ਇਹ ਪਾਵਨ ਪਵਿਤਰ ਗੁਰਬਾਣੀ ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਹੈ। ਜੋ ਕਿ ਰਾਗ ਭੈਰਵ ਵਿਚ ਦਰਜ ਹੈ ਅਤੇ ਗੁਰੁਅੰਗ 1127 ਤੇ ਸੁਭਾਏਮਾਨ ਹੈ। ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ:-
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ॥
ਬ੍ਰਹਮੁ ਬਿੰਦੇੈ ਸੋ ਬ੍ਰਾਹਮਣੁ ਹੋਈ ॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਗੁਰੂ ਸਾਹਿਬ ਪਵਿੱਤਰ ਮੁੱਖ ਤੋਂ ਉਪਜੇ ਉਪਦੇਸ਼ ਰਾਹੀਂ ਦਰਸਾਉਂਦੇ ਹਨ ਕਿ ਹੇ ਮਨੁੱਖ ਤੈਨੁੂੰ ਆਪਣੀ ਜਾਤ ਦਾ ਸਮਾਜੀ ਸਟੇਟਸ ਦਾ ਗਰਭ ਹੰਕਾਰ ਜਾਂ ਘੁਮੰਡ ਨਹੀ ਕਰਨਾ ਚਾਹੀਦਾ। ਉਸ ਮਾਲਕ ਪ੍ਰਮਾਤਮਾ ਦੀ ਨਜਰ ਵਿਚ ਸਭ ਇੱਕ ਸਮਾਨ ਨੇ, ਜੋ ਇਨਸਾਨ ਉਸ ਨਿਰੰਕਾਰ ਪ੍ਰਮਾਤਮਾ ਦੀ ਸੋਝੀ ਤੇ ਭਾਣਾ ਵਿਚ ਜੀਵਨ ਬਤੀਤ ਕਰਦਾ ਹੈ ਨਿਰਮਾਣਤਾ ਦਾ ਪੱਲਾ ਫੜ੍ਹੀ ਚੱਲਦਾ ਜੀਵਨ ਬਤੀਤਦਾ ਹੈ, ਪ੍ਰਮਾਤਮਾ ਦੇ ਸ਼ਬਦ ਸੋਝ ਮੁਤਾਬਕ ਚੱਲ ਕੇ ਉਸ ਨੂੰ ਜਾਣ ਲੈਂਦਾ ਹੈ, ਉਹੀ ਪ੍ਰਮਾਤਮਾ ਦੀ ਅਸਲ ਨਜਦੀਕੀ ਤੇ ਉਸਦੀ ਮੇਹਰ ਨਦਰਿ ਪ੍ਰਾਪਤ ਕਰਦਾ ਹੈ।
ਗੁਰੂ ਜੀ ਸਿੱਖਿਆ ਦਿੰਦੇ ਹਨ ਹੇ ਮੂਰਖ ਇਨਸਾਨ ਤੂੰ ਆਪਣੀ ਉਚ ਜਾਤੀ ਦਾ, ਪੈਸੇ ਦਾ, ਰੁਤਬੇ ਦਾ, ਜਾਂ ਸਮਾਜੀ ਉਚ ਆਚਾਰ ਵਿਵਹਾਰ ਦਾ ਘੁੰਮਡ, ਮਾਣ ਹੰਕਾਰ ਵਿਅਰਥ ਹੀ ਕਰਦਾ ਹੈਂ। ਪ੍ਰਮਾਤਮਾ ਦੇ ਘਰ ਤੇਰੇ ਵਰਗੇ ਘੁਮੰਡੀ ਤੇ ਜਾਤਿ ਪਾਤ ਵਿਚ ਵਿਸ਼ਵਾਸ਼ ਰੱਖਣ ਵਾਲੇ ਲਈ ਕੋਈ ਜਗਾ ਨਹੀ ਹੈ।