Skip to content
Independent perspectives. Global stories.
BREAKING

ਪੰਥ ਦੀਆਂ ਸਿਰਮੌਰ ਜੱਥੇਬੰਦੀਆਂ ਵੱਲੋਂ ਮੁੰਬਈ ’ਚ ਪਹਿਲੀ ਵਾਰ ਦੋ ਰੋਜ਼ਾ ਸਫ਼ਲ ਮਹਾਨ ਕੀਰਤਨ ਦਰਬਾਰ

Share this story

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਵੱਲੋਂ ਪ੍ਰੰਪਰਾ ਮੁਤਾਬਕ ਸ੍ਰ. ਗੁਰਿੰਦਰ ਸਿੰਘ ਬਾਵਾ ਸਨਮਾਨਿਤ

ਮੁੰਬਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਮੈਂਬਰ ਅਤੇ ਐਸ.ਜੀ.ਪੀ.ਸੀ. ਅੰਮ੍ਰਿਤਸਰ ਦੇ ਅੰਤਰਗਤ ਮੁੰਬਈ ਦੇ ਵਿਦਿਅਕ ਖੇਤਰ ਵਿਚ ਚਲ ਰਹੇ ਮੰਨੇ-ਪ੍ਰਮੰਨੇ ਗੁਰੂ ਨਾਨਕ ਖ਼ਾਲਸਾ ਕਾਲਜ ਆਰਟਸ, ਸਾਇੰਸ ਐਂਡ ਕਾਮਰਸ ਦੀ ਸਥਾਨਕ ਕਮੇਟੀ ਦੇ ਚੇਅਰਮੈਨ ਸ੍ਰ. ਗੁਰਿੰਦਰ ਸਿੰਘ ਬਾਵਾ ਦੀ ਦੇਖ-ਰੇਖ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 351ਵੇਂ ਪ੍ਰਕਾਸ਼ ਉਤਸਵ ਦੇ ਸੰਦਰਭ ਵਿਚ 6 ਅਤੇ 7 ਜਨਵਰੀ 2018 ਨੂੰ ਇਕ ਮਹਾਨ ਕੀਰਤਨ ਸਮਾਗਮ ਐਸ.ਜੀ.ਪੀ.ਸੀ. ਅਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਸਰਪ੍ਰਸਤੀ ਵਿਚ ਕੀਤਾ ਗਿਆ।
ਮੁੰਬਈ ਦੇ ਸਮੂੰਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਸਿੰਘ ਸਭਾ, ਦਾਦਰ, ਮੁੰਬਈ; ਸਮਾਗਮ ਸਥਲ ਦੇ ਨਜ਼ਦੀਕ ਜੁਹੂ ਇਲਾਕੇ ਸਥਿਤ ਸੁਖਮਨੀ ਸੁਸਾਇਟੀ ਦੇ ਗੁਰਦੁਆਰਾ ਨਾਨਕ ਦਰਬਾਰ ਅਤੇ ਬੀਬੀ ਗੁਰਪ੍ਰੀਤ ਕੌਰ ਚੱਢਾ ਦੀ ਪ੍ਰਧਾਨਗੀ ਹੇਠ ਚਲ ਰਹੀ ਬਹੁ-ਚਰਚਿਤ ਸਮਾਜ-ਸੇਵੀ ਸੰਸਥਾ ਗਲੋਬਲ ਪੰਜਾਬੀ ਫਾਊਂਡੇਸ਼ਨ ਦੇ ਪ੍ਰਬੰਧਕਾਂ ਨੇ ਇਸ ਦੋ-ਦਿਨਾ ਮਹਾਨ ਕੀਰਤਨ ਦਰਬਾਰ ਸਮਾਗਮ ਨੂੰ ਦਿਨ-ਰਾਤ ਇਕ ਕਰਦਿਆਂ ਸਫ਼ਲਤਾ ਨਾਲ ਆਯੋਜਿਤ ਕਰਕੇ ਗੁਰੂ-ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਪੰਥ ਪ੍ਰਸਿੱਧ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ, ਭਾਈ ਰਾਏ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਚਮਨਜੀਤ ਸਿੰਘ ਲਾਲ ਦਿੱਲੀ ਵਾਲੇ, ਭਾਈ ਬਲਕਾਰ ਸਿੰਘ ਬੀਰ ਲੁਧਿਆਣਾ ਵਾਲੇ, ਭਾਈ ਲਖਵਿੰਦਰ ਸਿੰਘ ਕੋਟਕਪੂਰਾ ਵਾਲੇ, ਸਥਾਨਕ ਹਜ਼ੂਰੀ ਰਾਗੀ ਭਾਈ ਹਰਵਿੰਦਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਮਸ਼ਹੂਰ ਗਾਇਕ ਸ੍ਰ. ਮੀਕਾ ਸਿੰਘ, ਡਾ. ਜਸਪਿੰਦਰ ਨਰੂਲਾ ਅਤੇ ਵਰਲਡ ਪੰਜਾਬੀ ਐਸੋਸੀਏਸ਼ਨ ਦੇ ਪ੍ਰਧਾਨ ਪਦਮਸ੍ਰੀ ਸ੍ਰ. ਵਿਕਰਮਕੀਤ ਸਿੰਘ ਸਾਹਨੀ ਨੇ ਗੁਰਬਾਣੀ ਕੀਰਤਨ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਥਾਨਕ ਪੱਧਰ ’ਤੇ ਤਿਆਰ-ਬਰ-ਤਿਆਰ ਬੱਚੇ-ਬੱਚੀਆਂ ਨੇ ਪੁਰਾਤਨ ਤੰਤੀ-ਸਾਜ਼ਾਂ ਨਾਲ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਸਮਾਗਮ ਵਿਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਬਾਬਾ ਜਯੋਤਿੰਦਰ ਸਿੰਘ, ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਆਦਿ ਧਾਰਮਿਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਪੁੱਜੀਆਂ। ਐਸ.ਜੀ.ਪੀ.ਸੀ. ਪ੍ਰਧਾਨ ਸ੍ਰ. ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਸ੍ਰ. ਰਘੂਜੀਤ ਸਿੰਘ ਵਿਰਕ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਧਾਨ ਐਮ.ਐਲ.ਏ. ਸ੍ਰ. ਤਾਰਾ ਸਿੰਘ, ਸਾਬਕਾ ਐਮ.ਪੀ. ਸ੍ਰ. ਤਰਲੋਚਨ ਸਿੰਘ, ਮੁੰਬਈ ਕਾਂਗਰਸ ਪ੍ਰਧਾਨ ਸ੍ਰੀ ਸੰਜੇ ਨਿਰੂਪਮ, ਸਾਬਕਾ ਐਮ.ਐਲ.ਏ. ਸ੍ਰੀ ਅਸ਼ੋਕ ਜਾਧਵ, ਸਾਬਕਾ ਐਮ.ਐਲ.ਸੀ. ਸ੍ਰ. ਚਰਨ ਸਿੰਘ ਸਪਰਾ, ਮਿਸਿਜ਼ ਸਮਿਤਾ ਠਾਕਰੇ ਅਤੇ ਹੋਰਨਾਂ ਤੋਂ ਇਲਾਵਾ ਮੁੰਬਈ ਦੀ ਫ਼ਿਲਮੀ ਦੁਨੀਆ ਦੇ ਸਿਤਾਰੇ ਜਤਿੰਦਰ, ਰਾਕੇਸ਼ ਰੌਸ਼ਨ, ਰਿਤਿਕ ਰੌਸ਼ਨ, ਕਬੀਰ ਬੇਦੀ, ਫ਼ਿਲਮ ਨਿਰਮਾਤਾ ਆਨੰਦ ਰਾਜ ਅਨੰਦ, ਸ਼ੀਬਾ, ਮੋਨਿਕਾ ਬੇਦੀ, ਗੁਲਸ਼ਨ ਗਰੋਵਰ, ਪੂਨਮ ਢਿੱਲੋਂ, ਗੇਵੀ ਚਾਹਲ, ਕਰਨ ਪਟੇਲ, ਉਰਵਸ਼ੀ ਰੋਟੇਲਾ, ਕੁਲਜਿੰਦਰ ਸਿੰਘ ਸਿੱਧੂ ਆਦਿ ਇਸ ਸਮਾਗਮ ਵਿਚ ਸ਼ਾਮਿਲ ਹੋਏ। ਪ੍ਰਬੰਧਕਾਂ ਵੱਲੋਂ ਇਨ੍ਹਾਂ ਸਾਰਿਆਂ ਤੋਂ ਇਲਾਵਾ ਸਥਾਨਕ ਗੁਰਦੁਆਰਿਆਂ ਦੇ ਅਹੁਦੇਦਾਰਾਂ ਤੇ ਸਹਿਯੋਗੀਆਂ ਦਾ ਸਮਾਗਮ ਦੀ ਸਫ਼ਲਤਾ ’ਚ ਆਪਣਾ ਯੋਗਦਾਨ ਪਾਉਣ ਲਈ ਸ੍ਰੀ ਸਾਹਿਬ ਅਤੇ ਦੁਸ਼ਾਲਿਆਂ ਨਾਲ ਸਨਮਾਨ ਕੀਤਾ ਗਿਆ। ਸਮਾਗਮ ਸਮਾਪਤੀ ਤੋਂ ਪਹਿਲਾਂ ਹਜ਼ੂਰ ਸਾਹਿਬ ਦੀ ਪਰੰਪਰਾ ਮੁਤਾਬਿਕ ਬੋਰਡ ਦੇ ਮੈਂਬਰਾਂ ਵੱਲੋਂ ਸ੍ਰ. ਗੁਰਿੰਦਰ ਸਿੰਘ ਬਾਵਾ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਹਰਭਜਨ ਕੌਰ ਬਾਵਾ ਦਾ ਸਨਮਾਨ ਕੀਤਾ ਗਿਆ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮਨਾਉਣ ਦੀ ਯਾਦ ਵਿਚ ਇਸ ਮਹਾਨ ਕੀਰਤਨ ਦਰਬਾਰ ਸਮਾਗਮ ’ਚ ਜੁੜ ਬੈਠੀਆਂ ਸਾਧ-ਸੰਗਤਾਂ ਨੇ ਅੰਤਰ-ਮੁਗਧ ਹੋ ਕੇ ਪੂਰਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਰਸਭਿੰਨੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ। ਸਮਾਗਮ ਦੇ ਸਮੂੰਹ ਪ੍ਰਬੰਧਕਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਸਟੇਜ ਤੋਂ ਹਜ਼ੂਰੀ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਦੌਰਾਨ ਇਹ ਗੱਲ ਬਾਰ-ਬਾਰ ਦੁਹਰਾਈ ਗਈ ਕਿ ਮੁੰਬਈ ਦੀ ਸਾਧ-ਸੰਗਤ ਦੇ ਗੁਰਬਾਣੀ ਪ੍ਰਤੀ ਪ੍ਰੇਮ ਤੇ ਆਸਥਾ ਨੂੰ ਪ੍ਰਤੱਖ ਦੇਖਦਿਆਂ ਹੋਇਆਂ ਅਸੀਂ ਦਿਲੋਂ ਨਤਮਸਤਕ ਹੁੰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਹਰ ਮੈਂਬਰ ਨੂੰ ਆਪੋ-ਆਪਣਿਆਂ ਇਲਾਕਿਆਂ ਵਿਚ ਸਿੱਖੀ ਦੇ ਪ੍ਰਚਾਰ ਲਈ ਇਸੇ ਢੰਗ ਦੇ ਗੁਰਬਾਣੀ ਸਮਾਗਮ ਆਯੋਜਿਤ ਕਰਨੇ ਚਾਹੀਦੇ ਹਨ। ਇੱਥੇ ਸਾਰਿਆਂ ਨੂੰ ਇਹ ਵੀ ਦੱਸਣਾ ਅਤਿਅੰਤ ਜ਼ਰੂਰੀ ਹੈ ਕਿ ਮੁੰਬਈ ਵਿਚ ਕਈ ਦਹਾਕਿਆਂ ਤੋਂ ਇਹ ਸਿਲਸਿਲਾ ਤੁਰਦਾ ਆ ਰਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਖ਼ਾਲਸਾ ਸਾਜਨਾ ਦਿਵਸ ‘ਵਿਸਾਖੀ’ ਦੇ ਦਿਹਾੜੇ ਸਮੂੰਹ ਗੁਰਦੁਆਰਿਆਂ ਅਤੇ ਸੇਵਕ ਜੱਥਿਆਂ ਦੇ ਸਹਿਯੋਗ ਨਾਲ ਮਹਾਰਾਸ਼ਟਰਾ ਦੀ ਮੁਢਲੀ ਅਤੇ ਕੇਂਦਰੀ ਸਿੱਖ ਸੰਸਥਾ ਸ੍ਰੀ ਗੁਰੂ ਸਿੰਘ ਸਭਾ-ਦਾਦਰ, ਮੁੰਬਈ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਇਨ੍ਹਾਂ ਤਿੰਨਾਂ ਮੌਕਿਆਂ ’ਤੇ ਦੋ-ਦਿਨ ਪਹਿਲਾਂ ਸ਼ਹਿਰ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਹ ਦਿਹਾੜੇ ਸਾਂਝੇ ਤੌਰ ’ਤੇ ਮਨਾਏ ਜਾਣ ਤੋਂ ਬਾਅਦ ਆਉਂਦੇ ਐਤਵਾਰ ਹਰ ਇਲਾਕੇ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪੋ-ਆਪਣਿਆਂ ਗੁਰਦੁਆਰਿਆਂ ’ਚ ਗੁਰਪੁਰਬ ਮਨਾਇਆ ਜਾਂਦਾ ਹੈ। ਇਸੇ ਰੀਤ ਅਨੁਸਾਰ ਹੁਣ ਵੀ ਸ੍ਰੀ ਗੁਰੂ ਸਿੰਘ ਸਭਾ ਮੁੰਬਈ, ਦਾਦਰ ਦੇ ਪ੍ਰਧਾਨ ਸ੍ਰ. ਰਘਬੀਰ ਸਿੰਘ ਗਿੱਲ ਨੇ ਆਪਣੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 25 ਦਸੰਬਰ 2017 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ-ਦਿਹਾੜਾ ਹਮੇਸ਼ਾ ਵਾਂਗ ਬੜੇ ਜ਼ੋਸ਼ੋ-ਖ਼ਰੋਸ਼ ਨਾਲ ਮਨਾਇਆ। ਇਹ ਅਲੱਗ ਗੱਲ ਹੈ ਕਿ ਸਮਾਂ ਬਦਲ ਚੁੱਕਾ ਹੈ ਤੇ ਸ਼ਹਿਰ ਦੀ ਰਿਹਾਇਸ਼ੀ ਭੂਗੋਲਿਕ ਸਥਿਤੀ ਮੁਤਾਬਿਕ ਇਕ ਸਿਰਾ ਪੂਨੇ ਤੱਕ, ਦੂਜਾ ਸਿਰਾ ਬੋਇਸਰ ਤੱਕ ਤੇ ਤੀਜਾ ਉਲਹਾਸ ਨਗਰ ਤੱਕ ਫੈਲ ਚੁੱਕਾ ਹੈ। ਟ੍ਰੈਫਿਕ ਦੀ ਵੀ ਗੰਭੀਰ ਸਮੱਸਿਆ ਹੈ ਲੇਕਿਨ ਫਿਰ ਵੀ ਸ੍ਰੀ ਗੁਰੂ ਸਿੰਘ ਸਭਾ ਦਾਦਰ ਮੁੰਬਈ ਵੱਲੋਂ ਹੁਣ ਤੱਕ ਇਹ ਗੁਰਪੁਰਬ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਦੀ ਪਰੰਪਰਾ ਜਾਰੀ ਹੈ। ਇਹ ਤਿੰਨ ਦਿਹਾੜੇ ਦੂਰੋਂ-ਨੇੜਿਓਂ ਸਿੱਖ ਸੰਗਤਾਂ ਨੂੰ ਇਕ ਦੂਜੇ ਨਾਲ ਮਿਲਾਪ ਕਰਨ ਦਾ ਵੀ ਇਕ ਬਹੁਤ ਹੀ ਵੱਡਾ ਦੁਨਿਆਵੀ ਸਾਧਨ ਬਣ ਚੁੱਕਾ ਹੈ। ਸ੍ਰ. ਗੁਰਿੰਦਰ ਸਿੰਘ ਬਾਵਾ ਨੇ ਇਸੇ ਗੱਲ ਨੂੰ ਮੱਦੇ-ਨਜ਼ਰ ਰੱਖਦਿਆਂ ਮਹਾਨ ਕੀਰਤਨ ਦਰਬਾਰ 6 ਜਨਵਰੀ ਅਤੇ 7 ਜਨਵਰੀ 2018 ਤਾਰੀਖ਼ਾਂ ’ਤੇ ਮਨਾਉਣ ਦਾ ਫ਼ੈਸਲਾ ਸਾਰਿਆਂ ਦੀ ਰਜ਼ਾਮੰਦੀ ਨਾਲ ਲਿਆ। ਇਸ ਗੱਲ ਦਾ ਵੀ ਵਿਸ਼ੇਸ਼ ਤੌਰ ’ਤੇ ਸਾਰਿਆਂ ਦੀ ਸਹਿਮਤੀ ਨਾਲ ਧਿਆਨ ਰੱਖਿਆ ਗਿਆ ਕਿ ਪਹਿਲੀ ਵਾਰ ਇਹ ਸਾਲਾਨਾ ਕੀਰਤਨ ਦਰਬਾਰ ਕਰਾਉਣ ਲਈ ਗੁਰਪੁਰਬ ਮਨਾਉਣ ਸਮੇਂ ਦੀਆਂ ਤਾਰੀਖ਼ਾਂ ਦੀ ਦੁਬਿਧਾ ’ਚ ਨਾ ਪਿਆ ਜਾਏ, ਜਿਸ ਨੂੰ ਕਿ ਹਰ ਸਾਲ ਜਨਵਰੀ ਦੇ ਮਹੀਨੇ ਮਨਾਇਆ ਜਾਏਗਾ।

WRITTEN BY