ਬਿੱਟ-ਕੁਆਇਨ ਬਿਨਾਂ ਕਿਸੇ ਸਰਕਾਰੀ ਕੰਟਰੋਲ ਵਾਲੀ ਇਕ ਵਰਚੁਅਲ ਮੁਦਰਾ ਹੈ, ਬਿਟ-ਕੁਆਇਨ ਦਾ ਨਾਮ ਦੁਨੀਆਂ ਨੇ ਪਹਿਲੀ ਵਾਰ 2008 ਵਿੱਚ ਸੁਣਿਆ ਸੀ ਅਤੇ 2009 ਵਿੱਚ ਇਹ ਗੁਪਤ ਕਰੰਸੀ ਚਾਲੂ ਹੋ ਗਈ ਸੀ। ਇਹ ਇਕ ਡਿਜ਼ੀਟਲ ਮੁਦਰਾ ਹੈ ਜਿਸ ਦਾ ਲੈਣ ਦੇਣ ਕੰਪਿਊਟਰ ਜ਼ਰੀਏ ਹੀ ਸੰਭਵ ਹੈ। ਭਾਰਤੀ ਕਰੰਸੀ ਵਿੱਚ ਅੱਜ ਇਕ ਬਿਟ-ਕੁਆਇਨ ਦੀ ਕੀਮਤ 865618.29 ਰੁਪਏ ਹੈ। 2017 ਵਿੱਚ ਬਿਟ-ਕੁਆਇਨ ਵਿੱਚ ਆਏ ਉਛਾਲ ਨੇ ਅਨੇਕਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। 2009 ਵਿੱਚ ਇਕ ਬਿਟ-ਕੁਆਇਨ ਮਹਿਜ਼ ਕੁੱਝ ਕੁ ਡਾਲਰਾਂ ਦੀ ਕੀਮਤ ਵਿੱਚ ਤਬਦੀਲ ਹੋ ਜਾਂਦਾ ਸੀ। 2013 ਵਿੱਚ ਇਸ ਦੀ ਕੀਮਤ 120 ਡਾਲਰ ਸੀ ਅਤੇ ਅੱਜ ਇਸ ਦੀ ਕੀਮਤ 16000 ਡਾਲਰ ਤੱਕ ਪਹੁੰਚ ਚੁੱਕੀ ਹੈ। ਪਿਛਲੇ ਚਾਰ ਵਰ੍ਹਿਆਂ ਵਿੱਚ ਬਿਟ-ਕੁਆਇਨ ਨੇ ਵਰਚੁਅਲ ਮੁਦਰਾ ਵਿੱਚ ਲੈਣ ਦੇਣ ਵਿੱਚ ਦਿਲਚਸਪੀ ਰੱਖਣ ਵਾਲਿਆਂ ਵਿੱਚ ਤਹਿਲਕਾ ਮਚਾ ਦਿੱਤਾ ਹੈ।
ਟੇਲਰ ਵਿੰਕੇਲਵੋਸ ਅਤੇ ਕੈਮਰੂਮ ਵਿੰਕੇਲਵੇਸ ਨੂੰ ਬਿਟ-ਕੁਆਇਨ ਬਹੁਤ ਰਾਸ ਆਇਆ। ਇਹ ਵਿੰਕੇਲਵੇਸ ਹਾਵਰਡ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦਿਆਂ ਵੱਡੇ ਸੁਪਨੇਸਾਜ਼ ਬਣ ਗਏ ਅਤੇ ਅਰਬਾਂ ਖ਼ਰਬਾਂ ਦੇ ਸੁਪਨੇ ਦੇਖਣ ਲੱਗੇ। ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਟੇਲਰ ਅਤੇ ਕੈਮਰੂਮ ਨੇ 2013 ਵਿੱਚ 90 ਹਜ਼ਾਰ ਬਿਟ-ਕੁਆਇਨ ਖਰੀਦ ਲਏ। ਉਸ ਸਮੇਂ ਇਕ ਬਿਟ-ਕੁਆਇਨ 120 ਰੁਪਏ ਪ੍ਰਤੀ ਕੁਆਇਨ ਵਿੱਕ ਰਿਹਾ ਸੀ। ਕੁਆਇਨ ਡੈਸਕ ਡੌਟਕਾਮ ਮੁਤਾਬਿਕ ਪਿਛਲੇ ਦਿਨੀਂ ਬਿਟ- ਕੁਆਇਨ ਦੀ ਕੀਮਤ ਵਿੱਚ 50 ਫੀਸਦੀ ਤੋਂ ਵੱਧ ਦਾ ਉਛਾਲ ਆਇਆ ਅਤੇ ਇਸ ਦੀ ਕੀਮਤੀ 16. 