ਇਸ ਮਾਣ ਹੰਕਾਰ ਤੇ ਜਾਤਿ ਪਾਤ ਦੀ ਉੂਚ ਨੀਚ ਨੂੰ ਮੰਨਣ ਵਾਲੇ ਦੀ ਜਿੰਦਗੀ ਤੇ ਰਾਹਾਂ ਵਿਚ ਅਨੇਕ ਪ੍ਰਕਾਰ ਦੇ ਵਿਕਾਰ, ਪਾਪ, ਦੁੱਖ ਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ, ਉਹ ਅਨੇਕ ਪ੍ਰਕਾਰ ਦੇ ਭੈੜੇ ਕਰਮਾਂ ਤੇ ਸ਼ਖਸੀਅਤ ਦਾ ਮਾਲਕ ਬਣ ਜਾਂਦਾ ਹੈ।ਸਮਾਜ ਵਿਚ ਵਿਚਰਦੇ ਚਾਰ ਵਰਨਾਂ ਦੇ ਲੋਕ ਪ੍ਰਮਾਤਮਾ ਦੀ ਮੇਹਰ ਤੇ ਨਦਰਿ ਨਾਲ ਇੱਕ ਹੀ ਜੋਤਿ ਤੋਂ ਉਤਪਤਿ ਹੋਏ ਨੇ। ਪਰ ਆਪਣੀ ਮੂਰਖਤਾ ਨਾਲ ਹੀ ਮਨਮੁੱਖ ਮਨੁੱਖਾਂ ਨੇ ਜਾਤ ਪਾਤ ਦਾ ਪਸਾਰਾ ਪੈਦਾ ਕੀਤਾ ਹੈ।ਸਭ ਇੱਕ ਹੀ ਜੋਤ ਸਰੂਪ ਪ੍ਰਮਾਤਮਾ ਤੋ ਉਤਪਤ ਹੋਏ ਹਨ।ਗੁਰੂ ਸਾਹਿਬ ਉਦਾਹਰਨ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਜਿਵੇਂ ਠਠਿਆਰ ਬਰਤਨ ਬਣਾਉਂਦੇ ਸਮੇਂ ਅਨੇਕ ਪ੍ਰਕਾਰ ਦੇ ਰੰਗਾਂ ਤੇ ਅਕਾਰਾਂ ਦੇ ਬਰਤਨ ਬਣਾਉਂਦਾ ਹੈ ਜਿਨਾਂ ਵਿਚ ਕੋਈ ਵੱਡ ਅਕਾਰੀ ਹੈ ਕੋਈ ਛੋਟਾ ਹੈ। ਇਵੇਂ ਹੀ ਪ੍ਰਮਾਤਮਾ ਸਰਬ ਸਮਰਥ ਵਾਹੇਗੁਰੂ ਨੇ ਸਭ ਨੂੰ ਪੈਦਾ ਕੀਤਾ ਹੈ ਆਪਣੇ ਆਪਣੇ ਕਰਮਾਂ ਅਨੁਸਾਰ ਹਰ ਕੋਈ ਵੱਖੋ ਵੱਖਰੇ ਰੰਗਾਂ ਰੂਪਾਂ ਤੇ ਸੋਝੀ ਦਾ ਮਾਲਕ ਹੈ।ਇਸ ਵਿਚ ਕੋਈ ਪ੍ਰਸ਼ਨ ਨਹੀ ਕਰ ਸਕਦਾ ਕਿ ਕੌਣ ਵੱਡਾ ਹੈ ਤੇ ਕੌਣ ਛੋਟਾ ਹੈ। ਪੰਜ ਤੱਤਾਂ ਦਾ ਇਹ ਸਰੀਰ ਬਣਿਆ ਹੈ ਤੇ ਸਭ ਇੱਕ ਹੀ ਪ੍ਰਮਾਤਮਾ ਦੀ ਬਖਸ਼ਿਸ ਨਦਰਿ ਜੋਤ ਦਾ ਛੋਟਾ ਰੂਪ ਨੇ। ਨਾਮ ਸਿਮਰਨ ਤੇ ਸ਼ਬਦ ਗੁਰੂ ਦੀ ਕੀ ਮੇਹਰ ਨਾਲ ਹੀ ਕੋਈ ਪ੍ਰਮਾਤਮਾ ਦੇ ਕਰੀਬ ਹੋ ਜਾਂਦਾ ਹੈ ਤੇ ਕੋਈ ਭੁੱਲਿਆ ਦੂਰ ਭਟਕਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਹੇ! ਨਾਨਕ ਮਨੁੱਖ ਆਤਮਾ ਤਾਂ ਕਰਮਾਂ ਦੀ ਬੱਧੀ ਹੋਈ ਹੈ ਤੇ ਸੱਚੇ ਸਤਗੁਰਿ ਦੀ ਮੇਹਰ ਤੇ ਕਿਰਪਾ ਦ੍ਰਿਸ਼ਟੀ ਨਾਲ ਹੀ ਇਨਾਂ ਬੰਧਨਾਂ ਤੋਂ ਮੁਕਤ ਹੋ ਸਕਦਾ ਹੈ।
ਉਪਰੋਕਤ ਸ਼ਬਦ ਦੀ ਚਾਨਣਾ ਵਿੱਚ ਪਵਿਤਰ ਗੁਰਬਾਣੀ ਵਲੋਂ ਇਹੀ ਸੰਦੇਸ਼ ਦਿੱਤਾ ਗਿਆ ਹੈ।ਮਨੁੱਖ ਨੂੰ ਕਦੇ ਵੀ ਆਪਣੀ ਜਾਤ ਦਾ ਤੇ ਸਮਾਜੀ ਰੁੱਤਬਾ, ਪੈਸਾ ਦਾ, ਕਦੇ ਵੀ ਗਰਬ ਜਾਂ ਹੰਕਾਰ ਘੁਮੰਡ ਨਹੀ ਕਰਨਾ ਚਾਹੀਦਾ ਹੈ।ਇਹ ਜੀਵਨ ਤਾਂ ਪਾਣੀ ਦਾ ਬੁੱਲਬਲਾ ਹੈ ਜੋ ਕਿ ਪਤਾ ਨਹੀ ਕਦੋਂ ਪੈਦਾ ਹੋਣਾ ਤੇ ਬਿਨਸਣਾ ਹੈ। ਮਨੁੱਖ ਧੀਆਂ ਪੁੱਤਰਾਂ ਲਈ ਮਹਿਲ ਮਾੜੀਆਂ ਤੇ ਧੰਨ ਦੌਲਤਾਂ ਇੱਕਠੀਆਂ ਕਰਦਾ ਫਿਰਦਾ ਹੈ। ਪਰ ਉਸ ਮੂਰਖ ਨੂੰ ਸਮਝ ਨਹੀ ਪੈਂਦੀ ਕਿ ਇਨਾਂ ਚੀਜਾਂ ਨਾਲ ਜੀਵਨ ਤਾ ਜੀਇਆ ਜਾ ਸਕਦਾ ਹੈ ਪਰ ਪ੍ਰਮਾਤਮਾ ਦੀ ਅਸਲ ਨਦਰਿ ਕ੍ਰਿਪਾ ਤੇ ਅੱਗਾ ਨਹੀ ਸੰਵਾਰਿਆ ਜਾ ਸਕਦਾ ਹੈ।ਪ੍ਰਮਾਤਮਾ ਦੇ ਦਰਸਾਏ ਮਾਰਗ ਤੇ ਨਿਮਰਤਾ ਨਾਲ ਬਤੀਤ ਕੀਤਾ ਜੀਵਨ ਤੇ ਸੁਭ ਕਰਮ ਹੀ ਪ੍ਰਮਾਤਮਾ ਦੇ ਘਰ ਢੋਈ ਦੁਆਂਦੇ ਹਨ ਨਾ ਕਿ ਜਾਤ ਜਾਂ ਪੈਸੇ ਦਾ ਹੰਕਾਰ।ਆਦਮੀ ਪੈਸਾ ਤੇ ਜਾਤ ਨੂੰ ਤਾਂ ਬਹੁਤ ਵਡਿਆਉਂਦਾ ਹੈ ਕਿ ਉਸ ਨੇ ਕਦੇ ਸੋਚਿਆ ਹੈ ਕਿ ਉਸ ਨੇ ਅੱਜ ਦੇ ਦਿਨ ਕਿਸੇ ਨੂੰ ਖੁਸ਼ ਕੀਤਾ ਹੈ, ਕਿਸੇ ਦੀ ਮੱਦਦ ਕੀਤੀ ਹੈ , ਆਪਣੇ ਧੀਆਂ ਪੁੱਤਰ ਜਾਂ ਪਤਨੀ ਦੀ ਅਸਲੀ ਖੁਸ਼ੀ ਜਾਣੀ ਹੈ। ਅਜਿਹੀ ਦੋਹਰੀ ਜਿੰਦਗੀ ਜਾਂ ਸ਼ਖਸੀਅਤ ਦਾ ਕੋਈ ਫਾਇਦਾ ਨਹੀ ਜੋ ਬਾਹਰੋ ਤਾਂ ਧਾਰਮਿਕ ਬਣਦੇ ਨੇ, ਨਾਮ ਸਿਮਰਦੇ ਨੇ, ਪਰ ਅੰਦਰੋਂ ਕੋਝ ਨੂੰ , ਜਾਤ ਦੇ, ਪੈਸੇ ਦੇ ਹੰਕਾਰ ਨੂੰ ਨਹੀ ਛੱਡਦੇ।ਬੰਦਾ ਸ਼ਰਾਬ ਪੀਂਦਾ ਹੈ, ਧੋਖਾ ਕਰਦਾ ਹੈ, ਘਰਦਿਆਂ ਨਾਲ ਲੜਦਾ ਹੈ, ਪਰ ਸਵੇਰੇ ਫੇਰ ਗੁਰਦੁਆਰੇ ਜਾਂਦਾ ਹੈ ਤੇ ਸੋਚਦਾ ਹੈ ਕਿ ਉਸ ਨੂੰ ਕੋਈ ਨਹੀ ਦੇਖਦਾ ਪਰ ਧੋਖਾ ਤਾਂ ਉਹ ਆਪਣੇ ਆਪ ਨਾਲ ਕਰਦਾ ਹੈ। ਪਰਮਾਤਮਾ ਤਾਂ ਸਭ ਦੇਖਦਾ ਹੈ। ਪ੍ਰਮਾਤਮਾ ਨੇ ਆਪਣੇ ਕਈ ਰੂਪਾਂ, ਉਦਾਹਰਨਾਂ ਤੇ ਅਵਤਾਰਾਂ ਰਾਹੀਂ ਸਾਨੂੰ ਅਨੇਕ ਸੰਦੇਸ਼ ਤੇ ਸਿੱਖਿਆਵਾਂ ਦਿੱਤੀਆਂ ਹਨ ਜਾਂ ਜੀਵਨ ਨੁੂੰ ਸੰਵਾਰਿਆ ਜਾ ਸੁਧਾਰਿਆ ਜਾ ਸਕੇ।ਦੁਨੀਆਂ ਦਾ ਹਰ ਗ੍ਰੰਥ, ਹਰ ਧਰਮ ਕਦੇ ਵੀ ਬੰਦਸ਼ਾਂ ਜਾਂ ਜਾਤ ਪਾਤ ਦੇ ਘੁਮੰਡ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਾ ਹੈ।ਬਾਇਬਲ ਦੀ ਕਥਾ ਮੁਤਾਬਕ ਇੱਕ ਅਮੀਰ ਬਾਦਸ਼ਾਹ ਸੀ ਜੋ ਆਪਣੇ ਮਹਿਲ ਵਿਚ ਅਨੇਕ ਰਾਣੀਆਂ ਤੇ ਅਨੇਕ ਪ੍ਰਕਾਰ ਦੇ ਖਾਣਿਆਂ ਦਾ ਸੇਵਨ ਕਰਦਾ ਪਰ ਰੱਬ ਨੁੂੰ ਭੁੱਲਿਆ ਸੀ। ਉਸਦੇ ਮਹਿਲ ਸਾਮਣੇ ਇਕ ਗਰੀਬ ਤੇ ਛੋਟੀ ਜਾਤ ਦਾ ਲਾਜਰ ਨਾਮ ਦਾ ਪਿੰਗਲਾ ਰਹਿੰਦਾ ਸੀ ਜਿਸ ਤੇ ਕਦੇ ਉਸ ਬਾਦਸ਼ਾਹ ਨੇ ਕ੍ਰਿਪਾ ਤੇ ਸੇਵਾ ਨਹੀ ਕੀਤੀ ਸੀ ਜਦੋ ਉਸਦੇ ਨੌਕਰ ਬਚਿਆ ਖੁਚਿਆ ਖਾਣਾ ਕੂੜੇ ਦੇ ਢੇਰ ਤੇ ਸੁੱਟਦੇ ਸਨ ਤੇ ਉਹ ਛੋਟੀ ਜਾਤ ਦਾ ਲਾਜਰ ਕੂੜੇ ਤੋਂ ਚੁੱਕ ਕੇ ਖਾਣਾ ਖਾ ਕੇ ਵੀ ਰੱਬ ਦਾ ਲੱਖ ਸ਼ੁਕਰ ਕਰਦਾ ਸੀ, ਇੱਕ ਦਿਨ ਲਾਜਰ ਮਰ ਗਿਆ ਤੇ ਬਾਦਸਾਹ ਵੀ ਮਰ ਗਿਆ, ਪਰ ਪ੍ਰਮਾਤਮਾ ਦੇ ਘਰ ਬਾਦਸ਼ਾਹ ਨੂੰ ਨਰਕ ਦੀ ਅੱਗ ਵਿਚ ਸੁੱਟਿਆ ਗਿਆ ਤੇ ਲਾਜਰ ਨੂੰ ਪ੍ਰਮਾਤਮਾ ਨੇ ਆਪਣੇ ਨਾਲ ਤਖਤ ਤੇ ਬਿਠਾਲਿਆ। ਸੋ ਜਾਤ ਨੰ ਨਹੀ ਪ੍ਰਮਾਤਮਾ ਨੁੂੰ ਯਾਦ ਕਰਨਾ ਚਾਹੀਦਾ ਹੈ। ਕ੍ਰਿਸ਼ਨ ਸੁਦਾਮਾ ਦੀ ਦੋਸਤੀ ਨੂੰ ਕੌਣ ਨਹੀ ਜਾਣਦਾ ਹੈ। ਕ੍ਰਿਸ਼ਨ ਭਗਵਾਨ ਰੂਪ ਸੀ ਤੇ ਸੁਦਾਮਾ ਛੋਟੀ ਜਾਤ ਦਾ ਬਹੁਤ ਗਰੀਬ ਸੀ ਪਰ ਕ੍ਰਿਸ਼ਨ ਜੀ ਉਸ ਨੁੂੰ ਆਪਣੇ ਬਚਪਨ ਦੀ ਦੋਸਤੀ ਨੂੰ ਮਹਾਨਤਾ ਦਿੰਦੇ ਹੋਏ ਆਪਣੇ ਬਰਾਬਰ ਤੱਖਤ ਤੇ ਬਿਠਾਉ ਸਨ ਤੇ ਉਸ ਦੇ ਆਪਣੇ ਮਹਿਲ ਦੇ ਦਰਵਾਜੇ ਆਏ ਤੇ ਨੰਗੇ ਪੈਰੀਂ ਹੀ ਦੌੜ ਪਏ ਸਨ ਉਸਨੁੂੰ ਮਿਲਣ ਲਈ।ਗੁਰੂ ਨਾਨਕ ਸਾਹਿਬ ਜੀ ਨੇ ਵੀ ਮਰਦਾਨਾ ਤੇ ਭਾਈ ਬਾਲੇ ਨੂੰ ਜੀਵਨ ਦਾ, ਆਪਣੇ ਸਫਰ ਦਾ ਸਾਥੀ ਚੁਨਿਆ ਸੀ ਜੋ ਕਿ ਨੀਵੀਂ ਜਾਤਿ ਦੇ ਸਨ, ਪਰ ਗੁਰੂ ਜੀ ਨੇ ਮਨੁੱਖਤਾ ਤੇ ਸੁਭ ਸ਼ਖਸੀਅਤ ਤੇ ਕਰਮਾਂ ਨੂੰ ਪਹਿਲ ਦਿੱਤੀ।ਕਹਿੰਦੇ ਨੇ ਇੱਕ ਵਾਰ ਮਰਦਾਨਾ ਉਦਾਸ ਹੋਇਆ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਸੀ ਕਿ ਗੁਰੂ ਜੀ ਲੋਕ ਤੁਹਾਨੂੰ ਕੁਰਾਹੀਆ ਤੇ ਮੈਨੂੰ ਕੁਰਾਹੀਏ ਦਾ ਡੂੰਮ ਕਹਿੰਦੇ ਨੇ, ਤਾਂ ਗੁਰੂ ਜੀ ਨੇ ਉਤਰ ਦਿੱਤਾ ਕਿ ਤੂੰ ਉਦਾਸ ਕਿਉਂ ਹੁੰਨਾ ਵਾ, ਅਸੀਂ ਤਾਂ ਦੋਵੇ ਡੂੰਮ ਹਾਂ, ਤੂੰ ਸਾਡਾ ਡੂੰਮ ਹੈ ਤੇ ਅਸੀਂ ਉਸ ਪ੍ਰਮਾਤਮਾ ਦੇ ਡੂੰਮ ਹਾਂ ਤੈਨੂੰ ਉਦਾਸ ਹੋਣ ਦੀ ਕੋਈ ਲੋੜ ਨਹੀ ਹੈ।ਗੁਰੂ ਜੀ ਨੇ ਅਮੀਰ ਮਲਿਕ ਭਾਗੋ ਦਾ ਸ਼ਾਹੀ ਭੋਜ ਠੁਕਰਾ ਕੇ ਭਾਈ ਲਾਲੋ ਕਿਰਤੀ ਦੀ ਕਿਰਤ ਕਮਾਈ ਵਿਚੋਂ ਪ੍ਰਸ਼ਾਦਾ ਛਕਿਆ ਸੀ।