ਸਾਡੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੀ ਕਮੀ ਦੇ ਨਾਲ-ਨਾਲ ਅਧਿਆਪਕਾਂ ਦੀ ਵੀ ਕਮੀ ਹੁੰਦੀ ਹੈ। ਸਰਕਾਰੀ ਸਕੂਲਾਂ ਦੀ ਪੜ੍ਹਾਈ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਦੂਜੇ ਪਾਸੇ ਸਾਡੇ ਵਿੱਚੋਂ ਹੀ ਅਨੇਕਾਂ ਲੋਕ ਅਜਿਹੇ ਹਨ ਜਿਨ੍ਹਾਂ ਦੀ ਮਾਨਸਿਕਤਾ ਵਿੱਚ ਅੰਗਰੇਜ਼ੀ ਅੱਵਲ ਸਥਾਨ ’ਤੇ ਹੈ। ਸੈਂਕੜੇ ਰੁਪਏ ਟਿਊਸ਼ਨ ਫੀਸ ਦੇਣ ਵਾਲੇ ‘ਅਮੀਰ ਸਮਰੱਥ’ ਮਾਪੇ ਆਪਣੀ ਹਾਊਮੈ ਨੂੰ ਬਰਕਰਾਰ ਰੱਖਣ ਲਈ ਆਪਣੀ ਸੰਤਾਨ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਭੇਜੀ ਜਾਂਦੇ ਹਨ ਅਤੇ ਉਨ੍ਹਾਂ ਦਾ ਹਸ਼ਰ ਐਂਟਰਸ ਪੱਧਰ ਦੀ ਪ੍ਰੀਖਿਆ ਵਿੱਚ ਥੋੜ੍ਹੇ ਅੰਕਾਂ ਦੀ ਸੂਰਤ ਵਿੱਚ ਨਿਕਲਦਾ ਹੈ। ਅਜਿਹੇ ਬੱਚਿਆਂ ਨੂੰ ਸਰਕਾਰੀ ਕਾਲਜਾਂ ਵਿੱਚ ‘ਮੁਕਾਬਲੇ’ ਕਾਰਨ ਦਾਖਲਾ ਨਹੀਂ ਮਿਲਦਾ ਤੇ ਫਿਰ ਅਜਿਹੇ ‘ਦੋ’ ਨੰਬਰ ਦੇ ਵਸੀਲਿਆਂ ਵਾਲੇ ਮਾਪੇ ਆਪਣੀ ਭਾਸ਼ਾ ਸਬੰਧੀ ਆਪਣੀ ਗਲਤੀ ਮੰਨਣ ਦੀ ਥਾਂ ਦੋਸ਼ ਮਾਤ ਭਾਸ਼ਾ ਰਾਹੀਂ ਸਿੱਖਿਆ ਪ੍ਰਣਾਲੀ ’ਤੇ ਮੜ੍ਹਦੇ ਹਨ। ਉਹ ਭੁਲ ਜਾਂਦੇ ਹਨ ਕਿ ਉਨ੍ਹਾਂ ਆਪਣੇ ਸਮਾਜਿਕ ਰੁਤਬੇ ਦਾ ਹੰਕਾਰ ਜਿਤਾਉਣ ਲਈ ਆਪਣੇ ਬੱਚਿਆਂ ਦੀ ਯੋਗਤਾ ਨਾਲ ਧਰੋਹ ਕਮਾਇਆ ਹੈ। ਉਹੀ ਬੱਚੇ ਉਸ ਨਾਲੋਂ ਦਸ ਗੁਣਾਂ ਘੱਟ ਖਰਚੇ ਰਾਹੀਂ ਦੁਗਣੀ ਯੋਗਤਾ ਪ੍ਰਾਪਤ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਸਾਰਾ ਗਿਆਨ ਮਾਤ ਭਾਸ਼ਾ ਰਾਹੀਂ ਪ੍ਰਾਪਤ ਕਰਨ ਦੇ ਮੌਕੇ ਦਿੱਤੇ ਜਾਣ ਤੇ ਅੰਗਰੇਜ਼ੀ ਉਨ੍ਹਾਂ ਨੂੰ ਇਕ ਭਾਸ਼ਾ ਵਜੋਂ ਪੂਰੇ ਪ੍ਰਬੰਧ ਨਾਲ ਪੜ੍ਹਾਈ ਜਾਵੇ। ਇਉਂ ਬੱਚੇ ਸਾਰੇ ਵਿਸ਼ਿਆਂ ਦਾ ਉਤਮ ਗਿਆਨ ਵੀ ਪ੍ਰਾਪਤ ਕਰ ਲੈਣਗੇ ਅਤੇ ਅੰਗਰੇਜ਼ੀ ਵਿੱਚ ਲੋੜੀਂਦੀ ਮੁਹਾਰਤ ਵੀ ਹਾਸਲ ਹੋ ਜਾਵੇਗੀ। ਮੇਰਾ ਇਹ ਨਿਜੀ ਮੱਤ ਹੀ ਨਹੀਂ ਸਗੋਂ ਇਸ ਨੂੰ ਵਿਗਿਆਨਕ ਸਿਖਿਅਕ ਪ੍ਰੜੋਤਾ ਵੀ ਪ੍ਰਾਪਤ ਹੈ।
ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਅਤੇ ਲਿਪੀ ਦੇ ਮਦਈ, ਰਾਜਸੀ ਨੇਤਾ, ਪੰਜਾਬੀ ਭਾਸ਼ਾ ਤੇ ਸਾਹਿਤ ਦੇ ਅਖੌਤੀ ਵਿਦਵਾਨ ਸੱਜਣ ਤੇ ਪੰਜਾਬੀ ਦੇ ਪ੍ਰੋਫੈਸਰ ਅਤੇ ਬਹੁਤੇ ਅਧਿਆਪਕ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਉਣ ਦਾ ਦੰਭ ਰਚੀ ਬੈਠੇ ਹਨ। ਜੇ ਉਨ੍ਹਾਂ ਨੇ ਅਜਿਹੀ ਮਾਤ ਭਾਸ਼ਾ ਪ੍ਰਤੀ ਵਿਅਕਤੀਗਤ, ਪਰਿਵਾਰਕ ਅਤੇ ਸਮਾਜਿਕ ਦੁਸ਼ਮਣੀ ਹੀ ਕਮਾਉਣੀ ਹੈ ਤਾਂ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਰਾਹੀਂ ਰੋਜ਼ੀ ਕਮਾਉਣ ਦਾ ਹੱਕ ਵੀ ਨਹੀਂ ਹੈ। ਉਹ ਲੋਕ ਜੋ ਪੰਜਾਬੀ ਦੇ ਨਾਮ ’ਤੇ ਵੋਟਾਂ ਲੈਂਦੇ ਹਨ, ਉਹ ਲੋਕ ਜੋ ਪੰਜਾਬੀ ਭਾਸ਼ਾ ਅਤੇ ਸਾਹਿਤ ਰਾਹੀਂ ਰੋਟੀ ਕਮਾਉਂਦੇ ਹਨ ਅਜਿਹੇ ਲੋਕਾਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਰਾਹੀਂ ਰੋਜ਼ੀ ਕਮਾਉਣ ਦਾ ਕੀ ਹੱਕ ਹੈ? ਕੀ ਇਹ ਮਾਤ ਭਾਸ਼ਾ ਨਾਲ ਗਦਾਰੀ ਨਹੀਂ? ਇਹ ਇਕ ਭਾਸ਼ਾਈ ਮਲੀਨਤਾ ਅਤੇ ਸਭਿਆਚਾਰਕ ਬੁਜ਼ਦਿਲੀ ਹੈ। ਕੀ ਉਹ ਮਾਤ ਭਾਸ਼ਾ ਪੰਜਾਬੀ ਦਾ ਝੰਡਾ ਬੁਲੰਦ ਕਰਨ ਦੀ ਨੈਤਿਕ ਦਲੇਰੀ ਨਹੀਂ ਰੱਖਦੇ? ਇਹ ਸਮਝ ਲਿਆ ਜਾਣਾ ਚਾਹੀਦਾ ਹੈ ਕਿ ਜ਼ਬਾਨ ਨੂੰ ਧਰਮ ਨਾਲ ਜੋੜਨਾ ਕੂਟਨੀਤਿਕ ਚੁਤਰਾਈ ਤਾਂ ਬੇਸ਼ੱਕ ਹੋਵੇ ਪਰ ਇਤਿਹਾਸਕ ਅਤੇ ਸਮਾਜਿਕ ਗਲਤੀ ਜ਼ਰੂਰ ਹੈ। ਮਾਤ ਭਾਸ਼ਾ ਪੰਜਾਬੀ ਪ੍ਰਤੀ ਅਜਿਹੇ ਗਲਤ ਪੈਂਤੜੇ ਦੇ ਸਿੱਟਿਆਂ ਦੀ ਭਿਆਨਕਤਾ ਕੋਈ ਲੁਕੀ ਛਿੱਪੀ ਗੱਲ ਨਹੀਂ ਰਹੀ। ਜਿੱਥੇ ਇਹ ਪੰਜਾਬ ਦੇ ਹਿੱਤਾਂ ਪ੍ਰਤੀ ਦੁਸ਼ਮਣੀ ਹੈ ਉਥੇ ਆਪਣੇ ਬੱਚਿਆਂ ਨੂੰ ਨਿਰੋਲ ਅੰਗਰੇਜ਼ੀ ਰਾਹੀਂ ਸਿੱਖਿਆ ਦਿਵਾਉਣਾ ਬੱਚਿਆਂ ਦੀਆਂ ਯੋਗਤਾਵਾਂ ਨਾਲ ਧਰੋਹ ਕਮਾਉਣਾ ਹੈ। ਅਸੀਂ ਬਿਨਾਂ ਧਰਮ, ਜਨਮ, ਕਰਮ, ਜਾਤ-ਪਾਤ, ਮੱਤ, ਕਿੱਤਾ ਅਤੇ ਰੁਜ਼ਗਾਰ ਦੇ ਵਿਤਕਰੇ ਦੇ ਸਮੂਹ ਪੰਜਾਬੀ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਤ ਭਾਸ਼ਾ ਦੇ ਬੁਨਿਆਦੀ ਵਿਦਿਅਕ ਮਹੱਤਵ ਨੂੰ ਸਮਝਣ ਅਤੇ ਆਪਣੀ ਸੰਤਾਨ ਨਾਲ ਸਭਿਆਚਾਰਕ ਦੁਸ਼ਮਣੀ ਕਮਾਉਣੀ ਬੰਦ ਕਰਨ। ਅਜਿਹੇ ਬਹੁਤੇ ਅੰਗਰੇਜ਼ੀ ਸਕੂਲਾਂ ਵਿੱਚ ਉਨ੍ਹਾਂ ਨੂੰ ਪੰਜਾਬੀ, ਭਾਰਤੀ, ਧਾਰਮਿਕ, ਪਰਿਵਾਰਕ ਅਤੇ ਸਭਿਆਚਾਰ ਰਵਾਇਤਾਂ ਨਾਲੋਂ ਪੂਰੀ ਤਰ੍ਹਾਂ ਦਿਲ ਲਾ ਕੇ ਬੇਮੁੱਖ ਕੀਤਾ ਜਾਂਦਾ ਹੈ ਜਦੋਂ ਉਹ ਸਕੂਲਾਂ ਵਿੱਚੋਂ ਨਿਕਲਦੇ ਹਨ ਤਾਂ ਉਹ ਜ਼ਿੰਦਗੀ ਦੀਆਂ ਤੱਲਖ ਹਕੀਕਤਾਂ ਦਾ ਵਿਅਕਤੀਗਤ ਤੌਰ ’ਤੇ ਟਾਕਰਾ ਨਹੀਂ ਕਰ ਸਕਦੇ। ਉਹ ਭਾਈਚਾਰਕ ਰਵਾਇਤਾਂ ਤੋਂ ਬਿਲਕੁਲ ਅਣਭਿੱਜ ਹੁੰਦੇ ਹਨ ਅਤੇ ਬੜੀ ਬੇਸ਼ਰਮੀ ਨਾਲ ਸਵੀਕਾਰ ਕਰਦੇ ਹਨ ਕਿ ‘‘ਸਾਨੂੰ ਪੰਜਾਬੀ ਲਿਖਣੀ ਪੜ੍ਹਣੀ ਨਹੀਂ ਆਉਂਦੀ।’’ ਕੀ ਅਸੀਂ ਇਸ ਨੂੰ ਅਜਿਹੇ ਪੰਜਾਬੀ ਬੱਚਿਆਂ ਦੀ ਬੌਧਿਕ ਨਿਪੁੰਸਕਤਾ ਦਾ ਨਾਮ ਦੇ ਦੇਈਏ? ਸਾਰੇ ਯੂਰਪੀਨ ਅਤੇ ਪੁਰਬੀ ਦੇਸ਼ਾਂ ਦੇ ਵੱਡੇ-ਵੱਡੇ ਸਾਇੰਸਦਾਨ ਆਪੋ-ਆਪਣੀ ਮਾਤ ਭਾਸ਼ਾ ਵਿੱਚ ਸੋਚਦੇ ਅਤੇ ਕਾਰਜ ਕਰਦੇ ਹਨ ਅਤੇ ਦੂਜੀ ਭਾਸ਼ਾ ਨੂੰ ਕੇਵਲ ਹਵਾਲਾ ਗਿਆਨ ਦੀ ਲੋੜ ਲਈ ਸਿਖਦੇ ਹਨ। ਸਾਡਾ ਨਿਸ਼ਾਨਾ ਗਿਆਨ ਸਿੱਖਣਾ ਹੋਣਾ ਚਾਹੀਦਾ ਹੈ ਨਾ ਕਿ ਇਕ ਵਿਦੇਸ਼ੀ ਭਾਸ਼ਾ ਦੀ ਦਲਦਲ ਵਿੱਚ ਆਪਣੇ ਬੱਚਿਆਂ ਦੀ ਯੋਗਤਾ ਨੂੰ ਫਸਾ ਦੇਣਾ।



