Skip to content
Independent perspectives. Global stories.
BREAKING

ਲਾਵਾਰਸਾਂ ਦਾ ਵਾਰਸ-ਸਮਾਜ ਸੇਵਾ ਦਾ ਮੁਜੱਸਮਾ : ਵੀਰ ਜੀ ਦਸੌਂਧੀ ਰਾਮ

Share this story

ਤੁਸੀਂ ਇਹ ਸੁਣਕੇ ਹੈਰਾਨ ਹੋਵੋਗੇ ਕਿ ਇਕ ਸਮਾਜ ਸੇਵਕ ਇਸ ਸੰਸਾਰ ਵਿਚ ਅਜਿਹਾ ਵੀ ਹੋਇਆ ਹੈ, ਜਿਹੜਾ ਆਪਣੀ ਬਰਾਤ ਚੜ੍ਹਨ ਤੋਂ ਪਹਿਲਾਂ ਜਦੋਂ ਉਸਨੂੰ ਪਤਾ ਲੱਗਿਆ ਕਿ ਇਕ ਆਦਮੀ ਦੀ ਲਾਵਾਰਸ ਲਾਸ਼ ਸੜਕ ਦੇ ਕਿਨਾਰੇ ਪਈ ਹੈ ਤਾਂ ਉਹ ਲਾਵਾਰਸ ਇਨਸਾਨ ਦੀ ਲਾਸ਼ ਦਾ ਸਸਕਾਰ ਵਿਆਹ ਵਾਲੇ ਕਪੜਿਆਂ ਵਿਚ ਹੀ ਜਾ ਕੇ ਕਰਕੇ ਆਵੇ ਅਤੇ ਫਿਰ ਉਨ੍ਹਾਂ ਕਪੜਿਆਂ ਵਿਚ ਹੀ ਬਰਾਤ ਵਿਚ ਸ਼ਾਮਲ ਹੋ ਜਾਵੇ। ਇਹ ਕੋਈ ਅਤਕਥਨੀ ਜਾਂ ਚਮਤਕਾਰ ਨਹੀਂ ਸਗੋਂ ਇਹ ਸਚਾਈ ਹੈ। ਉਹ ਮਹਾਨ ਸਮਾਜ ਸੇਵਕ ਪਟਿਆਲਾ ਵਾਲੇ ਵੀਰ ਜੀ ਦਸੌਂਧੀ ਰਾਮ ਸਨ। ਸਮਾਜ ਸੇਵਾ ਦੇ ਖੇਤਰ ਵਿਚ ਪਟਿਆਲਾ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਹੈ। ਪਟਿਆਲਾ ਦਾ ਸਮਾਜ ਸੇਵਕ ਪੈਦਾ ਕਰਨ ਵਿਚ ਪਹਿਲਾ ਸਥਾਨ ਹੈ। ਪੰਜਾਬ ਦੇ ਸਮਾਜ ਸੇਵਕਾਂ ਦੇ ਰੋਲ ਮਾਡਲ ਵੀਰ ਦਸੌਂਧੀ ਰਾਮ ਵੀ ਪਟਿਆਲਾ ਵਿਚ ਹੀ ਪੈਦਾ ਹੋਏ ਸਨ। ਦਸੌਂਧੀ ਰਾਮ ਨੂੰ ਪੂਰੇ ਪੰਜਾਬ ਵਿਚ ਵੀਰ ਜੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਬੀਰ ਦਸੌਂਧੀ ਰਾਮ ਨੂੰ ਸਮਾਜ ਸੇਵਾ ਦੀ ਚਿਣਗ 16 ਸਾਲ ਦੀ ਉਮਰ ਵਿਚ ਹੀ ਲੱਗ ਗਈ ਸੀ, ਜਦੋਂ ਉਹਨਾਂ ਪਹਿਲੀ ਵਾਰ ਸੜਕ ਤੇ ਪਈ ਇਕ ਲਾਵਾਰਸ ਲਾਸ਼ ਦੇਖੀ । ਉਹਨਾਂ ਨੂੰ ਪਤਾ ਲੱਗਿਆ ਕਿ ਇਸ ਵਿਅਕਤੀ ਦਾ ਕੋਈ ਵਾਰਸ ਨਹੀਂ ਹੈ ਤਾਂ ਉਹਨਾ ਨੇ ਤੁਰੰਤ ਸਹਿਜ ਸੁਭਾਅ ਹੀ ਕਿਹਾ ਕਿ ਵਾਰਸਾਂ ਦੀ ਲੋੜ ਤਾਂ ਜਾਇਦਾਦਾਂ ਲਈ ਹੁੰਦੀ ਹੈ ਪ੍ਰੰਤੂ ਇਸ ਵਿਅਕਤੀ ਦੀ ਕੋਈ ਜਾਇਦਾਦ ਨਹੀਂ ਹੋਣੀ, ਇਸ ਲਈ ਤਾਂ ਇਸਦੀ ਲਾਸ਼ ਸੜਕ ਤੇ ਰੁਲ ਰਹੀ ਹੈ। ਇਸ ਤੋਂ ਬਾਅਦ ਦਸੌਂਧੀ ਰਾਮ ਨੇ ਇਕ ਰੇੜ੍ਹੀ ਲਿਆਂਦੀ ਤੇ ਉਸ ਲਾਸ਼ ਨੂੰ ਪੂਰਨ ਧਾਰਮਿਕ ਢੰਗ ਨਾਲ ਇਸ਼ਨਾਨ ਕਰਾਕੇ ਸਸਕਾਰ ਲਈ ਲੋੜੀਂਦਾ ਸਾਮਾਨ ਆਪਣੀ ਜੇਬ ਵਿਚੋਂ ਖ੍ਰੀਦਕੇ ਲਿਆਂਦਾ ਤੇ ਕਿਹਾ, ਆ ਵੀਰ ਅੱਜ ਤੋਂ ਬਾਅਦ ਮੈਂ ਤੇਰਾ ਨਹੀਂ ਸਗੋਂ ਤੇਰੇ ਵਰਗੇ ਸਾਰੇ ਲਾਵਾਰਸਾਂ ਦਾ ਵਾਰਸ ਹੋਵਾਂਗਾ। ਉਸ ਦਿਨ ਤੋਂ ਬਾਅਦ ਦਸੌਂਧੀ ਰਾਮ ਦਾ ਸਮਾਜ ਸੇਵਾ ਦਾ ਜੀਵਨ ਸ਼ੁਰੂ ਹੋਇਆ ਤੇ ਫਿਰ ਉਹਨਾਂ ਮੁੜ ਕੇ ਪਿੱਛੇ ਨਹੀਂ ਦੇਖਿਆ। ਪਟਿਆਲਵੀਆਂ ਉਪਰ ਇਸ ਵੀਰ ਜੀ ਸ਼ਬਦ ਦੇ ਸਿੱਕੇ ਦੀ ਮੋਹਰ ਲੱਗ ਗਈ ਤੇ ਉਸਦੇ ਅਸਲੀ ਨਾਂ ਦੀ ਥਾਂ ਵੀਰ ਜੀ ਸ਼ਬਦ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਿਆ। ਉਹਨਾਂ ਦਿਨਾਂ ਵਿਚ ਲਾਵਾਰਸ ਲਾਸ਼ਾਂ ਦਾ ਸਸਕਾਰ ਪੁਲਿਸ ਲੋਕਾਂ ਕੋਲੋਂ ਜਬਰੀ ਕਰਾਉਂਦੀ ਹੁੰਦੀ ਸੀ। ਪੁਲਿਸ ਨੂੰ ਜਦੋਂ ਕਿਸੇ ਲਾਵਾਰਸ ਲਾਸ਼ ਦਾ ਪਤਾ ਲੱਗਣਾ ਤਾਂ ਤੁਰੰਤ ਉਹਨਾਂ ਵੀਰ ਜੀ ਨੂੰ ਸੂਚਿਤ ਕਰਨਾ। ਪਹਿਲੀ ਘਟਨਾਂ ਤੋਂ ਬਾਅਦ ਵੀਰ ਜੀ ਨੇ ਪੈਰਾਂ ਵਿਚ ਜੁੱਤੀ ਪਾਉਣੀ ਹੀ ਛੱਡ ਦਿੱਤੀ। ਗਰਮੀ ਸਰਦੀ ਵਿਚ ਉਹ ਹਮੇਸ਼ਾ ਨੰਗੇ ਪੈਰੀਂ ਹੀ ਰਹਿੰਦੇ ਸਨ।
ਬਹੁਤਾ ਪੜ੍ਹਿਆ ਲਿਖਿਆ ਨਾ ਹੋਣ ਕਰਕੇ 22 ਸਾਲ ਦੀ ਉਮਰ ਵਿਚ ਦਸੌਂਧੀ ਰਾਮ ਪੈਪਸੂ ਦੇ ਲੋਕ ਨਿਰਮਾਣ ਵਿਭਾਗ ਵਿਚ ਛੋਟੀ ਜਹੀ ਨੌਕਰੀ ਤੇ ਲੱਗ ਗਏ। ਨੌਕਰੀ ਦੇ ਨਾਲ ਉਹ ਸਮਾਜ ਸੇਵਾ ਦਾ ਕਾਰਜ ਵੀ ਕਰਦੇ ਰਹੇ। ਇਸਦੇ ਨਾਲ ਹੀ ਬੀਰ ਜੀ ਧਾਰਮਿਕ ਸਮਾਗਮਾਂ ਜਿਵੇਂ ਕਿ ਰਾਮ ਨੌਮੀ, ਰਾਮ ਨੌਵੀਂ, ਗੁਗਾ ਮਾੜੀ ਦਾ ਮੇਲਾ, ਸ਼ੋਭਾ ਯਾਤਰਾ, ਸਿੱਖ ਗੁਰੂਆਂ ਦੇ ਜਨਮ ਅਤੇ ਸ਼ਹੀਦੀ ਪੁਰਵਾਂ ਦੇ ਮੌਕਿਆਂ ਤੇ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ। ਆਪਣੀ ਹੱਥ ਰੇੜ੍ਹੀ ਤੇ ਹੀ ਪਾਣੀ ਦੇ ਢੋਲ ਰੱਖਕੇ ਨਗਰ ਕੀਰਤਨ ਵਿਚ ਪਾਣੀ ਦੀ ਸੇਵਾ ਕਰਿਆ ਕਰਦੇ ਸਨ। ਪਟਿਆਲਾ ਸ਼ਹਿਰ ਵਿਚ ਹਰ ਸਾਲ ਜਦੋਂ ਹੜ੍ਹਾਂ ਦਾ ਪ੍ਰਕੋਪ ਹੁੰਦਾ ਤਾਂ ਵੀ ਵੀਰ ਜੀ ਲੋਕਾਂ ਦੀ ਹਰ ਸੰਭਵ ਸੇਵਾ ਕਰਦੇ। ਦਸੌਂਧਂੀ ਰਾਮ ਵੀਰ ਜੀ ਦਾ ਜਨਮ 15 ਮਈ 1900 ਨੂੰ ਪਟਿਆਲਾ ਰਿਆਸਤ ਵਿਖੇ ਸ੍ਰੀ ਰਲਾ ਰਾਮ ਅਤੇ ਮਾਤਾ ਯਸ਼ੋਧਾ ਦੇਵੀ ਦੇ ਘਰ ਹੋਇਆ। ਆਪਜੀ ਦੇ ਪਿਤਾ ਪੁਰਖੇ ਫਤਿਹਗੜ੍ਹ ਸਾਹਿਬ ਨਾਲ ਸੰਬੰਧ ਰੱਖਦੇ ਸਨ। ਉਹਨਾਂ ਦਾ ਬਚਪਨ ਪਟਿਆਲਾ ਦੀਆਂ ਭੀੜੀਆਂ ਗਲੀਆਂ ਵਿਚ ਬੀਤਿਆ। ਦਰਮਿਆਨੇ ਪਰਿਵਾਰ ਵਿਚ ਜਨਮ ਲੈਣ ਤੇ ਪਲਣ ਕਰਕੇ ਗ਼ਰੀਬੀ ਤੇ ਮਜਬੂਰੀ ਨੂੰ ਉਹਨਾਂ ਬੜਾ ਨੇੜਿਓਂ ਦੇਖਿਆ ਸੀ। ਹਰ ਲਾਵਾਰਸ ਭਾਵੇਂ ਉਹ ਬੱਚਾ, ਬੁੱਢਾ, ਜਵਾਨ, ਮਰਦ ਜਾਂ ਇਸਤਰੀ ਹੋਵੇ ਉਸਦੀ ਸਾਂਭ ਸੰਭਾਲ, ਸੇਵਾ, ਬੀਮਾਰ ਹੋਵੇ ਤਾਂ ਮਲਮ ਪੱਟੀ ਆਦਿ ਖੁਦ ਕਰਦੇ ਸਨ। ਜਦੋਂ ਉਹਨਾਂ ਨੂੰ ਅਜਿਹੇ ਲਾਵਾਰਸ ਦਾ ਪਤਾ ਲੱਗਦਾ ਤਾਂ ਉਹ ਆਪਣੀ ਨੌਕਰੀ ਦੀ ਪ੍ਰਵਾਹ ਨਾ ਕਰਦੇ ਹੋਏ ਤੁਰੰਤ ਉਥੇ ਪਹੁੰਚ ਜਾਂਦੇ ਸਨ। ਹਰ ਲਾਵਾਰਸ ਲਾਸ਼ ਦਾ ਸਸਕਾਰ ਮਰਨ ਵਾਲੇ ਦੇ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਕਰਦੇ ਸਨ। ਦਫਤਰ ਤੋਂ ਗ਼ੈਰਹਾਜਰ ਰਹਿਣ ਕਰਕੇ ਉਸਦੀ ਸ਼ਿਕਾਇਤ ੳੁੱਚ ਅਧਿਕਾਰੀਆਂ ਕੋਲ ਹੋ ਗਈ । ਉਹਨਾਂ ਦੇ ਰੋਕਣ ਦੇ ਬਾਵਜੂਦ ਵੀ ਉਹ ਆਪਣੇ ਕੰਮ ਤੋਂ ਪਿਛੇ ਨਾ ਹਟੇ। ਅਖੀਰ ਅਧਿਕਾਰੀਆਂ ਨੇ ਬੀਰ ਜੀ ਦੀ ਸ਼ਿਕਾਇਤ ਮਹਾਰਾਜਾ ਭੁਪਿੰਦਰ ਸਿੰਘ ਕੋਲ ਕਰ ਦਿੱਤੀ । ਦਸੌਂਧੀ ਰਾਮ ਵੀਰ ਜੀ ਨੂੰ ਮਹਾਰਾਜਾ ਭੁਪਿੰਦਰ ਸਿੰਘ ਦੇ ਦਰਬਾਰ ਵਿਚ ਪੇਸ਼ ਕਰ ਦਿੱਤਾ ਗਿਆ। ਮਹਾਰਾਜਾ ਨੂੰ ਪਹਿਲਾਂ ਹੀ ਵੀਰ ਜੀ ਦੀਆਂ ਸਮਾਜਕ ਸਰਗਰਮੀਆਂ ਦਾ ਪਤਾ ਸੀ। ਉਹਨਾਂ ਬੀਰ ਜੀ ਨੂੰ ਕੋਈ ਸਜ਼ਾ ਦੇਣ ਦੀ ਥਾਂ ਉਸਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਉਹ ਤਾਂ ਸਰਕਾਰ ਦਾ ਹੀ ਕੰਮ ਕਰ ਰਿਹਾ ਹੈ। ਮਹਾਰਾਜਾ ਨੇ ਵੀਰ ਜੀ ਨੂੰ ਆਪਣੇ ਹਰ ਆਮ ਤੇ ਖਾਸ ਦਰਬਾਰ ਵਿਚ ਆਉਣ ਦੀ ਪੱਕੀ ਇਜਾਜ਼ਤ ਦੇ ਦਿੱਤੀ। ਇਸ ਹੱਲਾ- ਸ਼ੇਰੀ ਨਾਲ ਵੀਰ ਜੀ ਦਾ ਉਤਸ਼ਾਹ ਹੋਰ ਵਧ ਗਿਆ। ਉਹ ਹਮੇਸ਼ਾ ਸਾਧਾਰਨ ਪਹਿਰਾਵਾ ਪਹਿਨਦੇ ਸਨ। ਸਮਾਜ ਸੇਵਾ ਦੀ ਪ੍ਰਵਿਰਤੀ ਬੀਰ ਜੀ ਦੇ ਵਿਅਕਤਿਤਵ ਦਾ ਹਿੱਸਾ ਬਣ ਚੁੱਕੀ ਸੀ। ਵੀਰ ਜੀ ਦੇ ਵਿਆਹ ਸਮੇਂ ਜਦੋਂ ਉਹਨਾਂ ਦੇ ਸਿਹਰੇ ਬੰਨ੍ਹੇ ਹੋਏ ਸਨ ਤਾਂ ਉਹਨਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇਕ ਲਾਵਾਰਸ ਦੀ ਲਾਸ਼ ਸੜਕ ਤੇ ਪਈ ਹੈ ਤਾਂ ਉਹ ਤੁਰੰਤ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਉਸ ਲਾਸ਼ ਦੇ ਸਸਕਾਰ ਕਰਨ ਲਈ ਚਲੇ ਗਏ। ਬਰਾਤ ਜਾਣ ਤੋਂ ਖੜ੍ਹਂੀ ਸੀ, ਸਾਰੇ ਲਾੜੇ ਦਾ ਇੰਤਜ਼ਾਰ ਕਰ ਰਹੇ ਸਨ। ਜਦੋਂ ਲਾੜਾ ਨਾ ਮਿਲਿਆ ਤਾਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਰੇ ਬਰਾਤੀ ਤੇ ਪਰਿਵਾਰ ਪ੍ਰੇਸ਼ਾਨੀ ਵਿਚ ਉਸਨੂੰ ਲੱਭਣ ਵਿੱਚ ਲੱਗ ਗਏ। ਜਦੋਂ ਸਸਕਾਰ ਕਰਕੇ ਉਹ ਵਾਪਸ ਆਏ ਤਾਂ ਉਹਨਾਂ ਨੂੰ ਕਪੜੇ ਬਦਲਣ ਲਈ ਕਿਹਾ ਗਿਆ ਪ੍ਰੰਤੂ ਆਪ ਉਹਨਾਂ ਕਪੜਿਆਂ ਨਾਲ ਹੀ ਬਰਾਤ ਲੈ ਕੇ ਚਲੇ ਗਏ। ਵਿਆਹ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਚੰਬੇਲੀ ਦੇਵੀ ਜੋ ਕੁਰਕਸ਼ੇਤਰ ਦੀ ਰਹਿਣ ਵਾਲੀ ਸੀ ਨੇ ਸ਼ੁਰੂ ਸ਼ੁਰੂ ਵਿਚ ਤਾਂ ਬੁਰਾ ਮਨਾਇਆ ਕਿ ਉਹ ਕਿੱਥੇ ਫਸ ਗਈ। ਪ੍ਰੰਤੂ ਜਦੋਂ ਉਸ ਨੂੰ ਵੀਰ ਜੀ ਦੇ ਵਿਅਕਤਿਤਵ ਦੀ ਸਮਝ ਆ ਗਈ ਤਾਂ ਉਹਨਾਂ ਵੀ ਵੀਰ ਜੀ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਇਕ ਵਾਰ ਇਕ ਲਾਵਾਰਸ ਬੱਚੇ ਨੂੰ ਵੀਰ ਜੀ ਘਰ ਲੈ ਆਏ ਤਾਂ ਚੰਬੇਲੀ ਦੇਵੀ ਨੇ ਉਸ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਪਾਲਿਆ। ਸ੍ਰੀ ਦਸੌਂਧੀਂ ਰਾਮ ਧਾਰਮਿਕ ਭਾਵਨਾ, ਦਯਾ, ਤਿਆਗ, ਸੇਵਾ ਤੇ ਮਮਤਾ ਦੀ ਮੂਰਤੀ ਸਨ। ਵੀਰ ਜੀ ਅਜਿਹੇ ਰੋਗੀਆਂ ਜਿਹਨਾਂ ਵਿਚੋਂ ਬਦਬੋ ਆਉਂਦੀ ਸੀ, ਡਾਕਟਰ ਵੀ ਮਰਹਮ ਪੱਟੀ ਕਰਨ ਤੋਂ ਝਿਜਕਦੇ ਸਨ, ਉਹਨਾ ਦੀ ਮਰਹਮ ਪੱਟੀ ਖ਼ੁਦ ਕਰਦੇ ਸਨ ਜਾਂ ਡਾਕਟਰ ਖੁਸ਼ਦੇਵਾ ਸਿੰਘ ਉਹਨਾਂ ਦੀ ਮੱਦਦ ਕਰਨ ਲਈ ਅੱਗੇ ਆ ਜਾਂਦੇ ਸਨ। ਇਸਤਰੀਆਂ, ਕੁੜੀਆਂ, ਮੁੰਡੇ ਅਤੇ ਬੱਚੇ ਵੀਰ ਜੀ ਦਾ ਬਹੁਤ ਸਤਿਕਾਰ ਕਰਦੇ ਸਨ, ਉਹ ਸਾਰੇ ਹਮੇਸ਼ਾ ਵੀਰ ਜੀ ਦੇ ਪੈਰ ਛੂੰਹਦੇ ਸਨ। ਇਸਤਰੀਆਂ ਤੇ ਲੜਕੀਆਂ ਵੀਰ ਜੀ ਨੂੰ ਵੇਖਦਿਆਂ ਹੀ ਸਤਿਕਾਰ ਵਜੋਂ ਆਪਣੇ ਸਿਰ ਢੱਕ ਲੈਂਦੀਆਂ ਸਨ। ਜਿਹੜੇ ਬੱਚੇ ਘਰੋਂ ਭੱਟਕ ਕੇ ਗੁਆਚ ਜਾਂਦੇ ਸਨ ਉਹ ਸਾਰੇ ਵੀਰ ਜੀ ਦੇ ਘਰੋਂ ਹੀ ਮਿਲਦੇ ਸਨ। ਜਦੋਂ ਵੀਰ ਜੀ ਦੇ ਘਰ ਅਪਾਹਜਾਂ, ਮਾਨਸਕ ਰੋਗੀਆਂ, ਯਤੀਮਾਂ ਅਤੇ ਲਾਵਾਰਸਾਂ ਦੀ ਗਿਣਤੀ ਵਧ ਗਈ ਤਾਂ ਸ਼ਹਿਰੀਆਂ ਦੀ ਸਲਾਹ ਤੇ ਮੱਦਦ ਨਾਲ ਵੀਰ ਜੀ ਨੇ ਪਹਿਲਾਂ ਸਨਾਤਨ ਧਰਮ ਸਭਾ ਤੇ ਫਿਰ ਅਪਾਹਜ ਆਸ਼ਰਮ, ਕੋਹੜੀਆਂ ਦੀ ਬਸਤੀ, ਯਾਦਵਿੰਦਰਾ ਯਤੀਮਖ਼ਾਨਾ, ਪਿੰਗਲਵਾੜਾ, ਮਾਨਸਕ ਰੋਗੀਆਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਜੋ ਅੱਜ ਵੀ ਬੜੇ ਸੁਚੱਜੇ ਢੰਗ ਨਾਲ ਚਲ ਰਹੀਆਂ ਹਨ। ਜਿਹੜੇ ਬੱਚਿਆਂ ਨੂੰ ਇਸਤਰੀ ਮਰਦ ਦੇ ਨਜਾਇਜ਼ ਸੰਬੰਧਾਂ ਦੀ ਪੈਦਾਇਸ਼ ਕਰਕੇ ਸੁੱਟ ਦਿੱਤਾ ਜਾਂਦਾ ਸੀ, ਵੀਰ ਜੀ ਉਹਨਾਂ ਦੀ ਪਾਲਣ ਪੋਸਣ ਵੀ ਕਰਦੇ ਸਨ ਅਜਿਹੇ ਬੱਚਿਆਂ ਦੇ ਪਾਲਣ ਪੋਸਣ ਰਹਿਣ ਸਹਿਣ ਅਤੇ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਯਤੀਮਖਾਨਾ ਬਣਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਵੀਰ ਜੀ ਨੇ 35000 ਤੋਂ ਉਪਰ ਲਾਵਾਰਸ ਲਾਸ਼ਾਂ ਦਾ ਸੰਸਕਾਰ ਕਰਨ ਵਿੱਚ ਮੱਦਦ ਕੀਤੀ ਸੀ। ਸੰਨ 1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੀ ਦੇਖ ਰੇਖ ਦੀ ਜਿੰਮੇਵਾਰੀ ਵੀ ਵੀਰ ਜੀ ਨੇ ਨਿਭਾਈ ਸੀ।
ਇਕ ਵਾਰ ਵੀਰ ਦਸੌਂਧੀ ਰਾਮ ਇੱਕ ਹੱਥ ਰੇੜ੍ਹੀ ਵਿਚ ਲਾਵਾਰਸ ਲਾਸ਼ ਨੂੰ ਲੈ ਕੇ ਜਾ ਰਹੇ ਸਨ ਤਾਂ ਰਾਜਪੁਰਾ ਰੋਡ ਤੇ ਸਰਦਾਰ ਪਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ¦ਘ ਰਹੇ ਸਨ, ਉਹਨਾ ਵੀਰ ਜੀ ਨੂੰ ਵੇਖ ਕੇ ਗਡੀ ਰੁਕਵਾ ਲਈ ਤੇ ਗੱਡੀ ਤੋਂ ਉਤਰਕੇ ਉਹਨਾਂ ਵੀਰ ਜੀ ਨੂੰ ਜੱਫੀ ਪਾ ਕੇ ਉਹਨਾਂ ਦੀ ਸਮਾਜ ਪ੍ਰਤੀ ਕੀਤੀ ਜਾ ਰਹੀ ਸੇਵਾ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਕੇਂਦਰੀ ਲਾਇਬਰੇਰੀ ਵਿੱਚ ਇਕ ਸਮਾਗਮ ਵਿਚ ਵੀਰ ਜੀ ਦੀ ਨਿਸ਼ਕਾਮ ਸੇਵਾ ਦੀ ਭਰਪੂਰ ਪ੍ਰਸੰਸਾ ਕੀਤੀ ਗਈ। 1952 ਵਿਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਸ੍ਰੀ ਰਾਜਿੰਦਰ ਪ੍ਰਸ਼ਾਦਿ ਪਟਿਆਲਾ ਵਿਖੇ ਥਾਪਰ ਟੈਕਨੀਕਲ ਕਾਲਜ ਦਾ ਜਦੋਂ ਨੀਂਹ ਪੱਥਰ ਰੱਖਣ ਲਈ ਆਏੇ ਤਾਂ ਉਹ ਵਿਸ਼ੇਸ਼ ਤੌਰ ਤੇ ਵੀਰ ਦਸੌਂਧੀ ਰਾਮ ਨੂੰ ਮਿਲੇ ਤੇ ਉਹਨਾਂ ਦੀ ਸਮਾਜ ਸੇਵਾ ਦੀ ਭਰਪੂਰ ਪ੍ਰਸੰਸਾ ਕੀਤੀ। ਮਹਾਰਾਜਾ ਯਾਦਵਿੰਦਰਾ ਸਿੰਘ ਨੇ ਵੀ ਵੀਰ ਜੀ ਨੂੰ ਮੈਰੀਟੋਰੀਅਸ ਸਰਵਿਸ ਮੈਡਲ ਪ੍ਰਦਾਨ ਕੀਤਾ। ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ 2 ਅਕਤੂਬਰ 1975 ਨੂੰ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਮੌਕੇ ਤੇ ਪੰਜਾਬ ਸਰਕਾਰ ਵਲੋਂ ਵੀਰ ਜੀ ਨੂੰ ਸਨਮਾਨਤ ਕੀਤਾ । ਅਖੀਰ 10 ਸਤੰਬਰ 1979 ਨੂੰ ਸਮਾਜ ਸੇਵਾ ਦੇ ਪੁੰਜ ਵੀਰ ਦਸੌਂਧੀ ਰਾਮ ਜੀ ਸਵਰਗ ਸਿਧਾਰ ਗਏ। ਉਹਨਾਂ ਦੀ ਯਾਦ ਵਿਚ ਨਹਿਰੂ ਪਾਰਕ ਰੋਜ ਗਾਰਡਨ ਵਿਚ ਇਕ ਲਾਇਬਰੇਰੀ ਅਤੇ ਉਹਨਾਂ ਦਾ ਬੁੱਤ ਲਗਾਇਆ ਗਿਆ ਹੈ। ਰਾਜਪੁਰਾ ਪਟਿਆਲਾ ਸੜਕ ਉਪਰ ਸਟਿਆਲਾ ਵਿਖੇ ਸਥਾਪਤ ਸ਼ਮਸ਼ਾਨ ਘਾਟ ਦਾ ਨਾਮ ਵੀਰ ਜੀ ਦੇ ਨਾਮ ਤੇ ਰੱਖਿਆ ਗਿਆ ਹੈ। ਵੀਰ ਦਸੌਂਧੀ ਰਾਮ ਜੀ ਸਮਾਜ ਸੇਵਾ ਦੇ ਖੇਤਰ ਵਿਚ ਇੱਕ ਚਾਨਣ ਮੁਨਾਰੇ ਦਾ ਕੰਮ ਦਿੰਦੇ ਰਹਿਣਗੇ।

WRITTEN BY