ਪਾਲਿਕਾ ਚੋਣਾਂ ਦੀ ਜ਼ੋਰ ਅਜ਼ਮਾਈ ਦੌਰਾਨ ਪੰਜਾਬ ਇਕ ਵੱਡੇ ਸਿਆਸੀ ਟਕਰਾਅ ਵੱਲ ਵਧਦਾ ਪ੍ਰਤੀਤ ਹੋ ਰਿਹਾ ਹੈ। ਸਥਾਨਕ ਚੋਣਾਂ ਵਿੱਚ ਕਥਿਤ ਸਰਕਾਰੀ ਧੱਕੇਸ਼ਾਹੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਹੌਲੀ-ਹੌਲੀ ਤਿੱਖਾ ਹੁੰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ 24 ਘੰਟੇ ਪੰਜਾਬ ਦੀਆਂ ਮੁੱਖ ਸੜਕਾਂ ’ਤੇ ਧਰਨਾ ਦੇ ਕੇ ਜਾਮ ਲਗਾਏ ਗਏ। ਪੰਜਾਬ-ਹਰਿਆਣਾ ਹਾਈਕੋਰਟ ਦੇ ਦਖਲ ਤੋਂ ਬਾਅਦ ਅਕਾਲੀ ਦਲ ਨੂੰ ਇਹ ਧਰਨੇ ਚੁੱਕਣੇ ਪਏ। ਬੇਸ਼ਕ ਪੰਜਾਬ ਸਰਕਾਰ ਨੇ ਇਸ ਦੌਰਾਨ ਅਕਾਲੀ ਦਲ ਨਾਲ ਸਿੱਧੇ ਟਕਰਾਅ ’ਚ ਪੈਣ ਤੋਂ ਗੁਰੇਜ਼ ਕੀਤਾ। ਫਿਰ ਵੀ ਹਾਲਾਤ ਤੇਜ਼ੀ ਨਾਲ ਟਕਰਾਅ ਵੱਲ ਵੱਧ ਰਹੇ ਹਨ। ਜੇਕਰ ਅਕਾਲੀ ਧਰਨਿਆਂ ਦੌਰਾਨ ਸਰਕਾਰ ਸ਼ਕਤੀ ਦੀ ਵਰਤੋਂ ਕਰਦੀ ਤਾਂ ਹਾਲਾਤ ਸ਼ਾਇਦ ਹੋਰ ਵੀ ਮਾੜੇ ਹੋ ਜਾਣੇ ਸਨ। ਧਰਨਿਆਂ ਦੀ ਸਮਾਪਤੀ ਤੋਂ ਬਾਅਦ ਸਰਕਾਰ ਵੱਲੋਂ ਮੌਜੂਦ ਕਾਨੂੰਨੀ ਪ੍ਰਬੰਧਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ 1350 ਤੋਂ ਵੱਧ ਅਕਾਲੀ ਆਗੂਆਂ ਅਤੇ ਵਰਕਰਾਂ ਖਿਲਾਫ ਵੱਖ-ਵੱਖ ਧਾਰਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਆਪਣੀ ਰਣਨੀਤੀ ਤਿਆਰ ਕਰ ਲਈ ਹੈ। ਅਕਾਲੀ ਦਲ ਦੀ ਨਵੀਂ ਰਣਨੀਤੀ ਸਥਿਤੀ ਨੂੰ ਸਿਆਸੀ ਟਕਰਾਅ ਵੱਲ ਹੀ ਲਿਜਾ ਰਹੀ ਹੈ। ਜੇਕਰ ਸਰਕਾਰ ਅਤੇ ਅਕਾਲੀ ਦਲ ਦਰਮਿਆਨ ਜ਼ੋਰ ਅਜ਼ਮਾਈ ਅਤੇ ਟਕਰਾਅ ਹੋਰ ਸਿਖਰ ’ਤੇ ਪਹੁੰਚਦਾ ਹੈ ਤਾਂ ਪੰਜਾਬ ਇਕ ਵਾਰ ਫਿਰ 80ਵਿਆਂ ਦੇ ਹਾਲਾਤ ਵਿੱਚ ਪਹੁੰਚ ਜਾਵੇਗਾ। ਇਹ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਖ਼ੁਦ ਨੂੰ ਸਾਰੇ ਕਾਨੂੰਨੀ ਪ੍ਰਬੰਧ ਤੋਂ ਉਪਰ ਸਮਝ ਰਹੇ ਹਨ। ਪਹਿਲਾਂ ਉਨ੍ਹਾਂ ਨੇ ਇਹ ਚੁਣੌਤੀ ਦਿੱਤੀ ਕਿ ਸਰਕਾਰ ਉਨ੍ਹਾਂ ਖਿਲਾਫ ਕੇਸ ਦਰਜ ਕਰਕੇ ਦਿਖਾਵੇ। ਹੁਣ ਜਦੋਂ ਅਦਾਲਤੀ ਹੁਕਮਾਂ ਤਹਿਤ ਕੇਸ ਦਰਜ ਹੋ ਗਏ ਹਨ ਤਦ ਉਹ ਸਰਕਾਰ ਨੂੰ ਗ੍ਰਿਫਤਾਰੀਆਂ ਦੀ ਚੁਣੌਤੀ ਦੇ ਰਹੇ ਹਨ। ਇਹ ਕਿਸੇ ਵੀ ਤਰ੍ਹਾਂ ਲੋਕਤੰਤਰੀ ਵਿਵਹਾਰ ਨਹੀਂ ਹੈ। ਸਰਕਾਰ ਦੀ ਧੱਕੇਸ਼ਾਹੀ ਦਾ ਵਿਰੋਧ ਕਰਨ ਦੇ ਕਈ ਲੋਕਤੰਤਰੀ ਤਰੀਕੇ ਹਨ। ਇਸ ਲਈ ਪੂਰੇ ਪੰਜਾਬ ਨੂੰ ਬੰਧਕ ਬਣਾਉਣਾ ਅਤੇ ਸਰਕਾਰ ਨੂੰ ਧਮਕੀਆਂ ਦੇਣਾ ਦਰੁੱਸਤ ਪਹੁੰਚ ਨਹੀਂ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਛੋਟੇ ਮੁੱਦਿਆਂ ਉਪਰ ਸਿਆਸੀ ਟਕਰਾਅ ਨੂੰ ਹੋਰ ਤਿੱਖਾ ਕਰਨ ਦੀ ਨੀਤੀ ਉਪਰ ਚੱਲ ਰਿਹਾ ਹੈ। ਇਸ ਨਾਲ ਪੰਜਾਬ ਦਾ ਮਾਹੌਲ ਵਿਗੜੇਗਾ ਅਤੇ ਲੋਕਾਂ ਨੂੰ ਭਾਰੀ ਆਰਥਿਕ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰਨਾ ਪਵੇਗਾ। ਪੰਜਾਬ ਪਹਿਲਾਂ ਹੀ ਡੂੰਘੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਅਜਿਹੇ ਮੌਕੇ ’ਤੇ ਇਕ ਜ਼ਿੰਮੇਵਾਰ ਸਿਆਸੀ ਪਾਰਟੀ ਨੂੰ ਬੇਲੋੜੇ ਸਿਆਸੀ ਟਕਰਾਅ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਵੀ ਸਥਿਤੀ ਦੀ ਨਾਜ਼ੁਕਤਾ ਸਮਝਣੀ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਿਆਣਪ ਇਹ ਹੈ ਕਿ ਉਹ ਅਕਾਲੀ ਦਲ ਵੱਲੋਂ ਵਿਛਾਏ ਗਏ ਜਾਲ ਵਿੱਚ ਨਾ ਫਸਣ। ਉਨ੍ਹਾਂ ਨੂੰ ਸੂਬੇ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ। ਹਰ ਤਰ੍ਹਾਂ ਦੀ ਨਾ-ਪੱਖੀ ਰਾਜਨੀਤੀ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ।
– ਬਲਜੀਤ ਸਿੰਘ ਬਰਾੜ



