ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸਮਾਗਮ ਬੇਸ਼ਕ ਹੰਗਾਮਿਆਂ ਦੀ ਭੇਟ ਚੜ੍ਹ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਸੈਸ਼ਨ ਵਿੱਚ ਕੁੱਝ ਚੰਗੇ ਕਾਰਜ ਵੀ ਹੋਏ ਹਨ। ਇਸ ਸਬੰਧ ਵਿੱਚ ਵਿਧਾਨ ਸਭਾ ਵੱਲੋਂ ਵਿਧਾਨਕਾਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਸਾਲਾਨਾ ਜਨਤਕ ਕਰਨ ਦੇ ਸੋਧ ਬਿੱਲ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਇਸ ਸੋਧ ਬਿੱਲ ਨਾਲ ਪੰਜਾਬ ਦੇ ਸਾਰੇ ਵਿਧਾਨਕਾਰਾਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਦੇ ਵੇਰਵੇ ਹਰ ਸਾਲ ਜਨਵਰੀ ਵਿੱਚ ਜਨਤਕ ਕਰਨੇ ਪਿਆ ਕਰਨਗੇ। ਇਸ ਸੋਧ ਬਿੱਲ ਦੇ ਮੁੱਦੇ ਉਪਰ ਬੇਸ਼ਕ ਵਿਧਾਨ ਸਭਾ ਵਿੱਚ ਇਕ ਰਾਏ ਨਹੀਂ ਸੀ ਪ੍ਰੰਤੂ ਇਹ ਇਕ ਚੰਗੀ ਸ਼ੁਰੂਆਤ ਹੈ। ਆਉਣ ਵਾਲੇ ਸਮੇਂ ਵਿੱਚ ਇਸ ਕਾਨੂੰਨ ਨੂੰ ਹੋਰ ਵਿਸਥਾਰ ਦਿੱਤਾ ਜਾ ਸਕਦਾ ਹੈ। ਚੰਗਾ ਹੋਵੇਗਾ ਜੇਕਰ ਵ੍ਯਿਧਾਨਕਾਰਾਂ ਦੇ ਨਾਲ-ਨਾਲ ਸਾਰੇ ਸਰਕਾਰੀ ਅਧਿਕਾਰੀਆਂ, ਸਿਆਸੀ ਪਾਰਟੀਆਂ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਹੋਰ ਸਰਕਾਰੀ ਅਹੁਦਿਆਂ ’ਤੇ ਬਿਰਾਜਮਾਨ ਸਖਸ਼ੀਅਤਾਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਿਲ ਕਰ ਲਿਆ ਜਾਵੇ। ਇਸ ਕਾਨੂੰਨ ਵਿੱਚ ਕੁਤਾਹੀ ਕਰਨ ਵਾਲੇ ਜਾਂ ਗਲਤ ਜਾਣਕਾਰੀ ਦੇਣ ਵਾਲੇ ਨੇਤਾਵਾਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਵਿਧਾਨਕਾਰਾਂ ਵੱਲੋਂ ਜਨਤਕ ਕੀਤੇ ਗਏ ਵੇਰਵੇ ਆਮ ਲੋਕਾਂ ਖਾਸ ਕਰਕੇ ਹਲਕੇ ਦੇ ਵੋਟਰਾਂ ਲਈ ਤੁਰੰਤ ਉਪਲੱਬਧ ਹੋਣੇ ਚਾਹੀਦੇ ਹਨ। ਵਿਧਾਨਕਾਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਖਰੀਦੀ ਗਈ ਜਾਂ ਬਣਾਈ ਗਈ ਜਾਇਦਾਦ ਦਾ ਵੇਰਵਾ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ’ਚ ਵੱਡੀ ਗਿਣਤੀ ਵਿੱਚ ਸਿਆਸੀ ਨੇਤਾ ਬੇਨਾਮੀ ਚਲ ਅਤੇ ਅਚੱਲ ਜਾਇਦਾਦ ਦੇ ਮਾਲਕ ਹਨ। ਇਹ ਹਾਲਾਤ ਲਗਾਤਾਰ ਬਣੇ ਹੋਏ ਹਨ। ਅਜਿਹੇ ਹਾਲਾਤਾਂ ਵਿੱਚ ਵਿਧਾਨਕਾਰਾਂ ਦੀ ਅਸਲ ਜਾਇਦਾਦ ਬਾਰੇ ਜਨਤਕ ਤੌਰ ’ਤੇ ਜਾਣਕਾਰੀ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਸੱਤਾਧਾਰੀ ਪਾਰਟੀ ਦੇ ਵਿਧਾਨਕਾਰ ਅਤੇ ਮੰਤਰੀ ਰੇਤ, ਬਜਰੀ, ਟਰਾਂਸਪੋਰਟ ਤੇ ਸ਼ਰਾਬ ਦੇ ਕਾਰੋਬਾਰ ਵਿੱਚੋਂ ਵੀ ਅੰਨ੍ਹਾਂ ਪੈਸਾ ਕਮਾ ਰਹੇ ਹਨ। ਇਸ ਦਾ ਵੇਰਵਾ ਵੀ ਜਨਤਾ ਲਈ ਉਪਲੱਬਧ ਹੋਣਾ ਚਾਹੀਦਾ ਹੈ। ਵਿਧਾਨਕਾਰਾਂ ਦੇ ਨਿੱਜੀ ਕੰਪਨੀਆਂ ਅਤੇ ਟਰੱਸਟਾਂ ਵਿੱਚ ਹਿੱਸੇ ਵੀ ਜਨਤਕ ਕੀਤੇ ਜਾਣੇ ਚਾਹੀਦੇ ਹਨ। ਇਸ ਸਿਲਸਿਲੇ ਵਿੱਚ ਨਵਾਂ ਲੋਕਪਾਲ ਕਾਨੂੰਨ ਵੀ ਬਣਾਇਆ ਜਾ ਸਕਦਾ ਹੈ। ਨੇਤਾਵਾਂ ਦੇ ਘਪਲੇ ਅਤੇ ਨਜਾਇਜ਼ ਜਾਇਦਾਦਾਂ ਨੂੰ ਸਾਹਮਣੇ ਲਿਆਉਣ ਵਾਲਿਆਂ ਨੂੰ ਸੁਰੱਖਿਆ ਵੀ ਮਿਲਣੀ ਚਾਹੀਦੀ ਹੈ। ਚੰਗਾ ਹੋਵੇਗਾ ਕਿ ਵਿਧਾਨਕਾਰਾਂ ਅਤੇ ਅਧਿਕਾਰੀਆਂ ਦੀ ਜਾਇਦਾਦਾਂ ਉਪਰ ਲਗਾਤਾਰ ਨਜ਼ਰ ਰੱਖਣ ਲਈ ਇਕ ਸਥਾਈ ਕਮਿਸ਼ਨ ਬਣਾਇਆ ਜਾਵੇ। ਇਹ ਕਮਿਸ਼ਨ ਲੋਕਪਾਲ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ।
– ਬਲਜੀਤ ਸਿੰਘ ਬਰਾੜ



