ਨੌਜਵਾਨੀ ਨੂੰ ਸਿਖ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਲਈ ਸੰਯੁਕਤ ਉਪਰਾਲੇ ਕੀਤੇ ਜਾਣ -ਗਿਆਨੀ ਜਗਤਾਰ ਸਿੰਘ
ਸ੍ਰੀ ਅਨੰਦਪੁਰ ਸਾਹਿਬ- ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚਲੇ ਸਮਾਗਮਾਂ ਦੇ ਸੰਪੂਰਨ ਹੋਣ ਅਤੇ 351ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਭਾਈ ਫੂਲਾ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਿਆ। ਸਜੇ ਦੀਵਾਨਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਬੈਂਕਾ, ਭਾਈ ਗੁਰਵਿੰਦਰ ਸਿੰਘ, ਭਾਈ ਮਨਿੰਦਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਗਿਆਨੀ ਅਮਰਜੀਤ ਸਿੰਘ ਗੁਲਸ਼ਨ ਵਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਸਮਾਗਮ ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਉਘੀਆਂ ਧਾਰਮਿਕ ਤੇ ਰਾਜਸੀ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਸਮੁਚੀ ਮਨੁਖਤਾ ਦੀ ਭਲਾਈ ਲਈ ਧਰਮ ਯੁਧ ਵਿਚ ਆਪਣਾ ਸਰਬੰਸ ਕੁਰਬਾਨ ਕਰਨ ਵਾਲੇ ਦਸਮ ਪਾਤਸ਼ਾਹ ਜੀ ਦਾ ਇਹ ਪ੍ਰਕਾਸ਼ ਦਿਹਾੜਾ ਸਮੁਚੇ ਵਿਸ਼ਵ ਵਿਚ ਵਸਦੇ ਸਿਖਾਂ ਵਲੋਂ ਸ਼ਰਧਾ ਸਹਿਤ ਮਨਾਇਆ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕਰਦਿਆਂ ਕਿਹਾ ਕਿ ਕਲਗੀਧਰ ਵਲੋਂ ਵਰੋਸਾਈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਪਰ ਖਾਲਸੇ ਦੀ ਸਾਜਣਾ ਨਾਲ ਇਸ ਧਰਤੀ ਉਪਰ ਮਨੁਖਤਾ ਲਈ ਭਾਈਚਾਰਕ ਸਾਂਝ ਦਾ ਨਵਾਂ ਇਤਿਹਾਸ ਸਿਰਜਿਆ ਗਿਆ। ਇਸ ਧਰਤੀ ਤੋਂ ਗੁਰੂ ਸਾਹਿਬ ਨੇ ਭਾਰਤੀ ਲੋਕਾਂ ਨੂੰ ਚੜ੍ਹਦੀ ਕਲਾ ਵਿਚ ਰਹਿ ਕੇ ਅਣਖ, ਸਵੈਮਾਣ ਅਤੇ ਗ਼ੈਰਤ ਭਰਪੂਰ ਜੀਵਨ ਜਿਊਣ ਦੀ ਜਾਚ ਸਿਖਾਈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਲੋਕ ਮਾਨਸਿਕਤਾ ਨੂੰ ਬਲਵਾਨ ਬਣਾਉਣ ਲਈ ਆਤਮ ਰਸ ਅਤੇ ਬੀਰ ਰਸ ਨਾਲ ਭਰਪੂਰ ਸਾਹਿਤ ਦੀ ਸਿਰਜਣਾ ਕੀਤੀ, ਉਥੇ ਹੀ ਜ਼ੁਲਮ ਦਾ ਖਾਤਮਾ ਕਰਨ, ਹਕ-ਸਚ ਤੇ ਨਿਆਂ ਦੀ ਸਥਾਪਤੀ ਲਈ ਅਨੇਕਾਂ ਧਰਮ ਯੁਧ ਵੀ ਕੀਤੇ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਇਸ ਮੁਬਾਰਕ ਦਿਹਾੜੇ ‘ਤੇ ਗੁਰੂ ਸਾਹਿਬ ਵਲੋਂ ਬਖਸ਼ੇ ਸਿਖੀ ਸਿਧਾਂਤਾਂ ਨੂੰ ਅਪਣਾ ਕੇ ਆਪਣੇ ਮਨਾਂ ਦੇ ਹਨ੍ਹੇਰਿਆਂ ਨੂੰ ਦੂਰ ਕਰਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿ ਨੌਜੁਆਨੀ ਨੂੰ ਸੰਭਾਲਣ ਲਈ ਮਾਪਿਆਂ, ਅਧਿਆਪਕਾਂ ਅਤੇ ਸਿਖ ਸੰਸਥਾਵਾਂ ਨੂੰ ਅਗੇ ਆਉਣਾ ਚਾਹੀਦਾ ਹੈ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਸਮਾਗਮ ਵਿਚ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ. ਕਰਨੈਲ ਸਿੰਘ ਪੰਜੋਲੀ ਤੇ ਸ. ਦਿਲਜੀਤ ਸਿੰਘ ਭਿੰਡਰ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਗੁਰੂ ਸਾਹਿਬ ਵਲੋਂ ਦਰਸਾਏ ਹਕ-ਸਚ, ਇਮਾਨਦਾਰੀ, ਨਿਮਰਤਾ, ਮਨੁਖੀ ਸੇਵਾ ਦੇ ਸਿਧਾਂਤਾਂ ਨੂੰ ਅਮਲੀ ਰੂਪ ਵਿਚ ਅਪਣਾਉਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬਚਿਆਂ ਨੂੰ ਚਾਰੇ ਸਾਹਿਬਜ਼ਾਦਿਆਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਦੇ ਇਤਿਹਾਸ ਤੋਂ ਜਾਣੂੰ ਕਰਾਉਣ ਤਾਂ ਜੋ ਬਚਿਆਂ ਅੰਦਰ ਕੌਮੀ ਤੇ ਪੰਥਕ ਭਾਵਨਾ ਦਾ ਪ੍ਰਸਾਰ ਹੋ ਸਕੇ। ਉਨ੍ਹਾਂ ਇਸ ਮੌਕੇ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਮੁਖ ਗ੍ਰੰਥੀ ਭਾਈ ਫੂਲਾ ਸਿੰਘ, ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ. ਬਲਜੀਤ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ. ਕਰਨੈਲ ਸਿੰਘ ਪੰਜੋਲੀ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਤੇ ਸ. ਦਿਲਜੀਤ ਸਿੰਘ ਭਿੰਡਰ, ਵਧੀਕ ਸਕਤਰ ਮੀਡੀਆ ਸ. ਦਿਲਜੀਤ ਸਿੰਘ ਬੇਦੀ ਤੇ ਵਧੀਕ ਸਕਤਰ ਧਰਮ ਪ੍ਰਚਾਰ ਕਮੇਟੀ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਕੈਨੇਡਾ ਤੋਂ ਸ. ਬਲਬੀਰ ਸਿੰਘ ਚੰਗਿਆੜਾ, ਸ. ਹਰਦੇਵ ਸਿੰਘ ਐਡਵੋਕੇਟ, ਸ. ਜਰਨੈਲ ਸਿੰਘ ਜੌਲੀ, ਸ. ਗੁਰਿੰਦਰ ਸਿੰਘ ਗੋਗੀ ਸਾਬਕਾ ਮੈਂਬਰ, ਮੈਨੇਜਰ ਸ. ਰਣਜੀਤ ਸਿੰਘ, ਸ. ਸ਼ਮਸ਼ੇਰ ਸਿੰਘ ਚੇਅਰਮੈਨ, ਮਾਸਟਰ ਜਸਵਿੰਦਰ ਸਿੰਘ, ਮਾਸਟਰ ਹਰਜੀਤ ਸਿੰਘ, ਸ. ਕਿਸ਼ੋਰ ਸਿੰਘ ਬੰਗੜ, ਮੀਤ ਮੈਨੇਜਰ ਸ. ਲਖਵਿੰਦਰ ਸਿੰਘ, ਸੂਚਨਾ ਅਧਿਕਾਰੀ ਸ. ਹਰਦੇਵ ਸਿੰਘ, ਸ. ਰਣਬੀਰ ਸਿੰਘ, ਸ. ਬਲਕਾਰ ਸਿੰਘ, ਸ. ਜਗੀਰ ਸਿੰਘ ਅਤੇ ਵਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।।
– ਪੰਜਾਬ ਟਾਇਮਜ਼ ਬਿਊਰੋ