ਅੱਜ ਕੱਲ੍ਹ ਬੜੀ ਤੇਜ਼ੀ ਨਾਲ ਮੀਡੀਆ ਦਾ ਵਿਸਥਾਰ ਹੋ ਰਿਹਾ ਹੈ ਅਤੇ ਨਵੇਂ-ਨਵੇਂ ਟੀਵੀ ਚੈਨਲ ਸ਼ੁਰੂ ਹੋ ਰਹੇ ਹਨ। ਨਤੀਜੇ ਵਜੋਂ ਇਨ੍ਹਾਂ ਚੈਨਲਾਂ ਨੂੰ ਨਿੱਤ ਦਿਨ ਨਵੇਂ-ਨਵੇਂ ਐਂਕਰਾਂ ਦੀ ਜ਼ਰੂਰਤ ਹੁੰਦੀ ਹੈ। ਟੀਵੀ ਚੈਨਲਾਂ ਦੇ ਸੀਨੀਅਰ ਅਧਿਕਾਰੀ ਜਾਂ ਟੀਵੀ ਚੈਨਲਾਂ ਵਿੱਚ ਕੰਮ ਕਰਦੇ ਮੇਰੇ ਸਾਬਕਾ ਵਿਦਿਆਰਥੀ ਅਕਸਰ ਨਵੇਂ ਐਂਕਰਾਂ ਦੀ ਮੰਗ ਕਰਦੇ ਰਹਿੰਦੇ ਹਨ। ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ ਕਿ ਨਿਊਜ਼ ਐਂਕਰਾਂ ਦੀ ਮੰਗ ਸਮੇਂ ਉਨ੍ਹਾਂ ਦੀ ਇਕ ਸ਼ਰਤ ਹੁੰਦੀ ਹੈ ਕਿ ‘ਕੁੜੀ ਵੇਖਣ ਵਿੱਚ ਪਤਲੀ, ਗੋਰੀ ਅਤੇ ਸੋਹਣੀ ਹੋਵੇ।’ ਇਹ ਸੱਚ ਹੈ ਕਿ ਭਾਰਤ ਵਿੱਚ ਸਿਰਫ਼ ਫਿਲਮੀ ਹੀਰੋਇਨਾਂ ਹੀ ਨਹੀਂ ਬਲਕਿ ਟੀਵੀ ਦੀਆਂ ਇਸਤਰੀ ਨਿਊਜ਼ ਐਂਕਰਾਂ ਦੀ ਸੂਰਤ, ਚਿਹਰਾ, ਮੁਹਰਾ, ਰੰਗ ਰੂਪ, ਪਹਿਰਾਵੇ ਅਤੇ ਫਿਗਰ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ। ਸਾਡੀ ਮਾਨਸਿਕਤਾ ਵਿੱਚ ਰਿਸ਼ਟ ਪੁਸ਼ਟ, ਭਾਰੀ ਸਰੀਰ ਅਤੇ ਕਾਲਾ ਰੰਗ ਟੀਵੀ ਲਈ ਨਹੀਂ ਬਣਿਆ। ਭਾਰਤ ਵਿੱਚ ਸਰਕਾਰੀ ਚੈਨਲਾਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਈਵੇਟ ਚੈਨਲ ਐਂਕਰ ਦੇ ਤੌਰ ’ਤੇ ਖੂਬਸੂਰਤ ਅਤੇ ਜ਼ੀਰੋ ਫਿਗਰ ਵਾਲੀਆਂ ਜਵਾਨ ਕੁੜੀਆਂ ਨੂੰ ਤਰਜੀਹ ਦਿੰਦੇ ਹਨ। ਜੇ ਕੁੜੀ ਦੀ ਭਾਸ਼ਾ ਅਤੇ ਉਚਾਰਣ ਬਹੁਤ ਵਧੀਆ ਹੋਵੇ ਅਤੇ ਉਹ ਚੈਨਲ ਵੱਲੋਂ ਲਾਈਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੋਵੇ ਤਾਂ ਉਸ ਨੂੰ ਸਿਰਫ ਅਵਾਜ਼ ਦੇਣ (ਵਾਇਸ ਓਵਰ ਦੇਣ) ਲਈ ਰੱਖ ਲਿਆ ਜਾਂਦਾ ਹੈ। ਟੀਵੀ ਮੀਡੀਆ ਵਾਲੇ ਇਹ ਸਮਝਦੇ ਹਨ ਕਿ ਟੀਵੀ ਉਤੇ ਲੋਕ ਖ਼ਬਰਾਂ ਸੁਣਦੇ ਨਹੀਂ ਵੇਖਦੇ ਹਨ।
