ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਅੱਜ ਸੰਸਾਰ ਵਿੱਚ ਹਿੰਦੋਸਤਾਨ ਦੀ ਪਹਿਚਾਣ ਨੌਜਵਾਨਾਂ ਦੇ ਦੇਸ਼ ਵਜੋਂ ਬਣੀ ਹੋਈ ਹੈ। ਨੌਜਵਾਨ ਵਰਗ ਦੀ ਗੱਲ ਕਰਦੇ ਹੋਏ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਸਥਾਨ ਸਭ ਤੋਂ ਉ¤ਪਰ ਨਜ਼ਰ ਆਉਂਦਾ ਹੈ। ਵਿਦਿਆਰਥੀ ਵਰਗ ਨੂੰ ਸਭ ਤੋਂ ਚੇਤੰਨ, ਸੂਝਬੂਝ ਵਾਲਾ ਅਤੇ ਸਿਆਣਾ ਵਰਗ ਮੰਨਿਆ ਜਾਂਦਾ ਹੈ। ਪੱਤਰਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਂ-ਸਮੇਂ ’ਤੇ ਨੌਜਵਾਨਾਂ ਦੀ ਸੋਚ ਨੂੰ ਜਾਣਨ ਲਈ ਖੋਜ ਕਰਵਾਉਂਦਾ ਰਹਿੰਦਾ ਹੈ। ਇਸੇ ਲੜੀ ਵਿੱਚ ‘ਨੌਜਵਾਨਾਂ ਵਿੱਚ ਰਾਜਸੀ ਚੇਤਨਾ ਅਤੇ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਇਕ ਵਿਦਿਆਰਥਣ ਬੀਬਾ ਜਗਮੀਤ ਕੌਰ ਵੱਲੋਂ ਸਰਵੇਖਣ ਕੀਤਾ ਗਿਆ। ਨੌਜਵਾਨਾਂ ਵਿੱਚ ਰਾਜਸੀ ਚੇਤਨਾ ਉਦੋਂ ਤੱਕ ਆਉਣੀ ਅਸੰਭਵ ਹੈ ਜਦੋਂ ਤੱਕ ਉਹ ਅਖ਼ਬਾਰ ਜਾਂ ਜਨ ਸੰਚਾਰ ਦੇ ਕਿਸੇ ਸਾਧਨ ਨਾਲ ਨਾ ਜੁੜਣ। ਇਸ ਸਵਾਲ ਦਾ ਜਵਾਬ ਲੱਭਣ ਲਈ ਇਹ ਵੇਖਿਆ ਗਿਆ ਕਿ ਕਿੰਨੇ ਕੁ ਵਿਦਿਆਰਥੀ ਅਖ਼ਬਾਰ ਪੜ੍ਹਨ ਵਿੱਚ ਰੁਚੀ ਰੱਖਦੇ ਹਨ। ਜਵਾਬ ਵਿੱਚ ਜਾਣਕਾਰੀ ਮਿਲੀ ਕਿ 58 ਫੀਸਦੀ ਮੁੰਡੇ ਅਤੇ 36 ਫੀਸਦੀ ਕੁੜੀਆਂ ਅਖ਼ਬਾਰ ਪੜ੍ਹਨ ’ਚ ਰੁਚੀ ਰੱਖਦੀਆਂ ਹਨ। ਇਨ੍ਹਾਂ ਵਿੱਚੋਂ 66 ਫੀਸਦੀ ਮੁੰਡੇ ਪੰਜਾਬੀ ਅਖ਼ਬਾਰਾਂ ਨੂੰ ਤਰਜੀਹ ਦਿੰਦੇ ਹਨ ਅਤੇ 61 ਫੀਸਦੀ ਕੁੜੀਆਂ ਪੰਜਾਬੀ ਅਖ਼ਬਾਰ ਪੜ੍ਹਦੀਆਂ ਹਨ। ਸਿਰਫ 15% ਮੁੰਡੇ ਅਤੇ ਕੁੜੀਆਂ ਅੰਗਰੇਜ਼ੀ ਅਖ਼ਬਾਰ ਪੜ੍ਹਦੇ ਹਨ। ਹਿੰਦੀ ਅਖ਼ਬਾਰਾਂ ਨੂੰ ਪੜ੍ਹਨ ਵਾਲੇ ਪਾਠਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਘੱਟ ਹੀ ਹਨ। ਹਰ ਵਿਦਿਆਰਥੀ ਦੀ ਆਪਣੀ ਇਕ ਰੁਚੀ ਹੁੰਦੀ ਹੈ, ਜਿਸ ਕਾਰਨ ਉਹ ਅਖ਼ਬਾਰ ਪੜ੍ਹਦਾ ਹੈ। ਖੋਜ ਅਨੁਸਾਰ ਸਭ ਤੋਂ ਜ਼ਿਆਦਾ ਦਿਲਚਸਪੀ ਰਾਜਸੀ ਖ਼ਬਰਾਂ ਵਿੱਚ ਪਾਈ ਗਈ ਹੈ। ਖੇਤੀ ਪ੍ਰਧਾਨ ਸੂਬੇ ਵਿੱਚ ਸਿਰਫ 2 ਫੀਸਦੀ ਹੀ ਵਿਦਿਆਰਥੀ ਅਜਿਹੇ ਹਨ, ਜੋ ਖੇਤੀਬਾੜੀ ਨਾਲ ਖ਼ਬਰਾਂ ਵਿੱਚ ਰੁਚੀ ਰੱਖਦੇ ਹਨ। ਟੀ.ਵੀ. ਤਾਂ ਸਾਰੇ ਵਿਦਿਆਰਥੀ ਵੇਖਦੇ ਹਨ ਪਰ ਨਿਊਜ਼ ਚੈਨਲ ਵੇਖਣ ਵਾਲੇ ਸਿਰਫ 22% ਹੀ ਹਨ। ਸੰਚਾਰ ਮਾਧਿਅਮਾਂ ਦੀ ਭਰੋਸੇਯੋਗਤਾ ਜਾਣਨ ਲਈ ਪੁਛੇ ਗਏ ਸਵਾਲ ਦੇ ਜਵਾਬ ਵਿੱਚ 48% ਮੁੰਡੇ ਅਤੇ 42% ਕੁੜੀਆਂ ਨੇ ਪ੍ਰਿੰਟ ਮੀਡੀਆ ਨੂੰ ਵਿਸ਼ਵਾਸਯੋਗ ਮਾਧਿਅਮ ਮੰਨਿਆ ਹੈ ਜਦੋਂ ਕਿ 28% ਪੁਰਸ਼ ਅਤੇ 30% ਇਸਤਰੀਆਂ ਨੇ ਨਿਊ ਮੀਡੀਆ ਨੂੰ ਭਰੋਸੇਯੋਗ ਦੱਸਿਆ ਹੈ।
ਨੌਜਵਾਨਾਂ ਦੀ ਰਾਜਸੀ ਚੇਤਨਾ ਨੂੰ ਜਾਣਨ ਲਈ ਜੋ ਸਵਾਲ ਪੁਛਿਆ ਗਿਆ, ਉਸ ਦੇ ਜਵਾਬ ਤੋਂ ਸਿੱਟਾ ਨਿਕਲਦਾ ਹੈ ਕਿ 94% ਵਿਦਿਆਰਥੀਆਂ ਦਾ ਮੰਨਣਾ ਹੈ ਕਿ ਰਾਜਸੀ ਸੂਝ-ਬੂਝ ਦਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਕਿ ਕੇਵਲ 2% ਵਿਦਿਆਰਥੀ ਇਹ ਮੰਨਦੇ ਹਨ ਕਿ ਰਾਜਸੀ ਸੂਝ-ਬੂਝ ਬਿਨਾਂ ਵੀ ਸਰ ਸਕਦਾ ਹੈ। ਇਕ ਹੋਰ ਸਵਾਲ ਦੇ ਜਵਾਬ ਤੋਂ ਇਹ ਪਤਾ ਲੱਗਾ ਕਿ ਯੂਨੀਵਰਸਿਟੀ ਦੇ 86ਫੀਸਦੀ ਵਿਦਿਆਰਥੀ ਸ਼੍ਰੋਮਣੀ ਅਕਾਲੀ ਦਲ ਬਾਰੇ ਜਾਣਦੇ ਹਨ, 80% ਕਾਂਗਰਸ ਬਾਰੇ ਅਤੇ 74% ਵਿਦਿਆਰਥੀਆਂ ਨੂੰ ਆਮ ਆਦਮੀ ਪਾਰਟੀ ਬਾਰੇ ਵੀ ਜਾਣਕਾਰੀ ਹੈ। ਭਾਰਤੀ ਜਨਤਾ ਪਾਰਟੀ ਬਾਰੇ ਜਾਣਕਾਰੀ ਰੱਖਣ ਵਾਲੇ ਸਿਰਫ 44% ਹੀ ਹਨ। ਇਕ ਸਵਾਲ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੀ ਸਿਆਸਤ ਨਾਲ ਸਬੰਧਤ ਆਗੂਆਂ ਦੇ ਨਾਮ ਪੁੱਛੇ ਗਏ ਤਾਂ ਜਵਾਬ ਵਿੱਚ ਪਤਾ ਲੱਗਾ ਕਿ 62% ਵਿਦਿਆਰਥੀ ਕੈਪਟਨ ਅਮਰਿੰਦਰ ਸਿੰਘ, 36% ਵਿਦਿਆਰਥੀ ਸੁਖਬੀਰ ਸਿੰਘ ਬਾਦਲ, 68ਫੀਸਦੀ ਸ. ਪ੍ਰਕਾਸ਼ ਸਿੰਘ ਬਾਦਲ, 25% ਭਗਵੰਤ ਮਾਨ ਅਤੇ 4% ਪ੍ਰਤਾਪ ਸਿੰਘ ਬਾਜਵਾ ਬਾਰੇ ਜਾਣਦੇ ਹਨ। ਪੰਜਾਬ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਬਾਰੇ ਸਿਰਫ 54% ਮੁੰਡੇ ਅਤੇ 26% ਕੁੜੀਆਂ ਨੂੰ ਹੀ ਪਤਾ ਸੀ। ਇਸ ਤਰ੍ਹਾਂ ਪੰਜਾਬ ਦੇ ਗਵਰਨਰ ਦਾ ਨਾਮ 50% ਮੁੰਡੇ ਅਤੇ 24% ਕੁੜੀਆਂ ਨੂੰ ਹੀ ਪਤਾ ਸੀ। ਦੂਜੇ ਪਾਸੇ ਮੁੱਖ ਮੰਤਰੀ ਦਾ ਨਾਮ 90% ਤੋਂ ਵੱਧ ਵਿਦਿਆਰਥੀਆਂ ਨੂੰ ਪਤਾ ਸੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ 50% ਮੁੰਡੇ ਅਤੇ 64% ਕੁੜੀਆਂ ਨੂੰ ਆਪਣੇ ਹਲਕੇ ਦੇ ਲੋਕ ਸਭਾ ਮੈਂਬਰ ਦਾ ਨਾਮ ਨਹੀਂ ਪਤਾ ਸੀ। ਵਿਦਿਆਰਥੀਆਂ ਪਾਸੋਂ ਇਹ ਜਾਣਿਆ ਗਿਆ ਕਿ ਉਹ ਕਿਸ ਅਧਾਰ ’ਤੇ ਵੋਟ ਪਾਉਂਦੇ ਹਨ ਅਤੇ ਇਸ ਅਧਾਰ ’ਤੇ ਉਨ੍ਹਾਂ ਨੂੰ 4 ਉਦਾਹਰਣਾਂ ਵੀ ਦਿੱਤੀਆਂ ਗਈਆਂ। ਜਿਸ ਦੇ ਅੰਕੜਿਆਂ ਅਨੁਸਾਰ 6% ਤੋਂ 10% ਵਿਦਿਆਰਥੀ ਚੋਣ ਨਿਸ਼ਾਨ ਦੇਖਕੇ, 16% ਤੋਂ 2% ਵਿਦਿਆਰਥੀ ਉਮੀਦਵਾਰਾਂ ਦਾ ਨਾਮ ਦੇਖਕੇ, 44% ਤੋਂ 48% ਵਿਦਿਆਰਥੀ ਰਾਜਨੀਤਿਕ ਗਤੀਵਿਧੀਆਂ ਦੇਖਕੇ ਅਤੇ 6% ਵਿਦਿਆਰਥੀ ਕਿਸੇ ਦੇ ਪ੍ਰਭਾਵ ਹੇਠ ਆ ਕੇ ਵੋਟ ਪਾਉਂਦੇ ਹਨ।
