ਝਬਾਲ, 30 ਨਵੰਬਰ (ਜਤਿੰਦਰ ਵਿੱਕੀ, ਹਰਦੀਪ ਸਿੰਘ)-ਤਰਨ ਤਾਰਨ ਜ਼ਿਲ੍ਹੇ ਸਰਹੱਦੀ ਕਸਬਾ ਝਬਾਲ ਵਿੱਚ ਪੁਲਿਸ ਦੇ ਸਟਿੱਕਰ ਅਤੇ ਪ੍ਰੈਸ ਸਬਦ ਲਿਖੇ ਹੋਏ ਵਾਹਨਾਂ ਦੀ ਗਿਣਤੀ ਵਿੱਚ ਦਿਨੋ ਦਿਨ ਹੋ ਰਿਹਾ ਵਾਧਾ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦੇ ਹੋ ਰਹੇ ਵਾਧੇ ਕਾਰਨ ਜੋ ਸਹੀ ਵਿੱਚ ਆਪਣੇ ਵਾਹਨ ਉਪਰ ਲਿਖਵਾਉਣ ਦੇ ਹੱਕਦਾਰ ਹਨ ਉਹ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ। ਕਿਉਂਕਿ ਸਰਹੱਦੀ ਕਸਬਾ ਹੋਣ ਕਰਕੇ ਜਿੱਥੇ ਜ਼ਿਲ੍ਹਾ ਤਰਨ ਤਾਰਨ ਨਸ਼ਿਆਂ ਵਿੱਚ ਬਦਨਾਮ ਹੈ ਉਥੇ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਹਰ ਰੋਜ਼ ਹੁੰਦੀਆਂ ਹਨ। ਭਾਵੇਂ ਹੀ ਪੁਲਿਸ ਪ੍ਰਸ਼ਾਸ਼ਨ ਵਲੋਂ ਇੱਥੇ ਟ੍ਰੈਫਿਕ ਸੈਲ ਤਾਇਨਾਤ ਕੀਤਾ ਹੋਇਆ ਹੈ। ਪਰ ਉਹ ਵੀ ਇਹਨਾਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮਯਾਬ ਹੀ ਸਾਬਿਤ ਹੋ ਚੁੱਕਾ ਹੈ। ਪ੍ਰੈਸ ਤੇ ਪੁਲਿਸ ਸਟਿੱਕਰ ਲੱਗੇ ਵਾਹਨਾਂ ਵਿੱਚ ਨਸ਼ਿਆਂ ਦੇ ਕਾਰੋਬਾਰ ਹੋਣ ਦਾ ਖਦਸ਼ਾ ਵੀ ਜਿਤਾਇਆ ਜਾ ਸਕਦਾ ਹੈ ਕਿਉਂਕਿ ਇਹਨਾਂ ਸ਼ਬਦਾਂ ਵਾਲੇ ਵਾਹਨਾਂ ਨੂੰ ਕੋਈ ਰੋਕਦਾ ਵੀ ਨਹੀਂ। ਜਿਸ ਕਾਰਨ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲਿਆਂ ਦੀ ਮੌਜ ਬਣ ਜਾਂਦੀ ਹੈ ਤੇ ਉਹ ਇਸ ਦਾ ਫਾਇਦਾ ਉਠਾਉਂਦੇ ਹਨ। ਸਮੂਹ ਕਸਬਾ ਝਬਾਲ ਦੇ ਪੱਤਰਕਾਰ ਭਾਈਚਾਰੇ ਵਲੋਂ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਇਸ ਸਰਹੱਦੀ ਕਸਬੇ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਉਤੇ ਪੂਰੀ ਤਰਾਂ ਰੋਕ ਲਗਾਈ ਜਾਵੇ। ਇਸ ਸਬੰਧ ਵਿੱਚ ਜਦ ਟ੍ਰੈਫਿਕ ਸੈਲ ਦੋ ਦੇ ਇੰਚਾਰਜ ਸਬ-ਇੰਸ: ਅਸਵਨੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਹਨ ਤੇ ਹੁਣ ਇਹਨਾਂ ਸ਼ਬਦਾਂ ਵਾਲੇ ਵਾਹਨਾਂ ਉਪਰ ਪੂਰੀ ਤਰਾਂ ਕਾਰਵਾਈ ਕਰਨਗੇ।



