May 16, 2026 9:29 am

ਖੇਤੀਬਾੜੀ ਦੀ ਖੋਜ ਨੂੰ ਸਮਰਪਤ ਖੇਤੀ ਵਿਗਿਆਨੀ: ਡਾ.ਸਾਧੂ ਸਿੰਘ ਮੱਲ੍ਹੀ

ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਇਸ ਲਈ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਖੇਤੀਬਾੜੀ ਦੇ ਧੰਧੇ ਨੂੰ ਲਾਭਦਾਇਕ ਬਣਾਉਣ ਨਾਲ ਹੀ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਮਜ਼ਬੂਤ ਕੀਤੀ ਜਾ ਸਕਦੀ ਸੀ। ਇਸ ਗੱਲ ਨੂੰ ਮੁੱਖ ਰਖਦਿਆਂ ਹੀ ਸ੍ਰ.ਪਰਤਾਪ ਸਿੰਘ ਕੈਰੋਂ ਨੇ ਲੁਧਿਆਣਾ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਾਪਤ ਕੀਤੀ ਸੀ ਤਾਂ ਜੋ ਫਸਲਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਕਰਕੇ ਪੰਜਾਬ ਦੇ ਕਿਸਾਨਾ ਨੂੰ ਦਿੱਤੀਆਂ ਜਾਣ। ਪੰਜਾਬ ਦੇ ਕਿਸਾਨ ਸਿਰੜੀ ਅਤੇ ਹਿੰਮਤੀ ਦੇ ਤੌਰ ਤੇ ਪ੍ਰਸਿਧ ਹਨ। ਇਸ ਯੂਨੀਵਰਸਿਟੀ ਦੀ ਖੋਜ ਨੂੰ ਕਾਰਗਰ ਬਣਾਉਣ ਅਤੇ ਖੇਤੀ ਵਿਗਿਆਨੀਆਂ ਨੂੰ ਸੁਚੱਜੀ ਅਗਵਾਈ ਦੇਣ ਲਈ ਡਾ.ਮਹਿੰਦਰ ਸਿੰਘ ਰੰਧਾਵਾ ਨੂੰ ਇਸਦਾ ਉਪਕੁਲਪਤੀ ਬਣਾਇਆ ਗਿਆ ਸੀ। ਭਾਵੇਂ ਬਹੁਤ ਸਾਰੇ ਖੇਤੀ ਵਿਗਿਆਨੀਆਂ ਨੇ ਫਸਲਾਂ ਦੀਆਂ ਨਵੀਆਂ ਕਿਸਮਾ ਦੀ ਖੋਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਪ੍ਰੰਤੂ ਡਾ.ਸਾਧੂ ਸਿੰਘ ਮੱਲ੍ਹੀ ਇੱਕ ਅਜਿਹਾ ਖੇਤੀ ਵਿਗਿਆਨੀ ਸੀ ਜਿਸਨੇ ਪੂਰੀ ਦਿਲਚਸਪੀ, ਲਗਨ, ਮਿਹਨਤ ਅਤੇ ਦ੍ਰਿੜ੍ਹਤਾ ਨਾਲ ਫਸਲਾਂ ਦੀਆਂ ਨਵੀਂਆਂ ਖੋਜਾਂ ਵਿਚ ਸ਼ਲਾਘਾਯੋਗ ਕੰਮ ਕੀਤਾ, ਜਿਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਆਪ ਦਾ ਇੱਕ ਕਿਸਾਨ ਪਰਿਵਾਰ ਵਿਚ ਅੰਮ੍ਰਿਤਸਰ ਜਿਲ੍ਹੇ ਦੇ ਬਰਾੜ ਪਿੰਡ ਵਿਚ ਸ੍ਰ.ਤਾਰਾ ਸਿੰਘ ਦੇ ਘਰ ਮਾਤਾ ਚੰਨਣ ਕੌਰ ਦੀ ਕੁਖੋਂ 10.06.1944 ਜਨਮ ਹੋਇਆ। ਮੁੱਢਲੀ ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਐਸ.ਡੀ.ਹਾਈ ਸਕੂਲ ਤਰਨ ਤਾਰਨ ਤੋਂ 1960 ਵਿਚ ਪਾਸ ਕੀਤੀ। ਇਸ ਤੋਂ ਬਾਅਦ ਬੀ.ਐਸ.ਸੀ. ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ । ਐਮ.ਐਸ.ਸੀ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਅਧਿਆਪਕਾਂ ਨੇ ਸਾਧੂ ਸਿੰਘ ਦੀ ਪੜ੍ਹਾਈ ਵਿਚ ਰੁਚੀ ਨੂੰ ਵੇਖਦਿਆਂ ਉਤਸ਼ਾਹਤ ਕੀਤਾ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਆਪਨੂੰ 16 ਅਗਸਤ 1967 ਨੂੰ ਖੇਤੀਬਾੜੀ ਯੂਨੀਵਰਸਿਟੀ ਵਿਚ ਹੀ ਰਿਸਰਚ ਸਕਾਲਰ ਭਰਤੀ ਕਰ ਲਿਆ ਗਿਆ। ਸਾਧੂ ਸਿੰਘ ਦਾ ਖੋਜ ਕਰਨ ਦਾ ਉਤਸ਼ਾਹ ਰੰਗ ਲਿਆਉਣ ਲੱਗ ਪਿਆ। ਉਸਦੀ ਪਹਿਲੀ ਨਿਯੁਕਤੀ ਪਲਾਂਟ ਬ੍ਰੀਡਿੰਗ ਵਿਭਾਗ ਵਿਚ ਹੋਈ ਸੀ। 1980 ਤੱਕ ਆਪ ਫਸਲਾਂ ਦੀਆਂ ਨਵੀਂਆਂ ਕਿਸਮਾਂ ਦੀ ਖੋਜ ਕਰਨ ਵਾਲੀ ਹਰ ਟੀਮ ਦੇ ਮੈਂਬਰ ਹੁੰਦੇ ਸਨ। ਆਪ ਲਗਾਤਾਰ 13 ਸਾਲ ਖੋਜ ਕੇ ਕੰਮ ਵਿਚ ਲੱਗੇ ਰਹੇ। ਉਸ ਤੋਂ ਬਾਅਦ ਕਪੂਰਥਲਾ ਵਿਖੇ ਖੇਤੀਬਾੜੀ ਦੇ ਸੈਂਟਰ ਨੂੰ ਮਜ਼ਬੂਤ ਅਤੇ ਕਿਸਾਨਾ ਵਿਚ ਹਰਮਨ ਪਿਆਰਾ ਬਣਾਉਣ ਲਈ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ ਪ੍ਰੰਤੂ ਆਪਦੀ ਬਚਨਬੱਧਤਾ ਕਰਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਹੀ ਆਪਦਾ ਹੈਡਕਵਾਟਰ ਰੱਖਿਆ ਗਿਆ ਤਾਂ ਜੋ ਖੋਜ ਦੇ ਹਰ ਕੰਮ ਵਿਚ ਸਹਿਯੋਗ ਦੇ ਸਕਣ। 12 ਸਾਲ ਲਗਾਕੇ ਕਪੂਰਥਲਾ ਖੋਜ ਕੇਂਦਰ ਨੂੰ ਪ੍ਰਫੁਲਤ ਕੀਤਾ। 1992 ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਜਿਲ੍ਹੇ ਦੇ ਰੌਣੀ ਪਿੰਡ ਵਿਚ ਉਨ੍ਹਾਂ ਨੂੰ ਤਬਦੀਲ ਕਰਕੇ ਐਸੋਸੀਏਟ ਡਾਇਰੈਕਟਰ ਲਗਾ ਦਿੱਤਾ ਗਿਆ ਤਾਂ ਜੋ ਪਟਿਆਲਾ ਅਤੇ ਇਸਦੇ ਆਲੇ ਦੁਆਲੇ ਮਾਲਵਾ ਦੇ ਜਿਲ੍ਹਿਆਂ ਵਿਚ ਕਿਸਾਨਾ ਨੂੰ ਫ਼ਸਲਾਂ ਦੀਆਂ ਨਵੀਂਆਂ ਕਿਸਮਾਂ ਬੀਜਣ ਲਈ ਉਤਸ਼ਾਹਤ ਕੀਤਾ ਜਾਵੇ ਅਤੇ ਇਸ ਸੈਂਟਰ ਵਿਚ ਖੋਜ ਕੀਤੀ ਜਾ ਸਕੇ। ਇਸ ਸੈਂਟਰ ਦੇ ਉਹ ਸਭ ਤੋਂ ਘੱਟ 48 ਸਾਲ ਦੀ ਉਮਰ ਦੇ ਅਧਿਕਾਰੀ ਬਣੇ। 30.05.2004 ਨੂੰ ਡਾ.ਸਾਧੂ ਸਿੰਘ ਮੱਲ੍ਹੀ ਇਸੇ ਸੈਂਟਰ ਵਿਚੋਂ ਸੇਵਾ ਮੁਕਤ ਹੋਏ। ਇਸ ਸਮੇਂ ਦੌਰਾਨ ਉਨ੍ਹਾਂ ਚੌਲਾਂ ਦੀਆਂ ਨਵੀਂਆਂ ਕਿਸਮਾਂ ਦੀ ਖੋਜ ਕਰਨ ਵਾਲੀ ਟੀਮ ਦੇ ਮਹੱਤਵਪੂਰਨ ਮੈਂਬਰ ਦੇ ਤੌਰ ਤੇ ਕੰਮ ਕਰਕੇ ਵਿਗਿਆਨਕ ਖੋਜਾਂ ਦੇ ਖੇਤਰ ਵਿਚ ਨਾਮਣਾ ਖੱਟਿਆ। ਆਪਨੂੰ ਇੰਗਲੈਂਡ ਦੀ ਯੂਨੀਵਰਸਿਟੀ ਵੇਲਜ਼ ਬਾਂਗਰ ਨੇ ਇੱਕ ਅੰਤਰਰਾਸ਼ਟਰੀ ਪ੍ਰਾਜੈਕਟ ਦਿੱਤਾ ਜਿਸਨੂੰ ਆਪਨੇ ਬੜੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਡਾ.ਸਾਧੂ ਸਿੰਘ ਮੱਲ੍ਹੀ ਨੇ ਪਹਿਲਾਂ ਪਲਾਂਟ ਬ੍ਰੀਡਿੰਗ, ਦਾਲਾਂ, ਕਪਾਹ ਅਤੇ ਚੌਲਾਂ ਦੀਆਂ ਨਵੀਆਂ ਕਿਸਮਾਂ ਦਾ ਵਿਕਾਸ ਕਰਨ ਲਈ ਕੰਮ ਕੀਤਾ। ਉਨ੍ਹਾਂ ਖੇਤੀਬਾੜੀ ਦੀ ਖੋਜ ਨੂੰ ਪਿੰਡਾਂ ਵਿਚ ਕਿਸਾਨਾ ਦੇ ਘਰਾਂ ਵਿਚ ਪਹੁੰਚਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਰੀ ਕਰਾਂਤੀ ਖੋਜ ਬਾਰੇ 2003 ਵਿਚ ਵਿਸ਼ੇਸ਼ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਭਾਰਤ ਸਰਕਾਰ ਦੇ ਇੰਡੀਅਨ ਕੌਂਸਲ ਆਫ ਰਿਸਰਚ ਵੱਲੋਂ ਵਿਸ਼ੇਸ਼ ਤੌਰ ਤੇ ਸੇਵਾ ਮੁਕਤੀ ਤੋਂ ਬਾਅਦ 2009 ਵਿਚ ਮਹੱਤਵਪੂਰਨ ਖੋਜਾਂ ਨੂੰ ਵੇਖਦੇ ਹੋਏ ਸਨਮਾਨਤ ਕੀਤਾ ਗਿਆ। ਕਿਸਾਨ ਪੱਖੀ ਸੁਭਾਅ ਹੋਣ ਕਰਕੇ ਕਿਸਾਨਾ ਦੀ ਹਰ ਜਥੇਬੰਦੀ ਨਾਲ ਪੂਰਾ ਤਾਲਮੇਲ ਰੱਖਦੇ ਸਨ ਅਤੇ ਉਨ੍ਹਾਂ ਤੋਂ ਨਵੀਆਂ ਕਿਸਮਾਂ ਨਾਲ ਖੇਤੀ ਕਰਨ ਲਈ ਸਹਿਯੋਗ ਲੈਂਦੇ ਅਤੇ ਦਿੰਦੇ ਵੀ ਸਨ। ਉਨ੍ਹਾਂ ਕਾਟਨ-ਐਲ.ਐਚ.900, ਪਰਮਲ ਪੀ.ਆਰ. 114 ਅਤੇ ਬਾਸਮਤੀ 386 ਕਿਸਮਾਂ ਦੀ ਖੋਜ ਕੀਤੀ। ਆਪਨੇ ਆਪਣੀ ਮਿਹਨਤ ਅਤੇ ਦ੍ਰਿੜ੍ਹਤਾ ਕਰਕੇ ਕ੍ਰਿਸ਼ੀ ਕੇਂਦਰ ਪਟਿਆਲਾ ਨੂੰ ਸੈਂਟਰ ਆਫ ਐਕਸੀਲੈਂਸ ਫਾਰ ਟਰੇਨਿੰਗ ਹਾਈ ਬਰਿਡ ਸੀਡ ਉਤਪਾਦਨ ਬਣਾਇਆ। ਉਹ ਕਿਸਾਨਾ ਨਾਲ ਇਤਨਾ ਰਲਗਡ ਸਨ ਕਿ ਉਨ੍ਹਾਂ ਦੇ ਘਰ ਇਕ ਕਿਸਮ ਨਾਲ ਕਿਸਾਨਾ ਦਾ ਮੇਲਾ ਹੀ ਲੱਗਿਆ ਰਹਿੰਦਾ ਸੀ। ਮਿਲਾਪੜੇ ਸੁਭਾਅ ਦੇ ਹੋਣ ਕਰਕੇ ਕਿਸਾਨਾ ਨਾਲ ਘੁਲ ਮਿਲ ਜਾਂਦੇ ਸਨ। ਆਪਣੀ ਜ਼ਮੀਨ ਦੀ ਵਾਹੀ ਵੀ ਉਹ ਆਪ ਹੀ ਕਰਾਉਂਦੇ ਸਨ। ਜਦੋਂ ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ ਤਾਂ ਉਨ੍ਹਾਂ ਨਾਲ ਵਿਵਹਾਰ ਗੁਰੂ ਚੇਲੇ ਵਾਲਾ ਨਹੀਂ ਸਗੋਂ ਸਹਿਯੋਗੀ ਅਤੇ ਦੋਸਤ ਵਾਲਾ ਹੁੰਦਾ ਸੀ ਪ੍ਰੰਤੂ ਪੜ੍ਹਾਈ ਵਿਚ ਲਿਹਾਜ ਨਹੀਂ ਕਰਦੇ ਸਨ। ਇਕ ਵਾਰ ਜਦੋਂ ਉਹ ਆਪਣੇ ਘਰ ਲਾਅਨ ਵਿਚ ਬੈਠੇ ਸਨ ਤਾਂ ਗੁਲਾਬ ਦੇ ਫੁਲ ਨੂੰ ਵੇਖਕੇ ਇੱਕ ਕਿਸਾਨ ਨੇ ਪੁਛਿਆ ਕਿ ਇਨ੍ਹਾਂ ਫੁਲਾਂ ਦੀ ਵੇਖ ਭਾਲ ਵੀ ਤੁਸੀਂ ਹੀ ਕਰਦੇ ਹੋ ਤਾਂ ਡਾ.ਸਾਧੂ ਸਿੰਘ ਮੱਲ੍ਹੀ ਦਾ ਜਵਾਬ ਵੀ ਕਮਾਲ ਦਾ ਸੀ। ਉਨ੍ਹਾਂ ਕਿਹਾ ਕਿ ਉਹ ਅਸਥਾਈ ਮਹਿਕ ਦੇਣ ਵਾਲੇ ਫੁੱਲਾਂ ਦੀ ਕਾਸ਼ਤ ਨਹੀਂ ਕਰਦੇ ਸਗੋਂ ਉਹ ਤਾਂ ਅਜਿਹੇ ਵਿਗਿਆਨੀ ਪੈਦਾ ਕਰਦੇ ਹਨ, ਜਿਨ੍ਹਾਂ ਦੀ ਮਹਿਕ ਸਾਰੀ ਉਮਰ ਕਿਸਾਨਾਂ ਨੂੰ ਖ਼ੁਸ਼ਹਾਲ ਕਰਕੇ ਆਉਂਦੀ ਰਹੇ। ਉਨ੍ਹਾਂ ਦਾ ਭਾਵ ਸੀ ਵਿਗਿਆਨੀ ਵਿਦਿਆਰਥੀ ਨਵੀਆਂ ਖੋਜਾਂ ਕਰਕੇ ਕਿਸਾਨਾ ਨੂੰ ਖ਼ੁਸ਼ਹਾਲ ਕਰਨਗੇ, ਜਿਸ ਕਰਕੇ ਕਿਸਾਨ ਹਮੇਸ਼ਾ ਮਹਿਕ ਦਿੰਦਾ ਰਹੇਗਾ। ਉਹ ਸੁਭਾਅ ਦੇ ਬੜੇ ਸਖ਼ਤ ਸਨ ਪ੍ਰੰਤੂ ਕਿਸੇ ਦਾ ਬੁਰਾ ਨਹੀਂ ਕਰਦੇ ਸਨ। ਆਪਣੇ ਸਟਾਫ ਨਾਲ ਵੀ ਅਧਿਕਾਰੀ ਤੇ ਮਾਤਹਿਤ ਵਾਲਾ ਸੰਬੰਧ ਨਹੀਂ ਸਗੋਂ ਸਹਿਯੋਗੀ ਦੀ ਤਰ੍ਹਾਂ ਵਿਚਰਦੇ ਸਨ। ਸਮਾਜ ਸੇਵਾ ਦਾ ਬੀੜਾ ਵੀ ਚੁੱਕਿਆ ਹੋਇਆ ਸੀ, ਖ਼ਾਸ ਕਰਕੇ ਲੜਕੀਆਂ ਦੀ ਪੜ੍ਹਾਈ ਲਈ ਪਹਿਲ ਦੇ ਆਧਾਰ ਤੇ ਮਦਦ ਕਰਦੇ ਸਨ ਪ੍ਰੰਤੂ ਪ੍ਰਚਾਰ ਵਿਚ ਵਿਸ਼ਵਾਸ਼ ਨਹੀਂ ਕਰਦੇ ਸਨ। ਸਾਰੀ ਮਦਦ ਗੁਪਤ ਰੂਪ ਵਿਚ ਕਰਦੇ ਰਹਿੰਦੇ ਸਨ। ਲੜਕੀਆਂ ਨੂੰ ਆਪਣੇ ਪਰਿਵਾਰਕ ਜੀਵਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਵੀ ਅਗਵਾਈ ਕਰਦੇ ਸਨ। ਹਰ ਵਿਅਕਤੀ ਨੂੰ ਸਚਾਈ ਦੇ ਰਾਹ ਤੇ ਚਲਦਿਆਂ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਸਨ। ਉਨ੍ਹਾਂ ਦਾ ਸਮਾਜਿਕ ਸਰਕਲ ਬੜਾ ਵੱਡਾ ਸੀ ਜਿਸ ਕਰਕੇ ਹਮੇਸ਼ਾ ਲੋਕਾਂ ਨਾਲ ਬਾਵਾਸਤਾ ਰਹਿੰਦੇ ਸਨ।
ਕਿਸਾਨਾਂ ਨੂੰ ਹਰ ਤਰ੍ਹਾਂ ਦੀ ਅਗਵਾਈ ਦੇਣ ਲਈ ਤਿਆਰ ਰਹਿੰਦੇ ਸਨ। ਕਿਸਾਨਾ ਵਿਚ ਉਹ ਬਹੁਤ ਹਰਮਨ ਪਿਆਰੇ ਸਨ। ਦਿਲਦਾਰ ਵਿਅਕਤੀ ਸਨ। ਬੱਚਿਆਂ ਦੇ ਚੰਗੇ ਕੈਰੀਅਰ ਲਈ ਹਮੇਸ਼ਾ ਚਿੰਤਤ ਰਹਿੰਦੇ ਸਨ। ਇਸ ਲਈ ਉਹ ਹਰ ਵਿਦਿਆਰਥੀ ਨੂੰ ਸਹੀ ਸਿਖਿਆ ਲੈਣ ਲਈ ਪ੍ਰੇਰਨਾ ਅਤੇ ਸਲਾਹ ਦਿੰਦੇ ਸਨ ਤਾਂ ਜੋ ਉਨ੍ਹਾਂ ਦਾ ਭਵਿਖ ਸੁਨਹਿਰੀ ਹੋ ਸਕੇ। ਬੱਚਿਆਂ ਨੂੰ ਪ੍ਰੇਰਦੇ ਸਨ ਕਿ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਪੱਲੇ ਬੰਨਣੀ ਚਾਹੀਦੀ ਹੈ। ਸੰਸਾਰ ਵਿਚ ਕੋਈ ਕੰਮ ਅਜਿਹਾ ਨਹੀਂ ਜਿਹੜਾ ਪੂਰਾ ਨਹੀਂ ਕੀਤਾ ਜਾ ਸਕਦਾ। ਅਸੰਭਵ ਸ਼ਬਦ ਉਨ੍ਹਾਂ ਦੀ ਡਿਕਸ਼ਨਰੀ ਵਿਚ ਨਹੀਂ ਸੀ। ਉਹ ਬਹੁਪੱਖੀ ਵਿਗਿਆਨੀ ਸਨ, ਜਿਸ ਕਰਕੇ ਪਲਾਂਟ ਬਰੀਡਿੰਗ ਤੋਂ ਸ਼ੁਰੂ ਹੋ ਕੇ ਚੌਲਾਂ ਦੀਆਂ ਕਿਸਮਾਂ ਜਿਨ੍ਹਾਂ ਵਿਚ ਬਾਸਮਤੀ ਵੀ ਸ਼ਾਮਲ ਹੈ ਦੀ ਖੋਜ ਕੀਤੀ। ਕਾਟਨ ਵਿਚ ਵੀ ਉਨ੍ਹਾਂ ਦੀ ਖੋਜ ਵਿਲੱਖਣ ਰਹੀ ਹੈ। ਉਹ ਸਰਬਕਲਾਂ ਸੰਪੂਰਨ ਵਿਗਿਆਨੀ ਸਨ।
