Skip to content
Independent perspectives. Global stories.
BREAKING

ਕੋਠੀਆਂ ਤੋਂ ਬਿਰਧ ਆਸ਼ਰਮ ਪਹੁੰਚੇ ਇੱਕ ਬਜ਼ੁਰਗ ਦੀ ਦਾਸਤਾਨ

Share this story

24 ਜੂਨ ਦੀ ਸਵੇਰ ਮੇਰੇ ਫੋਨ ਦੀ ਘੰਟੀ ਵੱਜੀ ,ਸਮਾਂ ਸਵੇਰੇ ਸਾਢੇ ਕੁ ਛੇ ਵਜੇ ਦਾ ਸੀ, ਮੈਂ ਫੋਨ ਚੁੱਕਿਆ ਅੱਗੋ ਇੱਕ ਥਥਲਾਉਦੀ ਜਿਹੀ ਅਵਾਜ਼ ਆਈ, ਠ ਸੋਨੀ ਬੋਲਦੈ।ੂ ਮੈਂ ਕਿਹਾ ,ਠਹਾਂ ਜੀ ਤੁਸੀਂ ਕੌਣ?ੂ ਉਸਨੇ ਬਿਨਾਂ ਕੁਝ ਆਪਣੇ ਬਾਰੇ ਹੀ ਦੱਸੇ ਕਹਿਣਾ ਸ਼ੁਰੂ ਕੀਤਾ ,ਠ ਤੁਹਾਡਾ ਆਹ ਅਖਬਾਰ ’ਚ ਲੇਖ ਲੱਗੈ, ‘ਬਿਰਧ ਆਸ਼ਰਮ ਭੇਜਣ ਤੋਂ ਪਹਿਲਾਂ’ ਪੜ ਕੇ ਹਟਿਆ ਹਾਂ , ਬਹੁਤ ਵਧੀਆ ਲਿਖਿਆ ਕਾਕਾ, ਹੋਰ ਲਿਖਿਆ ਕਰ, ਸ਼ਾਇਦ ਇਸ ਦੁਨੀਆਂ ਚੋਂ ਕੁਝ ਬੰਦੇ ਸਹੀ ਰਾਸਤੇ ਤੇ ਆ ਸਕਣ।ੂ
ਮੈਨੂੰ ਇੰਝ ਲੱਗਾ ਜਿਵੇਂ ਗੱਲ ਕਰਨ ਵਾਲਾ ਕੋਈ ਬਜੁਰਗ ਹੈ ਅਤੇ ਗੱਲ ਕਰਦਾ ਰੋ ਰਿਹਾ ਹੈ। ਮੈਂ ਇਹ ਗੱਲ ਸੁਣ ਕੇ ਅਵਾਕ ਜਿਹਾ ਰਹਿ ਗਿਆ , ਕਿਉਕਿ ਮੈਂਨੂੰ ਅਖਬਾਰ ’ਚ ਲੱਗੇ ਆਪਣੇ ਕਿਸੇ ਲੇਖ ਬਾਰੇ ਜਾਣਕਾਰੀ ਨਹੀਂ ਸੀ ਤੇ ਅਖਬਾਰ ਅਜੇ ਆਇਆ ਵੀ ਨਹੀਂ ਸੀ ਪਰ ਜਿਸ ਲੇਖ ਬਾਰੇ ਉਹ ਗੱਲ ਕਰ ਰਿਹਾ ਸੀ ਉਹ ਲੇਖ ਮੇਰਾ ਹੀ ਲਿਖਿਆ ਹੋਇਆ ਸੀ ਤੇ ਮੈਂ ਕਾਫੀ ਸਮਾਂ ਪਹਿਲਾਂ ਅਖਬਾਰ ਨੂੰ ਭੇਜਿਆ ਹੋਇਆ ਸੀ। ਪਰ ਉਸਦੀ ਲੜਖੜਾਉਂਦੀ ਅਤੇ ਰੋਣ ਹੱਕੀ ਅਵਾਜ਼ ਸੁਣ ਕੇ ਮੈਂ ਉਸਨੂੰ ਸਿਰਫ ਏਨਾ ਹੀ ਕਹਿ ਸਕਿਆ,ਠ ਜੀ ਬਹੁਤ ਬਹੁਤ ਧੰਨਵਾਦ,ਤੁਸੀਂ ਕੌਣ ਬੋਲ ਰਹੇ ਹੋ।