Skip to content
Independent perspectives. Global stories.
BREAKING

ਪਟਿਆਲਾ ਰਿਆਸਤ ’ਚ ਪੰਜਾਬੀ ਪੱਤਰਕਾਰੀ ਦਾ ਮੋਢੀ:ਐਚ.ਐਸ.ਮੇਹਰ ਸਿੰਘ

Share this story

ਪਟਿਆਲਾ ਰਿਆਸਤ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਦਾ ਮਾਣ ਜਾਂਦਾ ਹੈ। ਸਭ ਤੋਂ ਪਹਿਲਾਂ ਪੰਜਾਬੀ ਟਾਈਪ ਰਾਈਟਰ ਵੀ ਰਾਮਿੰਗਟਨ ਕੰਪਨੀ ਤੋਂ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਹੀ ਤਿਆਰ ਕਰਵਾਈ ਸੀ। ਪੰਜਾਬੀ ਦੀ ਪ੍ਰੈਸ ਵੀ ਸਭ ਤੋਂ ਪਹਿਲਾਂ ਪਟਿਆਲਾ ਰਿਆਸਤ ਵਿਚ ਹੀ ਪਟਿਆਲਾ ਵਿਖੇ ਸਥਾਪਤ ਕੀਤੀ ਗਈ ਸੀ, ਜਿਸ ਵਿਚ ਪੰਜਾਬੀ ਦੀਆਂ ਪ੍ਰਕਾਸ਼ਨਾਵਾਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਸਨ। ਪੰਜਾਬੀ ਪੱਤਰਕਾਰੀ ਦਾ ਪਟਿਆਲਾ ਰਿਆਸਤ ਵਿਚ ਮੋਢੀ ਐਚ.ਐਸ.ਮੇਹਰ ਸਿੰਘ ਹਨ, ਜਿਨ੍ਹਾਂ ਪਟਿਆਲਾ ਅਤੇ ਬਠਿੰਡਾ ਤੋਂ ੍ਯਇਕੋ ਸਮੇਂ ਰੋਜਾਨਾ ਰਣਜੀਤ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਐਚ.ਐਸ.ਮੇਹਰ ਸਿੰਘ ਨੇ ਪਟਿਆਲਾ ਵਿਚ ਪੰਜਾਬੀ ਦੀ ਪੱਤਰਕਾਰੀ ਦਾ ਮੁਢ ਬੰਨਿਆਂ ਸੀ। ਉਨ੍ਹਾਂ ਦੇ ਉਦਮ ਤੋਂ ਬਾਅਦ ਹੀ ਪਟਿਆਲਾ ਪੰਜਾਬੀ ਪੱਤਰਕਾਰੀ ਦਾ ਜ¦ਧਰ ਤੋਂ ਬਾਅਦ ਦੂਜਾ ਕੇਂਦਰ ਬਣ ਗਿਆ ਸੀ ਭਾਵੇਂ ਹੁਣ ਚੰਡੀਗੜ੍ਹ ਤੋਂ ਵੀ ਪੰਜਾਬੀ ਦੇ ਅਖ਼ਬਾਰ ਪ੍ਰਕਾਸ਼ਤ ਹੋਣ ਲੱਗ ਗਏ ਹਨ। ਉਨ੍ਹਾਂ ਦੇ ਪੰਜਾਬੀ ਦਾ ਅਖ਼ਬਾਰ ਸ਼ੁਰੂ ਕਰਨ ਤੋਂ ਬਾਅਦ ਪਟਿਆਲਾ ਤੋਂ ਪੰਜਾਬ ਵਿਚੋਂ ਸਭ ਤੋਂ ਵੱਧ ਸਪਤਾਹਕ ਅਖ਼ਬਾਰ ਅਤੇ ਰਸਾਲੇ ਪ੍ਰਕਾਸ਼ਤ ਹੋਣ ਲੱਗ ਗਏ ਸਨ। ਉਸ ਸਮੇਂ ਪੱਤਰਕਾਰੀ ਸਾਈਡ ਵਿਓਪਾਰ ਹੁੰਦਾ ਸੀ ਕਿਉਂਕਿ ਰੋਜ਼ੀ ਰੋਟੀ ਪੱਤਰਕਾਰੀ ਤਂ ਨਹੀਂ ਮਿਲਦੀ ਸੀ। ਇਕ ਕਿਸਮ ਨਾਲ ਪੱਤਰਕਾਰੀ ਦਾ ਕਿੱਤਾ ਰੋਹਬ ਦਾਅਬ ਅਤੇ ਚਮਕ ਦਮਕ ਵਾਲਾ ਹੁੰਦਾ ਸੀ। ਉਦੋਂ ਸਿਆਸਤਦਾਨ ਅਤੇ ਅਫਸਰਸ਼ਾਹੀ ਪੱਤਰਕਾਰਾਂ ਤੋਂ ਤਿਬਕਦੀ ਹੁੰਦੀ ਸੀ ਪ੍ਰੰਤੂ ਐਚ.ਐਸ.ਮੇਹਰ ਸਿੰਘ ਬਹੁਤ ਹੀ ਨਮਰ ਸਭਾਅ ਦੇ ਮਾਲਕ ਸਨ। ਉਨ੍ਹਾਂ ਪਹਿਲਾਂ ਪਟਿਆਲਾ ਤੋਂ 1948 ਵਿਚ ਉਰਦੂ ਦਾ ਸਪਤਾਹਕ ਅਖ਼ਬਾਰ ਰਣਜੀਤ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। ਉਸ ਸਮੇਂ ਐਚ.ਐਸ.ਮੇਹਰ ਸਿੰਘ ਕਿਲਾ ਚੌਕ ਪਟਿਆਲਾ ਵਿਖੇ ਏ.ਟੈਂਕ ਦੇ ਕੋਲ ਖੇਡਾਂ ਦੇ ਸਾਮਾਨ ਦੀ ਦੁਕਾਨ ਕਰਿਆ ਕਰਦੇ ਸਨ। ਦੁਕਾਨ ਦੇ ਕੰਮ ਦੇ ਨਾਲ ਹੀ ਉਨ੍ਹਾਂ ਅਖ਼ਬਾਰ ਦਾ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਦੋਸਤ ਬਲਵੰਤ ਸਿੰਘ ਨਾਲ ਰਲਕੇ ਅੰਮ੍ਰਿਤਸਰ ਵਿਖੇ ਇਕ ਪ੍ਰਿਟਿੰਗ ਪ੍ਰੈਸ ਵਿਚ ਪ੍ਰਿੰਟਿੰਗ ਦਾ ਕੰਮ ਸਿੱਖਣ ਲਈ ਨੌਕਰੀ ਕਰ ਲਈ। ਉਸ ਤੋਂ ਬਾਅਦ ਉਨ੍ਹਾਂ ਆਪਣੇ ਉਸੇ ਦੋਸਤ ਨਾਲ ਰਲਕੇ ਪੰਜਾਬ ਵਿਚੋਂ ਖੇਡਾਂ ਦੇ ਸਾਮਾਨ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਿਨਾ ਵਿਚ ਖੇਡਾਂ ਦੇ ਸਾਮਾਨ ਦੀਆਂ ਦੁਕਾਨਾਂ ਘੱਟ ਹੁੰਦੀਆਂ ਸਨ ਅਤੇ ਉਹ ਇਹ ਸਾਮਾਨ ਖ਼੍ਰੀਦਕੇ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਪਲਾਈ ਕਰਦੇ ਸਨ। ਜਦੋਂ ਇਸ ਵਪਾਰ ਵਿਚ ਉਹ ਸਫਲ ਹੋ ਗਏ ਤਾਂ ਦਿੱਲੀ ਚਾਂਦਨੀ ਚੌਕ ਵਿਚ ਖੇਡਾਂ ਦੇ ਸਾਮਾਨ ਦੀ ਦੁਕਾਨ ਖੋਲ੍ਹ ਲਈ। ਆਪ ਵੱਲੋਂ ਤਿਆਰ ਕਰਵਾਈ ਗੋਲਡਨ ਟਾਈਗਰ ਬ੍ਰਾਂਡ ਦੀ ਹਾਕੀ ਪੰਜਾਬ ਵਿਚ ਕਾਫੀ ਮਸ਼ਹੂਰ ਹੋਈ। 1933 ਵਿਚ ਕਿਸੇ ਕਾਰਨ ਦੁਕਾਨ ਨੂੰ ਅੱਗ ਲੱਗ ਗਈ ਅਤੇ ਦੁਕਾਨ ਦਾ ਸਾਰਾ ਸਾਮਾਨ ਸੜਕੇ ਸੁਆਹ ਹੋ ਗਿਆ। ਫਿਰ ਆਪ ਵਾਪਸ ਸੁਨਾਮ ਆਪਣੇ ਵੱਡੇ ਭਰਾ ਗੁਰਬਚਨ ਸਿੰਘ ਕੋਲ ਆ ਕੇ ਰਹਿਣ ਲੱਗ ਪਏ ਕਿਉਂਕਿ ਆਪ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਆਪ ਮਿਹਨਤੀ ਬਹੁਤ ਸਨ ਇਸ ਲਈ ਉਨ੍ਹਾਂ ਇਕ ਰੋਜ਼ਗਾਰ ਵਿਚੋਂ ਅਸਫਲ ਹੋਣ ਕਰਕੇ ਹਿੰਮਤ ਨਹੀਂ ਹਾਰੀ। ਨਵੇਂ ਕਾਰੋਬਾਰ ਦੀ ਭਾਲ ਵਿਚ ਜੁੱਟ ਗਏ। ਇਸ ਸਮੇਂ ਦੌਰਾਨ 1937 ਵਿਚ ਆਪ ਦਾ ਵਿਆਹ ਮੁਕਤਸਰ ਦੇ ਪਰਿਵਾਰ ਵਿਚ ਪਰਕਾਸ਼ ਕੌਰ ਨਾਲ ਹੋ ਗਿਆ। ਵਿਆਹ ਤੋਂ ਬਾਅਦ ਆਪ ਪਟਿਆਲਾ ਵਿਖੇ ਆ ਕੇ ਵੱਸ ਗਏ ਅਤੇ ਅਦਾਲਤ ਬਾਜ਼ਾਰ ਵਿਚ ਇਕ ਦੁਕਾਨ ਕਿਰਾਏ ਤੇ ਲੈ ਕੇ ਖੇਡਾਂ ਦੇ ਸਾਮਾਨ ਦਾ ਕਾਰੋਬਾਰ ਸ਼ੁਰੂ ਕਰ ਲਿਆ। ਉਨ੍ਹਾਂ ਦਿਨਾਂ ਵਿਚ ਮਹਾਰਾਜਾ ਆਪਣੀ ਪਰਜਾ ਨਾਲ ਤਾਲਮੇਲ ਰੱਖਣ ਲਈ ਬਾਜ਼ਾਰ ਵਿਚ ਹਾਥੀ ਉਪਰ ਬੈਠਕੇ ਮਿਲਣ ਗਿਲਣ ਲਈ ਜਲੂਸ ਦੀ ਸ਼ਕਲ ਵਿਚ ਵਿਚਰਦੇ ਸਨ। ਇੱਕ ਵਾਰ ਮਹਾਰਾਜਾ ਯਾਦਵਿੰਦਰ ਸਿੰਘ ਦਾ ਹਾਥੀ ਉਤੇ ਸਵਾਰ ਸਨ ਅਤੇ ਜਲੂਸ ਬਾਜ਼ਾਰ ਵਿਚੋਂ ¦ਘ ਰਿਹਾ ਸੀ ਤਾਂ ਹਾਥੀ ਨੇ ਐਚ.ਐਸ.ਮੇਹਰ ਸਿੰਘ ਦੀ ਦੁਕਾਨ ਦਾ ਛੱਜਾ ਤੋੜ ਦਿੱਤਾ ਅਤੇ ਦੁਕਾਨ ਨੂੰ ਕਾਫੀ ਨੁਕਸਾਨ ਪਹੁੰਚਾਇਆ। ਮਹਾਰਾਜਾ ਯਾਦਵਿੰਦਰ ਸਿੰਘ ਦਿਆਲੂ ਸੁਭਾ ਵਾਲੇ ਸਨ ਉਨ੍ਹਾਂ ਤੁਰੰਤ ਆਪ ਨੂੰ ਇਵਜਾਨੇ ਵੱਜੋਂ ਏ.ਟੈਂਕ ਕੋਲ ਨਵੀਂ ਦੁਕਾਨ ਮਾਮੂਲੀ ਕਿਰਾਏ ਤੇ ਅਲਾਟ ਕਰ ਦਿੱਤੀ। ਅਖ਼ਬਾਰ ਵਿਚ ਕੰਮ ਕਰਨ ਕਰਕੇ ਉਨ੍ਹਾਂ ਦੀ ਸਿਆਸਤ ਵਿਚ ਵੀ ਦਿਲਚਸਪੀ ਪੈਦਾ ਹੋ ਗਈ। ਆਪ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਆਪ ਦੀ ਮਿਹਨਤੀ ਰੁਚੀ ਕਰਕੇ ਆਪ ਨੂੰ ਅਕਾਲੀ ਜੱਥਾ ਪਟਿਆਲਾ ਸ਼ਹਿਰੀ ਦਾ ਸਕੱਤਰ ਬਣਾ ਦਿਤਾ ਗਿਆ। ਸਿਆਸਤ ਅਤੇ ਅਖ਼ਬਾਰ ਵਿਚ ਕੰਮ ਕਰਨ ਕਰਕੇ ਆਪ ਦਾ ਮੇਲ ਮਿਲਾਪ ਅਕਾਲੀ ਨੇਤਾਵਾਂ ਮਾਸਟਰ ਤਾਰਾ ਸਿੰਘ, ਜਥੇਦਾਰ ਸੰਪੂਰਨ ਸਿੰਘ ਰਾਮਾ, ਪ੍ਰੀਤਮ ਸਿੰਘ ਗੁਜਰਾਂ, ਜਸਦੇਵ ਸਿੰਘ ਸੰਧੂ ਅਤੇ ਗਿਆਨੀ ਕਰਤਾਰ ਸਿੰਘ ਨਾਲ ਹੋ ਗਿਆ। ਉਨ੍ਹਾਂ ਦੀ ਸਲਾਹ ਉਪਰ ਆਪ ਨੇ 1952 ਵਿਚ ਰਣਜੀਤ ਅਖ਼ਬਾਰ ਨੂੰ ਪੰਜਾਬੀ ਵਿਚ ਪਹਿਲਾਂ ਸਪਤਾਹਿਕ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਰਣਜੀਤ ਨੂੰ ਰੋਜ਼ਾਨਾ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਰੋਜ਼ਾਨਾ ਪੰਜਾਬੀ ਦਾ ਅਖ਼ਬਾਰ ਪ੍ਰਕਾਸ਼ਤ ਕਰਨ ਲਈ ਉਨ੍ਹਾਂ ਨਾਭੇ ਤੋਂ ਇੱਕ ਪੁਰਾਣੀ ‘ਨਾਭਾ ਸਟੀਮ ਪ੍ਰੈਸ’ ਖ਼੍ਰੀਦ ਲਿਆਂਦੀ ਕਿਉਂਕਿ ਉਸ ਪ੍ਰੈਸ ਦਾ ਮਾਲਕ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਚਲਾ ਗਿਆ ਸੀ। ਪਟਿਆਲਾ ਵਿਖੇ ਪੰਜਾਬੀ ਦੀ ਕੋਈ ਪ੍ਰੈਸ ਨਹੀਂ ਸੀ। ਉਰਦੂ ਦੀ ਵੀ ਇੱਕ ਹੀ ਫੂਲਕੀਆਂ ਪ੍ਰਿੰਟਿਗ ਪ੍ਰੈਸ ਹੁੰਦੀ ਸੀ, ਜਿਸ ਦੇ ਮਾਲਕ ਤੇਜਵੰਤ ਰਾਏ ਸਾਹਿਰ ਹੁੰਦੇ ਸਨ। ਸਾਰੇ ਉਰਦੂ ਦੇ ਸਪਤਾਹਿਕ ਅਖਬਾਰ ਉਥੋਂ ਹੀ ਪ੍ਰਕਾਸ਼ਤ ਹੁੰਦੇ ਸਨ। ਪਟਿਆਲਾ ਸ਼ਹਿਰ ਵਿਚ ਪੰਜਾਬੀ ਪੱਤਰਕਾਰੀ ਦੀ ਨੀਂਹ ਐਚ.ਐਸ.