ਉਨ੍ਹਾਂ ਦਾ ਵਿਆਹ ਪਰਕਾਸ਼ ਕੌਰ ਨਾਲ 1969 ਵਿਚ ਹੋਇਆ ਜੋ ਗ੍ਰੈਜੂਏਟ ਸਨ। ਸ਼੍ਰੀਮਤੀ ਪਰਕਾਸ਼ ਕੌਰ ਨੇ ਪਰਿਵਾਰ ਦੀ ਪਰਵਰਸ਼ ਸੁਚੱਜੇ ਢੰਗ ਨਾਲ ਕੀਤੀ ਤਾਂ ਜੋ ਡਾ.ਸਾਧੂ ਸਿੰਘ ਆਪਣੇ ਫਰਜਾਂ ਨੂੰ ਬਾਖ਼ੂਬੀ ਨਿਭਾਅ ਸਕਣਾ। ਉਨ੍ਹਾਂ ਦੇ ਦੋ ਲੜਕੇ ਭੁਪਿੰਦਰਪਾਲ ਸਿੰਘ ਮੱਲ੍ਹੀ ਅਤੇ ਰੁਪਿੰਦਰਪਾਲ ਸਿੰਘ ਮੱਲ੍ਹੀ ਹਨ। ਵੱਡਾ ਲੜਕਾ ਭੁਪਿੰਦਰਪਾਲ ਸਿੰਘ ਮੱਲ੍ਹੀ ਐਮ.ਐਸ.ਸੀ.ਕੀਟ ਵਿਗਿਆਨ ਹਨ ਜੋ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪੜ੍ਹਾਉਂਦੇ ਰਹੇ ਹਨ। ਦੂਜਾ ਲੜਕਾ ਰੁਪਿੰਦਰਪਾਲ ਸਿੰਘ ਮੱਲ੍ਹੀ ਐਮ.ਏ.ਹੈ। ਹੁਣ ਦੋਵੇਂ ਲੜਕੇ ਆਸਟਰੇਲੀਆ ਵਿਚ ਆਪਣਾ ਵਿਓਪਾਰ ਕਰ ਰਹੇ ਹਨ। ਸਾਰਾ ਪਰਿਵਾਰ ਪੜ੍ਹਿਆ ਲਿਖਿਆ ਹੈ। ਅਸਟਰੇਲੀਆ ਜਾ ਕੇ ਵੀ ਡਾ.ਸਾਧੂ ਸਿੰਘ ਮੱਲ੍ਹੀ ਸਮਾਜ ਸੇਵਾ ਦਾ ਕੰਮ ਕਰਦੇ ਰਹੇ ਹਨ।
ਪਰਵਾਸ ਵਿਚ ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਅਗਵਾਈ ਕਰਦੇ ਸਨ। ਉਨ੍ਹਾਂ ਦੀ ਪਤਨੀ ਸਰਦਾਰਨੀ ਪਰਕਾਸ਼ ਕੌਰ ਮੱਲ੍ਹੀ ਅਤੇ ਦੋਵੇਂ ਲੜਕੇ ਲੋਕ ਸੇਵਾ ਦਾ ਕੰਮ ਕਰ ਰਹੇ ਹਨ ਤਾਂ ਡਾ.ਸਾਧੂ ਸਿੰਘ ਮੱਲ੍ਹੀ ਦੇ ਸਪਨੇ ਨੂੰ ਸਾਕਾਰ ਕੀਤਾ ਜਾ ਸਕੇ। 1995 ਵਿਚ ਉਨ੍ਹਾਂ ਦੇ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ ਪ੍ਰੰਤੂ ਉਨ੍ਹਾਂ ਨੇ ਬਾਅਦ ਵਿਚ ਆਪਣੀ ਕਾਰਗੁਜ਼ਾਰੀ ਵਿਚ ਕੋਈ ਫਰਕ ਨਹੀਂ ਆਉਣ ਦਿੱਤਾ। ਉਨ੍ਹਾਂ ਦਾ 14 ਮਈ 2017 ਨੂੰ ਦਿਹਾਂਤ ਹੋ ਗਿਆ ਸੀ।

Send this to a friend