ਦਿੱਲੀ ਸਟੇਟ ਵਿਧਾਨ ਸਭਾ ’ਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਧਾਨ ਸਭਾ ਵਿੱਚ ਮੈਸੂਰ ਦੇ ਸ਼ਾਸਕ ਰਹੇ ਫਤਹਿ ਅਲੀ ਉਰਫ ਟੀਪੂ ਸੁਲਤਾਨ ਦੀ ਤਸਵੀਰ ਲਗਾਉਣ ਦਾ ਵਿਰੋਧ ਕੀਤਾ ਹੈ। ਇਥੇ ਇਹ ਦਸਣਾ ਉਚਿਤ ਹੋਵੇਗਾ ਕਿ ਟੀਪੂ ਸੁਲਤਾਨ ਮੈਸੂਰ ਰਾਜ ਦੇ ਸੁਲਤਾਨ ਹੈਦਰ ਅਲੀ ਦੇ ਘਰ 10 ਨਵੰਬਰ 1750 ਨੂੰ ਪੈਦਾ ਹੋਏ ਅਤੇ 29 ਨਵੰਬਰ 1782 ਵਿੱਚ ਮੈਸੂਰ ਦੇ ਸੁਲਤਾਨ ਬਣੇ ਸਨ। ਸ. ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਗਾਇਆ ਕਿ ਟੀਪੂ ਇਕ ਜਾਲਮ ਮੁਸਲਮਾਨ ਸਾਸ਼ਕ ਸੀ ਜਿਸ ਨੇ 4 ਲੱਖ ਹਿੰਦੂਆਂ ਅਤੇ ਈਸਾਈਆਂ ਨੂੰ ਜ਼ਬਰਨ ਮੁਸਲਮਾਨ ਬਣਾਇਆ ਸੀ। ਸ. ਸਿਰਸਾ ਦਾ ਦੋਸ਼ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵੋਟ ਦੀ ਰਾਜਨੀਤੀ ਕਰ ਰਹੇ ਹਨ ਅਤੇ ਟੀਪੂ ਸੁਲਤਾਨ ਦੀ ਤਸਵੀਰ ਦਿੱਲੀ ਵਿਧਾਨ ਸਭਾ ਵਿੱਚ ਲਗਾਕੇ ਮੁਸਲਿਮ ਭਾਈਚਾਰੇ ਨੂੰ ਖੁਸ਼ ਕਰਨਾ ਚਾਹੁੰਦੇ ਹਨ। ਸਿਰਸਾ ਦਾ ਕਹਿਣਾ ਸੀ ਅਜਿਹੇ ਜ਼ਾਲਮ ਸਾਸ਼ਕ ਤਸਵੀਰ ਉਹ ਵਿਧਾਨ ਸਭਾ ਵਿੱਚ ਨਹੀਂ ਲੱਗਣ ਦੇਣਗੇ। ਉਧਰ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਵਿਜੇਂਦਰ ਗੁਪਤਾ ਨੇ ਅਫਸੋਸ ਪ੍ਰਗਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਦਨ ਵਿੱਚ ਤਸਵੀਰਾਂ ਲਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਸ. ਸਿਰਸਾ ਨੇ ਇਹ ਵੀ ਆਖਿਆ ਹੈ ਕਿ ਤਸਵੀਰਾਂ ਲਾਉਣ ਦਾ ਫੈਸਲਾ ਕਰਦੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਨੂੰ ਸ਼੍ਰੀ ਪ੍ਰਿਥਵੀ ਰਾਜ ਚੌਹਾਨ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਧੇ ਕਿਉਂ ਯਾਦ ਨਹੀਂ ਆਏ। ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਬਾ ਬਘੇਲ ਸਿੰਘ ਵਰਗੇ ਜਰਨੈਲਾਂ ਦੇ ਸਹਿਯੋਗ ਨਾਲ ਸਿੱਖਾਂ ਨੇ 8 ਮਾਰਚ 1763 ਵਿੱਚ ਦਿੱਲੀ ਫਤਹਿ ਕੀਤੀ ਸੀ। ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਸਰਦਾਰਾਂ ਦੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ ਹਨ। ਹਲਕਾ ਰਾਜੋਰੀ ਗਾਰਡਨ ਦਿੱਲੀ ਦੇ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਦੀ ਦਲੀਲ ਵਿੱਚ ਦਮ ਹੈ। ਸਿੱਖ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਕੋਲੋਂ ਹਿੰਦੋਸਤਾਨ ਵਿੱਚੋਂ ਲੁੱਟੇ ਗਏ ਮਾਲ ਅਤੇ ਹਜ਼ਾਰਾਂ ਹਿੰਦੂ ਬਹੂ-ਬੇਟੀਆਂ ਨੂੰ ਅਜ਼ਾਦ ਕਰਵਾਇਆ। ਸਿੱਖ ਸਰਦਾਰਾਂ ਨੇ ਲਗਾਤਾਰ ਅਫਗਾਨ ਧੜਵੀਆਂ ਦਾ ਮੁਕਾਬਲਾ ਕੀਤਾ। ਇਸ ਜਰਨੈਲ ਨੇ ਲਾਹੌਰ ਫਤਹਿ ਕੀਤਾ ਅਤੇ ਗੁਰੂ ਦੇ ਨਾਮ ਦਾ ਸਿੱਕਾ ਚਲਾਇਆ। 11 ਮਾਰਚ 1783 ਨੂੰ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਦਾ ਪਾਤਸ਼ਾਹ ਐਲਾਨਿਆ ਗਿਆ ਅਤੇ ਸਿੱਖ ਕੌਮ ਨੇ ਦਿੱਲੀ ਤਖ਼ਤ ’ਤੇ ਕੇਸਰੀ ਨਿਸ਼ਾਨ ਝੁਲਾਇਆ। ਸਿੱਖ ਕੌਮ ਨੇ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਹਨ। ਇਸ ਕੌਮ ਦੇ ਜਰਨੈਲਾਂ ਨੂੰ ਨਜ਼ਰ ਅੰਦਾਜ਼ ਕਰਨਾ ਠੀਕ ਨਹੀਂ। ਦੂਜੀ ਗੱਲ ਹੋਰ ਵੀ ਮਹੱਤਵਪੂਰਨ ਹੈ ਕਿ ਇਹ ਸਾਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਦਾ ਵਰ੍ਹਾ ਹੈ। ਨਵਾਬ ਜੱਸਾ ਸਿੰਘ ਆਹਲੂਵਾਲੀਆ 3 ਮਈ 1718 ਨੂੰ ਪੈਦਾ ਹੋਏ ਸਨ। ਉਨ੍ਹਾਂ ਦੀ 300 ਸਾਲਾ ਜਨਮ ਸ਼ਤਾਬਦੀ ਮੌਕੇ ਦਿੱਲੀ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਤਸਵੀਰ ਲਗਾਉਣਾ ਵੱਡੀ ਗੱਲ ਹੋਵੇਗੀ। ਚਾਹੀਦਾ ਤਾਂ ਇਹ ਹੈ ਕਿ ਸਿੱਖ ਕੌਮ ਦੇ ਇਸ ਜਰਨੈਲ ਅਤੇ ਹਿੰਦੋਸਤਾਨ ਦੇ ਤਖ਼ਤ ’ਤੇ ਬੈਠਣ ਵਾਲੇ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਕੋਈ ਵੱਡੀ ਯਾਦਗਾਰ ਦਿੱਲੀ ਵਿੱਚ ਬਣਾਈ ਜਾਵੇ। ਇਹ ਗੱਲ ਤਸੱਲੀ ਵਾਲੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਅਤੇ ਉਨ੍ਹਾਂ ਦੀ ਟੀਮ ਇਸ ਪੱਖੋਂ ਕਾਫੀ ਗੰਭੀਰ ਹੈ। ਇਸ ਮੌਕੇ ’ਤੇ ਸ. ਮਨਜਿੰਦਰ ਸਿੰਘ ਸਿਰਸਾ ਵੱਲੋਂ ਉਠਾਈ ਅਵਾਜ਼ ਦੀ ਪ੍ਰਸੰਸਾ ਵੀ ਕਰਨੀ ਬਣਦੀ ਹੈ ਅਤੇ ਉਨ੍ਹਾਂ ਵੱਲੋਂ ਉਠਾਈ ਮੰਗ ਨੂੰ ਪੂਰੀ ਕਰਾਉਣ ਲਈ ਸਹਿਯੋਗ ਦੇਣਾ ਵੀ ਬਣਦਾ ਹੈ।
ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਦਿੱਲੀ ਵਿਧਾਨ ਸਭਾ ’ਚ ਲੱਗੇ



