ਪੰਜਾਬ ਵਿੱਚ ਅਪਰਾਧੀ ਗਿਰੋਹਾਂ ਦਾ ਦਬਦਬਾ ਲਗਾਤਾਰ ਬਣਿਆ ਹੋਇਆ ਹੈ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਵੀ ਇਸ ਵਿੱਚ ਕੋਈ ਵੱਡਾ ਫਰਕ ਸਾਹਮਣੇ ਨਹੀਂ ਆਇਆ। ਅਪਰਾਧੀ ਗਿਰੋਹ ਲਗਾਤਾਰ ਹਿੰਸਕ ਵਾਰਦਾਤਾਂ ਕਰ ਰਹੇ ਹਨ। ਹੋਰ ਤਾਂ ਹੋਰ ਅਪਰਾਧੀ ਗਿਰੋਹਾਂ ਦੇ ਮੁਖੀ ਅਤੇ ਕਰਿੰਦੇ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਵੀ ਧੜੱਲੇ ਨਾਲ ਆਪਣਾ ਧੰਦਾ ਚਲਾ ਰਹੇ ਹਨ। ਅਫ਼ਸਰਸ਼ਾਹੀ ਉ¤ਪਰ ਵੀ ਉਨ੍ਹਾਂ ਨੇ ਆਪਣਾ ਦਬਾਅ ਬਣਾ ਰਖਿਆ ਹੈ। ਪੰਜਾਬ ਦੇ ਕੁਝ ਰਾਜਸੀ ਨੇਤਾ, ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਵੀ ਅਪਰਾਧੀਆਂ ਨੂੰ ਸ਼ਹਿ ਅਤੇ ਸਰਪ੍ਰਸਤੀ ਦੇ ਰਹੇ ਹਨ। ਹਾਲ ਇਹ ਹੋ ਗਿਆ ਹੈ ਕਿ ਜੇਲ੍ਹਾਂ ਵਿੱਚ ਅਪਰਾਧੀ ਗਿਰੋਹਾਂ ਦਾ ਸਿੱਕਾ ਚੱਲ ਰਿਹਾ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਜੇਲ੍ਹ ਵਿਭਾਗ ਵਿੱਚ ਸੁਪਰਡੈਂਟ ਵਜੋਂ ਸੇਵਾਵਾਂ ਨਿਭਾਉਣ ਤੱਕ ਲਈ ਤਿਆਰ ਨਹੀਂ ਹਨ। ਅਧਿਕਾਰੀਆਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਜੇਲ੍ਹਾਂ ਵਿੱਚ ਅਪਰਾਧੀਆਂ ਨੂੰ ਨੱਥ ਪਾਉਣ ਲਈ ਅਧਾਰ ਢਾਂਚੇ ਅਤੇ ਸਟਾਫ ਦੀ ਭਾਰੀ ਕਮੀ ਹੈ। ਇਨ੍ਹਾਂ ਹਾਲਾਤਾਂ ਵਿੱਚ ਹੀ ਕਈ ਪੁਲਿਸ ਅਫ਼ਸਰ ਜੇਲ੍ਹ ਸੁਪਰਡੈਂਟ ਵੱਜੋਂ ਨਿਯੁਕਤ ਹੋਣ ਤੋਂ ਬਾਅਦ ਛੁੱਟੀ ਲੈ ਗਏ ਜਾਂ ਪ੍ਰਭਾਵ ਵਰਤ ਕੇ ਹੋਰ ਥਾਂ ਬਦਲੀ ਕਰਵਾ ਲਈ। ਇਸ ਸਮੇਂ ਪੰਜਾਬ ਦੀਆਂ ਤਿੰਨ ਕੇਂਦਰੀ ਜੇਲ੍ਹਾਂ ਸੁਪਰਡੈਂਟ ਪ¤ਧਰ ਦੇ ਅਧਿਕਾਰੀ ਤੋਂ ਮਹਿਰੂਮ ਹਨ ਕਿਉਂਕਿ ਉਥੇ ਕੋਈ ਵੀ ਪੁਲਿਸ ਅਧਿਕਾਰੀ ਡਿਊਟੀ ਕਰਨ ਲਈ ਤਿਆਰ ਨਹੀਂ। ਅਜਿਹੇ ਅਫਸਰਾਂ ਦੇ ਨਾਮ ਵੀ ਨਸ਼ਰ ਹੋ ਚੁੱਕੇ ਹਨ ਜਿਹੜੇ ਜੇਲ੍ਹਾਂ ਸੁਪਰਡੈਂਟ ਵਜੋਂ ਕੰਮ ਕਰਨ ਨੂੰ ਤਿਆਰ ਨਹੀਂ ਸਨ। ਫਰੀਦਕੋਟ, ਲੁਧਿਆਣਾ ਅਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਹਾਲਾਤ ਲੋੜ ਤੋਂ ਵੱਧ ਮਾੜੇ ਦੱਸੇ ਜਾਂਦੇ ਹਨ। ਅਪਰਾਧੀ ਗਿਰੋਹ ਜੇਲ੍ਹਾਂ ਵਿੱਚ ਪੂਰੀ ਸਰਗਰਮੀ ਨਾਲ ਵਿਚਰ ਰਹੇ ਹਨ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਰਾਅ ਕੇ ਰੱਖਿਆ ਜਾਂਦਾ ਹੈ। ਇਹ ਦੁੱਖ ਦੀ ਗੱਲ ਹੈ ਕਿ ਸਰਕਾਰ ਇਸ ਮਾਮਲੇ ਵੱਲ ਧਿਆਨ ਨਹੀਂ ਦੇ ਰਹੀ। ਪੰਜਾਬ ਵਿੱਚ ਅਪਰਾਧੀ ਗਿਰੋਹਾਂ ਦੀਆਂ ਸਰਗਰਮੀਆਂ ਕਾਰਨ ਆਮ ਲੋਕ ਅਤੇ ਕਾਰੋਬਾਰੀ ਦਹਿਸ਼ਤ ਦੀ ਜ਼ਿੰਦਗੀ ਜੀਅ ਰਹੇ ਹਨ। ਪੰਜਾਬ ਨੂੰ ਅਪਰਾਧੀ ਗਿਰੋਹਾਂ ਦੇ ਪੰਜੇ ’ਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਕਾਰਜ ਲਈ ਪੁਲਿਸ ਨੂੰ ਵਿਸ਼ੇਸ਼ ਹਦਾਇਤਾਂ ਦਿੱਤੇ ਜਾਣ ਦੀ ਜ਼ਰੂਰਤ ਹੈ। ਅਪਰਾਧੀ ਗਿਰੋਹਾਂ ਦਾ ਮੁਕਾਬਲਾ ਕਰਨ ਲਈ ਜੇਲ੍ਹਾਂ ਵਿੱਚ ਵੀ ਵਿਸ਼ੇਸ਼ ਪ੍ਰਬੰਧ ਹੋਣੇ ਚਾਹੀਦੇ ਹਨ। ਪੁਲਿਸ ਦੇ ਕੰਮਕਾਜ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਵੀ ਬੰਦ ਹੋਣੀ ਚਾਹੀਦੀ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਗ੍ਰਹਿ ਮੰਤਰੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵੱਲ ਤੱਵਜੋਂ ਦੇਣਗੇ। ਅਮਨ ਕਾਨੂੰਨ ਲਈ ਖਤਰਾ ਬਣ ਗਏ ਗਿਰੋਹਾਂ ਨੂੰ ਹਰ ਹਾਲਤ ਵਿੱਚ ਨੱਥ ਪਾਈ ਜਾਣੀ ਚਾਹੀਦੀ ਹੈ। ਹਰ ਤਰ੍ਹਾਂ ਦੀ ਲੁੱਟ ਮਾਰ ਅਤੇ ਹੱਤਿਆਵਾਂ ਖਿਲਾਫ਼ ਕਰੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਪਰਾਧੀ ਗਿਰੋਹਾਂ ਵੱਲੋਂ ਕੀਤੇ ਗਏ ਕਤਲਾਂ ਦੀ ਨਿਰਪੱਖ ਜਾਂਚ ਹੋਵੇ ਅਤੇ ਸਬੰਧਤ ਦੋਸ਼ੀਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਯਕੀਨੀ ਬਣਾਈ ਜਾਵੇ।
– ਬਲਜੀਤ ਸਿੰਘ ਬਰਾੜ



