ਭਾਸ਼ਾ ਦਾ ਮੁੱਖ ਮੰਤਵ ਸੰਚਾਰ ਹੈ। ਭਾਸ਼ਾ ਹੀ ਕਿਸੇ ਭਾਸ਼ਾਈ ਸਮਾਜ ਵਿੱਚ ਆਪਸੀ ਸੰਪਰਕ ਅਤੇ ਸੰਚਾਰ ਦਾ ਸਾਧਨ ਬਣਦੀ ਹੈ। ਹਰ ਭਾਸ਼ਾ ਆਪਣੇ ਵਿਕਾਸ ਦੇ ਮੁੱਢਲੇ ਪੜਾਵਾਂ ਵਿੱਚ ਬੋਲਚਾਲ ਦੇ ਮਾਧਿਅਮ ਰਾਹੀਂ ਪ੍ਰਗਟਾਈ ਜਾਂਦੀ ਹੈ। ਭਾਸ਼ਾ ਦਾ ਲਿਖਤੀ ਰੂਪ ਵਿੱਚ ਆਉਣਾ ਬਾਅਦ ਦਾ ਵਰਤਾਰਾ ਹੈ। ਲਿਖਣ ਕਲਾ ਜਾਂ ਲਿੱਪੀ ਦੀ ਉਤਪਤੀ ਮਨੁੱਖ ਦੀ ਇਕ ਮਹਾਨ ਪ੍ਰਾਪਤੀ ਹੈ। ਭਾਸ਼ਾ ਦੇ ਵਿਕਾਸ ਵਿੱਚ ਛਪਾਈ ਕਲਾ ਨੇ ਵੱਡਾ ਯੋਗਦਾਨ ਪਾਇਆ ਹੈ। ਛਾਪੇਖਾਨੇ ਦੇ ਵਿਕਾਸ ਤੋਂ ਬਾਅਦ ਸਾਹਿਤ ਅਤੇ ਪੱਤਰਕਾਰੀ ਨੇ ਭਾਸ਼ਾ ਨੂੰ ਤੇਜ਼ੀ ਨਾਲ ਵਿਕਾਸ ਦੇ ਰਾਹ ਤੋਰਿਆ। ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਰਿਸ਼ਤਾ ਤਾਂ ਬਹੁਤ ਹੀ ਪੀਡਾ ਅਤੇ ਪੱਕਾ ਹੈ। ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਈਸਾਈ ਮਿਸ਼ਨਰੀਆਂ ਵੱਲੋਂ ਕੀਤੀ ਗਈ ਸੀ। ਇਨ੍ਹਾਂ ਮਿਸ਼ਨਰੀਆਂ ਨੇ 1839 ਵਿੱਚ ਲੁਧਿਆਣੇ ਤੋਂ ਫਾਰਸੀ ਤੇ ਗੁਰਮੁੱਖੀ ਲਿੱਪੀ ਵਿੱਚ ‘ਲੁਧਿਆਣਾ ਅਖ਼ਬਾਰ’ ਸ਼ੁਰੂ ਕੀਤਾ ਸੀ। ਨਿਰੋਲ ਗੁਰਮੁਖੀ ਲਿਪੀ ਵਿੱਚ ਛੱਪਣ ਵਾਲਾ ਪਹਿਲਾ ਸਮਾਚਾਰ ਪੱਤਰ ‘ਅਖ਼ਬਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ 1867 ਵਿੱਚ ਨਿਕਲਿਆ। ਇਸ ਅਖ਼ਬਾਰ ਦੀ ਲਿੱਪੀ ਹੀ ਗੁਰਮੁੱਖੀ ਸੀ ਪਰ ਭਾਸ਼ਾ ਹਿੰਦੀ ਸੀ। ਅਸਲ ਵਿੱਚ ਪੰਜਾਬੀ ਪੱਤਰਕਾਰੀ ਦਾ ਆਰੰਭ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਸ਼ੁਰੂ ਹੁੰਦਾ ਹੈ। ਸਿੰਘ ਸਭਾ ਲਹਿਰ ਦੇ ਪ੍ਰਚਾਰ ਹਿੱਤ ਸ਼ੁਰੂ ਹੋਏ ‘ਗੁਰਮੁਖ ਅਖਬਾਰ’, ਗੁਰਮਤਿ ਪ੍ਰਕਾਸ਼ਕ’ ਅਤੇ ਸਿੰਘ ਸਭਾ ਗਜ਼ਟ’ ਆਦਿ ਅਖਬਾਰਾਂ ਨੇ ਪੰਜਾਬੀ ਭਾਸ਼ਾ ਦੇ ਆਧੁਨਿਕ ਰੂਪ ਨੂੰ ਉਘਾੜਨ ’ਚ ਅਹਿਮ ਭੂਮਿਕਾ ਨਿਭਾਈ। 1886 ’ਚ ਸ਼ੁਰੂ ਹੋਏ ‘ਖਾਲਸਾ ਅਖ਼ਬਾਰ’ ਨੇ ਪਹਿਰਾ ਵੰਡ ਤੇ ਵਿਸ਼ਰਾਮ ਚਿੰਨਾਂ ਦੀ ਵਰਤੋਂ ਸ਼ੁਰੂ ਕੀਤੀ। 1894 ਵਿੱਚ ਸ਼ੁਰੂ ਹੋਏ ਅਖ਼ਬਾਰਾਂ ‘ਨਿਰਗੁਣੀਆਰਾ’ ’ਤੇ ‘ਖਾਲਸਾ ਸਮਾਚਾਰ’ ਨੇ ਪੰਜਾਬੀ ਭਾਸ਼ਾ ਨੂੰ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਪ੍ਰਭਾਵ ਤੋਂ ਮੁਕਤ ਕਰਵਾ ਕੇ ਆਮ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਸੇ ਤਰ੍ਹਾਂ ‘ਪ੍ਰੀਤਮ (1923) ਅਤੇ ‘ਕਿਰਤੀ (1926) ਦੀ ਵਾਰਤਕ ਨੇ ਪੰਜਾਬੀ ਨੂੰ ਪੁਰਾਣੇ ਦੌਰ ’ਚੋਂ ਕੱਢਣ ਦਾ ਹੀਲਾ ਕੀਤਾ। ਫਿਰ 1933 ਵਿੱਚ ‘ਪ੍ਰੀਤ ਲੜੀ’ ਦੀ ਆਮਦ ਨਾਲ ਪੰਜਾਬੀ ਵਾਰਤਕ ਅਤੇ ਪੰਜਾਬੀ ਭਾਸ਼ਾ ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰਦੀ ਹੈ। ਪੰਜਾਬੀ ਭਾਸ਼ਾ ਵਿੱਚ ਨਵੇਂ-ਨਵੇਂ ਸ਼ਬਦ ਘੜ੍ਹਣ ਅਤੇ ਵਰਤਣ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਮਾਹਿਰ ਸੀ। ਪ੍ਰੋ. ਮੋਹਨ ਸਿੰਘ ਨੇ 1939 ਵਿੱਚ ‘ਪੰਜ ਦਰਿਆ’ ਦਾ ਆਰੰਭ ਕਰਕੇ ਇਸ ਨੂੰ ਹੋਰ ਸਮਰੱਥ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਈ। ਇਸੇ ਲੜੀ ’ਚ 1920 ਦੌਰਾਨ ਸ਼ੁਰੂ ਹੋਏ ਰੋਜ਼ਾਨਾ ਅਖ਼ਬਾਰ ‘ਅਕਾਲੀ’ ਨੂੰ ਰੱਖਕੇ ਵੇਖਿਆ ਜਾ ਸਕਦਾ ਹੈ।
ਪੰਜਾਬੀ ਪੱਤਰਕਾਰੀ ਦੀ ਸੰਖੇਪ ਜਿਹੀ ਚਰਚਾ ਇਹ ਸੰਕੇਤ ਕਰਨ ਲਈ ਕੀਤੀ ਹੈ ਕਿ ਪੰਜਾਬੀ ਰਸਾਲਿਆਂ, ਸਪਤਾਹਿਕ ਸਮਾਚਾਰ ਪੱਤਰਾਂ ਅਤੇ ਰੋਜ਼ਾਨਾ ਅਖਬਾਰਾਂ ਨੇ ਜਿਥੇ ਪੰਜਾਬੀ ਦੇ ਵੱਡੀ ਗਿਣਤੀ ਵਿੱਚ ਪਾਠਕ ਪੈਦਾ ਕੀਤੇ ਉਥੇ ਪੰਜਾਬੀ ਭਾਸ਼ਾ ਨੂੰ ਮਿਆਰੀ ਬਣਾਉਣ ਵੱਲ ਕਈ ਕਦਮ ਵਧਾਏ। ਮਿਆਰੀ ਭਾਸ਼ਾ ਤੋਂ ਭਾਵ ਕਿਸੇ ਭਾਸ਼ਾ-ਸਮੂਹ ਦੇ ਉਸ ਰੂਪ ਤੋਂ ਹੈ ਜਿਹੜਾ ਉਸ ਭਾਸ਼ਾ ਦੇ ਹੋਰ ਸਾਰੇ ਭਾਸ਼ਾਈ ਰੂਪਾਂ ਨੂੰ ਮਿਆਰੀ ਰੂਪ ਵਿੱਚ ਪ੍ਰਵਾਨ ਹੋਵੇ ਅਰਥਾਤ ਉਸ ਭਾਸ਼ਾ ਦੇ ਬੋਲਣਹਾਰੇ ਉਸ ਭਾਸ਼ਾ ਰੂਪ ਦੀ ਵਰਤੋਂ ਕਰਨ ਵੇਲੇ ਗੌਰਵ ਮਹਿਸੂਸ ਕਰਦੇ ਹੋਣ। ਪੰਜਾਬੀ ਪੱਤਰਕਾਰੀ ਨੇ ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਬੁਨਿਆਦੀ ਭਾਸ਼ਾ ਸਮੱਗਰੀ ਦੀ ਵਰਤੋਂ ਕਰਕੇ ਇਸ ਨੂੰ ਪਰਚਾਰਿਆ ਵੀ ਹੈ ਤੇ ਨਵੀਂ ਸਮੱਗਰੀ ਦੀ ਘਾੜਤ ਵੀ ਘੜੀ ਹੈ। ਇਸ ਤਰ੍ਹਾਂ ਇਸ ਨੇ ਭਾਸ਼ਾ ਦੇ ਮਿਆਰੀਕਰਨ ਵਿੱਚ ਆਪਣੀ ਭੂਮਿਕਾ ਨੂੰ ਅਦਾ ਕੀਤਾ ਹੈ। ਪੰਜਾਬੀ ਪੱਤਰਕਾਰੀ ਨੇ ਪੰਜਾਬੀ ਦੇ ਉਹੀ ਸ਼ਬਦ ਜੋੜਾਂ ਨੂੰ ਲਿਖਤੀ ਭਾਸ਼ਾ ਦਾ ਹਿੱਸਾ ਬਣਾਇਆ ਹੈ ਜਿਹੜੇ ਲੋਕਾਂ ਦੀ ਜ਼ੁਬਾਨ ’ਤੇ ਹਨ ਅਤੇ ਕੁਝ ਨਵੇਂ ਸਮਾਸ਼ ਅਤੇ ਸ਼ਬਦ ਵੀ ਪੰਜਾਬੀ ਸ਼ਬਦਾਵਲੀ ਵਿੱਚ ਜੋੜੇ ਹਨ। ਇਸ ਤਰ੍ਹਾਂ ਹਿੰਦੀ ਅਤੇ ਅੰਗਰੇਜ਼ੀ ਦੇ ਸ਼ਬਦ ਵੀ ਪੰਜਾਬੀ ਅਖਬਾਰਾਂ ਵਿੱਚ ਵਰਤੇ ਜਾਣ ਲੱਗੇ ਹਨ।
