30 ਅਪ੍ਰੈਲ 1986 ਦਾ ਦਿਨ ਸੀ। ਮੈਂ ਚਾਰ ਕੁ ਵਜੇ ਮੰਡੀ ਅਹਿਦਗੜ੍ਹ ਲਈ ਬਸ ਫੜ ਲਈ। ਗਰਮੀਆਂ ਦੇ ਦਿਨ ਸਨ, ਬਸ ਸਵਾਰੀਆਂ ਨਾਲ ਨੱਕੋ-ਨੱਕ ਭਰੀ ਹੋਈ ਸੀ। ਨਾਭਾ ਅਤੇ ਮਾਲੇਰਕੋਟਲਾ ਤੱਕ ਰੋਜਾਨਾ ਜਾਣ ਵਾਲੀਆਂ ਸਵਾਰੀਆਂ ਕਾਰਨ ਇਸ ਸਮੇਂ ਬਸ ਵਿੱਚ ਭੀੜ ਆਮ ਨਾਲੋਂ ਵੱਧ ਹੁੰਦੀ ਸੀ। ਮੈਂ ਬੜੀ ਮੁਸ਼ਕਿਲ ਨਾਲ ਡਰਾਇਵਰ ਵਾਲੀ ਸਾਇਡ ਤੋਂ ਬਸ ਅੰਦਰ ਦਾਖਲ ਹੋ ਸਕਿਆ ਸਾਂ ਅਤੇ ਡਰਾਇਵਰ ਵਾਲੀ ਸੀਟ ਤੋਂ ਬਿਲਕੁੱਲ ਪਿੱਛੇ ਵਾਲੀ ਸੀਟ ’ਤੇ ਬੈਠਣ ਵਿੱਚ ਕਾਮਯਾਬ ਹੋ ਗਿਆ ਸਾਂ। ਗਰਮੀ ਕਾਰਨ ਬਸ ਵਿੱਚ ਬੈਠਣਾ ਦੁੱਭਰ ਹੋ ਰਿਹਾ ਸੀ। ਪੰਜ ਕੁ ਮਿੰਟ ਬਾਅਦ ਜਦੋਂ ਬਸ ਚਲੀ ਤਾਂ ਸਾਹ ਵਿੱਚ ਸਾਹ ਆਇਆ। ਬਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਹੁੰਦੀ ਹੋਈ ਥਾਪਰ ਕਾਲਜ ਨੂੰ ਟੱਪਕੇ ਥੋੜ੍ਹੀ ਤੇਜ ਹੋਈ। ਕੁੱਝ ਸਵਾਰੀਆਂ ਗੱਲੀਂ ਜੁੱਟ ਗਈਆਂ, ਕੁਝ ਸੁਸਤਾਉਂਣ ਦੀ ਮੁਦਰਾ ਵਿੱਚ ਆ ਗਈਆਂ ਸਨ। ਮੈਂ ਵੀ ਮਨ ਹੀ ਮਨ ਵਿੱਚ ਵਿਭਾਗ ਵਿਖੇ ਚਲ ਰਹੀ ਸਿਆਸਤ ਬਾਰੇ ਸੋਚਣ ਲੱਗਾ। ਬਸ ਅਜੇ ਰੱਖੜੇ ਵੀ ਨਹੀਂ ਪਹੁੰਚੀ ਸੀ ਕਿ ਡਰਾਇਵਰ ਦੇ ਮੂੰਹੋਂ ਨਿਕਲਿਆ ‘ਮਾਰੇ ਗਏ’ ਅਤੇ ਬਸ ਗੇੜੇ ਖਾਂਦੀ ਹੋਈ ਪੁੱਲ ਤੋਂ ਥੱਲੇ ਨਹਿਰ ਵਿੱਚ ਜਾ ਡਿੱਗੀ। ਨਹਿਰ ਵਿੱਚ ਪਾਣੀ ਤਾਂ ਜ਼ਿਆਦਾ ਨਹੀਂ ਸੀ ਪਰ ਸਹਿਮ ਕਾਰਨ ਚੀਕ-ਚਿਹਾੜਾ ਪੈ ਰਿਹਾ ਸੀ। ਸ਼ੀਸ਼ਾ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ। ਕੁਝ ਲੋਕ ਇਸ ਮੌਕੇ ਵੀ ਦੂਜਿਆਂ ਦੀ ਮੱਦਦ ਕਰ ਰਹੇ ਸਨ ਪਰ ਕੁੱਝ ਅਜਿਹੇ ਵੀ ਸਨ ਜੋ ਇਕ ਦੂਜੇ ਨੂੰ ਲਿਤਾੜਕੇ ਨਿਕਲ ਰਹੇ ਸਨ।
‘‘ਬਾਈ ਜੀ ਤੁਸੀਂ ਨੀ ਬਾਹਰ ਜਾ ਰਹੇ’’ ਇਕ ਨੌਜਵਾਨ ਨੇ ਮੈਨੂੰ ਪੁਛਿਆ।
‘‘ਮੇਰੇ ਪੈਰ ’ਚ ਰਾਡ ਫਸੀ ਪਈ ਐ’’ ਮੈਂ ਦਰਦ ਨਾਲ ਕਰਹਾਉਂਦੇ ਨੇ ਜਵਾਬ ਦਿੱਤਾ। ਡਰਾਇਵਰ ਦੀ ਕੁਰਸੀ ਦੀ ਰਾਡ ਟੁੱਟ ਕੇ ਮੇਰੇ ਸੱਜੇ ਪੈਰ ਵਿੱਚ ਚੁੱਭੀ ਪਈ ਸੀ। ਉਸ ਨੌਜਵਾਨ ਨੇ ਥੋੜ੍ਹਾ ਜ਼ੋਰ ਲਾ ਕੇ ਰਾਡ ਨੂੰ ਖਿਚਿਆ ਅਤੇ ਰਾਡ ਨਿਕਲ ਗਈ।
‘‘ਜਾਉ, ਪਾਣੀ ਜ਼ਿਆਦਾ ਡੂੰਘਾ ਨਹੀਂ, ਪਾਣੀ ’ਚ ਛਾਲ ਮਾਰੋ, ਉ¤ਪਰ ਤਾਂ ਬਸ ਬਹੁਤ ਗਰਮ ਹੈ’’ ਉਸ ਨੇ ਮੈਨੂੰ ਸਲਾਹ ਦਿੱਤੀ। ਅਜਿਹੇ ਮੌਕੇ ਉਹ ਬੰਦਾ ਰੱਬ ਬਣਕੇ ਮੱਦਦ ਲਈ ਬਹੁੜਿਆ ਸੀ। ਉਸ ਬਾਰੇ ਮੈਂ ਇਕ ਫੀਚਰ ਲਿਖਿਆ ਸੀ ਕਿ ‘ਰੱਬ ਉਹਦੇ ਵਰਗਾ ਹੋਵੇਗਾ।’ ਸਾਡੀ ਜ਼ਿੰਦਗੀ ਵਿੱਚ ਅਜਿਹੇ ਸਖਸ਼ ਸਾਨੂੰ ਮਿਲ ਜਾਂਦੇ ਹਨ ਅਤੇ ਅਸੀਂ ਉਮਰ ਅਜਿਹੇ ਲੋਕਾਂ ਦੇ ਪਰਉਪਕਾਰ ਨੂੰ ਯਾਦ ਕਰਦੇ ਰਹਿੰਦੇ ਹਾਂ।
ਜ਼ਖਮੀਂ ਸਵਾਰੀਆਂ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ ਗਿਆ ਅਤੇ ਰਾਤ ਦੇ 11 ਵਜੇ ਮੇਰੀ ਲੱਤ ਅਤੇ ਪੈਰ ’ਤੇ ਪਲੱਸਤਰ ਲੱਗਾ। ਉਸ ਰਾਤ ਰਜਿੰਦਰਾ ਹਸਪਤਾਲ ਵਿੱਚ ਜ਼ਖ਼ਮੀਆਂ ਅਤੇ ਹੋਰ ਮਰੀਜ਼ਾਂ ਦੀ ਗਿਣਤੀ ਇੰਨੀ ਵੱਧ ਗਈ ਸੀ ਕਿ ਹਸਪਤਾਲ ਵਿੱਚ ਬੈ¤ਡ ਤਾਂ ਕੀ ਫਰਸ਼ ’ਤੇ ਵੀ ਪੈਣ ਨੂੰ ਜਗ੍ਹਾ ਨਹੀਂ ਮਿਲੀ ਸੀ। 11 ਕੁ ਵਜੇ ਜਦੋਂ ਮੈਨੂੰ ਅਪ੍ਰੇਸ਼ਨ ਥੀਏਟਰ ਵਿੱਚੋਂ ਬਾਹਰ ਲਿਆਂਦਾ ਗਿਆ ਤਾਂ ਉਸ ਸਮੇਂ ਇਕ ਡਾਕਟਰ ਅਜਿਹਾ ਮਿਲਿਆ ਜਿਸ ਦਾ ਉਸ ਦਿਨ ਸਿਵਲ ਸਰਵਿਸ ਦਾ ਨਤੀਜਾ ਆਇਆ ਸੀ ਅਤੇ ਉਹ ਆਈ.ਏ. ਐ¤ਸ. ਚੁਣਿਆ ਗਿਆ ਸੀ। ਗੱਲਾਂਬਾਤਾਂ ਵਿੱਚ ਸਾਡੀ ਜਾਣ-ਪਛਾਣ ਹੋ ਗਈ ਅਤੇ ਉਹ ਮੈਨੂੰ ਆਪਣੇ ਹੋਸਟਲ ਦੇ ਕਮਰੇ ਵਿੱਚ ਲੈ ਗਿਆ। ਇਸ ਘਟਨਾ ਤੋਂ ਬਾਅਦ ਮੈਂ ਦੋ ਮਹੀਨੇ ਆਪਣੇ ਘਰ ਅਹਿਮਦਗੜ੍ਹ ਰਿਹਾ। ਪਿੱਛੋਂ ਵਿਭਾਗ ਵਿੱਚ ਮੇਰੇ ਖਿਲਾਫ਼ ਕੀ ਖਿਚੜੀ ਪੱਕਦੀ ਰਹੀ ਮੈਨੂੰ ਕੁੱਝ ਪਤਾ ਨਹੀਂ ਸੀ ਲਗਦਾ। ਇਨ੍ਹਾਂ ਦਿਨਾਂ ’ਚ ਵਰਿੰਦਰ ਵਾਲੀਆ ਅਕਸਰ ਮੇਰੇ ਕੋਲ ਆ ਜਾਂਦਾ ਸੀ। ਜਦੋਂ ਮੈਂ ਪੱਤਰਕਾਰੀ ਵਿਭਾਗ ਵਿੱਚ ਰੈਗੂਲਰ ਹੋਇਆ ਸੀ ਤਾਂ ਆਪਣੀ ਥਾਂ ’ਤੇ ਅਹਿਮਦਗੜ੍ਹ ਤੋਂ ਵਰਿੰਦਰ ਵਾਲੀਆ ਨੂੰ ‘ਪੰਜਾਬੀ ਟ੍ਰਿਬਿਊਨ’ ਦਾ ਪੱਤਰਕਾਰ ਲਗਵਾ ਦਿੱਤਾ ਸੀ ਅਤੇ ਉਸ ਦਾ ਸਿਰਨਾਵਾਂ ਵੀ ਮੇਰੇ ਘਰ ਦਾ ਹੀ ਸੀ। ਇਹੀ ਵਰਿੰਦਰ ਅੱਗੇ ਜਾ ਕੇ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਿਆ ਸੀ। ਵਰਿੰਦਰ ਵਾਲੀਆ ਦੇ ਕਈ ਦੋਸਤ ਮਿੱਤਰ ਵਿਭਾਗ ਵਿੱਚ ਪੜ੍ਹਦੇ ਸਨ ਅਤੇ ਉਸ ਤੋਂ ਕੋਈ ਨਾ ਕੋਈ ਕਨਸੋਅ ਮਿਲ ਜਾਂਦੀ ਸੀ। ਅਜੇ ਮੇਰੀ ਲੱਤ ਵਾਲਾ ਪਲੱਸਤਰ ਖੁਲ੍ਹਿਆ ਨਹੀਂ ਸੀ ਅਤੇ ਵਿਭਾਗ ਵਿੱਚ ਮੁੜ ਹਾਜ਼ਰ ਨਹੀਂ ਹੋਇਆ ਸੀ ਕਿ ਸ਼੍ਰੀ ਕੇ.ਐਮ. ਸ਼੍ਰੀਵਾਸਤਵਾ ਨੇ ਇਕ ਪੱਤਰ ਲਿਖਕੇ ਮੇਰੀਆਂ ਸੇਵਾਵਾਂ ਖਤਮ ਕਰਨ ਦੀ ਸਿਫਾਰਸ਼ ਵਾਇਸ ਚਾਂਸਲਰ ਨੂੰ ਭੇਜ ਦਿੱਤੀ ਸੀ ਅਤੇ ਵਾਇਸ ਚਾਂਸਲਰ ਨੇ ਮੁਖੀ ਦੇ ਪੱਤਰ ਦੇ ਅਧਾਰ ’ਤੇ ਆਇਟਮ ਬਣਾਕੇ ਸਿੰਡੀਕੇਟ ਸਾਹਮਣੇ ਰੱਖਣ ਦਾ ਫੈਸਲਾ ਕਰ ਲਿਆ ਸੀ।
– ਚਲਦਾ