Skip to content
Independent perspectives. Global stories.
BREAKING

ਫ਼ੌਜ ਦੀ ਸੇਵਾ ’ਚ ਨਵੇਂ ਕੀਰਤੀਮਾਨ ਕਾਇਮ ਕਰਨ ਵਾਲੇ : ਲੈਫ਼ ਜਨਰਲ ਗੁਰਬਚਨ ਸਿੰਘ ਬੁੱਚ

Share this story

ਪੰਜਾਬ ਨੂੰ ਭਾਰਤ ਦੀ ਖੜਗਭੁਜਾ ਕਿਹਾ ਜਾਂਦਾ ਹੈ। ਦੇਸ਼ ਉਪਰ ਜਿਤਨੇ ਵੀ ਹਮਲੇ ਹੋਏ ਹਨ ਸਾਰਿਆਂ ਨਾਲ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਹੈ। ਪੰਜਾਬੀ ਬਹਾਦਰ , ਹਿੰਮਤੀ ਅਤੇ ਦਲੇਰ ਹੋਣ ਕਰਕੇ ਸਾਰੇ ਹਮਲਿਆਂ ਦਾ ਡੱਟਕੇ ਮੁਕਾਬਲਾ ਕਰਦੇ ਰਹੇ। ਪੰਜਾਬ ਦੀ ਆਰਥਿਕਤਾ ਵੀ ਡਾਵਾਂਡੋਲ ਹੋਈ ਪ੍ਰੰਤੂ ਪੰਜਾਬੀਆਂ ਨੇ ਕਦੀਂ ਵੀ ਹੌਸਲਾ ਨਹੀਂ ਛੱਡਿਆ। ਅਜ਼ਾਦੀ ਦੀ ਲੜਾਈ ਵਿਚ ਵੀ ਪੰਜਾਬੀਆਂ ਦਾ ਯੋਗਦਾਨ ਸਮੁੱਚੇ ਭਾਰਤੀਆਂ ਨਾਲੋਂ ਵਧੇਰੇ ਹੈ। ਇਥੋਂ ਤੱਕ ਕਿ ਅੰਗਰੇਜ਼ਾਂ ਦੇ ਰਾਜ ਸਮੇਂ ਵੀ ਅੰਗਰੇਜ਼ਾਂ ਨੇ ਪੰਜਾਬੀਆਂ ਦੀ ਬਹਾਦਰੀ ਦਾ ਲਾਭ ਉਠਾਉਂਦਿਆਂ ਪਹਿਲੀ ਅਤੇ ਦੂਜੀ ਸੰਸਾਰ ਜੰਗਾਂ ਵਿਚ ਦੂਰ ਦੁਰਾਡੇ ਦੇਸ਼ਾਂ ਵਿਚ ਭੇਜਕੇ ਲੜਾਈ ਦੇ ਮੈਦਾਨ ਵਿਚ ਉਤਾਰਿਆ ਅਤੇ ਹਮੇਸ਼ਾ ਪੰਜਾਬੀਆਂ ਦੇ ਸਿਰ ਤੇ ਫਤਿਹ ਪ੍ਰਾਪਤ ਕੀਤੀ। ਪੰਜਾਬ ਦੇ ਬਹਾਦਰ ਫ਼ੌਜੀਆਂ ਅਤੇ ਜਰਨੈਲਾਂ ਦੀ ਬਹਾਦਰੀ ਦੀ ਸੰਸਾਰ ਦੇ ਇਤਿਹਾਸ ਵਿਚ ਪ੍ਰਸੰਸਾ ਦੇ ਸੋਹਲੇ ਗਾਏ ਗਏ ਹਨ। ਕਈ ਪੰਜਾਬੀ ਫ਼ੌਜੀ ਜਰਨੈਲ ਅਜਿਹੇ ਹਨ ਜਿਨ੍ਹਾਂ ਆਪਣੀ ਨੌਕਰੀ ਦੌਰਾਨ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਨ੍ਹਾਂ ਵਿਚ ਲੈਫ਼ ਜਨਰਲ ਗੁਰਬਚਨ ਸਿੰਘ ਬੁੱਚ ਜੋ ਲੁਧਿਆਣਾ ਜਿਲ੍ਹੇ ਦੇ ਨਾਰੰਗਵਾਲ ਪਿੰਡ ਦੇ ਜਮਪਲ ਸਨ ਦਾ ਨਾਮ ਵਿਸ਼ੇਸ਼ ਤੌਰ ਵਿਲੱਖਣ ਕਾਰਜ ਕਰਨ ਕਰਕੇ ਬੜੇ ਸਤਿਕਾਰ ਨਾਲ ਭਾਰਤ ਦੇ ਫ਼ੌਜੀ ਇਤਿਹਾਸ ਵਿਚ ਲਿਆ ਜਾਂਦਾ ਹੈ। ਲੈਫ਼ ਜਨਰਲ ਗੁਰਬਚਨ ਸਿੰਘ ਬੁੱਚ ਦਾ ਜਨਮ ਰਿਸਾਲਦਾਰ ਕੇਹਰ ਸਿੰਘ ਗਰੇਵਾਲ ਅਤੇ ਸ਼੍ਰੀਮਤੀ ਇੰਦ ਕੌਰ ਗਰੇਵਾਲ ਦੇ ਘਰ 1 ਜਨਵਰੀ 1922 ਨੂੰ ਲੁਧਿਅਣਾ ਜਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ ਹੋਇਆ। ਉਹਨਾਂ ਦਾ ਪੜ੍ਹਿਆ ਲਿਖਿਆ ਅਤੇ ਅਗਾਂਹਵਧੂ ਖਿਆਲਾਂ ਵਾਲਾ ਫ਼ੌਜੀ ਪਰਿਵਾਰ ਸੀ। ਉਹਨਾਂ ਦੇ ਦਾਦਾ ਮੇਜਰ ਭਗਵਾਨ ਸਿੰਘ ਬੰਬਈ ਦੇ ਗਵਰਨਰ ਜਨਰਲ ਦੇ ਏ.ਡੀ.ਸੀ. ਸਨ। ਲੈਫ਼ ਜਨਰਲ ਗੁਰਬਚਨ ਸਿੰਘ ਬੁੱਚ ਦੇ ਤਿੰਨ ਭਰਾ ਅਮਰਜੀਤ ਸਿੰਘ, ਬ੍ਰਗੇਡੀਅਰ ਗੁਰਸੱਜਣ ਸਿੰਘ ਅਤੇ ਸੁਦਰਸ਼ਨ ਸਿੰਘ ਸਨ। ਆਪ ਦਾ ਵਿਆਹ ਬੀਬੀ ਜਸਵੰਤ ਕੌਰ ਪੁਤਰੀ ਡਾ. ਜੋਧ ਸਿੰਘ ਲੁਧਿਆਣਾ ਜਿਲ੍ਹੇ ਦੇ ਪੋਹੀੜ ਪਿੰਡ ਵਿੱਚ ਹੋਇਆ। ਆਪ ਦੇ ਇੱਕ ਲੜਕਾ ਬ੍ਰਗੇਡੀਅਰ ਡੀ.ਐਸ.ਗਰੇਵਾਲ ਅਤੇ ਤਿੰਨ ਲੜਕੀਆਂ ਨਰਿੰਦਰ ਕੌਰ, ਗੁਰਿੰਦਰ ਕੌਰ ਅਤੇ ਰਵਿੰਦਰ ਕੌਰ ਹਨ। ਆਪ ਦਾ ਅਤੇ ਆਪ ਦੇ ਨਾਨਕਿਆਂ ਦੇ ਦੋਵੇਂ ਪਰਿਵਾਰ ਪੜ੍ਹੇ ਲਿਖੇ ਸਨ। ਆਪ ਨੇ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਸਰਕਾਰੀ ਕਾਲਜ ਲੁਧਿਆਣਾ ਵਿੱਚ ਦਾਖ਼ਲਾ ਲੈ ਲਿਆ ਅਤੇ ਉਥੋਂ ਇੰਟਰਮੀਡੀਏਟ ਤੱਕ ਪੜ੍ਹਾਈ ਕੀਤੀ। ਆਪ 1938 ਵਿੱਚ ਫ਼ੌਜ ਵਿੱਚ ਭਰਤੀ ਹੋ ਗਏ ਅਤੇ ਆਪ ਨੂੰ 1942 ਵਿੱਚ 20 ਸਾਲ ਦੀ ਉਮਰ ਵਿੱਚ ਫ਼ੌਜ ਵਿੱਚ ਕਮਿਸ਼ਨ ਮਿਲਿਆ। ਆਪ ਨੇ ਡਿਫ਼ੈਸ ਸਰਵਿਸਿਜ਼ ਸਟਾਫ਼ ਕਾਲਜ ਅਤੇ ਨੈਸ਼ਨਲ ਡਿਫ਼ੈਂਸ ਕਾਲਜ ਦੋਹਾਂ ਤੋਂ ਹੀ ਗ੍ਰੈਜੂਏਸ਼ਨ ਪਾਸ ਕੀਤੀ। ਇਸ ਤੋਂ ਬਾਅਦ ਆਪ ਨੇ ਰਾਇਲ ਆਰਮਰਡ ਕਾਰਪਸ ਸਕੂਲ ਯੂ.ਕੇ. ਤੋਂ ਗਨਰੀ ਇਨਸਟਰਕਟਰਜ਼ ਕੋਰਸ ਕੀਤਾ। ਆਪ ਨੇ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ ਅਤੇ ਫ਼ੌਜੀ ਅਧਿਕਾਰੀਆਂ ਤੋਂ ਪ੍ਰਸ਼ੰਸ਼ਾ ਪ੍ਰਾਪਤ ਕੀਤੀ। ਉਹਨਾਂ ਦਾ ਫ਼ੌਜ ਦਾ 41 ਸਾਲ ਦਾ ਕੈਰੀਅਰ ਬਹੁਤ ਹੀ ਸ਼ਾਨਦਾਰ ਰਿਹਾ। ਇਸ ਕਰਕੇ ਆਪ ਫ਼ੌਜ ਦੇ ਸੈਕੰਡ ਹਾਈਐਸਟ ਲੈਫ਼.ਜਨਰਲ ਦੇ ਅਹੁਦੇ ਤੱਕ ਪਹੁੰਚੇ। ਆਪਣੀ ਫ਼ੌਜ ਦੀ ਸੇਵਾ ਦੌਰਾਨ ਆਪ ਨੇ ਜਿੰਨੇ ਵੀ ਕੋਰਸ ਕੀਤੇ ਭਾਵੇਂ ਉਹ ਵਿਦੇਸ਼ਾਂ ਵਿੱਚ ਹੋਣ ਆਪ ਨੇ ਹਮੇਸ਼ਾ ਪਹਿਲੀ ਪੋਜੀਸ਼ਨ ਪ੍ਰਾਪਤ ਕੀਤੀ। ਆਪ ਦੇ ਫ਼ੌਜ ਦੇ ਕੈਰੀਅਰ ਦੇ ਦੋ ਮਹੱਤਵਪੂਰਨ ਕੰਮ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ। 1962 ਦੀ ਚੀਨ ਦੀ ਲੜਾਈ ਸਮੇਂ ਜਦੋਂ ਆਪ ਕਾਰਪਸ ਕਮਾਂਡਰ ਸਨ ਤਾਂ ਆਪ ਨੇ ਲੜਾਈ ਲਈ 13000 ਫੁੱਟ ਦੀ ਉਚਾਈ ਤੇ ਟੈਂਕ ਹਵਾਈ ਜਹਾਜ ਰਾਹੀਂ ਲਦਾਖ ਵਿਖੇ ਪਹੁੰਚਾਏ ਸਨ। ਦੂਜਾ ਸਭ ਤੋਂ ਵੱਡਾ ਕੰਮ ਆਪ ਨੇ ਸਿਕਮ ਵਿੱਚ ਜਦੋਂ ਆਪ ਕੋਰ ਕਮਾਂਡਰ ਵੈਸਟ ਬੰਗਾਲ ਸਨ ਤਾਂ ਫ਼ੌਜ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਦਾ ਕੀਤਾ ਸੀ, ਜਿਸ ਕਰਕੇ ਆਪ ਨੂੰ 1976 ਵਿੱਚ ਪਰਮ ਵਸ਼ਿਸ਼ਟ ਸੇਵਾ ਮੈਡਲ ਦਿੱਤਾ ਗਿਆ ਸੀ। ਆਪ ਨੇ ਨਾਗਾਲੈਂਡ, ਸਿਕਿਮ, ਲਦਾਖ਼ ਅਤੇ ਜੰਮੂ ਕਸ਼ਮੀਰ ਵਰਗੇ ਸੰਜੀਦਾ ਥਾਵਾਂ ਤੇ ਬੜੀ ਬਾਖ਼ੂਬੀ ਆਪਣੇ ਫ਼ਰਜ ਨਿਭਾਏ। ਆਪ ਬਹੁਤ ਹੀ ਮਹੱਤਵਪੂਰਨ ਅਹੁਦਿਆਂ ਤੇ ਰਹੇ, ਜਿਹਨਾਂ ਵਿੱਚ ਜਨਰਲ ਆਫ਼ੀਸਰ ਕਮਾਂਡਿੰਗ ਇਨ ਚੀਫ਼ ਨਾਰਦਰਨ ਕਮਾਂਡ, ਮਾਸਟਰ ਜਨਰਲ ਆਫ਼ ਆਰਡੀਨੈਂਸ ਆਰਮੀ ਹੈੱਡਕਵਾਟਰ, ਜਨਰਲ ਸਟਾਫ਼ ਆਫ਼ੀਸਰ ਆਫ਼ ਆਰਮਰਡ ਰੈਜਮੈਂਟ, ਜਨਰਲ ਸਟਾਫ਼ ਆਫ਼ੀਸਰ ਗਰੇਡ-1-ਕਸ਼ਮੀਰ, ਬਰੀਗੇਡ ਕਮਾਂਡਰ ਨੇਫ਼ਾ, ਬਰੀਗੇਡ ਕਮਾਂਡਰ ਆਫ ਆਨ ਆਰਮਰਡ ਬਰੀਗੇਡ, ਜਨਰਲ ਆਫ਼ੀਸਰ ਕਮਾਂਡਿੰਗ ਆਰਮਰਡ ਡਵੀਜ਼ਨ, ਚੀਫ਼ ਆਫ਼ ਸਟਾਫ਼ ਨਾਰਦਰਨ ਕਮਾਂਡ ਆਦਿ ਸ਼ਾਮਲ ਹਨ। ਆਪ ਬਹੁਤ ਹੀ ਸੁਲਝੇ ਹੋਏ ਪ੍ਰਬੰਧਕੀ ਕਾਰਜ ਕੁਸ਼ਲਤਾ ਦੇ ਮਾਹਰ ਫ਼ੌਜੀ ਅਧਿਕਾਰੀ ਸਨ। ਫੌਜ ਤੋਂ ਰਿਟਾਇਰਮੈਂਟ ਤੋਂ ਬਾਅਦ ਉਹ ਪਟਿਆਲਾ ਵਿਖੇ ਵੱਸ ਗਏ। ਉਸ ਸਮੇਂ ਪੰਜਾਬ ਦੇ ਹਾਲਾਤ ਅਤਿ ਨਾਜ਼ੁਕ ਸਨ। ਹਰ ਸਮੇਂ ਦਹਿਸ਼ਤ ਦਾ ਮਾਹੌਲ ਬਣਿਆਂ ਰਹਿੰਦਾ ਸੀ। ਪਟਿਆਲਾ ਭਾਵੇਂ ਇੱਕ ਪੜ੍ਹੇ ਲਿਖੇ ਸਭਿਅਕ ਸ਼ਹਿਰੀਆਂ ਦਾ ਸ਼ਹਿਰ ਹੈ ਪ੍ਰੰਤੂ ਫਿਰ ਵੀ ਅਸ਼ਾਂਤ ਮਾਹੌਲ ਤੋਂ ਪ੍ਰਭਾਵਤ ਹੋਣੋਂ ਨਾ ਰਹਿ ਸਕਿਆ। ਕਈ ਵਾਰੀ ਸ਼ਹਿਰ ਵਿੱਚ ਕਰਫਿਊ ਲਾਉਣਾਂ ਪੈਂਦਾ ਸੀ। ਅਜਿਹੇ ਮੌਕੇ ਪਟਿਆਲਾ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸ਼ਹਿਰੀਆਂ ਨੂੰ ਸ਼ਾਂਤੀ ਰੱਖਣ ਲਈ ਲਾਮਬੰਦ ਕਰਨ ਵਿੱਚ ਆਪ ਨੇ ਬਹੁਤ ਹੀ ਉਸਾਰੂ ਰੋਲ ਕੀਤਾ । ਉਹ ਖ਼ੁਦ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿੱਚ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਸਮਝਾਉਂਦੇ ਰਹਿੰਦੇ ਸਨ। ਐਡਾ ਵੱਡਾ ਜਨਰਲ ਹਮੇਸ਼ਾ ਸਾਧਾਰਨ ਸ਼ਹਿਰੀ ਬਣਕੇ ਵਿਚਰਦਾ ਰਿਹਾ। ਆਪ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਸਨ। ਆਪ ਨੇ ਸਾਬਕ ਫ਼ੌਜੀਆਂ, ਵਿਧਵਾਵਾ, ਯਤੀਮਾਂ ਦੇ ਹਿੱਤਾਂ ਦੀ ਭਲਾਈ ਲਈ ਵੱਧ ਚੜ੍ਹਕੇ ਕੰਮ ਕੀਤਾ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਮਹੱਤਵਪੂਰਨ ਪੰਜਾਬੀਆਂ ਦੀ ਬਣੀ ਪੰਜਾਬ ਸਿੱਖ ਫ਼ੋਰਮ ਦੇ ਵੀ ਆਪ ਕਨਵੀਨਰ ਸਨ। ਕੈਪਟਨ ਅਮਰਿੰਦਰ ਸਿੰਘ ਇਸ ਫ਼ੋਰਮ ਦੇ ਚੇਅਰਮੈਨ ਸਨ। ਆਪ ਬਹੁਤ ਸਾਰੀਆਂ ਸੰਸਥਾਵਾਂ ਦੇ ਪ੍ਰਧਾਨ ਸਨ, ਜਿਹਨਾਂ ਵਿੱਚ ਮੁੱਖ ਤੌਰ ਤੇ ਇੰਡੀਅਨ ਐਕਸ ਸਰਵਿਸ ਲੀਗ ਪੰਜਾਬ, ਐਕਸ ਸਰਵਿਸ ਆਫ਼ੀਸਰਜ਼ ਐਸੋਸੀਏਸ਼ਨ ਪਟਿਆਲਾ, ਮੈਨੇਜਿੰਗ ਕਮੇਟੀ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਅਤੇ ਪੰਜਾਬ ਆਈ ਡੋਨੇਸ਼ਨ ਸੋਸਾਇਟੀ। ਉਹ ਮੈਂਬਰ ਬੋਰਡ ਆਫ਼ ਗਵਰਨਰਜ਼ ਅਤੇ ਪ੍ਰਧਾਨ ਕਾਰਜਕਾਰੀ ਕਮੇਟੀ ਪੰਜਾਬ ਪਬਲਿਕ ਸਕੂਲ ਨਾਭਾ, ਮੈਂਬਰ ਐਗਜੈਕਟਿਵ ਦਸ਼ਮੇਸ਼ ਐਜੂਕੇਸ਼ਨ ਸੋਸਾਇਟੀ, ਮੈਂਬਰ ਪੰਜਾਬ ਸਟੇਟ ਇਨਟੈਗਰੇਸ਼ਨ ਕੌਂਸਲ, ਮੈਂਬਰ ਪੰਜਾਬ ਸਟੇਟ ਕਮਿਊਨਲ ਹਾਰਮਨੀ ਕਮੇਟੀ ਅਤੇ ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਬਸਿਟੀਆਂ ਦੀ ਸੈਨੇਟ ਦੇ ਵੀ ਮੈਂਬਰ ਸਨ। ਆਪ ਕਮਾਂਡਿੰਗ ਇਨ ਚੀਫ਼, ਨਾਰਦਰਨ ਕਮਾਂਡ ਦੇ ਅਹੁਦੇ ਤੋ 31 ਦਸੰਬਰ 1979 ਵਿੱਚ ਸੇਵਾ ਮੁਕਤ ਹੋ ਗਏ। ਆਪ ਦੀ ਪਤਨੀ ਸ਼੍ਰੀਮਤੀ ਜਸਵੰਤ ਕੌਰ 12 ਅਗਸਤ 1995 ਨੂੰ ਸਵਰਗ ਸਿਧਾਰ ਗਏ। ਲੈਫ਼.ਜਨਰਲ ਗੁਰਬਚਨ ਸਿੰਘ ਬੁੱਚ ਦੀ 17 ਜੁਲਾਈ 1998 ਨੂੰ ਮੌਤ ਹੋ ਗਈ। ਆਪ ਦਾ ਲੜਕਾ ਬ੍ਰਗੇਡੀਅਰ ਦਵਿੰਦਰ ਸਿੰਘ ਗਰੇਵਾਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਿਹਾ ਹੈ।

WRITTEN BY