ਪੰਜਾਬੀ ਪੱਤਰਕਾਰੀ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਭਾਵੇਂ ਯੋਗਦਾਨ ਦੇ ਨਾਲ-ਨਾਲ ਇਹ ਗੱਲ ਵੀ ਸਮਝਣੀ ਜ਼ਰੂਰੀ ਹੈ ਕਿ ਪੰਜਾਬੀ ਦੀਆਂ ਅਖਬਾਰਾਂ ਇਕੋ ਸ਼ਬਦ ਨੂੰ ਵੱਖ-ਵੱਖ ਸ਼ਬਦ ਜੋੜਾਂ ਨਾਲ ਲਿਖਕੇ ਪਾਠਕਾਂ ਵਿੱਚ ਭੰਬਲਭੂਸਾ ਵੀ ਪੈਦਾ ਕਰ ਦਿੰਦੀਆਂ ਹਨ। ਪੰਜਾਬੀ ਭਾਸ਼ਾ ਵਿੱਚ ਸ਼ਬਦ ਜੋੜਾਂ, ਵਿਆਕਰਣ ਨਿਯਮਾਂ ਤੇ ਵਾਕ ਬਣਤਰ ਦੀ ਇਕਸਾਰਤਾ ਲਿਆਉਣ ਲਈ ਜ਼ਰੂਰੀ ਹੈ ਕਿ ਪੰਜਾਬੀ ਪੱਤਰਕਾਰੀ ਦੀ ਭਾਸ਼ਾ ਵਿੱਚ ਇਕਸਾਰਤਾ ਲਿਆਂਦੀ ਜਾਵੇ। ਅਖਬਾਰਾਂ ਵਿੱਚ ਲਿਖੇ ਸ਼ਬਦਾਂ ਨੂੰ ਲੋਕ ਬਹੁਤ ਤੇਜ਼ੀ ਨਾਲ ਆਪਨਾ ਲੈਂਦੇ ਹਨ। ਸਾਡੀਆਂ ਯੂਨੀਵਰਸਿਟੀਆਂ, ਭਾਸ਼ਾ ਵਿਗਿਆਨੀ ਅਤੇ ਪੱਤਰਕਾਰ ਮਿਲਕੇ ਇਹ ਕੰਮ ਕਰ ਸਕਦੇ ਹਨ। ਜੇ ਪੰਜਾਬੀ ਦੀ ਕੋਈ ਖਬਰ ਏਜੰਸੀ ਹੁੰਦੀ ਤਾਂ ਇਹ ਕੰਮ ਅਸਾਨੀ ਨਾਲ ਹੋ ਸਕਦਾ ਸੀ। ਦੂਜੇ ਪਾਸੇ ਸਾਰੇ ਅਖਬਾਰਾਂ ਕੋਲ ਆਪਣੀ-ਆਪਣੀ ‘ਸਟਾਇਲ ਬੁੱਕ’ ਵੀ ਨਹੀਂ ਹੈ। ਸਾਰੇ ਸਰਕਾਰੀ ਅਫਸਰ ਵੀ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਨਹੀਂ ਰੱਖਦੇ। ਸਿੱਟੇ ਵਜੋਂ ਸਰਕਾਰ ਵੱਲੋਂ ਜਾਰੀ ਵਿਗਿਆਪਨਾਂ ਵਿੱਚ ਵੀ ਸ਼ਬਦ ਜੋੜਾਂ ਦੀਆਂ ਗਲਤੀਆਂ ਵੇਖਣ ਨੂੰ ਮਿਲ ਜਾਂਦੀਆਂ ਹਨ। ਹੁਣ ਜਦੋਂ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਸੁਚੇਤ ਰੂਪ ਵਿੱਚ ਯਤਨ ਕਰਨ ਲੱਗੇ ਹਾਂ ਤਾਂ ਸਾਨੂੰ ਭਾਸ਼ਾ ਦੇ ਮਿਆਰੀਕਰਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ।



