May 16, 2026 9:49 am

ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇ ਦੀ ਸਾਜ਼ਿਸ ਸਿਖ ਕੌਮ ਦੀ ਆਰਥਿਕਤਾ ਅਤੇ ਪਹਿਚਾਣ ’ਤੇ ਹਮਲਾ

ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੇਂਦਰ ’ਤੇ ਮੁਤੱਸਵੀ ਸੋਚ ਰਖਣ ਦਾ ਦੋਸ਼

ਫ਼ਤਹਿਗੜ੍ਹ ਸਾਹਿਬ- “ਪੰਜਾਬ ਐਂਡ ਸਿੰਧ ਬੈਂਕ ਨੂੰ ਭਾਈ ਵੀਰ ਸਿੰਘ ਜੀ ਅਤੇ ਸ. ਇੰਦਰਜੀਤ ਸਿੰਘ, ਸ. ਜੋਗਿੰਦਰ ਸਿੰਘ ਮਾਨ ਅਤੇ ਹੋਰ ਕਈ ਪ੍ਰਮੁਖ ਸਿਖ ਸਖਸ਼ੀਅਤਾਂ ਨੇ ਬਹੁਤ ਹੀ ਮਿਹਨਤ ਅਤੇ ਸੰਜੀਦਗੀ ਢੰਗਾਂ ਦੀ ਵਰਤੋਂ ਕਰਦੇ ਹੋਏ ਇਸ ਲਈ ਹੋਂਦ ਵਿਚ ਲਿਆਂਦਾ ਸੀ ਤਾਂ ਕਿ ਇਕ ਤਾਂ ਇਸ ਬੈਂਕ ਵਿਚ ਵਡੀ ਗਿਣਤੀ ਵਿਚ ਸਿਖ ਆਪਣਾ ਕੌਮੀ ਬੈਂਕ ਪ੍ਰਵਾਨ ਕਰਦੇ ਹੋਏ ਆਪਣੀਆਂ ਬਚਤ ਰਾਸ਼ੀਆਂ ਫਖ਼ਰ ਨਾਲ ਜਮ੍ਹਾਂ ਕਰਵਾਉਣ, ਦੂਸਰਾ ਇਸ ਬੈਂਕ ਵਿਚ ਉਪਰੋਕਤ ਸਖਸ਼ੀਅਤਾਂ ਅਤੇ ਪ੍ਰਬੰਧਕਾਂ ਵਲੋਂ ਬੇਸ਼ਕ ਸਭ ਵਰਗਾਂ ਨਾਲ ਸੰਬੰਧਤ ਲਿਆਕਤਮੰਦਾਂ ਅਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਂਦੀ ਸੀ, ਲੇਕਿਨ ਉਸ ਭਰਤੀ ਵਿਚ ਸਿਖ ਕੌਮ ਨਾਲ ਸੰਬੰਧਤ ਬਚਿਆਂ ਦਾ ਵਡਾ ਕੋਟਾ ਰਖਿਆ ਜਾਂਦਾ ਸੀ ਅਤੇ ਗੁਰਸਿਖੀ ਵਿਚ ਪ੍ਰਪਕ ਅਤੇ ਉਸ ਸੋਚ ਤੇ ਨਿਯਮਾਂ ਉਤੇ ਪਹਿਰਾ ਦੇਣ ਵਾਲੇ ਸਿਖਿਅਤ ਬਚਿਆਂ ਨੂੰ ਰੁਜ਼ਗਾਰ ਦਿਤਾ ਜਾਂਦਾ ਰਿਹਾ ਹੈ । ਇਸ ਲਈ ਪੰਜਾਬ ਐਂਡ ਸਿੰਧ ਬੈਂਕ ਸਿਖ ਕੌਮ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਜਿਥੇ ਵਡਾ ਉਦਮ ਸੀ, ਉਥੇ ਸਿਖੀ ਅਤੇ ਸਿਖ ਧਰਮ ਦੀ ਅਣਖ਼ੀਲੀ ਤੇ ਵਖਰੀ ਪਹਿਚਾਣ ਨੂੰ ਕੌਮਾਂਤਰੀ ਪਧਰ ਤੇ ਫੈਲਾਉਣ ਦਾ ਇਕ ਸਬਬ ਵੀ ਬਣਿਆ ਹੈ । ਲੇਕਿਨ ਦੁਖ ਅਤੇ ਅਫ਼ਸੋਸ ਹੈ ਕਿ ਹਿੰਦੂਤਵ ਹੁਕਮਰਾਨਾਂ ਨੇ ਸਿਖ ਵਿਰੋਧੀ ਮੰਦਭਾਵਨਾ ਨੂੰ ਅਮਲੀ ਰੂਪ ਦਿੰਦੇ ਹੋਏ ਸਿਖ ਕੌਮ ਦੇ ਇਸ ਕੌਮਾਂਤਰੀ ਪਧਰ ਤੇ ਸਥਾਪਿਤ ਹੋ ਚੁਕੇ ਪੰਜਾਬ ਐਂਡ ਸਿੰਧ ਬੈਂਕ ਨੂੰ ਦੂਸਰੇ ਬੈਂਕ ਵਿਚ ਰਲੇਵਾ ਕਰਨ ਦੀ ਸਾਜ਼ਿਸ ਰਚੀ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿਖ ਕੌਮ ਸਿਧੇ ਤੌਰ ਤੇ ਹੁਕਮਰਾਨਾਂ ਦਾ ਸਿਖੀ ਉਤੇ ਹਮਲਾ ਕਰਾਰ ਦਿੰਦਾ ਹੋਇਆ ਮੋਦੀ ਹਕੂਮਤ ਨੂੰ ਇਸ ਸਾਜ਼ਿਸ ਨੂੰ ਨੇਪਰੇ ਚਾੜ੍ਹਨ ਵਿਰੁਧ ਖ਼ਬਰਦਾਰ ਕਰਦਾ ਹੈ, ਜਿਸ ਦੇ ਨਤੀਜੇ ਕਤਈ ਵੀ ਸਾਰਥਿਕ ਨਹੀਂ ਹੋਣਗ।
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੁਤਸਵੀ ਸੋਚ ਰਖਣ ਵਾਲੀ ਮੋਦੀ ਹਕੂਮਤ ਅਤੇ ਉਸਦੀ ਵਿਜਾਰਤ ਵਿਚ ਸਾਮਿਲ ਵਜ਼ੀਰਾਂ ਅਤੇ ਅਫ਼ਸਰਾਂ ਵਲੋਂ ਇਕ ਸੋਚੀ ਸਮਝੀ ਸਾਜ਼ਿਸ ਅਧੀਨ ਉਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਿਵੇਂ ਕੁਝ ਸਮਾਂ ਪਹਿਲੇ ਇਕ ਨਾਮਵਰ ਸਿਖ ਸ. ਦਿਆਲ ਸਿੰਘ ਮਜੀਠੀਆ ਵਲੋਂ ਦਿਲੀ ਵਿਖੇ ਬਹੁਤ ਸਾਲ ਪਹਿਲੇ ਸੁਰੂ ਕੀਤੇ ਗਏ ਆਪਣੇ ਨਾਮ ਦੇ ਕਾਲਜ ਨੂੰ ਬਦਲਕੇ, ਉਪਰੋਕਤ ਕਾਲਜ ਦੇ ਸਿਖੀ ਰੂਪ ਅਤੇ ਪਹਿਚਾਣ ਨੂੰ ਖ਼ਤਮ ਕਰਕੇ ‘ਬੰਦੇ ਮਾਤਰਮ‘ ਦਾ ਨਾਮ ਰਖਣ ਦੀ ਸਾਜ਼ਿਸ ਰਚੀ ਸੀ । ਜਿਸ ਨੂੰ ਸਮੁਚੀ ਸਿਖ ਕੌਮ ਨੇ ਆਪਣੇ ਉਤੇ ਹਮਲਾ ਕਰਾਰ ਦਿੰਦੇ ਹੋਏ ਪੂਰੇ ਮੁਲਕੀ ਪਧਰ ਤੇ ਆਵਾਜ਼ ਬੁਲੰਦ ਕੀਤੀ ਅਤੇ ਮੁਤਸਵੀ ਹੁਕਮਰਾਨਾਂ ਨੂੰ ਆਪਣੇ ਕੀਤੇ ਗਏ ਉਪਰੋਕਤ ਫੈਸਲੇ ਨੂੰ ਬਦਲਣਾ ਪਿਆ । ਇਹ ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇ ਦੇ ਕੀਤੇ ਜਾ ਰਹੇ ਯਤਨ ਵੀ ਸਿਖੀ ਪਹਿਚਾਣ ਅਤੇ ਸਿਖ ਕੌਮ ਦੀ ਮਾਲੀ ਹਾਲਤ ਨੂੰ ਸਟ ਮਾਰਨ ਲਈ ਕੀਤੀ ਜਾ ਰਹੀ ਹੈ । ਜਿਸ ਨੂੰ ਸਿਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਸ. ਟਿਵਾਣਾ ਨੇ ਦਿਲੀ ਵਿਖੇ ਸਿਖ ਕੌਮ ਨਾਲ ਸੰਬੰਧਤ ਦਰਦ ਰਖਣ ਵਾਲੀਆ ਸਖਸ਼ੀਅਤਾਂ ਵਲੋਂ ਜੋ ਇਕ ਪਲੇਟਫਾਰਮ ਤੇ ਇਕਤਰ ਹੋ ਕੇ ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇ ਵਿਰੁਧ ਇਕ ਜੋਰਦਾਰ ਲਹਿਰ ਸੁਰੂ ਕੀਤੀ ਹੈ ਅਤੇ ਹੁਕਮਰਾਨਾਂ ਨੂੰ ਇਸ ਕੀਤੀ ਜਾ ਰਹੀ ਗੁਸਤਾਖੀ ਲਈ ਖ਼ਬਰਦਾਰ ਕਰਨ ਦਾ ਉਦਮ ਕੀਤਾ ਹੈ, ਉਸ ਲਈ ਉਸ ਇਕਠ ਵਿਚ ਸਾਮਿਲ ਹੋਣ ਵਾਲੇ ਸਭ ਪੰਥ ਦਰਦੀ ਵਧਾਈ ਦੇ ਪਾਤਰ ਹਨ । ਜਿਨ੍ਹਾ ਨੇ ਹੁਕਮਰਾਨਾਂ ਦੀ ਮੰਦਭਾਵਨਾ ਨੂੰ ਭਾਪਦੇ ਹੋਏ ਸਮੁਚੀ ਸਿਖ ਕੌਮ ਨੂੰ ਉਸੇ ਤਰ੍ਹਾਂ ਤਿਆਰ ਰਹਿਣ ਦਾ ਸਦਾ ਦਿਤਾ ਹੈ, ਜਿਵੇਂ ਉਪਰੋਕਤ ਸ. ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਦਲਣ ਵੇਲੇ ਸਿਖ ਕੌਮ ਨੇ ਏਕਤਾ ਦਾ ਸਬੂਤ ਦਿਤਾ ਸੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਬੈਂਕ ਘਾਟੇ ਵਿਚ ਜਾਵੇ ਜਾਂ ਉਸਦੇ ਪ੍ਰਬੰਧਕੀ ਢਾਂਚੇ ਵਿਚ ਤਰੁਟੀਆ ਉਤਪੰਨ ਹੋ ਜਾਣ, ਤਦ ਹੀ ਕਿਸੇ ਬੈਂਕ ਦਾ ਦੂਸਰੇ ਬੈਂਕ ਵਿਚ ਰਲੇਵਾ ਕਰਨ ਦੇ ਅਮਲ ਬਾਰੇ ਸੋਚਿਆ ਜਾਂਦਾ ਹੈ । ਪਰ ਜਦੋਂ ਪੰਜਾਬ ਐਂਡ ਸਿੰਧ ਬੈਂਕ ਦੀਆਂ ਬ੍ਰਾਚਾਂ ਪੂਰੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਪੂਰੀ ਕਾਮਯਾਬੀ ਨਾਲ ਚਲ ਰਹੀਆ ਹਨ ਅਤੇ ਇਸਦੇ ਬੀਤੇ ਸਮੇਂ ਦੇ ਨਿਰਦੇਸ਼ਕ ਪ੍ਰਬੰਧਕਾਂ ਅਤੇ ਮੌਜੂਦਾ ਨਿਰਦੇਸ਼ਕ ਪ੍ਰਬੰਧ ਵਲੋਂ ਇਸ ਬੈਂਕ ਨੂੰ ਬਾਖੂਬੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਬੈਂਕ ਵਿਚ 80-85% ਵਡੇ-ਵਡੇ ਧਨਾਢ ਸਿਖਾਂ ਅਤੇ ਸੁਧਾਰਨ ਸਿਖਾਂ ਦੀਆਂ ਕਰੋੜਾਂ-ਅਰਬਾਂ ਰੁਪਏ ਦੀਆਂ ਰਾਸ਼ੀਆਂ ਜਮ੍ਹਾਂ ਹਨ ਅਤੇ ਵਪਾਰਕ ਤੌਰ, ਜਿੰਮੀਦਾਰਾਂ ਕਿਤੇ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਵਿਸੇ?ਸ਼ ਤੌਰ ਤੇ ਪੰਜਾਬੀਆਂ ਅਤੇ ਸਿਖਾਂ ਨੂੰ ਲੰਮੇ ਸਮੇਂ ਤੋਂ ਹਰ ਤਰ੍ਹਾਂ ਦੀ ਇਮਦਾਦ, ਕਰਜੇ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਦਾ ਆ ਰਿਹਾ ਹੈ, ਫਿਰ ਪੰਜਾਬ ਐਂਡ ਸਿੰਧ ਬੈਂਕ ਦੇ ਕੌਮੀ ਅਤੇ ਸਿਖੀ ਨਾਮ ਤੋਂ ਚਿੜ੍ਹਕੇ ਹੀ ਹੁਕਮਰਾਨਾਂ ਵਲੋਂ ਅਜਿਹੀਆ ਰਲੇਵੇ ਕਰਨ ਦੀਆਂ ਸਾਜ਼ਿਸਾਂ ਕਿਉਂ ਰਚੀਆ ਜਾ ਰਹੀਆ ਹਨ ? ਇਹ ਸਵਾਲ ਅਜ ਕੇਵਲ ਹਰ ਸਿਖ ਦੇ ਮਨ ਤੇ ਆਤਮਾ ਵਿਚ ਹੀ ਨਹੀਂ, ਬਲਕਿ ਦੂਸਰੇ ਵਰਗਾਂ ਤੇ ਧਰਮਾਂ ਦੇ ਜਮ੍ਹਾਕਰਤਾ ਜੋ ਇਸ ਬੈਂਕ ਨਾਲ ਲੰਮੇ ਸਮੇਂ ਤੋ ਜੁੜੇ ਹੋਏ ਹਨ ਤੇ ਸੰਤੁਸਟ ਹਨ, ਉਨ੍ਹਾਂ ਦੇ ਮਨ ਵਿਚ ਵੀ ਹੁਕਮਰਾਨਾਂ ਦੀ ਸਾਜਸੀ ਬੇਈਮਾਨੀ ਸਾਹਮਣੇ ਆ ਰਹੀ ਹੈ ।
ਸ. ਟਿਵਾਣਾ ਨੇ ਸਮੁਚੇ ਪੰਥ ਦਰਦੀਆਂ, ਬੁਧੀਜੀਵੀਆਂ ਅਤੇ ਸਿਖ ਕੌਮ ਨੂੰ ਸੰਜ਼ੀਦਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਵੀ ਪੰਥ ਦਰਦੀਆਂ ਨੇ ਦਿਲੀ ਵਿਖੇ ਪ੍ਰਭਾਵਸ਼ਾਲੀ ਇਕਠ ਕਰਕੇ ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇ ਵਿਰੁਧ ਇਹ ਕੌਮੀ ਲਹਿਰ ਛੇੜੀ ਹੈ, ਉਨ੍ਹਾਂ ਨੂੰ ਸਮੁਚੀ ਸਿਖ ਕੌਮ ਬਿਨ੍ਹਾਂ ਕਿਸੇ ਭੇਦਭਾਵ, ਪਾਰਟੀਬਾਜੀ ਜਾਂ ਹੋਰ ਕਿਸੇ ਮਾਮੂਲੀ ਕਾਰਨਾਂ ਤੋਂ ਉਪਰ ਉਠਕੇ ਸੁਹਿਰਦਤਾ ਨਾਲ ਸਹਿਯੋਗ ਕਰਨ ਤਾਂ ਕਿ ਸਮੁਚੀ ਸਿਖ ਕੌਮ ਸ. ਦਿਆਲ ਸਿੰਘ ਮਜੀਠੀਆ ਕਾਲਜ ਦੇ ਨਾਮ ਬਦਲਣ ਦੇ ਵਿਰੁਧ ਉਠੀ ਲਹਿਰ ਦੀ ਤਰ੍ਹਾਂ ਇਕ ਹੋ ਕੇ ਆਪਣੇ ਇਸ ਸਿਖੀ ਤੇ ਕੌਮੀ ਪਹਿਚਾਣ ਵਾਲੇ ਬੈਂਕ ਅਤੇ ਸਿਖ ਕੌਮ ਦੀ ਆਰਥਿਕਤਾ ਨੂੰ ਸਾਜ਼ਸੀ ਢੰਗ ਨਾਲ ਸਟ ਮਾਰਨ ਤੋ ਬਚਾਇਆ ਜਾ ਸਕੇ ਅਤੇ ਇਸ ਲਹਿਰ ਦੀ ਫ਼ਤਹਿ ਹੋ ਸਕੇ
– ਪੰਜਾਬ ਟਾਇਮਜ਼ ਬਿਊਰੋ।

Send this to a friend