Skip to content
Independent perspectives. Global stories.
BREAKING

ਲਾਲੂ ਦੀ ਸਜ਼ਾ ਸਿਆਸੀ ਲੋਕਾਂ ਨੂੰ ਸਬਕ

Share this story

ਲਾਲੂ ਪ੍ਰਸ਼ਾਦ ਯਾਦਵ ਨੂੰ ਚਾਰਾ ਘਪਲੇ ਵਿੱਚ ਸਾਢੇ ਤਿੰਨ ਸਾਲ ਜੇਲ੍ਹ ਅਤੇ ਪੰਜ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਨੇ ਹਿੰਦੁਸਤਾਨ ਦੀ ਸਿਆਸਤ ਵਿੱਚ ਇਕ ਅਜਿਹਾ ਪੰਨਾ ਜੋੜ ਦਿੱਤਾ ਹੈ ਜੋ ਸੱਤਾਧਾਰੀਆਂ ਵੱਲੋਂ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਨ ਸਬੰਧੀ ਇਕ ਉਦਾਹਰਣ ਵਜੋਂ ਪੇਸ਼ ਕੀਤਾ ਜਾਇਆ ਕਰੇਗਾ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਦੇਵਘਰ ਖਜ਼ਾਨੇ ਵਿੱਚੋਂ ਗਲਤ ਤਰੀਕੇ ਨਾਲ 85 ਲੱਖ ਰੁਪਏ ਕਢਾਉਣ ਲਈ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ 17 ਮੁਲਜ਼ਮ ਸਨ ਜਿਨ੍ਹਾਂ ਵਿੱਚੋਂ ਪੰਜ ਨੂੰ ਬਰੀ ਕੀਤਾ ਗਿਆ ਹੈ।
‘‘ਆਪਕੇ ਲਿਏ ਮੇਰੇ ਪਾਸ ਕਈ ਲੋਗੋਂ ਨੇ ਸਿਫਾਰਸ਼ੇਂ ਕੀ ਹੈਂ, ਲੇਕਿਨ ਚਿੰਤਾ ਕਰਨੇ ਕੀ ਜ਼ਰੂਰਤ ਨਹੀਂ ਹੈ। ਮੈਂ ਕੇਵਲ ਕਾਨੂੰਨ ਦਾ ਪਾਲਨ ਕਰੂੰਗਾ।’’ ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਸਾਹਿਬ ਨੇ ਲਾਲੂ ਪ੍ਰਸ਼ਾਦ ਨੂੰ ਕਿਹਾ। ਜੱਜ ਦਾ ਇਹ ਕਹਿਣਾ ਇਕ ਪਾਸੇ ਲਾਲੂ ਵਰਗੇ ਸਿਆਸੀ ਤੌਰ ’ਤੇ ਸ਼ਕਤੀਸ਼ਾਲੀ ਅਪਰਾਧੀ ਨੂੰ ਨਸ਼ਰ ਕਰਨਾ ਸੀ ਅਤੇ ਦੂਜੇ ਪਾਸੇ ਸਾਡੇ ਲੋਕਤੰਤਰ ਵਿੱਚ ਨਿਆਂਪਾਲਿਕਾ ਇਕ ਰੋਸ਼ਨੀ ਦੀ ਕਿਰਨ ਜੋ ਪੇਸ਼ ਕਰਨਾ ਸੀ। ਉਂਜ ਇਸ ਕੇਸ ਵਿੱਚ ਇਕ ਪ੍ਰਸ਼ਾਸਨਿਕ ਅਧਿਕਾਰੀ ਅਮਿਤ ਖਰੇ ਦੀ ਪ੍ਰਸੰਸਾ ਕਰਨੀ ਬਣਦੀ ਹੈ ਜਿਸ ਨੇ 1996 ਵਿੱਚ 950 ਕਰੋੜ ਰੁਪਏ ਦੇ ਚਾਰੇ ਘੁਟਾਲੇ ਦੇ ਖੁਲਾਸੇ ਦਾ ਮੁੱਢ ਬੰਨ੍ਹਿਆਂ ਸੀ। ਅਮਿਤ ਖਰ੍ਹੇ ਨੇ ਪਸ਼ੂ ਪਾਲਣ ਵਿਭਾਗ ਦੇ ਦਫ਼ਤਰਾਂ ਵਿੱਚ ਛਾਪਾ ਮਾਰਕੇ ਅਜਿਹੇ ਦਸਤਾਵੇਜ ਬਰਾਮਦ ਕੀਤੇ ਸਨ ਜਿਨ੍ਹਾਂ ਤੋਂ ਇਹ ਪਤਾ ਲਗਦਾ ਸੀ ਕਿ 1990 ਦੇ ਦਹਾਕੇ ਦੌਰਾਨ ਅਜਿਹੀਆਂ ਕੰਪਨੀਆਂ ਨੂੰ ਸਰਕਾਰੀ ਖਜ਼ਾਨੇ ’ਚੋਂ ਚਾਰੇ ਦੇ ਨਾਮ ’ਤੇ ਪੈਸੇ ਜਾਰੀ ਕੀਤੇ ਗਏ ਸੀ, ਜੋ ਅਸਲ ਹੈ ਹੀ ਨਹੀਂ ਸਨ। 1990 ਤੋਂ 1994 ਦੇ ਵਿਚਕਾਰ ਦੇਵਘਰ ਖਜ਼ਾਨੇ ਵਿੱਚੋਂ 89.77 ਲੱਖ ਰੁਪਏ ਕਢਵਾਏ ਗਏ ਸਨ ਜੋ ਬਿਲਕੁੱਲ ਫਰਜ਼ੀ ਕੰਪਨੀਆਂ ਦੇ ਨਾਮ ਸਨ। ਲਾਲੂ ਨੂੰ ਸ਼ਨਿੱਚਰਵਾਰ ਨੂੰ ਉਸੇ ਕੇਸ ਵਿੱਚ ਸਜ਼ਾ ਸੁਣਾਈ ਗਈ ਹੈ। ਲਾਲੂ ਪ੍ਰਸ਼ਾਦ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਨਹੀਂ ਡਰੇਗਾ ਅਤੇ ਦੂਜੇ ਪਾਸੇ ਲਾਲੂ ਦੇ ਪੁੱਤਰ ਤੇਜਸਵੀ ਯਾਦਵ ਨੇ ਵੀ ਇਸ ਸਜ਼ਾ ਲਈ ਭਾਰਤੀ ਜਨਤਾ ਪਾਰਟੀ, ਆਰ.ਐਸ.ਐਸ. ਅਤੇ ਨਿਤੀਸ਼ ਕੁਮਾਰ ਦੇ ਗਠਜੋੜ ਨੂੰ ਦੋਸ਼ੀ ਠਹਿਰਾਇਆ ਹੈ।
70 ਵਰ੍ਹਿਆਂ ਦੇ ਲਾਲੂ ਪ੍ਰਸ਼ਾਦ ਯਾਦਵ ਬਿਹਾਰੀ ਦੇ ਮੁੱਖ ਮੰਤਰੀ ਅਤੇ ਹਿੰਦੁਸਤਾਨ ਦੇ ਰੇਲਵੇ ਮੰਤਰੀ ਰਹੇ। ਜੇਪੀ ਅੰਦੋਲਨ ਰਾਹੀਂ ਵਿਦਿਆਰਥੀ ਨੇਤਾ ਦੇ ਤੌਰ ’ਤੇ ਸਿਆਸਤ ਵਿੱਚ ਆਏ ਲਾਲੂ ਪ੍ਰਸ਼ਾਦ ਯਾਦਵ ਹਮੇਸ਼ਾਂ ਸੁਰਖੀਆਂ ਵਿੱਚ ਰਹੇ। ਦੋ ਪੁੱਤਰਾਂ ਅਤੇ ਸੱਤ ਧੀਆਂ ਦੇ ਪਿਤਾ ਲਾਲੂ ਪਿਛਲੇ ਚਾਰ ਦਹਾਕਿਆਂ ਤੋਂ ਬਿਹਾਰ ਦੀ ਰਾਜਨੀਤੀ ਵਿੱਚ ਇਕ ਸ਼ਕਤੀਸ਼ਾਲੀ ਚਿਹਰੇ ਵਜੋਂ ਵਿਚਰ ਰਹੇ ਹਨ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਦੇ ਤੌਰ ’ਤੇ ਲਾਲੂ ਨੇ ਆਪਣੇ ਪਰਿਵਾਰ ਅਤੇ ਕਬੀਲੇ ਨੂੰ ਪੂਰੀ ਤਰ੍ਹਾਂ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਪਾਲਿਆ ਹੈ। ਜਾਤ ਅਧਾਰਤ ਸਿਆਸਤ ਕਰਨ ਦੇ ਮਾਹਰ ਲਾਲੂ ਅੱਜ ਕੱਲ੍ਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਦੁਸ਼ਮਣੀ ਨਿਭਾਅ ਰਹੇ ਹਨ। ਲਾਲੂ ਦੇ ਪਰਿਵਾਰ ਉ¤ਤੇ ਅਰਬਾਂ ਰੁਪਏ ਬਣਾਉਣ ਦੇ ਇਲਜ਼ਾਮ ਲੱਗੇ ਹੋਏ ਹਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮੁਕਾਬਲਾ ਕਰ ਰਿਹਾ ਲਾਲੂ ਪਰਿਵਾਰ ਹੁਣ ਹੋਰ ਵੀ ਸੰਕਟ ਵਿੱਚ ਘਿਰ ਗਿਆ ਹੈ ਕਿਉਂਕਿ ਤਿੰਨ ਵਰ੍ਹਿਆਂ ਤੋਂ ਵੱਧ ਸਜ਼ਾ ਵਾਲੇ ਕੈਦੀ ਦੀ ਜ਼ਮਾਨਤ ਹੋਣੀ ਮੁਮਕਿਨ ਨਹੀਂ ਹੁੰਦੀ।
ਲਾਲੂ ਪ੍ਰਸ਼ਾਦ ਲਈ ਮਾੜੇ ਦਿਨਾਂ ਦਾ ਸਿਲਸਿਲਾ ਜਨਵਰੀ 1996 ਵਿੱਚ ਸ਼ੁਰੂ ਹੋਇਆ ਸੀ ਜਦੋਂ 950 ਕਰੋੜ ਦਾ ਚਾਰਾ ਘੁਟਾਲਾ ਉਜਾਗਰ ਹੋਇਆ ਸੀ ਅਤੇ ਪਟਨਾ ਹਾਈਕੋਰਟ ਨੇ ਸੀਬੀਆਈ ਨੂੰ ਜਾਂਚ ਦਾ ਆਦੇਸ਼ ਦਿੱਤਾ ਸੀ ਅਤੇ ਸੁਪਰੀਮ ਕੋਰਟ ਨੇ ਉਸ ਉ¤ਪਰ ਮੋਹਰ ਲਗਾ ਦਿੱਤੀ ਸੀ। 1997 ਵਿੱਚ ਸੀਬੀਆਈ ਨੇ ਰਾਜਪਾਲ ਤੋਂ ਲਾਲੂ ਖਿਲਾਫ਼ ਕੇਸ ਚਲਾਉਣ ਦੀ ਆਗਿਆ ਮੰਗੀ ਸੀ ਅਤੇ ਆਗਿਆ ਮਿਲਣ ਤੋਂ ਬਾਅਦ ਲਾਲੂ ਸਮੇਤ 55 ਲੋਕਾਂ ’ਤੇ 63 ਕੇਸ ਦਰਜ ਹੋਏ ਸਨ। 1997 ਵਿੱਚ ਲਾਲੂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੀ। ਉਸ ਤੋਂ ਬਾਅਦ ਲਗਾਤਾਰ ਲਾਲੂ ਅਤੇ ਲਾਲੂ ਪਰਿਵਾਰ ਉ¤ਪਰ ਭ੍ਰਿਸ਼ਟਾਚਾਰ ਦੇ ਦੋਸ਼ ਲਗਦੇ ਰਹੇ।
ਲਾਲੂ ਪ੍ਰਸ਼ਾਦ ਯਾਦਵ ਨੂੰ ਚਾਰਾ ਘਪਲੇ ਵਿੱਚ ਹੋਈ ਸਜ਼ਾ ਨੇ ਇਕ ਵਾਰ ਫਿਰ ਹਿੰਦੋਸਤਾਨ ਵਿੱਚ ਨਿਆਂਪਾਲਿਕਾ ਦੀ ਇਜ਼ਤ ਅਤੇ ਸਤਿਕਾਰ ਵਿੱਚ ਵਾਧਾ ਕੀਤਾ ਹੈ। ਇਹ ਗੱਲ ਤਾਂ ਸਪੱਸ਼ਟ ਹੈ ਕਿ ਅਦਾਲਤ ਨੇ ਸਬੂਤਾਂ ਦੇ ਅਧਾਰ ’ਤੇ ਹੀ ਫੈਸਲਾ ਦੇਣਾ ਹੁੰਦਾ ਹੈ।
ਅਗਰ ਸੀਬੀਆਈ ਜਾਂ ਹੋਰ ਤਫ਼ਤੀਸ਼ੀ ਏਜੰਸੀਆਂ ਸਹੀ ਤਫ਼ਤੀਸ਼ ਕਰਕੇ ਸਬੂਤ ਪੇਸ਼ ਕਰ ਦਿੰਦੀਆਂ ਹਨ ਤਾਂ ਅਪਰਾਧੀ ਦਾ ਬਚਣਾ ਮੁਸ਼ਕਿਲ ਹੁੰਦਾ ਹੈ। ਲਾਲੂ ਦੀ ਸਜ਼ਾ ਤੋਂ ਸਿਆਸੀ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਇਮਾਨਦਾਰੀ ਦਾ ਪੱਲਾ ਫੜਕੇ ਸਿਆਸਤ ਕਰਨੀ ਚਾਹੀਦੀ ਹੈ।

WRITTEN BY