Skip to content
Independent perspectives. Global stories.
BREAKING

ਹੋਂਦ ਬਚਾਉਣ ਲਈ ਲੜਾਈ ਲੜ ਰਹੇ ਪੰਜਾਬ ਦੇ ਪ੍ਰਾਈਵੇਟ ਸਿੱਖਿਆ ਅਦਾਰੇ

Share this story

ਪੰਜਾਬ ਵਿਚ ਅਗੂੰਠਾ ਛਾਪ ਲੋਕਾਂ ਦੀ ਗਿਣਤੀ ਤਾਂ ਭਾਵੇਂ ਪਿਛਲੇ ਦਹਾਕੇ ‘ਚ ਘਟੀ ਹੋਵੇ ਤੇ ਸਰਕਾਰ ਦੇ ਅੰਕੜੇ ਇਹ ਦਿਖਾ ਰਹੇ ਹੋਣ ਕਿ ਪੰਜਾਬ ਵਿਚ ਪੜ੍ਹੇ ਲਿਖੇ ਮਰਦਾਂ ਦੀ ਫੀਸਦੀ 80.44 ਹੈ ਅਤੇ ਪੜ੍ਹੀਆਂ ਲਿਖੀਆਂ ਔਰਤਾਂ ਦੀ ਫੀਸਦੀ 70.73 ਹੈ, ਪਰ ਅਸਲ ਵਿਚ ਪੰਜਾਬ ਦੇ ਵਿਦਿਅਕ ਮਾਹੌਲ ਵਿਚ ਇਸ ਵੇਲੇ ਅਤ ਦਾ ਨਿਘਾਰ ਵੇਖਣ ਨੂੰ ਮਿਲ ਰਿਹਾ ਹੈ। ਸਧਾਰਨ ਪੰਜਾਬ ਵਾਸੀਆਂ ਤੋਂ ਸਿਖਿਆ ਜਿਵੇਂ ਮੁਖ ਮੋੜੀ ਖੜੀ ਹੈ ਜਾਂ ਖੋਹੀ ਜਾਂ ਰਹੀ ਹੈ। ਹੁਣ ਤਾਂ ਦੇਸ਼-ਵਿਦੇਸ਼ ਦੇ ਬੁਧੀਜੀਵੀ ਇਹ ਸਵਾਲ ਪੁਛਣ ਲਗ ਪਏ ਹਨ ਕਿ ਪੰਜਾਬ ‘ਚ ਕੋਈ ਪੜ੍ਹਿਆ-ਗੁੜ੍ਹਿਆ ਬੰਦਾ ਵੀ ਰਹਿੰਦਾ ਹੈ?
ਪੰਜਾਬ ਕਦੇ ਸਿਖਿਆ ਦੇ ਖੇਤਰ ‘ਚ ਮੋਹਰੀ ਸੀ। ਅਖਰ-ਗਿਆਨ ਤੋਂ ਲੈ ਕੇ ਪੜ੍ਹਨ-ਗੁੜ੍ਹਨ, ਵਿਚਾਰ-ਚਰਚਾ ‘ਚ ਇਸ ਖਿਤੇ ਦੇ ਲੋਕਾਂ ਦਾ ਵਡਾ ਨਾਮ ਸੀ। ਗਿਆਨ ਵੰਡਣ ਦੇ ਕੰਮ ‘ਚ ਇਸ ਖਿਤੇ ਦੀਆਂ ਸਮਾਜਿਕ-ਧਾਰਮਿਕ ਸੰਸਥਾਵਾਂ ਦਾ ਵਡਾ ਯੋਗਦਾਨ ਸੀ, ਜਿਹੜੀਆਂ ਸਮਾਜ ਸੁਧਾਰ ਦੀਆਂ ਬਾਤਾਂ ਵੀ ਪਾਉਂਦੀਆਂ ਸਨ ਅਤੇ ਲੋਕਾਂ ਨੂੰ ਚੰਗੇਰਾ ਮਨੁਖ ਬਨਾਉਣ ਲਈ ਸਿਖਿਆ ਵੰਡਣ ਦਾ ਕੰਮ ਸਮਾਜ ਸੇਵਾ ਵਜੋਂ ਕਰਦੀਆਂ ਹਨ। ਪਰ ਜਦੋਂ ਤੋਂ ਸਿਖਿਆ ਵਪਾਰੀਆਂ ਦੇ ਹਥ ਦਾ ਗਹਿਣਾ ਬਣ ਗਈ ਹੈ, ਆਮ ਲੋਕ ਲਗਾਤਾਰ ਸਿਖਿਆ ਤੋਂ ਵਿਰਵੇ ਰਹਿਣ ਲਈ ਮਜ਼ਬੂਰ ਕਰ ਗਏ ਹਨ। ਵਡੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਹੋਈ ਹੈ ਤੇ ਹੋ ਰਹੀ ਹੈ, ਵਡੇ ਵਡੇ ਪ੍ਰੋਫੈਸ਼ਨਲ ਕਾਲਜ ਖੁਲ੍ਹ ਰਹੇ ਹਨ, ਪਰ ਇਹ ਕਿਹੜੇ ਲੋਕਾਂ ਲਈ ਹਨ, ਸਿਰਫ ਉਹਨਾ ਲੋਕਾਂ ਲਈ ਜਿਹਨਾਂ ਪਲੇ ਧੰਨ ਹੈ। ਕੀ ਆਮ ਆਦਮੀ ਉਹਨਾ ਦੇ ਦਰਵਾਜ਼ੇ ਤੇ ਖੜਨ ਦੀ ਜੁਰਅਤ ਕਰ ਸਕਦਾ ਹੈ? ਸਮਾਜਿਕ ਸੰਸਥਾਵਾਂ ਨੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ‘ਚ ਸਿਖਿਆ ਦੇ ਲਈ ਪ੍ਰਬੰਧ ਕੀਤੇ ਹੋਏ ਸਨ, ਜਦਕਿ ਸਰਕਾਰ ਵਲੋਂ ਵੀ ਸ਼ਹਿਰਾਂ ‘ਚ ਸਕੂਲ ਖੋਲ੍ਹੇ ਹੋਏ ਸਨ ਤੇ ਕਿਧਰੇ ਕਿਧਰੇ ਵਿਰਲਾ-ਟਾਵਾਂ ਸਰਕਾਰੀ ਸਕੂਲ ਸੀ। ਇਹਨਾ ਸਮਾਜਿਕ ਸਿਖ, ਆਰੀਆ ਸਮਾਜੀ ਸੰਸਥਾਵਾਂ ਨੇ, ਜੋ ਰਾਜ ਪਧਰ ਤੇ ਵੀ ਕੰਮ ਕਰਦੀਆਂ ਸਨ ਅਤੇ ਸੁਧਾਰ ਲਹਿਰਾਂ ਦੇ ਪ੍ਰਭਾਵ ਹੇਠ ਸਥਾਨਕ ਪਧਰ ‘ਤੇ ਵੀ, ਪਿੰਡਾਂ ‘ਚ ਸਕੂਲ ਖੋਲ੍ਹੇ , ਸ਼ਹਿਰਾਂ ‘ਚ ਕਾਲਜ ਉਸਾਰੇ ਅਤੇ ਇਹਨਾ ਸਕੂਲਾਂ-ਕਾਲਜਾਂ ‘ਚ ਘਟ ਖਰਚੇ ‘ਤੇ ਜਾਂ ਮੁਫਤ ਆਮ ਲੋਕਾਂ ਲਈ ਉਚ-ਪਾਏ ਦੀ ਸਿਖਿਆ ਦਿਤੀ। ਪਰ ਜਦੋਂ-ਜਦੋਂ ਇਹਨਾ ਵਿਦਿਅਕ ਅਦਾਰਿਆਂ ਨੂੰ ਆਰਥਿਕ ਤੋਟ ਆਈ, ਇਹ ਅਦਾਰੇ ਵੀ ਹੋਲੀ ਹੋਲੀ ਵਪਾਰਕ ਰੰਗ ‘ਚ ਰੰਗੇ ਗਏ ਅਤੇ ਆਪਣੀ ਸਮਾਜ ਸੇਵਾ ਵਾਲੀ ਦਿਖ ਨੂੰ ਖੋਰਾ ਲਾਉਣ ਦੇ ਰਾਹ ਤੁਰ ਪਏ। ਇਹਨਾ ਸਕੂਲਾਂ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਥਕ ਹਾਰ ਕੇ ਸਰਕਾਰਾਂ ਤੋਂ ਗ੍ਰਾਂਟਾਂ ਲੈਣ ਦੇ ਰਾਹ ਤੁਰੀਆਂ। ਕੀ ਇਹ ਸਿਆਸੀ ਲੋਕਾਂ ਵਲੋਂ ਸਮਾਜ ਸੇਵਾ ਨੂੰ ਸਿਆਸਤ ਵਿਚ ਰਲਗਡ ਕਰਨ ਦਾ ਸਿਟਾ ਤਾਂ ਨਹੀਂ ਸੀ?