050.83 ਡਾਲਰ ਹੋ ਗਈ ਸੀ। ਇਉਂ ਇਕ ਸਾਲ ਵਿੱਚ ਇਸ ਦੀ ਕੀਮਤ ਵਿੱਚ ਲਗਪਗ 2100 ਫੀਸਦੀ ਉਛਾਲ ਆ ਚੁੱਕਾ ਸੀ। ਇਸ ਉਛਾਲ ਨੇ ਵਿੰਕੇਲਵੋਸ ਭਰਾਵਾਂ ਦੀ ਕਿਸਮਤ ਬਦਲ ਦਿੱਤੀ ਅਤੇ ਉਨ੍ਹਾਂ ਨਾਮ ਦੁਨੀਆਂ ਦੇ ਅਰਬਪਤੀਆਂ ਵਿੱਚ ਸ਼ੁਮਾਰ ਹੋ ਗਿਆ। ਇਸ ਹਕੀਕਤ ਬਾਰੇ ਤਾਂ ਸਾਰੇ ਜਾਣੂ ਹਨ ਕਿ ਕੁੱਝ ਵੱਡਾ ਕਰਨ ਲਈ ਜੋਖਮ ਉਠਾਉਣਾ ਜ਼ਰੂਰੀ ਹੁੰਦਾ ਹੈ। ਜਿਨ੍ਹਾਂ ਵੱਡਾ ਜੋਖਮ ਉਨ੍ਹਾਂ ਵੱਡਾ ਫਾਇਦਾ। ਜਿਸ ਵੇਲੇ ਵਿੰਕੇਲਵੋਸ ਭਰਾਵਾਂ ਨੇ ਬਿਟ-ਕੁਆਇਨ ਵਿੱਚ ਨਿਵੇਸ਼ ਕੀਤਾ ਸੀ ਉਸ ਵੇਲੇ ਬਹੁਤ ਘੱਟ ਲੋਕਾਂ ਨੂੰ ਇਹ ਮੁਦਰਾ ਬਾਰੇ ਪਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਜੋਖਮ ਉਠਾ ਲਿਆ ਸੀ। ਵਿਸ਼ਵ ਦੀ ਬੇਹਤਰੀਨ ਯੂਨੀਵਰਸਿਟੀ ਹਾਰਵਰਡ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਕਰਨ ਵਾਲੇ ਵਿੰਕੇਲਵੋਸ ਭਰਾਵਾਂ ਨੇ ਇਕ ਐਕਸਚੇਂਜ ਰੇਟ ‘ਜੇਮਿਨੀ’ ਅਤੇ ਆਪਣਾ ਖ਼ੁਦ ਦਾ ਨਿਵੇਸ਼ ਫੰਡ ਵਿੰਕੇਲਵੋਸ ਕੈਪੀਟਲ ਬਣਾਇਆ। ਉਹ ਬਿਟ ਕੁਆਇਨ ਨੂੰ ਅਮਰੀਕੀ ਸਟੌਕ ਮਾਰਕੀਟ ਵਿੱਚ ਲਿਆਉਣਾ ਚਾਹੁੰਦੇ ਸਨ ਪਰ ਸਫਲ ਨਹੀਂ ਹੋ ਸਕੇ।
ਵਿੰਕੇਲਵੋਸ ਭਰਾ ਸਿਰਫ ਬਿਟ-ਕੁਆਇਨ ਦੇ ਪੈਸੇ ਨਾਲ ਹੀ ਅਮੀਰ ਨਹੀਂ ਬਣੇ ਸਗੋਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਫੇਸਬੁੱਕ ਦਾ ਆਈਡੀਆ ਵੀ ਉਨ੍ਹਾਂ ਦਾ ਸੀ ਜੋ ਫੇਸਬੁੱਕ ਸੰਸਥਾਪਕ ਮਾਰਕ ਜੁਕਰਬਰਗ ਲਈ ਮਾਰਕ ਜੁਕਰਬਰਗ ’ਤੇ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਸੀ। ਵਿੰਕੇਲਵੋਸ ਭਰਾਵਾਂ ਨੇ ਤਰਕ ਦਿੱਤਾ ਸੀ ਕਿ ਜਦੋਂ ਉਹ ਹਾਰਬਰਡ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਤਾਂ ਉਨ੍ਹਾਂ ਹਾਰਬਰਡ ਕੁਨੈਕਸ਼ਨ ਨਾਮ ਦੀ ਸਾਇਟ ਬਣਾਉਣ ਲਈ ਕੰਮ ਕਰ ਰਹੇ ਸਨ। ਇਸੇ ਹਾਰਬਰਡ ਕੁਨੈਕਸ਼ਨ ਦਾ ਨਾਮ ਬਾਅਦ ਵਿੱਚ ਬਦਲਕੇ ‘ਕਨੈਕਟ ਯੂ’ ਰੱਖ ਦਿੱਤਾ ਗਿਆ ਸੀ। ਵਿੰਕੇਲਵੋਸ ਭਰਾਵਾਂ ਨੇ ਦਾਅਵਾ ਕੀਤਾ ਕਿ ਇਸ ਨੈਟਵਰਕ ਨੂੰ ਬਣਾਉਣ ਲਈ ਉਨ੍ਹਾਂ ਜੁਕਰਬਰਗ ਨੂੰ ਕੰਮ ’ਤੇ ਰੱਖਿਆ ਸੀ ਅਤੇ ਜੁਕਬਰਗ ਨੇ ਇਸ ਆਈਡੀਆ ਨੂੰ ਲੈ ਕੇ ਫੇਸਬੁੱਕ ਦੀ ਸਥਾਪਨਾ ਕਰ ਲਈ। ਜੁਕਰਬਰਗ ਨੇ ਵਿੰਕੇਲਵੋਸ ਭਰਾਵਾਂ ਸਾਹਮਣੇ ਸਮਝੌਤਾ ਕਰਨ ਦੀ ਤਜਵੀਜ਼ ਰੱਖੀ। ਵਿੰਕੇਲਵੋਸ ਭਰਾਵਾਂ ਨੇ 100 ਮਿਲੀਅਨ ਡਾਲਰ ਦੀ ਮੰਗ ਰੱਖੀ। ਆਖਰ 65 ਮਿਲੀਅਨ ਡਾਲਰ ’ਤੇ ਸਮਝੌਤਾ ਹੋਇਆ। ਮਾਰਕ ਜੁਕਰਬਰਗ ਨੇ 65 ਮਿਲੀਅਨ ਡਾਲਰ ਦੇ ਕੇ ਅਦਾਲਤ ਤੋਂ ਬਾਹਰ ਸਮਝੌਤਾ ਤਾਂ ਕਰ ਲਿਆ ਪਰ ਦੂਜੇ ਪਾਸੇ ਮੀਡੀਆ ਵਿੱਚ ਵਿੰਕੇਲਵੋਸ ਭਰਾਵਾਂ ਦੀ ਬੱਲੇ-ਬੱਲੇ ਹੋ ਗਈ। ਉਨ੍ਹਾਂ ਇਸ ਰਕਮ ਨੂੰ ਵਰਚੁਅਲ ਮੁਦਰਾ ਬਿਟ-ਕੁਆਇਨ ਵਿੱਚ ਨਿਵੇਸ਼ ਕਰ ਦਿੱਤਾ ਅਤੇ ਅੱਜ ਉਹ 1100 ਮਿਲੀਅਨ ਅਮਰੀਕੀ ਡਾਲਰ ਦੇ ਮਾਲਕ ਬਣ ਗਏ ਹਨ।
ਉਕਤ ਕਹਾਣੀ ਤੋਂ ਸੂਤਰ ਸਪੱਸ਼ਟ ਹੈ ਕਿ ਜੇ ਤੁਸੀਂ ਦਿਲੋਂ ਕਿਸੇ ਚੀਜ਼ ਦੀ ਚਾਹਤ ਰੱਖਦੇ ਹੋ। ਜੇ ਤੁਹਾਡੇ ਵਿੱਚ ਜੌਖਮ ਲੈਣ ਦੀ ਹਿੰਮਤ ਹੈ। ਜੇ ਤੁਸੀਂ ਨਵੀਆਂ ਤਕਨੀਕਾਂ ਦੇ ਹਾਣੀ ਹੋ ਤਾਂ ਵਿੰਕੇਲਵੋਸ ਭਰਾਵਾਂ ਵਾਂਗ ਵੱਡੇ ਫਾਇਦੇ ਵਿੱਚ ਰਹੋਗੇ। ਹਾਲਾਂਕਿ ਬਿਟ ਕੁਆਇਨ ਬਾਰੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਤੀਜੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਇਸ ’ਚ ਨਿਵੇਸ਼ ਕਰਨਾ ਖਤਰੇ ਤੋਂ ਖਾਲੀ ਨਹੀਂ।
ਦੂਜੇ ਪਾਸੇ ਸਾਰੀ ਦੁਨੀਆਂ ਵਿੱਚ ਕਰੋੜਾਂ ਲੋਕ ਉਸ ਮੁੱਦਰਾ ਵਿੱਚ ਨਿਵੇਸ਼ ਕਰਨ ਦਾ ਖਤਰਾ ਮੁੱਲ ਲੈ ਰਹੇ ਹਨ ਭਾਵੇਂ ਕਿ ਵਿੰਕੇਲਵੋਸ ਭਰਾਵਾਂ ਵਰਗੀ ਕਿਸਮਤ ਹਰ ਕਿਸੇ ਦੀ ਨਹੀਂ ਹੁੰਦੀ।