ੂ , ਠਮੇਰੀ ਉਮਰ ਸੱਤਰ ਸਾਲ ਹੈ , ਤੇਰਾ ਲੇਖ ਪੜ ਕੇ ਮੇਰਾ ਰੋਣ ਨਿਕਲ ਆਇਆ, ਤੂੰ ਬਹੁਤ ਸੋਹਣਾ ਲਿਖਦੈ, ਬਿਲਕੁਲ ਅੱਜ ਦੇ ਸਮੇਂ ਦੀ ਗੱਲ ਕੀਤੀ ਆ ਤੂੰ , ਮੈਨੂੰ ਬਹੁਤ ਵਧੀਆ ਲੱਗਾ, ਤੇਰਾ ਇਹ ਲੇਖ ਮੈਂ ਹੋਰ ਵੀ ਕਈ ਜਣਿਆ ਨੂੰ ਪੜਾਉਂਗਾ.. .. ਅਵਾਜ਼ ਹੋਰ ਭਾਵੁਕ ਹੋ ਗਈ ਸੀ। ਮੇਰੀ ਉਤਸੁਕਤਾ ਹੋਰ ਵੱਧ ਗਈ ਕਿ ਇਹ ਕੌਣ ਹੈ ਤੇ ਕਿੱਥੋਂ , ਕਿਹੜੇ ਸ਼ਹਿਰ ਤੋਂ ਬੋਲ ਰਹੇ ਹਨ? ਮੈਂ ਇੱਕ ਵਾਰ ਫਿਰ ਤੋਂ ਪੁੱਛਣਾ ਚਾਹਿਆ, ਠਜੀ ਤੁਸੀਂ ਕਿੱਥੋਂ ਬੋਲ ਰਹੇ ਓ? ੂ ਕੁਝ ਦੇਰ ਚੁੱਪ ਰਹੀ ਕੋਈ ਜਵਾਬ ਨਾ ਆਇਆ ਮੈਨੂੰ ਲੱਗਾ ਸ਼ਾਇਦ ਉਹਨਾਂ ਨੂੰ ਸੁਣਿਆ ਨਾ ਹੋਵੇ, ਮੈਂ ਇੱਕ ਵਾਰ ਫਿਰ ਪੁੱਛਿਆ , ਠਬਜ਼ੁਰਗੋ ਤੁਸੀਂ ਕਿੱਥੋਂ ਬੋਲ ਰਹੇ ਹੋ?ੂ , ਅੱਗੋਂ ਅਵਾਜ਼ ਆਈ, ਠਮੈਂ.. .. ਮੈਂ ਬਿਰਧ ਆਸ਼ਰਮ ਚੋਂ ਬੋਲਦਾਂ, ਦੋ ਕੁ ਸਾਲ ਹੋ ਗਏ ਮੈਨੂੰ ਇੱਥੇ ਆਏ ਨੂੰ । ਉਸ ਬਜ਼ੁਰਗ ਦੀ ਗੱਲ ਸੁਣ ਕੇ ਮੈਂ ਤਾਂ ਜਿਵੇਂ ਸੁੰਨ ਹੀ ਹੋ ਗਿਆ, ਮੈਨੂੰ ਇੰਝ ਲੱਗਾ ਜਿਵੇਂ ਮੈ ਪੱਥਰ ਹੀ ਹੋ ਗਿਆ ਹੋਵਾਂ, ਇਸ ਤੋਂ ਪਹਿਲਾਂ ਮੈਂ ਕੋਈ ਹੋਰ ਸਵਾਲ ਉਸ ਬਜੁਰਗ ਨੂੰ ਕਰਦਾ, ਫੋਨ ਕੱਟਿਆ ਗਿਆ ਸੀ, ਉਸ ਬਜੁਰਗ ਦੇ ਹੌਕਿਆਂ ਦੀ ਅਵਾਜ਼ ਮੇਰੇ ਕੰਨਾਂ ਵਿੱਚ ਅਜੇ ਵੀ ਗੂੰਜ ਰਹੀ ਸੀ।
ਮੈਂ ਬੜੀ ਬੇਚੈਨੀ ਨਾਲ ਅਖਬਾਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ । ਏਨੇ ਹੀ ਮੈਨੂੰ ਮੇਰੇ ਇੱਕ ਮਿੱਤਰ ਬਲਦੇਵ ਸਿੰਘ ਅੰਮ੍ਰਿਤਸਰ ਦਾ ਫੋਨ ਆਇਆ ਉਸ ਨੇ ਵੀ ਮੈਨੂੰ ਆਰਟੀਕਲ ਦੇ ਛਪਣ ਬਾਰੇ ਵਧਾਈ ਦਿੱਤੀ ਤੇ ਕਿਹਾ ਆਰਟੀਕਲ ਬਹੁਤ ਵਧੀਆ ਲੱਗਾ ਹੈ। ਪਰ ਮੈਂ ਉਦਾਸ ਸੀ, ਉਸਨੂੰ ਮੇਰੇ ਵੱਲੋਂ ਕੋਈ ਚੰਗਾ ਹੁੰਗਾਰਾ ਨਾ ਮਿਲਣ ਕਰਕੇ ਉਸਨੇ ਮੈਨੂੰ ਕਾਰਨ ਪੁੱਛਿਆ ਤਾਂ ਮੈਂ ਉਸਨੂੰ ਬਜ਼ੁਰਗ ਦੇ ਫੋਨ ਆਉਣ ਵਾਲੀ ਗੱਲ ਦੱਸੀ ਤੇ ਨਾਲ ਇਹ ਵੀ ਕਿਹਾ ਕਿ ਠਮੈਂ ਉਸ ਬਜੁਰਗ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾ ਸੀ, ਪਰ ਹੋ ਨਾ ਸਕੀਆਂ, ਇਸ ਲਈ ਮਨ ਤੇ ਬੋਝ ਜਿਹਾ ਪੈ ਗਿਆ ।ੂ ਮੇਰੀ ਗੱਲ ਸੁਣ ਕੇ ਮਿੱਤਰ ਨੇ ਕਿਹਾ ਕਿ ਠਕੋਈ ਗੱਲ ਨੀ ਤੂੰ ਉਸ ਨੂੰ ਘੰਟੇ ਕੁ ਤੱਕ ਫੋਨ ਲਾ ਕੇ ਲਵੀਂ ਤੇ ਜੋ ਪੁਛਣਾ ਹੈ ਪੁੱਛ ਲਵੀਂ, ਤਦ ਤੱਕ ਉਹ ਵੀ ਸੰਭਲ ਜਾਵੇਗਾ।ੂ