ਕਮਾਲ ਇਹ ਹੈ ਕਿ ਇਸ ਪੱਖੋਂ ਹਿੰਦੋਸਤਾਨ ’ਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਇਹ ਵਰਤਾਰਾ ਪਾਇਆ ਜਾਂਦਾ ਹੈ। ਉਦਾਹਰਣ ਵਜੋਂ ਅਮਰੀਕਾ ਦੇ ਏਬੀਸੀ ਡਲਾਸ ਦੇ ਚੈਨਲ 8 ਦੀ ਐਂਕਰ ਡੇਮੇਟ੍ਰਿਆ ਦੀ ਆਪਣੀ ਇਕ ਪਹਿਚਾਣ ਹੈ। ਉਹ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਹੈ ਅਤੇ ਟਵਿੱਟਰ ਉਤੇ ਉਸ ਦੇ 56000 ਤੋਂ ਵੱਧ ਫਾਲੋਅਰਜ਼ ਹਨ। ਡੇਮੋਟ੍ਰਿਆ ਦੀ ਆਪਣੀ ਇਕ ਵੈਬਸਾਈਟ ਵੀ ਹੈ ਅਤੇ ਇਸ ਸਾਈਟ ’ਤੇ ਉਹ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦੀ ਰਹਿੰਦੀ ਹੈ।
ਅੱਜ ਕੱਲ੍ਹ ਡੇਮੇਟ੍ਰਿਆ ਖਿਲਾਫ ਅਪਮਾਨਜਨਕ ਟਿੱਪਣੀਆਂ ਲਿਖੀਆਂ ਜਾ ਰਹੀਆਂ ਹਨ। ਉਸ ਦੀ ਆਲੋਚਨਾ ਦੋ ਗੱਲਾਂ ਕਰਕੇ ਹੋ ਰਹੀ ਹੈ ਪਹਿਲੀ ਗੱਲ ਕਿ ਉਸ ਦਾ ਸਰੀਰ ਭਾਰਾ ਹੈ ਜਾਂ ਇਉਂ ਕਹੋ ਕਿ ਉਹ ਮੋਟੀ ਭਾਵੇਂ ਨਹੀਂ ਪਰ ਜ਼ੀਰੋ ਫਿਗਰ ਵਾਲੀ ਪਤਲੀ ਨਾਰ ਵੀ ਨਹੀਂ। ਦੂਜੀ ਗੱਲ ਜਿਸ ਕਾਰਨ ਉਹ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ ਕਿ ਨਸਲ ਵਜੋਂ ਉਹ ਗੋਰੀ ਨਹੀਂ, ਕਾਲੀ ਹੈ, ਅਸ਼ਵੇਤ ਹੈ। ਸੋਸ਼ਲ ਮੀਡੀਆ ’ਤੇ ਉਸ ਦੇ ਖਿਲਾਫ ਲਿਖਣ ਵਾਲੀ ਗੋਰੀ ਔਰਤ ਨੇ ਲਿਖਿਆ ਹੈ ਕਿ ਉਸ ਨੂੰ ਇਸ ਗੱਲ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਕਿ ਗੋਰੀ ਹੈ ਜਾਂ ਕਾਲੀ, ਪਰ ਜਿਸ ਤਰੀਕੇ ਨਾਲ ਉਹ ਆਪਣੇ ਰਿਸ਼ਟ-ਪੁਸ਼ਟ ਸਰੀਰ ਲਈ ਪਹਿਰਾਵਾ ਚੁਣਦੀ ਹੈ, ਉਸ ਵਿੱਚ ਉਹ ਭੈੜੀ ਲਗਦੀ ਹੈ। ਉਸ ਨੂੰ ਆਪਣੇ ਸਰੀਰ ਨੂੰ ਧਿਆਨ ’ਚ ਰੱਖਕੇ ਪਹਿਰਾਵਾ ਪਾਉਣਾ ਚਾਹੀਦਾ ਹੈ।
ਅਜਿਹੀ ਟਿੱਪਣੀਆਂ ਤੋਂ ਦੁਖੀ ਹੋ ਕੇ ਡੇਮੇਟ੍ਰਿਆ ਔਬਿਲੋਰ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਇਹ ਰੰਗਭੇਦ ਅਤੇ ਨਸਲੀ ਵਿਤਕਰੇ ਵਾਲੀ ਘਟਨਾ ਹੈ ਅਤੇ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਡੇਮੇਟ੍ਰਿਆ ਔਬਿਲੋਰ ਦੀ ਵੀਡੀਓ ਵੇਖਕੇ ਕਾਫੀ ਲੋਕ ਉਸ ਦੇ ਹੱਕ ਵਿੱਚ ਨਿਤਰੇ ਹਨ। ਇਨ੍ਹਾਂ ਲੋਕਾਂ ਨੇ ਔਬਿਲੋਰ ਦੇ ਖਿਲਾਫ ਲਿਖਣ ਵਾਲੀ ਗੋਰੀ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਕਾਲੇ ਵੀ ਸੁੰਦਰ ਹੁੰਦੇ ਹਨ। ਉਧਰ ਡੇਮੇਟ੍ਰਿਆ ਨੇ ਆਪਣੇ ਉਤੇ ਲੱਗੇ ਸਾਰੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਹ ਜਿਹੋ ਜਿਹੀ ਵੀ ਹੈ ਚੰਗੀ ਹੈ ਅਤੇ ਬਹੁਤ ਖੁਸ਼ ਹੈ। ਉਹ ਇਸੇ ਤਰ੍ਹਾਂ ਹੀ ਰਹੇਗੀ ਅਤੇ ਜਿਨ੍ਹਾਂ ਲੋਕਾਂ ਨੂੰ ਸ਼ਿਕਾਇਤ ਹੈ ਉਹ ਆਪਣੇ ਬਾਰੇ ਸੋਚਣ। ਉਸ ਨੇ ਸਾਰੀ ਦੁਨੀਆਂ ਦੀਆਂ ਮੁਟਿਆਰਾਂ ਨੂੰ ਸਲਾਹ ਦਿੱਤੀ ਕਿ ਸਿਹਤਮੰਦ ਰਹਿਣਾ ਜ਼ਰੂਰੀ ਹੁੰਦਾ ਹੈ। ਜਿਵੇਂ ਤੁਹਾਡਾ ਦਿਲ ਕਰਦਾ ਹੈ ਉਸੇ ਤਰ੍ਹਾਂ ਰਹੋ। ਜ਼ਰੂਰੀ ਨਹੀਂ ਕਿ ਦੂਜਿਆਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਜੀਵੀਏ। ਡੇਮੇਟ੍ਰਿਆ ਔਬਿਲੋਰ ਨੇ ਕਿਹਾ ਕਿ ਉਸ ਨੂੰ ਆਪਣੇ ਉਪਰ ਮਾਣ ਹੈ ਅਤੇ ਮੈਨੂੰ ਆਪਣੇ ਪਲੱਸ ਸਾਈਜ਼ ’ਤੇ ਕੋਈ ਰੰਜ ਨਹੀਂ।