ਵਡੀ ਗਿਣਤੀ ‘ਚ 1967 ‘ਚ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਅਧਿਆਪਕਾਂ ਦੇ ਸਾਂਝੇ ਸੰਘਰਸ਼ ਉਪਰੰਤ ਇਹਨਾ ਵਿਚੋਂ ਵਡੀ ਗਿਣਤੀ ਸਕੂਲਾਂ ਨੂੰ ਗ੍ਰਾਂਟ-ਇਨ-ਏਡ ਸਕੂਲਾਂ ਦੇ ਪ੍ਰਬੰਧਨ ਦਾ ਫੈਸਲਾ ਲਾਗੂ ਕਰ ਦਿਤਾ ਗਿਆ। ਕੁਲ ਮਿਲਾਕੇ ਪੰਜਾਬ ਦੇ 484 ਸਕੂਲਾਂ ਨੂੰ 95 ਪ੍ਰਤੀਸ਼ਤ ਗ੍ਰਾਂਟ ਸਰਕਾਰ ਵਲੋਂ ਦੇਣੀ ਪ੍ਰਵਾਨ ਕੀਤੀ ਗਈ। ਅਤੇ ਉਸ ਸਮੇਂ ਕੁਲ ਮਿਲਾਕੇ 11000 ਅਧਿਆਪਕ ਅਤੇ ਹੋਰ ਅਮਲਾ ਇਸ ਗ੍ਰਾਂਟ-ਇਨ-ਏਡ ਸਕੀਮ ਵਿਚ ਲਿਆ ਗਿਆ। ਸਾਲ 1978 ਵਿਚ ਪੰਜਾਬ ਦੇ 158 ਪ੍ਰਾਈਵੇਟ ਕਾਲਜਾਂ ਨੂੰ ਘਾਟੇ ਦਾ 95 ਪ੍ਰਤੀਸ਼ਤ ਦੇਣ ਲਈ ਸਰਕਾਰ ਨੇ ਚੁਣਿਆ ਤਾਂ ਕਿ ਇਹਨਾਂ ਕਾਲਜਾਂ ਦੀ ਮੰਦੀ ਆਰਥਿਕ ਹਾਲਤ ‘ਚ ਸੁਧਾਰ ਆ ਸਕੇ। ਕਿਉਂਕਿ ਇਹਨਾ ਪ੍ਰਬੰਧਕ ਕਮੇਟੀਆਂ ਅਧਿਆਪਕਾਂ ਨੂੰ ਬਹੁਤ ਘਟ ਤਨਖਾਹਾਂ ਦੇ ਰਹੀਆਂ ਸਨ ਉਹਨਾ ਕੋਲ ਚੰਗੇਰੀ ਸਿਖਿਆ ਪ੍ਰਦਾਨ ਕਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਵੀ ਇਹਨਾ ਕਾਲਜਾਂ ‘ਚ ਪ੍ਰਦਾਨ ਨਹੀਂ ਸੀ ਹੋ ਰਿਹਾ। ਸਮੇਂ ਦੇ ਬੀਤਣ ਨਾਲ ਜਿਵੇਂ ਸਰਕਾਰ ਵਲੋਂ ਸਿਖਿਆ ਅਤੇ ਸਿਹਤ ਦੇ ਖੇਤਰ ‘ਚ ਆਮ ਨਾਗਰਿਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਤੋਂ ਹਥ ਘੁਟਿਆ ਗਿਆ, ਸਰਕਾਰੀ ਸਕੂਲਾਂ ‘ਚ ਲੋੜੀਆਂ ਸੁਵਿਧਾਵਾਂ ਅਤੇ ਅਧਿਆਪਕਾਂ ਦੀ ਕਮੀ ਹੋ ਗਈ, ਤਿਵੇਂ ਹੀ ਇਹਨਾ ਪ੍ਰਾਈਵੇਟ ਸਕੂਲ ਕਾਲਜਾਂ ਦੇ ਮੰਦੜੇ ਹਾਲ ਹੋ ਗਏ ਕਿਉਂਕਿ ਸਰਕਾਰ ਵਲੋਂ ਇਹਨਾ ਨੂੰ ਦਿਤੀ ਜਾਣ ਵਾਲੀ ਗ੍ਰਾਂਟ ‘ਚ ਕਮੀ ਕਰਨੀ ਸ਼ੁਰੂ ਕਰ ਦਿਤੀ ਅਤੇ ਜਦੋਂ ਵੀ ਕੋਈ ਅਧਿਆਪਕ ਇਹਨਾਂ ਪ੍ਰਾਈਵੇਟ ਕਾਲਜਾਂ, ਸਕੂਲਾਂ ‘ਚ ਰਿਟਾਇਰ ਹੁੰਦਾ, ਉਹਨਾ ਦੀ ਥਾਂ ਉਤੇ ਨਵੀਂ ਭਰਤੀ ਉਤੇ ਰੋਕ ਲਗਾ ਦਿਤੀ ਗਈ। ਇਸ ਵੇਲੇ ਸਕੂਲਾਂ ਦੀ ਹਾਲਤ ਇਹ ਕਿ ਕੁਲ 11000 ਪ੍ਰਾਵਾਨਤ ਅਸਾਮੀਆਂ ਵਿਚੋਂ ਸਿਰਫ 3200 ਅਸਾਮੀਆਂ ਉਤੇ ਹੀ ਗ੍ਰਾਂਟ-ਇਨ-ਏਡ ਸਕੀਮ ‘ਚ ਅਧਿਆਪਕ ਕੰਮ ਕਰ ਰਹੇ ਹਨ ਅਤੇ ਕਾਲਜਾਂ ਵਿਚਲੀਆਂ 3568 ਪ੍ਰਵਾਨ ਲੈਕਚਰਾਰਾਂ ਦਿਆਂ ਅਸਾਮੀਆਂ ਵਿਚੋਂ 1925 ਸਾਲ 2012 ਤੋਂ ਖਾਲੀ ਪਈਆ ਹਨ। ਪੰਜਾਬ ਵਿਚ ਕੁਲ ਮਿਲਾਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ 186, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ 221, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਧੀਨ 151 ਭਾਵ ਕੁਲ ਮਿਲਾਕੇ 558 ਐਫੀਲੀਏਟਿਡ ਕਾਲਜ ਹਨ, ਜਿਹਨਾ ਵਿਚੋਂ 40 ਸਰਕਾਰੀ, 136 ਗ੍ਰਾਂਟ-ਇਨ-ਏਡਿਡ ਕਾਲਜ ਅਤੇ 340 ਸੈਲਫ ਫਾਈਨਾਨਸਿੰਗ ਕਾਲਜ ਹਨ। ਇਹਨਾਂ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ, ਹੋਰ ਕਾਲਜਾਂ ਦੀ ਹਾਲਤ ਬੁਨਿਆਦੀ ਢਾਂਚੇ ਪਖੋਂ ਤਾਂ ਮੰਦੀ ਹੈ ਹੀ ਵਡੀ ਗਿਣਤੀ ‘ਚ ਅਧਿਆਪਕਾਂ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ। ਕੀ ਇਹੋ ਜਿਹੀ ਹਾਲਤ ਵਿਚ ਉਚ-ਪਧਰੀ, ਉਚ ਸਿਖਿਆ ਦੀ ਕਲਪਨਾ ਕੀਤੀ ਜਾ ਸਕਦੀ ਹੈ?