ਮੈਂ ਘਰ ਦੇ ਬਾਹਰ ਦੇਖਿਆ , ਹਾਕਰ ਅਖਬਾਰ ਦਰਵਾਜ਼ੇ ’ਚ ਸੁੱਟ ਕੇ ਚਲਾ ਗਿਆ ਸੀ । ਪਤਾ ਨਹੀਂ ਕਿਉਂ ਅੱਜ ਅਖਬਾਰ ਚੁੱਕ ਕੇ ਘਰ ਲਿਆਉਣ ਦੀ ਮੇਰੀ ਹਿੰਮਤ ਨਹੀਂ ਸੀ ਹੋ ਰਹੀ। ਮੈਂ ਅਖਬਾਰ ਵੱਲ ਵਧ ਰਿਹਾ ਸਾਂ ਤੇ ਮੇਰੀਆਂ ਲੱਤਾਂ ਪਿੱਛੇ ਨੂੰ ਜਾ ਰਹੀਆਂ ਸਨ। ਬੜੀ ਹਿੰਮਤ ਕਰਕੇ ਅਖਬਾਰ ਚੁੱਕਿਆ। ਅਖਬਾਰ ਦਾ ਭਾਰ ਪਹਿਲਾਂ ਨਾਲੋਂ ਕਈ ਗੁਣਾ ਜਿਆਦਾ ਲੱਗ ਰਿਹਾ ਸੀ । ਜਲਦੀ ਜਲਦੀ ਅਖਬਾਰ ਖੋਹਲ ਕੇ ਆਪਣਾ ਲੇਖ ਦੇਖਣ ਲੱਗਾ। ਲੇਖ ਵਾਕਿਆ ਹੀ ਬਹੁਤ ਵਧੀਆ ਤੇ ਢੁੱਕਵੀਂ ਥਾਂ ਤੇ ਲੱਗਾ ਹੋਇਆ ਸੀ। ਇੱਕ ਬਜੁਰਗ ਦੀ ਸੇਵਾ ਕਰ ਰਹੀ ਇੱਕ ਔਰਤ ਦੀ ਬਹੁਤ ਹੀ ਢੁੱਕਵੀ ਫੋਟੋ ਲੱਗੀ ਹੋਈ ਸੀ। ਇਹ ਆਰਟੀਕਲ ਮੈਂ ਲੱਗਭਗ ਤਿੰਨ ਕੁ ਮਹੀਨੇ ਪਹਿਲਾਂ ਭੇਜਿਆ ਸੀ ਜੋ ਅੱਜ ਛਪਿਆ ਸੀ । ਮੈਂ ਆਰਟੀਕਲ ਪੜਨ ਲੱਗਾ। ਪੜ ਕੇ ਹਟਿਆ ਹੀ ਸਾਂ ਕਿ ਪਤਨੀ ਚਾਹ ਲੈ ਆਈ। ਚਾਹ ਪੀ ਕੇ ਮੈਂ ਬੜੀ ਹੀ ਉਤਸੁਕਤਾ ਨਾਲ ਉਸ ਬਜੁਰਗ ਨੂੰ ਫੋਨ ਲਾਇਆ, ਜਦੋਂ ਮੈਂ ਉਸਨੂੰ ਦੱਸਿਆ ਕਿ ਮੈ ਕਿ ਉਹੀ ਲੇਖ ਵਾਲਾ ਮੁੰਡਾ ਬੋਲਦਾ ਹਾਂ ਤਾਂ ਉਹ ਕਹਿਣ ਲੱਗਾ, ਠਮਾਫ ਕਰੀ ਪੁੱਤਰਾ ਮੈਂ ਤੇਰੀ ਸਵੇਰ ਖਰਾਬ ਕਰ ਦਿੱਤੀ ਹੋਣੀ, ਮੈਂ ਕੁਝ ਜ਼ਿਆਦਾ ਹੀ ਭਾਵੁਕ ਹੋ ਗਿਆ ਸੀ।ੂ ਮੈ ਕਿਹਾ ਠਕੋਈ ਗੱਲ ਨੀ ਬਾਪੂ ਜੀ, ਤੁਹਾਡੇ ਨਾਲ ਗੱਲ ਕਰਕੇ ਮੈਨੂੰ ਵੀ ਵਧੀਆ ਲੱਗਾ , ਮੈ ਇਸ ਲਈ ਤੁਹਾਨੂੰ ਦੁਬਾਰਾ ਫੋਨ ਲਾਇਆ, ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਕਿ ਤੁਸੀ ਇੱਥੇ ਕਿਵੇਂ ਆਏ, ਤੁਹਾਡੇ ਧੀਆਂ ਪੁੱਤ ਵਗੈਰਾ ਕਿੱਥੇ ਨੇ, ਕੀ ਗੱਲ ਹੋਈ , ਸਭ ਕੁਝ।ੂ
ਮੇਰੀ ਗੱਲ ਸੁਣਦਿਆਂ ਉਸ ਦੱਸਣਾ ਸ਼ੁਰੂ ਕੀਤਾ, ਠਕਾਕਾ, ਮੇਰੇ ਦੋ ਪੁੱਤਰ ਹਨ ,ਦੋਵੇਂ ਵਿਆਹੇ ਹੋਏ ਹਨ। ਦੋਵਾਂ ਦੀਆਂ ਅਲੱਗ ਅਲੱਗ ਕੋਠੀਆਂ ਨੇ। ਸੁੱਖ ਨਾਲ ਚਾਰ ਪੋਤੇ ਪੋਤੀਆਂ ਨੇ । ਸਭ ਕੁਝ ਠੀਕ ਚੱਲ ਰਿਹਾ ਸੀ, ਘਰ ਵਿੱਚ ਮੇਰੀ ਤੇ ਮੇਰੇ ਘਰੋਂ(ਉਸਦੀ ਪਤਨੀ) ਦੀ ਪੁੱਛ ਪੜਤਾਲ ਵੀ ਬਹੁਤ ਸੀ, ਸਮੇਂ ਸਿਰ ਖਾਣਾ ਵੀ ਮਿਲਦਾ ਸੀ, ਦਵਾਈ ਬੂਟੀ ਵੀ ਮਿਲਦੀ ਸੀ ਪਰ ਮੈਂ ਇੱਕੋ ਹੀ ਗਲਤੀ ਕੀਤੀ ਜਿਸ ਕਾਰਨ ਮੈਂਨੂੰ ਬਹੁਤ ਤਸੀਹੇ ਝੱਲਣੇ ਪਏ, ਮੈਂ ਬੋਝ ਬਣ ਕੇ ਰਹਿ ਗਿਆ, ਮੇਰੀ ਦਵਾਈ ਦਾਰੂ ਵੀ ਉਹਨਾਂ ਨੂੰ ਲਿਆਉਣੀ ਔਖੀ ਹੋ ਗਈ,ਜੇ ਮੈ ਕੁਝ ਕਹਿਣਾ ਤਾਂ ਮੈਨੂੰ ਸਿੱਧੇ ਨਾ ਬੋਲਣਾ, ਦੋਵੇ ਨੁੰਹਾਂ ਤੇ ਪੁੱਤਰ ਮੇਰੇ ਖਿਲਾਫ ਹੋ ਗਏ, ਪੋਤੇ ਪੋਤੀਆਂ ਨੂੰ ਮੇਰੇ ਤੋਂ ਦੂਰ ਰਹਿਣ ਲਈ ਵਰਜ਼ ਦਿੱਤਾ ਗਿਆ। ਮੈਨੂੰ ਮੇਰਾ ਲੀੜਾ ਕੱਪੜਾ ਵੀ ਆਪ ਹੀ ਧੋਣਾ ਪਿਆ ਕਰੇ । ਮੰਜਾ ਮੇਰਾ ਘਰ ਦੀ ਦੂਜੀ ਮੰਜ਼ਿਲ ਦੀ ਛੱਤ ਤੇ ਹੋ ਗਿਆ ਜਿਥੋਂ ਮੈ ਦੋ ਵਾਰ ਪੌੜੀਆਂ ਵਿੱਚੋਂ ਵੀ ਡਿੱਗ ਪਿਆ ਪਰ ਕਿਸੇ ਨੇ ਦਵਾ ਦਾਰੂ ਵੱਲ ਵੀ ਕੋਈ ਖਾਸ ਧਿਆਨ ਨਾ ਦਿੱਤਾ। ਕਾਕਾ! ਜੇ ਤੂੰ ਇਸ ਬਾਰੇ ਕੁਝ ਲਿਖਣਾ ਵੀ ਚਾਵੇਂ ਤਾਂ ਮੇਰੇ ਬਾਰੇ ਜ਼ਿਆਦਾ ਕੁਝ ਨਾ ਲਿਖੀ ਕਿਉਂਕਿ ਮੈਂ ਹੁਣ ਉੱਥੇ ਜਾਣਾ ਵੀ ਨਹੀਂ ਚਾਹੁੰਦਾ। ਮੈਂ ਇੱਥੇ (ਬਿਰਧ ਆਸ਼ਰਮ ’ਚ) ਠੀਕ ਹਾਂ । ਸਮਝ ਲਿਆ ਹੈ ਕਿ ਮੈਂ ਬੇਔਲਾਦ ਹਾਂ।
ਠਪਰ ਬਜੁਰਗੋ,ਇਹੋ ਜਿਹਾ ਕੀ ਕੀਤਾ ਤੁਸੀਂ?ੂ ਮੈਂ ਪੁੱਛਣ ਤੋਂ ਰਹਿ ਨਾ ਸਕਿਆ। ਠਬੱਸ, ਪੁੱਤ ਇੱਕ ਦਿਨ ਮੇਰੇ ਘਰੋਂ ਬਿਮਾਰ ਹੋਈ ਤੇ ਦੁਨੀਆਂ ਤੋਂ ਤੁਰ ਗਈ । ਉਹਦੇ ਮਗਰੋਂ ਮੈਂ ਵੀ ਥੋੜਾ ਜਿਹਾ ਡਾਵਾਂਡੋਲ ਜਿਹਾ ਰਹਿਣ ਲੱਗਾ। ਸੋਚਿਆ ਆਪਣੇ ਹਿੱਸੇ ਆਉਂਦਾ ਮਕਾਨ ਵੀ ਇਹਨਾਂ ਦੇ ਨਾਮ ਕਰ ਦੇਵਾਂ ਤੇ ਸੁਰਖਰੂ ਹੋ ਜਾਵਾਂ,ਬਸ ਏਹੀ ਗਲਤੀ ਹੋਈ ਹੈ। ਉਸਤੋਂ ਬਾਅਦ ਤਾਂ ਜਿਵੇਂ ਸਾਰਾ ਕੁਝ ਹੀ ਬਦਲ ਗਿਆ। ਜੇ ਤੂੰ ਲਿਖਣ ਲੱਗਾ ਤਾਂ ਮੇਰਾ ਸੁਨੇਹਾ ਹੈ ਮੇਰੇ ਹੋਰ ਬਜੁਰਗ ਭਰਾਵਾਂ ਨੂੰ ਕਿ ਆਪਣੇ ਲਾਲਚੀ ਧੀਆਂ ਪੁੱਤਾਂ ਦੇ ਮੂੰਹ ’ਚ ਸਾਰੀ ਜਾਇਦਾਦ ਇੱਕੇ ਵਾਰੀ ਨਾ ਦਿਓ ਕਿਉਂਕਿ ਇਹ ਜਾਇਦਾਦ ਹੀ ਤੁਹਾਡੀ ਸੇਵਾ ਕਰਵਾਉਂਦੀ ਹੈ । ਤੁਹਾਡੇ ਕੀਤੇ ਕੰਮਾਂ ਦਾ ਕੋਈ ਮੁੱਲ ਨਹੀਂ ਪੈਂਦਾ।ੂ ਇਹ ਕਹਿੰਦਾ ਹੋਇਆ ਬਜੁਰਗ ਫੇਰ ਰੋ ਪਿਆ ਤੇ ਫੋਨ ਕੱਟਿਆ ਗਿਆ , ਮੇਰੀ ਪਤਨੀ ਮੇਰੇ ਕੋਲ ਖੜੀ ਸੀ ਅਤੇ ਮੇਰੀਆਂ ਵਗਦੀਆਂ ਅੱਖਾਂ ਪੂੰਝਣ ਲਈ ਉਸਦੇ ਹੱਥ ਵਿੱਚ ਇੱਕ ਰੁਮਾਲ ਵੀ ਸੀ।

WRITTEN BY