ਔਬਿਲੋਰ ਬਾਰੇ ਛਿੜੇ ਇਸ ਵਿਵਾਦ ਨੇ ਇਕ ਵਾਰ ਫਿਰ ਦੁਨੀਆਂ ਵਿੱਚ ਗੋਰੇ ਅਤੇ ਕਾਲੇ ਰੰਗ ਦੇ ਭੇਦਭਾਵ ਨੂੰ ਉੁਜਾਗਰ ਕੀਤਾ ਹੈ। ਇਹ ਵਿਵਾਦ ਇਸ ਪਾਸੇ ਵੀ ਸਾਡਾ ਧਿਆਨ ਖਿੱਚ ਰਿਹਾ ਹੈ ਕਿ ਸਾਡੇ ਬਹੁਤ ਸਾਰੇ ਪੇਸ਼ਿਆਂ ਵਿੱਚ ਰੰਗ ਨੂੰ ਲੈ ਕੇ ਵਿਤਕਰਾ ਬਕਰਾਰ ਹੈ। ਫਿਲਮਾਂ ਅਤੇ ਟੀਵੀ ਮੀਡੀਆ ਇਸ ਪੱਖੋਂ ਹਮੇਸ਼ਾਂ ਚਰਚਾ ਵਿੱਚ ਰਹੇ ਹਨ। ਉਂਜ ਹਿੰਦੋਸਤਾਨ ਵਿੱਚ ‘ਫੇਅਰ ਐਂਡ ਲਵਲੀ’ ਵਰਗੇ ਵਿਗਿਆਪਨ ਰੋਜ਼ਾਨਾ ਕਰੋੜਾਂ ਕਾਲੇ ਰੰਗ ਦੇ ਲੋਕਾਂ ਦੇ ਦਿਲਾਂ ਨੂੰ ਜ਼ਖਮੀ ਕਰਕੇ ਉਨ੍ਹਾਂ ਵਿੱਚ ਹੀਣ ਭਾਵਨਾ ਪੈਦਾ ਕਰਨ ਦਾ ਸਾਧਨ ਬਣਦੇ ਹਨ। ਔਰਤਾਂ ਨੂੰ ਸਰੀਰਕ ਖੂਬਸੂਰਤੀ ਕਰਕੇ ਨਹੀਂ ਸਗੋਂ ਉਨ੍ਹਾਂ ਦੇ ਪੇਸ਼ੇਵਰ ਗੁਣਾਂ ਨੂੰ ਮੁੱਖ ਰੱਖਕੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਏਅਰ ਹੋਸਟਸਾਂ ਅਤੇ ਰਿਸੈਪਸਨਿਸਟਾਂ ਆਦਿ ਦੀਆਂ ਅਸਾਮੀਆਂ ਲਈ ਵੀ ਗੁਣਾਂ ਨੂੰ ਅਧਾਰ ਬਣਾਉਣਾ ਚਾਹੀਦਾ ਹੈ।
ਟੀਵੀ ਦੇ ਖੇਤਰ ਵਿੱਚ ਭਾਸ਼ਾ ਦਾ ਗਿਆਨ, ਉਚਾਰਣ, ਚਲੰਤ ਮਾਮਲਿਆਂ ਅਤੇ ਆਮ ਗਿਆਨ ਨੂੰ ਮੁੱਖ ਰੱਖਕੇ ਨੌਕਰੀਆਂ ਲਈ ਚੋਣ ਕਰਨੀ ਚਾਹੀਦੀ ਹੈ ਨਾ ਕਿ ਕੁੜੀ ਦੀ ਫਿਗਰ, ਰੰਗ ਅਤੇ ਡਰੈਸ ਆਦਿ ਵੇਖਕੇ। ਇਹ ਵਰਤਾਰੇ ਨੂੰ ਬਦਲਣ ਦੀ ਲੋੜ ਹੈ ਅਤੇ ਕੋਈ ਤਾਂ ਇਸ ਪਾਸੇ ਪਹਿਲ ਕਰੇਗਾ ਫਿਰ ਆਪਾਂ ਕਿਉਂ ਨਹੀਂ ਇਸ ਪਾਸੇ ਪਹਿਲਾ ਕਦਮ ਪੁਟਦੇ।
ਕਾਲੇ ਰੰਗ ਵਾਲੀ ਐਂਕਰ ਨਾਲ ਵਿਤਕਰਾ ਕਿਉਂ



