ਫਿਲਮ ਪਦਮਾਵਤ ਦੇ ਮਾਮਲੇ ਨੂੰ ਲੈ ਕੇ ਹਿੰਦੋਸਤਾਨ ਦੀਆਂ ਸੜਕਾਂ ’ਤੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ’ਤੇ ਖੂਬ ਵਿਵਾਦ ਵੇਖਣ ਨੂੰ ਮਿਲ ਰਿਹਾ ਹੈ। ਸੜਕਾਂ ’ਤੇ ਚੱਕਾ ਜਾਮ, ਗੱਡੀਆਂ ਦੀ ਤੋੜਭੰਨ ਅਤੇ ਸਾੜ-ਫੂਕ ਦੀਆਂ ਘਟਨਾਵਾਂ ਨੂੰ ਮੁੱਖਧਾਰਾ ਮੀਡੀਆ ਨੇ ਖੂਬ ਉਛਾਲਿਆ ਹੈ। ਇਸ ਫ਼ਿਲਮ ਦੀ ਹੀਰੋਇਨ ਪਦਮਾਵਤੀ ਨੂੰ ਰਾਜਪੂਤਾਂ ਦੇ ਸਵੈਮਾਨ ਨਾਲ ਜੋੜ ਕੇ ਵੇਖਿਆ ਗਿਆ ਹੈ। ਰਾਜਪੂਤਾਂ ਦੀ ਕਰਨੀ ਸੈਨਾ ਨੇ ਦੇਸ਼ ਦੀ ਸਭ ਤੋਂ ਉਚ ਅਦਾਲਤ ਦੇ ਫੈਸਲੇ ਦੀ ਪਰਵਾਹ ਨਾ ਕਰਦੇ ਹੋਏ ਫਿਲਮ ਦੇ ਖਿਲਾਫ਼ ਆਪਣਾ ਵਿਰੋਧ ਜਾਰੀ ਰੱਖਿਆ। ਵਰਤਮਾਨ ਵਿੱਚ ਰਾਜਪੂਤਾਂ ਦੀ ਸ਼ਾਨ ਬਹਾਲ ਕਰਨ ਦੇ ਹੱਕ ਵਿੱਚ ਸੜਕਾਂ ’ਤੇ ਉਤਰਨ ਵਾਲੇ ਰਾਜਪੂਤਾਂ ਦੀ ਬਹਾਦਰੀ ਸਾਰੇ ਦੇਸ਼ ਨੇ ਉਸ ਸਮੇਂ ਵੇਖੀ ਜਦੋਂ ਗੁਰੂਗਰਾਮ ਵਿੱਚ ਇਕ ਸਕੂਲ ਬਸ ’ਤੇ ਪੱਥਰਾਓ ਕੀਤਾ ਗਿਆ ਅਤੇ ਬਸ ਵਿਚਲੇ ਮਾਸੂਮ ਬੱਚਿਆਂ ਨੇ ਸੀਟਾਂ ਹੇਠਾਂ ਵੜਕੇ ਜਾਨ ਬਚਾਈ। ਦੂਜੇ ਪਾਸੇ ਪਦਮਾਵਤੀ ਦੇ ਨਾਮ ’ਤੇ ਜਿਸ ਤਰ੍ਹਾਂ ਦਾ ਵਿਰੋਧ ਦੇਸ਼ ਵਿੱਚ ਵੇਖਣ ਨੂੰ ਮਿਲਿਆ ਹੈ, ਉਸ ਤਰ੍ਹਾਂ ਦਾ ਵਿਰੋਧ ਅਤੇ ਇਕਜੁਟਤਾ ਦੇਸ਼ ਵਿੱਚ ਬੱਚੀਆਂ ਅਤੇ ਔਰਤਾਂ ਖਿਲਾਫ ਹੋ ਰਹੀ ਹਿੰਸਾ ਅਤੇ ਬਲਾਤਕਾਰੀਆਂ ਖਿਲਾਫ ਕਦੇ ਵੀ ਵੇਖਣ ਨੂੰ ਨਹੀਂ ਮਿਲੀ। ਖ਼ੈਰ ਅੰਦੋਲਨਕਾਰੀਆਂ ਦੇ ਵਿਰੋਧ ਦੇ ਬਾਵਜੂਦ ਫਿਲਮ ‘ਪਦਮਾਵਤ’ ਕੁੱਝ ਰਾਜਾਂ ਨੂੰ ਛੱਡਕੇ ਸਾਡੇ ਦੇਸ਼ ਵਿੱਚ ਰਿਲੀਜ਼ ਹੋ ਗਈ ਅਤੇ ਬਾਕਸ ਆਫਿਸ ’ਤੇ ਵੀ ਚੰਗੀ ਕਮਾਈ ਦੇ ਸੰਕੇਤ ਮਿਲੇ ਹਨ। ਬਹੁਤ ਸਾਰੇ ਸਿਨਮਾਂ ਮਾਲਕਾਂ ਨੇ ਭਾਵੇਂ 25 ਜਨਵਰੀ ਨੂੰ ਫਿਲਮ ਨਹੀਂ ਚਲਾਈ ਪਰ ਮਾਹੌਲ ਠੀਕ ਹੋਣ ’ਤੋਂ ਬਾਅਦ ਮਿਲਣ ਚਲਾਉਣ ਦਾ ਫੈਸਲਾ ਕਰ ਲਿਆ ਹੈ। ਬਹੁਤ ਸਾਰੇ ਲੋਕ ਫਿਲਮ ਨੂੰ ਆਨਲਾਈਨ ਵੇਖਣ ਦੀ ਉਡੀਕ ਕਰ ਰਹੇ ਹਨ। ਭੰਸਾਲੀ ਦੀ ਇਸ ਫਿਲਮ ਨੂੰ ਜਿੰਨੀ ਪਬਲੀਸਿਟੀ ਮਿਲੀ ਹੈ ਇੰਨੀ ਪਬਲੀਸਿਟੀ ਪਹਿਲਾਂ ਘੱਟ ਹੀ ਫਿਲਮਾਂ ਨੂੰ ਮਿਲੀ ਹੈ। ਇਸ ਫਿਲਮ ਪ੍ਰਤੀ ਸਿਆਸੀ ਹਸਤੀਆਂ ਨੇ ਦੂਰੀ ਬਣਾ ਕੇ ਨਹੀਂ ਰੱਖੀ ਸਗੋਂ ਖੁਲ੍ਹਕੇ ਬਿਆਨਬਾਜ਼ੀ ਕੀਤੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਕਿਹਾ ਕਿ ਜਿਸ ਫਿਲਮ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਲਗੇ, ਉਹੋ ਜਿਹੀ ਫਿਲਮ ਬਣਾਉਣੀ ਹੀ ਨਹੀਂ ਚਾਹੀਦੀ ਸੀ।
ਇਕ ਗੱਲ ਸਾਫ ਹੈ ਕਿ ਫ਼ਿਲਮ ਦਾ ਵਿਰੋਧ ਕਰਨ ਵਾਲਿਆਂ ਨੇ ਫਿਲਮ ਵੇਖੀ ਹੀ ਨਹੀਂ। ਜੇ ਉਨ੍ਹਾਂ ਇਹ ਫਿਲਮ ਵੇਖੀ ਹੁੰਦੀ ਤਾਂ ਸ਼ਾਇਦ ਇਸ ਤਰ੍ਹਾਂ ਦੀ ਹਿੰਸਾਂ ਤੋਂ ਗੁਰੇਜ਼ ਕਰਦੇ। ਫਿਲਮ ਵਿੱਚ ਚਿਤੋੜ, ਮੇਵਾੜ, ਰਾਜਪੂਤਾਂ ਦੀ ਆਨ, ਸ਼ਾਨ ਦਾ ਖੂਬਸੂਰਤ ਪ੍ਰਦਰਸ਼ਨ ਹੈ। ਲੋਕਾਂ ਨੂੰ ਆਸ ਹੈ ਕਿ ਫਿਲਮ ਸ਼ੋਲੇ ਦੇ ਡਾਇਲਾਗਾਂ ਵਾਂਗ ਇਸ ਫਿਲਮ ਦੇ ਡਾਇਲਾਗ ਵੀ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਜਾਣਗੇ। ਉਦਾਹਰਣ ਵਜੋਂ ਪਦਮਾਵਤੀ (ਦੀਪਕਾ ਪਦਕੋਨ) ਕਹਿੰਦੀ ਹੈ ‘‘ਰਾਜਪੂਤੀ ਕੰਗਨ ਮੇ ਉਤਨੀ ਤਾਕਤ ਹੈ ਜਿਤਨੀ ਰਾਜਪੂਤੀ ਤਲਵਾਰ ਮੇਂ।’’ ਇਸ ਤਰ੍ਹਾਂ ਰਾਜਾ ਰਤਨਸੇਨ (ਸ਼ਾਹਿਦ ਕਪੂਰ) ਕਹਿੰਦਾ ਹੈ ‘‘ਚਿੰਤਾ ਕੋ ਤਲਵਾਰ ਕੀ ਨੋਕ ਪੇ ਰੱਖੇ, ਵੋ ਰਾਜਪੂਤ- ਰੇਤ ਕੀ ਨਾਵ ਲੇਕਰ ਸਮੁੰਦਰ ਸੇ ਸ਼ਰਤ ਲਗਾਏ, ਵੋ ਰਾਜਪੂਤ… ਔਰ ਜਿਸਕਾ ਸਰ ਕਟੇ ਫਿਰ ਵੀ ਧੜ ਦੁਸ਼ਮਨੋਂ ਸੇ ਲੜਤਾ ਰਹੇ, ਵੋ ਰਾਜਪੂਤ।’’
ਇਸ ਤਰ੍ਹਾਂ ਦੇ ਅਨੇਕਾਂ ਸੰਵਾਦ ਰਾਜਪੂਤਾਂ ਦੀ ਸ਼ਾਨ ਵਿੱਚ ਬੋਲੇ ਗਏ ਹਨ। ਦੂਜੇ ਪਾਸੇ ਫਿਲਮ ਦੇ ਸੈਟ ਵੀ ਕਮਾਲ ਦੇ ਹਨ ਅਤੇ ਸਿਨੇਮਾਟੋਗ੍ਰਾਫੀ ਵੀ ਕਮਾਲ ਦੀ ਹੈ। ਫਿਲਮ ਦੇ ਨਾਚ ਗਾਣੇ, ਗੀਤ-ਸੰਗੀਤ ਇਸ ਦੀਆਂ ਖੂਬੀਆਂ ’ਚ ਵਾਧਾ ਕਰਦਾ ਹੈ। ਇਹ ਫਿਲਮ ਸੱਚ-ਮੁੱਚ ਹੀ ਪਰਿਵਾਰਕ ਫਿਲਮ ਹੈ। ਰਣਵੀਰ ਸਿੰਘ ਦਾ ਮੇਕਅੱਪ ਵੀ ਵਿਸ਼ੇਸ਼ ਕਿਸਮ ਦਾ ਹੈ ਅਤੇ ਲੋਕਾਂ ਨੂੰ ਪਸੰਦ ਆ ਰਿਹਾ ਹੈ। ਇਨ੍ਹਾਂ ਖੂਬੀਆਂ ਤੋਂ ਇਲਾਵਾ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇੰਨੀ ਜ਼ਿਆਦਾ ਪਬਲਿਸਟੀ ਲੈ ਗਈ ਕਿ ਇਸ ਦਾ ਸਫ਼ਲ ਹੋਣਾ ਨਿਸ਼ਚਿਤ ਬਣ ਗਿਆ। ਸੋ, ਪਦਮਾਵੱਤ ਦੀ ਰਿਲੀਜ਼ ਨੇ ਜਿਥੇ ਸੁਪਰੀਮ ਕੋਰਟ ਦੀ ਪ੍ਰਮੁੱਖਤਾ ਬਰਕਰਾਰ ਰੱਖੀ ਹੈ ਉਥੇ ਦੇਸ਼ ਦੇ ਸੰਵਿਧਾਨ ਵਿੱਚ ਦਿੱਤੀ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਵੀ ਬਰਕਰਾਰ ਰਹੀ ਹੈ।
ਫਿਲਮ ‘ਪਦਮਾਵਤ’ ’ਚ ਕੁੱਝ ਵੀ ਮਾੜਾ ਨਹੀਂ



