May 15, 2026 8:42 pm

ਪੰਜਾਬ ’ਚ ਪੰਥਕ ਏਜੰਡੇ ਦੀ ਦੌੜ

ਉਂਜ ਪੰਥ ਦੀ ਕਿਸੇ ਨੂੰ ਸਾਰ ਨਹੀਂ ਪ੍ਰੰਤੂ ਪੰਜਾਬ ਦੀ ਸਿਆਸਤ ਵਿੱਚ ਦੋ ਪ੍ਰਮੁੱਖ ਸਿਆਸੀ ਧਿਰਾਂ ਦਰਮਿਆਨ ਪੰਥਕ ਏਜੰਡੇ ਲਈ ਦੌੜ ਲੱਗੀ ਹੋਈ ਹੈ। ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਕਾਂਗਰਸ ਦੀ ਤਰਫੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਮੁਕਾਬਲਾ ਦੇਣ ਲਈ ਕੁਝ ਚੋਣਵੇਂ ਪੰਥਕ ਮੁੱਦਿਆਂ ਉ¤ਪਰ ਕੰਮ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੁਣ ਪੰਥਕ ਮੁੱਦਿਆਂ ਦੀ ਯਾਦ ਸਤਾਉਣ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਕ ਤੋਂ ਬਾਅਦ ਦੂਜੇ ਪੰਥਕ ਮੁੱਦੇ ਨੂੰ ਉਠਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਭੁਲਿਆ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾ ਰਾਜਕਾਲ ਦੌਰਾਨ ਪੰਥ ਕਿਸੇ ਨੂੰ ਯਾਦ ਨਹੀਂ ਰਿਹਾ। ਵੋਟਾਂ ਲਈ ਦੋਵੇਂ ਹੀ ਧਿਰਾਂ ਨੂੰ ਪੰਥਕ ਚੋਣਵੇਂ ਮੁੱਦਿਆਂ ’ਤੇ ਕੰਮ ਕਰਨਾ ਚੰਗਾ ਲੱਗਦਾ ਹੈ, ਪ੍ਰੰਤੂ ਪੰਥ ਦੀ ਭਲਾਈ ਲਈ ਉਹ ਇਕ ਕਦਮ ਪੁੱਟਣ ਨੂੰ ਤਿਆਰ ਨਹੀਂ ਹਨ। ਇਹ ਬੇਹ¤ਦ ਦੁਖਦ ਸਥਿਤੀ ਹੈ ਕਿ ਦੋਵੇਂ ਸਿਆਸੀ ਧਿਰਾਂ ਮੋਟੇ ਤੌਰ ’ਤੇ ਪੰਥ ਵੱਲ ਪਿੱਠ ਕਰੀ ਖੜ੍ਹੀਆਂ ਹਨ, ਪ੍ਰੰਤੂ ਚੋਣ ਰਾਜਨੀਤੀ ਦੀ ਸਹੂਲਤ ਲਈ ਇਕ ਜਾਂ ਦੂਜਾ ਪੰਥਕ ਮੁੱਦਾ ਵਰਤ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਸਿੱਖ ਪੰਥ ਦੀ ਕਥਿਤ ਨਿਆਰੀ ਹਸਤੀ ਲਈ ਸੰਵਿਧਾਨਕ ਸੋਧ ਦਾ ਮੁੱਦਾ ਉਠਾਇਆ ਗਿਆ ਹੈ। ਕਈ ਦਹਾਕਿਆਂ ਦੀ ਚੁੱਪੀ ਤੋਂ ਬਾਅਦ ਇਸ ਮੁੱਦੇ ’ਤੇ ਮੁੜ ਸਰਗਰਮੀ ’ਤੇ ਹਾਸਾ ਆਉਂਦਾ ਹੈ। ਹੁਣ ਜਦੋਂ ਕੇਂਦਰ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ ਹੈ ਤਦ ਅਕਾਲੀ ਦਲ ਇਹ ਆਸ ਕਿਸ ਤਰ੍ਹਾਂ ਰੱਖ ਰਿਹਾ ਹੈ ਕਿ ਭਾਜਪਾ ਸਿੱਖ ਪੰਥ ਦੀ ਅੱਡਰੀ ਹਸਤੀ ਲਈ ਸੰਵਿਧਾਨ ਦੀ ਧਾਰਾ 25-ਬੀ ਵਿੱਚ ਸੋਧ ਲਈ ਪ੍ਰਵਾਨਗੀ ਦੇਵੇਗੀ। ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਮੁੱਦਿਆਂ ’ਤੇ ਇਸ ਤਰ੍ਹਾਂ ਵੀ ਸਰਗਰਮੀ ਕਰਕੇ ਭਾਜਪਾ ਨੂੰ ਝੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਪੰਥਕ ਰਾਜਨੀਤੀ ਨਾਲ ਭਾਜਪਾ ਦੀ ਲੀਡਰਸ਼ਿਪ ਝੁਕੇਗੀ ਅਤੇ ਅਕਾਲੀ ਦਲ ਨਾਲ ਮੁੜ ਨਿੱਘਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰੇਗੀ। ਸੌਦੇਬਾਜ਼ੀ ਦੀ ਇਸ ਨੀਅਤ ਨਾਲ ਹੀ ਸੰਵਿਧਾਨਕ ਸੋਧ ਦਾ ਮੁੱਦਾ ਉਠਾਇਆ ਗਿਆ ਹੈ। ਇਸ ਮੁੱਦੇ ’ਤੇ ਅਕਾਲੀ ਵਫਦ ਨੂੰ ਭਾਜਪਾ ਵੱਲੋਂ ਉਂਜ ਕੋਈ ਯੋਗ ਹੁੰਗਾਰਾ ਨਹੀਂ ਮਿਲਿਆ ਇਸ ਲਈ ਹੁਣ ਆਪਣੀ ਨੱਕ ਬਚਾਉਣ ਲਈ ਪਾਰਟੀ ਵੱਲੋਂ ਸੰਸਦ ਵਿੱਚ ਖੁਦ ਹੀ ਮਤਾ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ। ਦੋਵੇਂ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਪੰਥ ਨਾਲ ਫਰੇਬ ਨਾ ਕਰਨ। ਦੋਵਾਂ ਨੂੰ ਆਪੋ-ਆਪਣੀ ਰਾਜਨੀਤੀ ਲਈ ਪੰਥ ਨੂੰ ਵਰਤਣ ਦਾ ਕੋਈ ਅਧਿਕਾਰ ਨਹੀਂ।
– ਬਲਜੀਤ ਸਿੰਘ ਬਰਾੜ

Send this to a friend