ਵੈਸੇ ਵੀ ਇਹਨਾ ਪ੍ਰਾਈਵੇਟ, ਏਡਿਡ ਅਤੇ ਗੈਰ-ਸਹਾਇਤਾ ਪ੍ਰਾਪਤ ਕਾਲਜਾਂ,ਸਕੂਲਾਂ ਵਿਚ ਜੋ ਅਧਿਆਪਕਾਂ ਤੇ ਹੋਰ ਅਮਲੇ ਦੀ ਭਰਤੀ ਕੀਤੀ ਜਾਂਦੀ ਹੈ, ਉਹਨਾ ਨੂੰ ਕਾਗਜਾਂ ਵਿਚ ਤਾਂ ਭਾਵੇਂ ਪੂਰੀਆਂ ਤਨਖਾਹਾਂ ਨਿਯਮਾਂ ਦੀ ਪਾਲਣਾ ਹਿਤ ਦਿਤੀਆਂ ਜਾਂਦੀਆਂ ਹੋਣ ਪਰ ਅਸਲ ਅਰਥਾਂ ‘ਚ ਉਹਨਾ ਨੂੰ ਨਿਗੁਣੀਆਂ ਤਨਖਾਹਾਂ ਜੋ 3000 ਰੁਪਏ ਮਾਸਿਕ ਤੋਂ 8000 ਰੁਪਏ ਮਾਸਿਕ ਤਕ ਦਿਤੀਆਂ ਜਾਂਦੀਆਂ ਹਨ। ਕੀ ਇਸ ਤੋਂ ਵਡਾ ਕੋਈ ਹੋਰ ਮਨੁਖੀ ਸੋਸ਼ਨ ਹੋ ਸਕਦਾ ਹੈ?
ਇਥੇ ਹੀ ਬਸ ਨਹੀਂ ਕਾਲਜਾਂ ਵਿਚ ਤਾਂ ਅਧਿਆਪਕਾਂ ਨੂੰ ਸਾਲ ਵਿਚ 7 ਜਾਂ 8 ਮਹੀਨੇ ਹੀ ਨੌਕਰੀ ਤੇ ਰਖਿਆ ਜਾਂਦਾ ਹੈ। ਪ੍ਰਾਈਵੇਟ ਕਾਲਜਾਂ, ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਇਹਨਾ ਅਧਿਆਪਕਾਂ, ਮੁਲਾਜ਼ਮਾਂ ਦਾ ਤਾਂ ਸੋਸ਼ਣ ਹੁੰਦਾ ਹੀ ਹੈ, ਵਿਦਿਆਰਥੀਆਂ ਤੋਂ ਵਾਧੂ ਫੀਸਾਂ ਉਗਰਾਹੀਆਂ ਜਾਂਦੀਆਂ ਹਨ, ਅਤੇ ਵਿਦਿਆਰਥੀ ਫੰਡਾਂ ਦੀ ਦੁਰਵਰਤੋਂ ਕਰਦਿਆਂ, ਇਹ ਫੰਡ ਵਿਦਿਆਰਥੀਆਂ ਦੇ ਭਲੇ ਲਈ ਵਰਤਣ ਦੀ ਵਿਜਾਏ, ਜਾਂ ਤਾਂ ਸਟਾਫ ਦੀਆਂ ਤਨਖਾਹਾਂ ਲਈ ਵਰਤ ਲਏ ਜਾਂਦੇ ਹਨ ਜਾਂ ਫਿਰ ਵਡੀਆਂ-ਵਡੀਆਂ ਫਿਕਸਡ ਡਿਪਾਜ਼ਿਟ ਪ੍ਰਬੰਧਕ ਆਪਣੇ ਨਾਵਾਂ ਉਤੇ ਰਖਕੇ ਮੁੜ ਇਹਨਾਂ ਫੰਡਾਂ ਨੂੰ ਆਪਣੇ ਹਿਤਾਂ ਦੀ ਪੂਰਤੀ ਲਈ ਵਰਤਦੇ ਹਨ। ਕੀ ਇਸ ਤੋਂ ਵਡਾ ਹੋਰ ਕੋਈ ਅਪਰਾਧ ਹੋ ਸਕਦਾ ਹੈ?