ਮੇਹਰ ਸਿੰਘ ਨੇ ਹੀ ਰੱਖੀ ਸੀ। ਇਸ ਅਖ਼ਬਾਰ ਤੋਂ ਬਾਅਦ ਗਿਆਨੀ ਗੁਰਦਿਤ ਸਿੰਘ ਨੇ ਪਟਿਆਲਾ ਤੋਂ ਪਰਕਾਸ਼ ਅਖ਼ਬਾਰ ਸ਼ੁਰੂ ਕੀਤਾ ਜੋ ਜਲਦੀ ਹੀ ਆਰਥਕ ਸੰਕਟ ਕਰਕੇ ਬੰਦ ਹੋ ਗਿਆ ਸੀ। ਸੂਬਾ ਸਿੰਘ ਵੀ ਪ੍ਰਕਾਸ਼ ਅਖ਼ਬਬਾਰ ਵਿਚ ਕੰਮ ਕਰਦੇ ਰਹੇ। ਪੰਜਾਬੀ ਦਾ ਇਕੋ ਇਕ ਅਖ਼ਬਾਰ ਹੋਣ ਕਰਕੇ ਮਾਲਵੇ ਵਿਚ ਰਣਜੀਤ ਅਖ਼ਬਾਰ ਕਾਫੀ ਹਰਮਨ ਪਿਆਰਾ ਹੋ ਗਿਆ ਕਿਉਂਕਿ ਜ¦ਧਰ ਤੋਂ ਬਿਨਾਂ ਪੰਜਾਬੀ ਦਾ ਹੋਰ ਕੋਈ ਅਖ਼ਬਾਰ ਪ੍ਰਕਾਸ਼ਤ ਨਹੀਂ ਹੁੰਦਾ ਸੀ। ਪਟਿਆਲਾ ਸ਼ਹਿਰ ਵਿਚ ਕਈ ਗਿਆਨੀ ਕਾਲਜ ਖੁਲ੍ਹਣ ਅਤੇ ਪੰਜਾਬੀ ਦੀ ਐਮ.ਏ.ਸ਼ੁਰੂ ਹੋਣ ਨਾਲ ਲੋਕਾਂ ਵਿਚ ਪੰਜਾਬੀ ਅਖ਼ਬਾਰ ਦੀ ਲੋੜ ਵੱਧ ਗਈ। ਮਾਲਵੇ ਦੇ ਲੋਕਾਂ ਦੀ ਮੰਗ ਨੂੰ ਮੁਖ ਰਖਦਿਆਂ ਰਣਜੀਤ ਅਖ਼ਬਾਰ ਨੂੰ ਪਟਿਆਲਾ ਦੇ ਨਾਲ ਨਾਲ ਬਠਿੰਡੇ ਤੋਂ ਵੀ ਐਡੀਸ਼ਨ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿਤਾ। ਰਣਜੀਤ ਅਖ਼ਬਾਰ ਗੰਗਾਨਗਰ ਤਕ ਹਰਮਨ ਪਿਆਰਾ ਹੋ ਗਿਆ। ਇਸ ਅਖ਼ਬਾਰ ਨੇ ਪੰਜਾਬੀ ਪੱਤਰਕਾਰੀ ਨੂੰ ਪ੍ਰਫੁਲਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਕਈ ਪੱਤਰਕਾਰ ਜਿਨ੍ਹਾਂ ਵਿਚ ਅਵਤਾਰ ਸਿੰਘ ਗ਼ੈਰਤ, ਕਰਮ ਸਿੰਘ ਜਖ਼ਮੀ, ਧਰਮ ਪਾਲ, ਗੁਰਦੇਵ ਸਿੰਘ ਬਾਸੀ, ਗਿਆਨੀ ਜੰਗ ਸਿੰਘ, ਨਰੰਜਨ ਸਿੰਘ ਲਟਬੌਰਾ, ਪ੍ਰਦੁਮਨ ਸਿੰਘ ਰਿਸ਼ੀ, ਡਾ.ਗੁਰਚਰਨ ਸਿੰਘ ਅਤੇ ਕਰਿਸ਼ਨ ਅਸ਼ਾਂਤ ਪੈਦਾ ਕੀਤੇ। ਮੇਹਰ ਸਿੰਘ ਦੇ ਰਾਜਨੀਤਕ ਲੇਖ ਸਿਆਸਤ ਵਿਚ ਖਲਬਲੀ ਪੈਦਾ ਕਰ ਦਿੰਦੇ ਸਨ ਭਾਵੇਂ ਉਹ ਸਖ਼ਤ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਦੇ ਸਨ। ਉਨ੍ਹਾਂ ਦੀ ਲੇਖਣੀ ਦੀ ਚੋਭ ਅਸਰਦਾਰ ਤਾਂ ਹੁੰਦੀ ਸੀ ਪ੍ਰੰਤੂ ਖਰਬੀ ਨਹੀਂ ਹੁੰਦੀ ਸੀ। ਉਹ ਹਰ ਕੰਮ ਸਲੀਕੇ ਨਾਲ ਕਰਦੇ ਸਨ। ਉਹ ਧਾਰਮਿਕ ਵਿਚਾਰਧਾਰਾ ਤੇ ਪਹਿਰਾ ਦਿੰਦੇ ਸਨ। ਉਨ੍ਹਾਂ ਵੱਲੋਂ ਵਿਸ਼ੇਸ਼ ਮੌਕਿਆਂ ਤੇ ਕੀਤਾ ਜਾਂਦਾ ਸੁਖਮਨੀ ਸਾਹਿਬ ਦਾ ਪਾਠ ਰਾਗੀਆਂ ਵੱਲੋਂ ਕੀਤੇ ਜਾਂਦੇ ਕੀਰਤਨ ਤੋਂ ਵੀ ਰਸੀਲਾ ਹੁੰਦਾ ਸੀ। ਉਨ੍ਹਾਂ ਆਜ਼ਾਦੀ ਦੇ ਸੰਗਰਾਮ ਵਿਚ ਵੀ ਵੱਧ ਚੜ੍ਹਕੇ ਹਿੱਸਾ ਲਿਆ। ਉਨ੍ਹਾਂ 1923 ਵਿਚ ਜੈਤੋ ਦੇ ਮੋਰਚੇ ਵਿਚ ਹਿੱਸਾ ਲਿਆ ਜਦੋਂ ਅੰਗਰੇਜ਼ ਸਰਕਾਰ ਨੇ ਅਖ਼ੰਡਪਾਠ ਸਾਹਿਬ ਦੀ ਬੇਹੁਰਮਤੀ ਕੀਤੀ ਸੀ। ਆਪ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਐਚ.ਐਸ.ਮੇਹਰ ਸਿੰਘ ਦਾ ਜਨਮ 9 ਮਈ 1909 ਨੂੰ ਹਰੀ ਸਿੰਘ ਦੇ ਘਰ ਪਟਿਆਲਾ ਰਿਆਸਤ ਦੇ ਕਸਬਾ ਸੁਨਾਮ ਵਿਖੇ ਹੋਇਆ। ਆਪ ਨੇ ਆਪਣੀ ਮੁਢਲੀ ਵਿਦਿਆ ਸੁਨਾਮ ਸਰਕਾਰੀ ਹਾਈ ਸਕੂਲ ਤੋਂ ਹੀ ਪ੍ਰਾਪਤ ਕੀਤੀ। ਆਪ ਦੇ ਪਿਤਾ ਪਟਿਆਲਾ ਰਿਆਸਤ ਵਿਚ ਪਟਵਾਰੀ ਸਨ। ਆਪ ਦੇ ਪੰਜ ਸਪੁੱਤਰ ਮੇਜਰ ਹਰਚਰਨ ਸਿੰਘ, ਗੁਰਚਰਨ ਸਿੰਘ ਮੰਨੀ, ਬਲਦੇਵ ਸਿੰਘ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦੋ ਸਪੁਤਰੀਆਂ ਹਨ। ਰਣਜੀਤ ਅਖ਼ਬਾਰ ਨੂੰ ਉਨ੍ਹਾਂ ਦਾ ਸਪੁੱਤਰ ਗੁਰਚਰਨ ਸਿੰਘ ਮੰਨੀ ਚਲਾ ਰਿਹਾ ਹੈ। ਆਪ 13 ਸਤੰਬਰ 1985 ਨੂੰ ਸਵਰਗ ਸਿਧਾਰ ਗਏ। ਆਪ ਦਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਚੰਗੇ ਸਰਕਾਰੀ ਅਹੁਦਿਆਂ ਤੇ ਕੰਮ ਕਰ ਰਿਹਾ ਹੈ।

WRITTEN BY