ਅਜਿਹੀਆਂ ਅਣਗਿਣਤ ਉਦਾਹਰਨਾਂ ਮਿਲ ਜਾਣਗੀਆਂ ਜਿਨਾਂ ਰਾਹੀਂ ਸਾਡੀ ਪਵਿੱਤਰ ਗੁਰਬਾਣੀ ਤੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਨੂੰ ਵਿਸਾਰ ਕੇ ਸਭ ਨੂੰ ਇੱਕ ਸਮਾਨ ਕੀਤਾ ਹੈ ਪਰ ਅਜੋਕਾ ਮਨੁੱਖ ਬਹੁਤ ਮੂਰਖ ਦੰਭੀ ਹੈ, ਇਹ ਦੋਗਲੀ ਸ਼ਖਸ਼ੀਅਤ ਦਾ ਮਾਲਕ ਬਣ ਚੁੱਕਾ ਹੈ। ਇੱਕ ਹੀ ਵੇਲੇ ਇਹ ਕਈ ਪ੍ਰਕਾਰ ਦੇ ਰੋਲ ਨਿਭਾਉਂਦਾ ਹੈ ਚੰਗੇ ਤੇ ਮਾੜੇ ਵੀ, ਪਰ ਪ੍ਰਮਾਤਮਾ ਦੀ ਨਜਰ ਤੋਂ ਇਹ ਨਾ ਤਾਂ ਬਚ ਸਕਿਆ ਹੈ ਤੇ ਨਾ ਹੀ ਬਚ ਸਕੇਗਾ, ਗੁਰਬਾਣੀ ਥਾਂ ਥਾਂ ਇਸ ਦੇ ਹਵਾਲੇ ਦਿੰਦੀ ਹੈ ਪਰ ਇਹ ਕਦੇ ਨਹੀ ਸਮਝਦਾ। ਨੀਵੀਂ ਜਾਤ ਜਾਂ ਉਚੀ ਜਾਤ ਦਾ ਹੰਕਾਰ ਕਰਨਾ ਵਿਅਰਥ ਹੈ।ਕਿਉਂਕਿ ਹਰ ਇੱਕ ਛੋਟੇ ਜਾਂ ਵੱਡੇ ਇਨਸਾਨ ਦੇ ਅੰਦਰ ਇੱਕ ਹੀ ਪ੍ਰਮਾਤਮਾ ਦਾ ਬਸੇਰਾ, ਜੋਤ ਦਾ ਅੰਸ਼ ਤੇ ਖੂਨ ਦਾ ਰੰਗ ਵੀ ਇੱਕ ਹੈ, ਇਹ ਸਭ ਸਾਡੀ ਘਟਿਆ ਸੋਚ ਹੈ ਜਿਸਨੇ ਦੂਜ ਪੈਦਾ ਕੀਤੀ ਹੈ। ਪਰ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡਾ ਸਮਾਜ ਅਜੇ ਵੀ ਰੰਗ ਰੂਪਾਂ ਤੇ ਜਾਤਾਂ ਪਾਤਾਂ ਵਿਚ ਫਸਿਆ ਰਿੜ੍ਹਕ ਰਿਹਾ ਹੈ ਤੇ ਪੱਛਮੀ ਸਭਿਅਤਾ ਜਿਥੇ ਅਜਿਹੀ ਵਰਤਾਰੇ ਨਹੀ ਨੇ ਉਹ ਕਾਮਯਾਬੀਆਂ ਤੇ ਤਰੱਕੀਆਂ ਨੂੰ ਛੋਹ ਰਿਹਾ ਹੈ।ਸਾਡੇ ਰਿਸਤੇਦਾਰੀਆਂ ਜਾਂ ਵਿਆਹਾਂ ਵਿਚ ਵੀ ਸਮਾਜ ਰੁਤਬੇ ਜਾਂ ਜਾਤ ਪਾਤ ਦੀ ਊਚ ਨੀਚ ਨਾਲ ਕਈ ਲੜਕੀਆਂ ਜਾਂ ਲੜਕਿਆਂ ਦੇ ਜੀਵਨ ਤਬਾਹ ਹੋ ਜਾਂਦੇ ਹਨ। ਪਰ ਜਾਤ ਪਾਤ ਦਾ ਜਹਿਰ ਫੇਰ ਵੀ ਨਹੀ ਠੱਲਦਾ। ਸਾਡੇ ਸਮਾਜ ਦੀ ਤ੍ਰਾਸਦੀ ਹੈ ਅਸ਼ੀ ਕਿਸੇ ਵੀ ਖੇਤਰ ਦੇ ਵਿਚ ਮਹਾਨਤਾ ਖੱਟਣ ਵਾਲੇ ਇਨਸਾਨ ਨੂੰ ਪਹਿਚਾਨਣ ਤੇ ਜਾਨਣ ਤੋਂ ਪਹਿਲਾਂ ਜਾਤ ਦਾ ਪੈਮਾਨਾ ਅੱਗੇ ਰੱਖਦੇ ਹਾਂ ਕਿ ਫਲਾਣਾ ਬੰਦਾ ਹੈ ਕਿਸ ਜਾਤ ਦਾ। ਕਿੰਨੀ ਮੂਰਖਤਾ ਹੈ ਉਸ ਨੂੰ ਪ੍ਰਮਾਤਮਾ ਦਾ ਜੀਵ ਮੰਨਣ ਦੀ ਥਾਂ ਜਾਤ ਦੀ ਪੈਦਾਇਸ਼ ਮੰਨਦੇ ਹਾਂ ਅਸੀਂ।ਜਾਤ ਪਾਤ ਦੇ ਨਾਗ ਦਾ ਜਹਿਰ ਸਾਡੇ ਪਿਆਰਾਂ, ਵਿਆਹਾਂ, ਰਿਸ਼ਤੇਦਾਰੀਆਂ, ਪਰਿਵਾਰਾਂ,ਪਿਆਰਾਂ, ਸਮਾਜ ਤੇ ਦੇਸ਼ ਨੂੰ ਖਤਮ ਰਿਹਾ ਹੈ, ਅਸਹਿਣਸ਼ੀਲਤਾ ਵਧ ਰਹੀ ਹੈ ਤੇ ਅਸੀਂ ਇਨਸਾਨ ਦੇ ਨਾਲ ਹੈਵਾਨ ਵੀ ਬਣ ਰਹੇ ਹਾਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਇੱਕ ਸਿੱਖੀ ਧਰਮ ਨੂੰ ਦ੍ਰਿੜ ਕੀਤਾ ਤੇ ਸਿੱਖ ਪੰਥ ਨੂੰ ਨਵਾਂ ਰੂਪ ਬਖਸ਼ਿਆ।ਗੁਰੂ ਜੀ ਨੇ ਸਿੰਘ ਤੇ ਕੌਰ ਦੇ ਸਤਿਾਕਰਤ ਰੁਤਬੇ ਦੇ ਸ਼ਬਦ ਦਿੱਤੇ ਸਨ, ਪਰ ਅੱਜ ਅਕਸਰ ਅਸੀਂ ਦੇਖਦੇ ਹਾਂ ਸਾਡੇ ਵਿਚੋਂ ਬਹੁਤ ਸਾਰੇ ਅਜੇ ਵੀ ਗੁਰੂ ਸਾਹਿਬਾਨਾ ਦੀ ਦਿੱਤੀ ਸਿੱਖਿਆ ਤੋਂ ਦੂਰ ਹਾਂ, ਅਸੀਂ ਅੱਜ ਵੀ ਵੱਖ ਵੱਖ ਗੋਤਾਂ ਜਾਂਤਾਂ ਦੇ ਸਿਰਲੇਖਾਂ ਨੂੰ ਆਪਣੇ ਨਾਵਾਂ ਸੰਗ ਜੋੜ ਕੇ ਵਡਿਆਉਂਦੇ ਹਾਂ, ਕੋਈ ਬਰਾੜ, ਸੰਧੂ, ਸਿੱਧੂ, ਢਿੱਲੋਂ ਹੈ ਕੋਈ ਕੁਝ ਤੇ ਕੋਈ ਕੁਝ, ਕਿਵੇਂ ਸਮਝਿਆ ਜਾਵੇ ਕਿ ਅਸੀਂ ਸਭ ਇਨਸਾਨ ਪਹਿਲਾਂ ਹਾਂ ਤੇ ਬਾਕੀ ਸਭ ਕੁਝ ਬਾਦ ਵਿਚ। ਅਸੀ ਧਰਮ ਦੀ ਪਾਲਣਾ ਵਿਚ ਸਭ ਤੋਂ ਮੂਰਖ ਇਨਸਾਨ ਹਾਂ ਕਿਉਂਕਿ ਅਕਸਰ ਪਿੰਡਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਾਤਾਂ ਦੇ ਅਧਾਰ ਤੇ ਵੱਖੋ ਵੱਖਰੇ ਗੁਰਦੁਆਰੇ ਸਥਾਪਿਤ ਹਨ, ਉਚੀਆਂ ਜਾਤਾਂ ਦੇ ਵਖਰੇ ਤੇ ਨੀਵੀਆਂ ਜਾਤਾਂ ਦੇ ਵੱਖਰੇ, ਇੱਥੋਂ ਤੱਕ ਕਿ ਸਿਵੀਆਂ ਨੂੰ ਜਾਤਾਂ ਦੇ ਅਧਾਰ ਤੇ ਵੰਡ ਰੱਖਿਆ ਹੈ, ਕੌਣ ਸਮਝਾਵੇ ਕਿ ਜਿਉਂਦੇ ਜੀ ਜਾਤ ਪਾਤ ਦੇ ਜਹਿਰ ਨਾਲ ਭਰੇ ਵੰਡੇ ਰਹਿੰਦੇ ਹਾਂ ਮਰਨ ਤੋਂ ਬਾਦ ਤਾਂ ਇੱਕ ਹੀ ਮਿੱਟੀ ਨਾਲ ਮਿੱਟੀ ਹੋ ਜਾਈਏ। ਜੋ ਕਿ ਸਾਡੇ ਮਹਾਨ ਗੁਰੂ ਸਾਹਿਬਾਨਾਂ ਤੇ ਸਿੱਖੀ ਧਰਮ ਦੇ ਬਿਲਕੁਲ ਉਲਟ ਹੈ। ਸਾਨੂੰ ਕਦੋਂ ਸਮਝ ਆਏਗੀ ਕਿ ਸਾਡੇ ਸੱਚੇ ਮਹਾਨ ਗੁਰੂ ਸਾਹਿਬਾਨਾਂ ਤੇ ਗੁਰਬਾਣੀ ਇੱਕ ਇਸ਼ਵਰ ਤੇ ਸਰਭ ਸਾਂਝੀਵਾਲਤਾ ਦਾ ਸੰਦੇਸ਼ ਦ੍ਹਿੜਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸੰਦੇਸ਼ ਦਿੱਤਾ ਸੀ ਕਿ ਨਾ ਕੋਈ ਹਿੰਦੂ, ਨਾ ਮੁਸਲਮਾਨ, ਅਥਵਾ ਸਭ ਭਾਈ ਭਾਈ ਤੇ ਇੱਕ ਬਰਾਬਰ ਹਨ।
ਅੰਤ ਵਿਚ ਇਹੋ ਹੀ ਕਹਾਂਗਾ ਕਿ ਅੱਜ ਸਾਡੇ ਦੇਸ਼ ਨੂੰ ਸਮਾਜ ਨੂੰ ਸਭ ਤੋ ਵੱਧ ਖਤਰਾ ਜਾਤ ਪਾਤ ਊਚ ਨੀਚ ਤੇ ਅਸਹਿਣਸ਼ੀਲਤਾ ਤੋਂ ਹੈ।ਲੋੜ ਹੈ ਜਾਤ ਪਾਤ ਤੋਂ ਰਹਿਤ ਤੇ ਸ਼ਹਿਣਸ਼ੀਲਤਾ ਦਾ ਜੀਵਨ ਗੁਜਾਰੀਏ ਤੇ ਹਰ ਇੱਕ ਵਿਚ ਰੱਬੀ ਜੋਤ ਤੇ ਨਦਰਿ ਨੂੰ ਤੱਕੀਏ। ਯਾਦ ਰੱਖਣਾ ਜੇਕਰ ਤੁਹਾਡਾ ਅੰਦਰ ਸੁ ਤੇ ਸਾਫ ਸੁਥਰਾ ਹੈ ਅਥਵਾ ਜਾਤ ਪਾਤ ਦੀ ਊਚ ਨੀਚ ਤੋਂ ਦੂਰ ਹੈ ਤਾਂ ਸਮਝੋ ਤੁਸ਼ੀਂ ਪ੍ਰਮਾਤਮਾ ਦੀ ਨਦਰਿ ਦੇ ਬਿਲਕੁਲ ਕਰੀਬ ਹੋ।ਰੱਬ ਸਭ ਤੇ ਨਦਰਿ ਮੇਹਰ ਰੱਖੇ।
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ



