ਧੁੰਦ ਅਤੇ ਧੂੰਏਂ ਦੇ ਗੁਬਾਰ ਤੋਂ ਪੰਜਾਬ ਪੀੜਤ ਹੈ। ਇਸਦਾ ਵਾਤਾਵਰਨ ਦੂਸ਼ਿਤ ਹੈ। ਪੰਜਾਬ ਦੇ ਸ਼ਹਿਰ, ਗੰਦਗੀ ਦੇ ਢੇਰ ਢਿਡ ‘ਚ ਸਮੋਈ, ਇਕ ਅਜ਼ੀਬੋ-ਗਰੀਬ ਨਜ਼ਾਰਾ ਪੇਸ਼ ਕਰਦੇ ਹਨ। ਗੰਦੇ ਪਾਣੀ ਦੇ ਨਿਕਾਸ ਦੀ ਘਾਟ, ਖਾਸ ਕਰਕੇ ਸਲਮ ਖੇਤਰ ‘ਚ ਉਘੜ-ਦੁਗੜੇ ਕਚੇ ਮਕਾਨ ਅਤੇ ਝੁਗੀਆਂ, ਸਾਫ-ਸੁਥਰੇ ਪਾਣੀ ਦਾ ਨਾ ਮਿਲਣਾ, ਗਲੀਆਂ-ਮਹੁਲਿਆਂ ‘ਚ ਸਫਾਈ ਦਾ ਨਾ ਹੋਣਾ, ਮਖੀਆਂ, ਮਛਰਾਂ ਦੀ ਭਰਮਾਰ ਕਾਰਨ ਡੇਂਗੂ ਦਾ ਫੈਲਣਾ, ਪੰਜਾਬ ਦੇ ਸ਼ਹਿਰਾਂ ’ਚ ਫੈਲੀ ਗੰਦਗੀ ਅਤੇ ਭੈੜੇ ਵਾਤਾਵਰਨ ਦੀ ਉਦਾਹਰਨ ਪੇਸ਼ ਕਰਨ ਲਈ ਕਾਫੀ ਹਨ। ਦੇਸ਼ ਭਰ ‘ਚ ਸਵਛ ਭਾਰਤ ਅਭਿਆਨ ‘ਚ 100 ਇਹੋ ਜਿਹੇ ਸ਼ਹਿਰਾਂ ਦੀ ਚੋਣ ਹੋਣੀ ਹੈ, ਜਿਹੜੇ ਮੁਕਾਬਲਤਨ ਸਾਫ-ਸੁਥਰੇ ਹਨ, ਪੰਜਾਬ ਦਾ ਕੋਈ ਵੀ ਸ਼ਹਿਰ ਇਸ ਲਿਸਟ ਵਿਚ ਕਿਧਰੇ ਵੀ ਦਿਖਾਈ ਨਹੀਂ ਦਿੰਦਾ।
ਕਹਿਣ ਨੂੰ ਤਾਂ ਸ਼ਹਿਰਾਂ ਦੇ ਵਿਕਾਸ ਅਤੇ ਇਨ੍ਹਾਂ ਦੀ ਸਾਫ-ਸਫਾਈ ਲਈ ਸਥਾਨਕ ਸਰਕਾਰਾਂ ਕਾਇਮ ਹਨ, ਕੁਲ ਮਿਲਾਕੇ 10 ਕਾਰਪੋਰੇਸ਼ਨਾਂ, 96 ਕੌਂਸਲਾਂ 59 ਨਗਰ ਪੰਚਾਇਤਾਂ ਇਸ ਕਾਰਜ ਵਿਚ ਲਗੀਆਂ ਹੋਈਆਂ ਹਨ। ਪਰ ਇਹਨਾਂ ਵਿਚੋਂ ਬਹੁਤੀਆਂ ਦੀ ਹਾਲਤ ਆਰਥਕ ਪਖ ਤੋਂ ਇੰਨੀ ਨਾਜਕ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਤੋਂ ਵੀ ਔਖੀਆਂ ਹਨ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਸ਼ਹਿਰੀ ਆਬਾਦੀ 1.04 ਕਰੋੜ ਹੈ। ਸਾਲ 2001 ਤੋਂ 2011 ਤਕ ਸ਼ਹਿਰੀ ਆਬਾਦੀ ਵਿਚ 25.9 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਇਸ ਸਮੇਂ ਦੌਰਾਨ ਸਮੁਚੀ ਪੇਂਡੂ ਸ਼ਹਿਰੀ ਆਬਾਦੀ ‘ਚ 13.9 ਫੀਸਦੀ ਦਾ ਵਾਧਾ ਹੋਇਆ। ਪੰਜਾਬ ਦਾ ਹਰ ਤੀਜਾ ਵਸ਼ਿੰਦਾ ਸ਼ਹਿਰੀ ਹੈ। ਅਤੇ ਦੇਸ਼ ਦੇ ਪੰਜ ਵਡੇ ਸ਼ਹਿਰੀ ਸੂਬਿਆਂ ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੋਂ ਬਾਅਦ ਪੰਜਾਬ ਦਾ ਨੰਬਰ ਹੈ। ਅਸਲ ਵਿਚ ਪੇਂਡੂ ਪੰਜਾਬ ਵਿਚੋਂ ਸ਼ਹਿਰੀ ਪੰਜਾਬ ਵਲ ਲੋਕਾਂ ਦੀ ਹਿਜ਼ਰਤ ਇਸ ਵਾਧੇ ਦਾ ਵਡਾ ਕਾਰਨ ਹੈ। ਮਰਦਮ ਸ਼ੁਮਾਰੀ ਤੋਂ ਬਾਅਦ ਪੰਜਾਬ ਵਿਚ 25 ਨਵੇਂ ਸ਼ਹਿਰ ਨੋਟੀਫਾਈ ਕੀਤੇ ਗਏ ਹਨ। ਹਾਲਾਂਕਿ ਮਰਦਮ ਸ਼ੁਮਾਰੀ ‘ਚ 74 ਨਵੇਂ ਸੈਨਸਿਜ ਟਾਊਨ (ਮਰਦਮਸ਼ੁਮਾਰੀ ਅਨੁਸਾਰ ਸ਼ਹਿਰ) ਮਿਥੇ ਗਏ ਸਨ। ਇਸ ਤਰ੍ਹਾਂ ਕੁਲ ਮਿਲਾਕੇ ਪੰਜਾਬ ‘ਚ 237 ਆਬਾਦੀਆਂ ਸ਼ਹਿਰੀ ਗਿਣੀਆਂ ਗਈਆਂ ਸਨ। ਭਾਰਤ ਸਰਕਾਰ ਨੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਨੂੰ ਸਮਾਰਟ ਸਿਟੀ ਵਜੋਂ ਵਿਕਾਸ ਕਰਨ ਲਈ ਚੁਣਿਆ ਹੈ।
ਸ਼ਹਿਰੀ ਸਥਾਨਕ ਸਰਕਾਰਾਂ ਦਾ ਮੁਖ ਕੰਮ ਸ਼ਹਿਰੀ ਆਬਾਦੀ ਨੂੰ 100 ਫੀਸਦੀ ਸਾਫ-ਸੁਥਰਾ ਪਾਣੀ ਮੁਹਈਆ ਕਰਨਾ, ਸੀਵਰੇਜ ਦਾ ਪ੍ਰਬੰਧ ਕਰਨਾ, 100 ਫੀਸਦੀ ਗੰਦੇ ਕੂੜੇ ਕਰਕਟ ਦੀ ਆਬਾਦੀਆਂ ਵਿਚੋਂ ਲਿਫਟਿੰਗ ਕਰਕੇ ਸਹੀ ਥਾਂ ਰੀਸਾਈਕਲਿੰਗ ਦਾ ਪ੍ਰਬੰਧ ਕਰਨਾ, ਵਡੀਆਂ ਛੋਟੀਆਂ ਸੜਕਾਂ ਦਾ ਨਿਰਮਾਣ ਕਰਨਾ, ਅਤੇ ਲੋੜੀਂਦੀ ਆਵਾਜਾਈ ਸੇਵਾ ਦਾ ਪ੍ਰਬੰਧ ਕਰਨ ਮਿਥਿਆ ਗਿਆ ਹੈ। ਪੰਜਾਬ ਮਿਊਂਸਪਲ ਐਕਟ (ਪੀ ਐਮ ਏ) 1911 ਅਤੇ ਠਦੀ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ (ਪੀ ਐਮ ਸੀ ਏ) 1976 ਅਤੇ 1994 ‘ਚ ਸੋਧੇ ਕਾਨੂੰਨ ਅਨੁਸਾਰ ਅਤੇ ਭਾਰਤੀ ਸੰਵਿਧਾਨ ਦੀ 74 ਵੀਂ ਸੋਧ ਐਕਟ 1992 (ਪੀ ਸੀ ਏ) ਅਨੁਸਾਰ ਮਿਊਂਸਪਲ ਕਾਰਪੋਰੇਸ਼ਨ ਕੌਂਸਲਾਂ ਨੂੰ ਸਥਾਨਕ ਸਰਕਾਰਾਂ ਵਜੋਂ ਕੰਮ ਕਰਨ ਦਾ ਅਧਿਕਾਰ ਹੈ। ਇਹਨਾ ਸੰਸਥਾਵਾਂ ਨੂੰ ਸਟੇਟ ਵਿਤ ਕਮਿਸ਼ਨ ਰਾਹੀਂ ਫੰਡ, ਗ੍ਰਾਂਟਾਂ, ਸਹਾਇਤਾ ਮਿਲਦੀ ਹੈ। ਗ੍ਰਾਂਟਾਂ ਨੂੰ ਕੰਟਰੋਲ ਆਦਿ ਕਰਨ ਵਿਚ ਜ਼ਿਲਾ ਪਲਾਨਿੰਗ ਕਮੇਟੀਆਂ ਦਾ ਵਡਾ ਰੋਲ ਹੈ। ਇਹਨਾ ਸੰਸਥਾਵਾਂ ਦੀਆਂ ਚੋਣਾਂ ਪੰਜ ਸਾਲ ਲਈ ਹੁੰਦੀਆਂ ਹਨ। ਪਰ ਬਾਵਜੂਦ ਵਿਆਪਕ ਅਧਿਕਾਰਾਂ ਦੇ ਇਹ ਸੰਸਥਾਵਾਂ ਨੂੰ ਅਜ਼ਾਦਾਨਾ ਤੌਰ ‘ਤੇ ਕੰਮ ਨਹੀਂ ਕਰਨ ਦਿਤਾ ਜਾਂਦਾ ਅਤੇ ਇਹ ਸਰਕਾਰੀ ਅਫਸਰਾਂ ਅਤੇ ਮੌਕੇ ਦੀ ਹਾਕਮ ਜਮਾਤ ਦਾ ਦੁੰਮ-ਛਲਾ ਬਣਕੇ ਰਹਿ ਜਾਂਦੀਆਂ ਹਨ। ਤਦੇ ਸ਼ਹਿਰਾਂ ਦਾ ਸਿਰਫ ਉਸ ਖੇਤਰ ਦਾ ਹੀ ਵਿਕਾਸ ਹੁੰਦਾ ਹੈ, ਜਾਂ ਗ੍ਰਾਂਟਾਂ ਉਸ ਵਾਰਡ/ ਖੇਤਰ ਵਿਚ ਹੀ ਖਰਚੀਆਂ ਜਾਂਦੀਆਂ ਹਨ, ਜਿਥੇ ਹਾਕਮ ਜਮਾਤ ਦੇ ਵਿਧਾਇਕ ਚਾਹੁੰਦੇ ਹਨ, ਜਿਹੜੇ ਸਰਕਾਰੀ ਅਫਸਰਸ਼ਾਹੀ ਦੇ ਰਾਹੀਂ ਚੁਣੇ ਹੋਏ ਮੈਂਬਰਾਂ ਦੀ ਕੋਈ ਵੁਕਤ ਨਹੀਂ ਰਹਿਣ ਦਿੰਦੇ, ਅਤੇ ਆਪਣੀ ਮਰਜ਼ੀ ਨਾਲ ਕੰਮ ਚਲਾਉਂਦੇ ਹਨ। ਇਥੇ ਹੀ ਬਸ ਨਹੀਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ,ਸਟੇਟ ਅਰਬਨ ਡਿਵੈਲਪਮੈਂਟ ਏਜੰਸੀ ਅਤੇ ਇਮਪਰੂਵਮੈਂਟ ਟਰਸਟਾਂ ਦਾ ਇਹਨਾਂ ਸਥਾਨਕ ਸਰਕਾਰਾਂ ਦੇ ਕੰਮ ਅਤੇ ਅਧਿਕਾਰਾਂ ਵਿਚ ਦਖਲ ਇਹਨਾਂ ਸਥਾਨਕ ਸਰਕਾਰਾਂ ਨੂੰ ਕਮਜ਼ੋਰ ਕਰ ਰਿਹਾ ਹੈ। ਉਂਜ ਵੀ ਕਿਉਂਕਿ ਮਿਊਂਸਪਲ ਸੰਸਥਾਵਾਂ ਕੋਲ ਜਾਇਦਾਦ ਟੈਕਸ, ਪਾਣੀ ਸੀਵਰੇਜ ਦੇ ਬਿਲਾਂ, ਨਕਸ਼ਾ ਪਾਸ ਕਰਨ ਆਦਿ ਦੇ ਟੈਕਸਾਂ ਤੋਂ ਬਿਨਾਂ ਆਮਦਨ ਦਾ ਕੋਈ ਵਡਾ ਸਾਧਨ ਨਹੀਂ ਹੈ, ਇਸ ਕਰਕੇ ਇਹ ਸੰਸਥਾਵਾਂ ਸੂਬਾ ਸਰਕਾਰ ਦੇ ਰਹਿਮੋ-ਕਰਮ ‘ਹੇਠ ਹੀ ਕੰਮ ਕਰਦੀਆਂ ਹਨ। ਤਦੇ ਸ਼ਹਿਰਾਂ ਦੇ ਵਿਕਾਸ ‘ਚ ਇਹਨਾ ਸੰਸਥਾਵਾਂ ਦੀ ਭੂਮਿਕਾ ਦਿਨੋ-ਦਿਨ ਘਟਦੀ ਜਾ ਰਹੀ ਹੈ ਅਤੇ ਸਰਕਾਰੀ ਕੇਂਦਰੀ ਸੂਬਾਈ ਪ੍ਰਾਜੈਕਟਾਂ ਨੂੰ ਅਧਿਕਾਰੀਆਂ ਰਾਹੀਂ ਲਾਗੂ ਕਰਨਾ, ਕਰਾਉਣਾ ਹੀ ਇਹਨੇ ਜ਼ਿੰਮੇ ਕਾਰਜ਼ ਰਹਿ ਗਿਆ ਹੈ। ਇਹੋ ਹੀ ਕਾਰਨ ਹੈ ਕਿ ਸ਼ਹਿਰ ਦੀਆਂ, ਸਥਾਨਕ ਲੋੜਾਂ ਵਾਲੀਆਂ ਬੁਨਿਆਦੀ ਸਹੂਲਤਾਂ ਲਾਗੂ ਨਹੀਂ ਹੋ ਰਹੀਆਂ।
ਸ਼ਹਿਰਾਂ ਵਿਚ ਸੀਵਰੇਜ ਦਾ ਪ੍ਰਬੰਧ ਵਡੇ ਪਧਰ ਉਤੇ ਕਰਨ ਦੀ ਲੋੜ ਹੈ, ਪਰ ਸਮੁਚੇ ਪੰਜਾਬ ਦੇ ਸ਼ਹਿਰਾਂ ਦੀ ਅਧੀ ਅਬਾਦੀ ‘ਚ ਸੀਵਰੇਜ ਦਾ ਪ੍ਰਬੰਧ ਨਹੀਂ ਹੈ। ਪੀਣ ਵਾਲੇ ਸਾਫ-ਸੁਥਰੇ ਪਾਣੀ ਦੀ ਉਪਲਭਤਾ ਮਸਾਂ ਅਧੀ ਅਬਾਦੀ ਤਕ ਪੁਜੀ ਹੈ। ਸ਼ਹਿਰਾਂ ‘ਚ ਸਫਾਈ ਸੇਵਕਾਂ ਦੀ ਕਮੀ ਹੈ, ਅਤੇ ਕੂੜੇ ਦਾ ਪ੍ਰਬੰਧਨ ਜੋ ਸੂਬੇ ‘ਚ ਕਿਸੇ ਵੀ ਕਾਰਪੋਰੇਸ਼ਨ, ਕੌਂਸਲ ਵਲੋਂ ਯੋਗ ਪ੍ਰਬੰਧ ਨਹੀਂ ਹੋ ਸਕਿਆ। ਸਾਲਡ ਵੇਸਟ ਮੈਨਜਮੈਂਟ ਦਾ ਕੋਈ ਵੀ ਪ੍ਰਾਜੈਕਟ ਹਾਲੇ ਤਕ ਪੂਰੇ ਪੰਜਾਬ ਦੇ ਕਿਸੇ ਸ਼ਹਿਰ ‘ਚ ਨਹੀਂ ਬਣ ਸਕਿਆ। ਗੰਦੇ ਪਾਣੀ ਨੂੰ ਸਾਫ ਕਰਕੇ ਖੇਤਾਂ ਤਕ ਪਹੁੰਚਾਉਣ ਦੇ ਕੁਝ ਉਪਰਾਲੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਰਾਹੀਂ ਹੋਏ ਹਨ, ਪਰ ਇਹ ਆਟੇ ਵਿਚ ਲੂਣ ਬਰਾਬਰ ਹੈ। ਸਿਟਾ ਪੰਜਾਬ ਵਿਚ ਵਡੀ ਗੰਦਗੀ ਕਾਰਨ ਡੇਂਗੂ ਦਾ ਪਸਾਰਾ ਹੈ। ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੇ ਪੰਜਾਬ ਦਾ ਲਕ ਤੋੜਿਆ ਹੋਇਆ ਹੈ। ਮਿਊਂਸਪਲ ਸੰਸਥਾਵਾਂ ਵਲੋਂ ਆਮ ਤੌਰ ‘ਤੇ ਸ਼ਹਿਰ ਦੀ ਗੰਦਗੀ ਪਿੰਡਾਂ ਵਲ ਲੈ ਜਾ ਕੇ ਸੁਟਣ ਨਾਲ ਉਸ ਖੇਤਰ ਵਿਚ ਗੰਦਗੀ ਫੈਲਦੀ ਹੈ। ਪੰਜਾਬ ਦਾ 1250 ਮਿਲੀਅਨ ਲਿਟਰ ਗੰਦੇ ਸੀਵਰੇਜ ਪਾਣੀ ਵਿਚੋਂ 60 ਫੀਸਦੀ ਬਿਨ੍ਹਾਂ ਟਰੀਟ ਕਰਨ ਤੋਂ ਗੰਦੇ ਨਾਲਿਆਂ ਰਾਹੀਂ ਦਰਿਆਵਾਂ ਵਿਚ ਪੈਂਦਾ ਹੈ, ਜੋ ਸਮੁਚੇ ਸੂਬੇ ਦੇ ਵਾਤਾਵਰਨ ਲਈ ਵਡਾ ਖਤਰਾ ਪੈਦਾ ਕਰ ਰਿਹਾ ਹੈ। ਲੁਧਿਆਣੇ ਦਾ ਬੁਢਾ ਨਾਲਾ, ਰੋਪੜ ਥਰਮਲ ਪਲਾਂਟ ਦਾ ਗੰਦਾ ਪਾਣੀ, ਮੰਡੀ ਗੋਬਿੰਦਗੜ੍ਹ ਦੇ ਸਟੀਲ ਉਦਯੋਗ ਦਾ ਗੰਦਾ ਪਾਣੀ ਦਰਿਆ ਸਤਲੁਜ ਦੇ ਪਾਣੀ ਨੂੰ ਦੂਸ਼ਿਤ ਕਰਨ ਦਾ ਵਡਾ ਕਾਰਨ ਹੈ, ਜੋ ਸ਼ਹਿਰੀ ਆਬਾਦੀ ਲਈ ਵਡੀਆਂ ਸਮਸਿਆਵਾਂ ਪੈਦਾ ਕਰ ਰਿਹਾ ਹੈ।
ਸਥਾਨਕ ਸਰਕਾਰਾਂ ਦੀ ਕਿਉਂਕਿ ਆਪਣੀ ਸਿਹਤ ਚੰਗੀ ਨਹੀਂ, ਉਸ ਵਲੋਂ ਆਪਣੇ ਸਥਾਨਕ ਸ਼ਹਿਰੀਆਂ ਨੂੰ ਸਿਹਤ ਸਹੂਲਤ ਵੀ ਨਹੀਂ ਦਿਤੀ ਜਾ ਰਹੀ। ਕੁਝ ਕੁ ਹੀ ਡਿਸਪੈਂਸਰੀਆਂ ਹੋਣਗੀਆਂ ਮਿਊਂਸਪਲ ਕੌਂਸਲਾਂ, ਕਾਰਪੋਰੇਸ਼ਨਾਂ ਦੀਆਂ ਜਿਹੜੀਆਂ ਉਹਨਾ ਵਲੋਂ ਚਲਾਈਆਂ ਜਾ ਰਹੀਆਂ ਹੋਣਗੀਆਂ। ਸ਼ਹਿਰਾਂ ‘ਚ ਹਸਪਤਾਲ ਜਾਂ ਡਿਸਪੈਂਸਰੀਆਂ ਤਾਂ ਸਰਕਾਰ ਦਾ ਸਿਹਤ ਵਿਭਾਗ ਚਲਾਉਂਦਾ ਹੈ, ਜਿਸ ‘ਚ ਡਾਕਟਰ ਅਤੇ ਹੋਰ ਅਮਲੇ ਸਮੇਤ ਦਵਾਈਆਂ ਦੀ ਸਦਾ ਘਾਟ ਰਹਿੰਦੀ ਹੈ। ਟਰਾਂਸਪੋਰਟ ਦਾ ਪ੍ਰਬੰਧ ਪਹਿਲਾਂ ਹੀ ਸੂਬਾ ਸਰਕਾਰ ਕਰਦੀ ਹੈ, ਸਥਾਨਕ ਸਰਕਾਰਾਂ ਦਾ ਉਸ ਵਿਚ ਰੋਲ ਹੀ ਨਹੀਂ ਹੈ। ਹਾਂ ਕੁਝ ਕਾਰਪੋਰੇਸ਼ਨਾਂ ਵਲੋਂ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਸਕੂਲ, ਵਿਦਿਅਕ ਸੰਸਥਾਵਾਂ, ਲਾਇਬ੍ਰੇਰੀਆਂ ਚਲਾਉਣਾ ਇਹਨਾਂ ਸਥਾਨਕ ਸਰਕਾਰਾਂ ਜ਼ੁੰਮੇ ਕੰਮ ਹੋ ਸਕਦਾ ਹੈ, ਪਰ ਕੁਝ ਥਾਂ ਲਾਇਬ੍ਰੇਰੀ ਖੋਲ੍ਹਣ ਤੋਂ ਬਿਨ੍ਹਾਂ ਸਕੂਲਾਂ, ਕਾਲਜ ਖੋਲ੍ਹਣ ਦਾ ਤਾਂ ਕਿਸੇ ਸਥਾਨਕ ਸਰਕਾਰ ਨੇ ਕਦੇ ਸੁਫਨਾ ਵੀ ਨਹੀਂ ਲਿਆ।
ਅਸਲ ਵਿਚ ਤਾਂ ਸਥਾਨਕ ਸਰਕਾਰਾਂ ਨੂੰ ਸਰਕਾਰੀ ਅਧਿਕਾਰੀਆਂ ਨੇ ਅਧਮੋਇਆ ਕੀਤਾ ਹੋਇਆ ਹੈ। ਜਿਸ ਕਿਸਮ ਦੇ ਅਧਿਕਾਰ ਇਹਨਾ ਸਥਾਨਕ ਸਰਕਾਰਾਂ ਨੂੰ ਕਾਨੂੰਨ ਅਨੁਸਾਰ ਮਿਲੇ ਹੋਏ ਹਨ, ਉਹਨਾ ਦੀ ਵਰਤੋਂ ਦੇ ਅਧਿਕਾਰ ਚੁਣੇ ਹੋਏ ਨੁਮਾਇੰਦਿਆਂ ਤੋਂ ਅਧਿਕਾਰੀਆਂ ਨੇ ਖੋਹੇ ਹੋਏ ਹਨ। ਸਿਟੇ ਵਜੋਂ ਪੰਜਾਬ ‘ਚ ਇਹ ਸਥਾਨਕ ਸਰਕਾਰਾਂ, ਸਥਾਨਕ ਲੋਕਾਂ ਨੂੰ ਮੁਢਲੀਆਂ ਸਹੂਲਤਾਂ, ਬਾਵਜੂਦ ਆਪਣੀਆਂ ਕੋਸ਼ਿਸ਼ਾਂ ਦੇ, ਦੇਣ ਤੋਂ ਆਤੁਰ ਹੋਈਆਂ ਪਈਆਂ ਹਨ। ਲੋਕ ਨਕਸ਼ੇ ਪਾਸ ਕਰਾਉਣ ਲਈ ਮਹੀਨਿਆਂ ਬਧੀ ਕਤਾਰਾਂ ‘ਚ ਰਹਿੰਦੇ ਹਨ, ਸੀਵਰੇਜ ਪਾਣੀ ਦਾ ਕੁਨੈਕਸ਼ਨ ਮਨਜ਼ੂਰ ਕਰਾਉਣ ਲਈ ਭਾਰੀ ਭਰਕਮ ਫਾਈਲਾਂ ਆੜੇ ਆਉਂਦੀਆਂ ਹਨ, ਜਨਮ ਮੌਤ ਸਰਟੀਫੀਕੇਟ ਲੈਣ ਦੇਣ ਲਈ ਭ੍ਰਿਸ਼ਟਾਚਾਰ ਦੀ ਤੰਦ ਉਣੀ ਜਾਂਦੀ ਹੈ, ਜਾਇਦਾਦ ਟੈਕਸ ਅਤੇ ਹੋਰ ਕੰਮਾਂ ਲਈ ਮਹੀਨਿਆਂ ਬਧੀ ਇੰਤਜਾਰ ਕਰਨਾ ਪੈਂਦਾ ਹੈ। ਉਹ ਸਹੂਲਤਾਂ ਜਿਹਨਾ ਲਈ ਸਥਾਨਕ ਲੋਕ ਟੈਕਸ ਦਿੰਦੇ ਹਨ, ਉਹ ਉਹਨਾ ਨੂੰ ਮਿਲਦੀਆਂ ਹੀ ਨਹੀਂ, ਸਗੋਂ ਸਫਾਈ ਕਰਮਚਾਰੀਆਂ ਨੂੰ ਆਪਣੀ ਜੇਬ ਵਿਚੋਂ ਪੈਸੇ ਖਰਚਕੇ ਕੂੜਾ ਚੁਕਾਉਣਾ ਪੈਂਦਾ ਹੈ। ਸਟਰੀਟ ਲਾਈਟਾਂ ਦੀ ਸਹੂਲਤ ਤਾਂ ਦੂਰ ਦੀ ਗਲ ਹੈ, ਕਿਧਰੇ ਸਥਾਨਕ ਸੜਕ ਉਤੇ ਮੁਰੰਮਤ ਦੀ ਲੋੜ ਪੈ ਜਾਏ, ਸੀਵਰੇਜ ਜਾਮ ਹੋ ਜਾਏ ਤਾਂ ਹਫਤਿਆਂ ਬਧੀ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਦੇ ਤਰਲੇ ਕਰਨੇ ਪੈਂਦੇ ਹਨ, ਭਾਵੇਂ ਕਿ ਕਹਿਣ ਨੂੰ ਆਨ-ਲਾਈਨ ਸ਼ਕਾਇਤ ਦਰਜ਼ ਕਰਨ ਦੀ ਸੁਵਿਧਾ ਸਰਕਾਰ ਵਲੋਂ ਕਾਗਜ਼ੀਂ-ਪਤਰੀਂ ਦਿਤੀ ਗਈ ਹੈ।
ਲੋਕਾਂ ਦੇ ਭਲੇ ਲਈ ਬਣਾਈਆਂ ਇਹ ਸਥਾਨਕ ਸਰਕਾਰਾਂ ਉਦੋਂ ਤਕ ਸਹੀ ਢੰਗ ਨਾਲ ਕੰਮ ਕਰਨ ਦੇ ਯੋਗ ਨਹੀਂ ਹੋਣਗੀਆਂ, ਜਦੋਂ ਤਕ ਇਹਨਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਜ਼ਾਦਾਨਾ ਕੰਮ ਕਰਨ ਦਾ ਮੌਕਾ ਨਹੀਂ ਦਿਤਾ ਜਾਂਦਾ, ਅਤੇ ਇਹਨਾ ਦੀ ਆਰਥਿਕ ਹਾਲਤ ਸੁਧਾਰਨ ਦੇ ਨਾਲ-ਨਾਲ ਵਿਕਾਸ ਸੰਸਥਾਵਾਂ ਅਤੇ ਸੂਬਾ ਸਰਕਾਰ ਦਾ ਸਿਧਾ ਦਖਲ ਇਹਨਾ ਵਿਚ ਬੰਦ ਨਹੀਂ ਕੀਤਾ ਜਾਂਦਾ।
ਸ਼ਹਿਰੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਆਤੁਰ ਸਰਕਾਰਾਂ