ਉਂਜ ਵੀ ਇਹਨਾ ਕਾਲਜਾਂ, ਸਕੂਲਾਂ ਦੀਆਂ ਨਾਮ-ਨਿਹਾਦ ਪ੍ਰਬੰਧਕ ਕਮੇਟੀਆਂ ਉਤੇ ਜਿਹੜੇ ਭਦਰ ਪੁਰਸ਼ ਇਕ ਵੇਰ ਕਾਬਜ਼ ਹੋ ਜਾਂਦੇ ਹਨ, ਉਹ ਪੀੜ੍ਹੀ-ਦਰ-ਪੀੜ੍ਹੀ ਇਹਨਾ ਉਤੇ ਕਾਬਜ ਰਹਿੰਦੇ ਹਨ ਅਤੇ ਪ੍ਰਬੰਧਕ ਕਮੇਟੀ ਦੀ ਨਿਯਮਾਂ ਅਨੁਸਾਰ ਚੋਣ ਵੀ ਨਹੀਂ ਕਰਵਾਉਂਦੇ। ਇੰਜ ਸਭ ਕੁਝ ਦੇ ਚਲਦਿਆਂ ਇਹਨਾਂ ਸਕੂਲਾਂ, ਕਾਲਜਾਂ ਵਿਚੋਂ ਬਹੁਤੀਆਂ ਦਾ ਬਣਿਆ-ਬਣਾਇਆ ਨਾਮ ਨੀਵਾਂ ਹੋ ਰਿਹਾ ਹੈ। ਤਦ ਫਿਰ ਇਹਨਾ ਸੰਸਥਾਵਾਂ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਕਮੀ ਹੋ ਜਾਣਾ ਕੀ ਸੁਭਾਵਿਕ ਨਹੀਂ?
ਸਿਖਿਆ ਦੇ ਮੰਦਿਰ ਸਮਝੇ ਜਾਂਦੇ ਇਹ ਸਕੂਲ-ਕਾਲਜ ਮੌਜੂਦਾ ਸਮੇਂ ‘ਚ ਆਪਣੀ ਹੋਂਦ ਬਚਾਉਣ ਲਈ ਜਦੋ-ਜਹਿਦ ਕਰ ਰਹੇ ਹਨ। ਬਿਨ੍ਹਾਂ ਸ਼ਕ ਸਰਕਾਰਾਂ ਦੀ ਸਿਖਿਆ ਅਤੇ ਸਿਖਿਆ ਸੰਸਥਾਵਾਂ ਸਬੰਧੀ ਅਣਦੇਖੀ ਅਤੇ ਪਹੁੰਚ ਇਸ ਦੀ ਜ਼ੁੰਮੇਵਾਰ ਹੈ, ਪਰ ਇਹਨਾ ਸਕੂਲਾਂ-ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸੌੜੇ-ਹਿਤਾਂ ਦੀ ਪੂਰਤੀ ਵਾਲੀ ਪਹੁੰਚ ਵੀ ਘਟ ਜ਼ੁੰਮੇਵਾਰ ਨਹੀਂ, ਕਿਉਂਕਿ ਸਮਾਜ ਸੇਵਾ ਦਾ ਜੋ ਰਸਤਾ, ਇਹਨਾ ਸੰਸਥਾਵਾਂ ਦੇ ਬਾਨੀ ਪੁਰਖਿਆਂ ਨੇ ਉਲੀਕਿਆ ਸੀ, ਉਸ ਤੋਂ ਉਹ ਮੁਨਕਰ ਹੋ ਚੁਕੇ ਹਨ।

WRITTEN BY