80% ਮੁੰਡੇ ਅਤੇ 90% ਕੁੜੀਆਂ ਨੇ ਦੱਸਿਆ ਕਿ ਉਹ ਕਿਸੇ ਵੀ ਪਾਰਟੀ ਨਾਲ ਨਹੀਂ ਜੁੜੇ ਹੋਏ ਜਦੋਂ ਕਿ 20% ਮੁੰਡੇ ਅਤੇ 4% ਕੁੜੀਆਂ ਨੇ ਮੰਨਿਆ ਕਿ ਉਹ ਕਿਸੇ ਸਿਆਸੀ ਪਾਰਟੀ ਵਿੱਚ ਸਰਗਰਮ ਹਨ। ਅਗਲੀਆਂ ਲੋਕ ਸਭਾ ਚੋਣਾਂ ਬਾਰੇ 48% ਮੁੰਡੇ ਅਤੇ 22% ਕੁੜੀਆਂ ਨੂੰ ਹੀ ਪਤਾ ਸੀ। ਇਕ ਸਵਾਲ ਵਿੱਚ ਵਿਦਿਆਰਥੀਆਂ ਤੋਂ ਰਾਜਨੀਤੀ ਬਾਰੇ ਉਨ੍ਹਾਂ ਦੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ ਅਤੇ ਵਿਦਿਆਰਥੀਆਂ ਨੇ ਰਾਜਨੀਤੀ ਨੂੰ ਡਰਾਮਾ, ਪੈਸਾ ਕਮਾਉਣ ਦਾ ਸਾਧਨ, ਗੰਦੀ ਖੇਡ, ਵਪਾਰ, ਲਾਰਿਆਂ ਰਾਹੀਂ ਲੁੱਟਣਾ, ਤਕੜੇ ਲੋਕਾਂ ਦੀ ਖੇਡ ਅਤੇ ਪੈਸਾ ਬਣਾਉਣ ਦੀ ਖੇਡ ਆਦਿ ਕਿਹਾ।
ਉਕਤ ਚਰਚਾ ਤੋਂ ਸਪੱਸ਼ਟ ਹੈ ਕਿ ਯੂਨੀਵਰਸਿਟੀ ਪੱਧਰ ਦੀ ਉ¤ਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਰਾਜਸੀ ਚੇਤਨਾ ਅਤੇ ਸੂਝ-ਬੂਝ ਤਸੱਲੀਬਖਸ਼ ਨਹੀਂ ਹੈ। ਕਿਸੇ ਲੋਕਤੰਤਰ ਵਿੱਚ ਇਹ ਜ਼ਰੂਰੀ ਹੁੰਦਾ ਹੈ ਕਿ ਲੋਕ ਸਿਆਸੀ ਤੌਰ ’ਤੇ ਚੇਤੰਨ ਹੋਣ। ਜੇ ਪੜ੍ਹੇ ਲਿਖੇ ਲੋਕਾਂ ਵਿੱਚ ਸਿਆਸੀ ਨੇਤਾਵਾਂ ਦੀ ਭਰੋਸੇਯੋਗਤਾ ਘੱਟ ਹੋਵੇਗੀ ਤਾਂ ਉਹ ਸਿਆਸਤ ਵਿੱਚ ਹਿੱਸੇਦਾਰ ਨਹੀਂ ਬਣਨਗੇ। ਸਿਆਸੀ ਤੌਰ ’ਤੇ ਜਾਗਰੂਪ ਲੋਕਾਂ ਵੱਲੋਂ ਹੀ ਚੰਗੇ ਨੁਮਾਇੰਦੇ ਪੇਸ਼ ਕੀਤੇ ਜਾ ਸਕਦੇ ਹਨ।
ਲੋਕਤੰਤਰ ਲਈ ਜ਼ਰੂਰੀ ਹੈ ਕਿ ਉਸ ਦੇ ਨੌਜਵਾਨਾਂ ਦਾ ਮੋਹ ਸਿਆਸਤ ਤੋਂ ਭੰਗ ਨਾ ਹੋਵੇ। ਮੀਡੀਆ ਨੂੰ ਇਸ ਸਬੰਧੀ ਹੋਰ ਸੁਚੇਤ ਹੋ ਕੇ ਕੰਮ ਕਰਨ ਦੀ ਲੋੜ ਹੈ।
ਨੌਜਵਾਨਾਂ ’ਚ ਸਿਆਸੀ ਚੇਤਨਤਾ ਤਸੱਲੀਬਖਸ਼ ਨਹੀਂ



