ ਹੁੰਦੀ ਹੈ। ਇਸ ਗੱਲ ਨੂੰ ਸਮਝਣ ਲਈ, ‘ਆਹ, ਛੋਟੀ ਜਿਹੀ ਕਥਾ ਸੁਣੋ।’ ‘ਇੱਕ ਵਾਰ ਇੱਕ ਵਿਅਕਤੀ ਨੇ ਬਹੁਤ ਚੰਗੀ ਨਸਲ ਦਾ ਕੁੱਤਾ ਪਾਲਿਆ ਅਤੇ ਉਸ ਨੂੰ ਖ਼ੂਬ ਸਿਖਲਾਈ ਦਿੱਤੀ। ਇੱਕ ਦਿਨ ਉਸ ਨੇ ਕੁੱਤੇ ਦੇ ਕਰਤੱਵ ਦਿਖਾਉਣ ਲਈ ਸਾਰੇ ਮਿੱਤਰ ਦੋਸਤਾਂ ਨੂੰ ਇੱਕ ਤਲਾਬ ਦੇ ਕੰਢੇ ’ਤੇ ਸੱਦਿਆ। ਲੋਕ ਇਹ ਦੇਖਕੇ ਹੈਰਾਨ ਹੋ ਗਏ ਕਿ ਕੁੱਤਾ ਬਹੁਤ ਅਰਾਮ ਨਾਲ ਪਾਣੀ ਉਤੇ ਚੱਲ ਸਕਦਾ ਸੀ ਪਰ ਉਥੇ ਇੱਕ ਨਕਾਰਾਤਮਕ ਸੋਚ ਵਾਲਾ ਬੰਦਾ ਵੀ ਹਾਜ਼ਰ ਸੀ ਜਿਸ ਦਾ ਕੰਮ ਹਰ ਗੱਲ ਵਿੱਚੋਂ ਨੁਕਸ ਕੱਢਣਾ ਹੁੰਦਾ ਹੈ। ਉਹ ਕਹਿਣ ਲੱਗਾ, ‘‘ਅੱਛਾ, ਤੁਹਾਡਾ ਕੁੱਤਾ ਤੈਰਨਾ ਨਹੀਂ ਜਾਣਦਾ।’’ ਸੰਸਾਰ ਵਿੱਚ ਸਾਨੂੰ ਅਕਸਰ ਅਜਿਹੇ ਨਕਾਰਤਮਕ ਲੋਕ ਮਿਲ ਜਾਂਦੇ ਹਨ ਪਰ ਚੰਗੀ ਸਖਸ਼ੀਅਤ ਦਾ ਗੁਣ ਹਮੇਸ਼ਾਂ ਸਕਾਰਾਤਮਕ ਸੋਚ ਅਤੇ ਦੂਜੇ ਦੇ ਚੰਗੇ ਗੁਣਾਂ ਵੱਲ ਦੇਖਣਾ ਹੀ ਹੁੰਦਾ ਹੈ।
ਇੱਥੇ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜੇ ਤੁਹਾਡੀ ਸਖਸ਼ੀਅਤ ਵਿੱਚ ਦੂਜੇ ਵਿਅਕਤੀ ਦੇ ਦੋਸ਼ਾਂ ਅਤੇ ਔਗੁਣਾਂ ਨੂੰ ਤਲਾਸ਼ਣਾ ਹੈ ਤਾਂ ਤੁਰੰਤ ਆਪਣੇ ਆਪ ਨੂੰ ਇਸ ਦੋਸ਼ ਤੋਂ ਮੁਕਤ ਕਰ ਲਵੋ।
ਇਸ ਤੋਂ ਬਚਣ ਦਾ ਇੱਕ ਬਹੁਤ ਸੌਖਾ ਜਿਹਾ ਅਭਿਆਸ ਤੁਹਾਨੂੰ ਦੱਸਦਾ ਹਾਂ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ, ਮਿੱਤਰਾਂ, ਦੋਸਤਾਂ ਅਤੇ ਮਿਲਣ-ਜੁਲਣ ਵਾਲੇ ਸਾਰੇ ਵਿਅਕਤੀਆਂ ਦੀ ਇੱਕ ਸੂਚੀ ਬਣਾਓ। ਹਰ ਰੋਜ਼ ਇੱਕ ਜਾਂ ਦੋ ਬੰਦਿਆਂ ਦੇ ਗੁਣਾਂ ਨੂੰ ਲਿਖਣਾ ਸ਼ੁਰੂ ਕਰੋ। ਦੂਜੇ ਵਿਅਕਤੀ ਦੀ ਸਖਸੀਅਤ ਦੇ ਚੰਗੇ-ਚੰਗੇ ਗੁਣ ਲੱਭੋ ਅਤੇ ਲਿਖੋ। ਇਉਂ ਕਰਦੇ-ਕਰਦੇ ਇੱਕ ਦਿਨ ਅਜਿਹਾ ਆਵੇਗਾ ਕਿ ਤੁਹਾਨੂੰ ਹਰ ਬੰਦੇ ਦੇ ਗੁਣਾਂ ਨੂੰ ਵੇਖਣ ਦੀ ਆਦਤ ਬਣ ਜਾਵੇਗੀ।
ਤੁਹਾਨੂੰ ਲੱਗੇਗਾ ਕਿ ਤੁਹਾਡੇ ਇਰਦ-ਗਿਰਦ ਸਾਰੇ ਲੋਕ ਕਿੰਨੇ ਗੁਣਵਾਨ ਹਨ ਅਤੇ ਤੁਸੀਂ ਵੀ ਉਨ੍ਹਾਂ ਗੁਣਾਂ ਵਿੱਚੋਂ ਕੁਝ ਨੂੰ ਸੁਭਾਵਕ ਤੌਰ ’ਤੇ ਅਪਣਾ ਲਓਗੇ। ਉਕਤ ਅਭਿਆਸ ਨਾਲ ਜਿਥੇ ਤੁਸੀਂ ਸਕਾਰਾਤਮਕ ਸੋਚ ਦੇ ਮਾਲਕ ਬਣੋਗੇ, ਉਥੇ ਤੁਹਾਡਾ ਵਿਅਕਤਿਤਵ ਹੋਰ ਨਿਖਰੇਗਾ ਅਤੇ ਤੁਸੀਂ ਆਪਣੇ ਸਹਿਜ, ਮਿਠਾਸ ਅਤੇ ਹਲੀਮੀ ਕਾਰਨ ਹਰਮਨ ਪਿਆਰੇ ਹੁੰਦੇ ਜਾਓਗੇ।

WRITTEN BY