Skip to content
Independent perspectives. Global stories.
BREAKING

ਲੋਕਤੰਤਰ ’ਚ ਨੌਜਵਾਨਾਂ ਦੀ ਹਿੱਸੇਦਾਰੀ ਵੱਧੇ

Share this story

ਬੇਸ਼ਕ ਮੌਜੂਦਾ ਰਾਜ ਪ੍ਰਣਾਲੀ ਵਿੱਚ ਬਹੁਤ ਕਮੀਆਂ ਹਨ ਪ੍ਰੰਤੂ ਲੋਕਤੰਤਰੀ ਪ੍ਰਣਾਲੀ ਨੂੰ ਸਫਲਤਾ ਨਾਲ ਲਾਗੂ ਕਰਨ ਵਿੱਚ ਭਾਰਤ ਨੇ ਦੁਨੀਆਂ ਭਰ ਵਿੱਚ ਮਿਸਾਲ ਕਾਇਮ ਕੀਤੀ ਹੈ। ਆਬਾਦੀ ਪੱਖੋਂ ਭਾਰਤ ਇਕ ਵੱਡਾ ਦੇਸ਼ ਹੈ। ਆਬਾਦੀ ਦਾ ਵੱਡਾ ਹਿੱਸਾ ਸਾਖਰ ਨਹੀਂ ਹੈ। ਅਜਿਹੇ ਹਾਲਾਤਾਂ ਵਿੱਚ ਵੀ ਲੋਕਤੰਤਰ ਦੀਆਂ ਪ੍ਰਾਪਤੀਆਂ ਮਾਣਯੋਗ ਹਨ। ਦੇਸ਼ ਦੇ ਪ੍ਰਬੰਧ ਨੂੰ ਦਰੁਸਤ ਕਰਨ ਅਤੇ ਲੋਕਤੰਤਰ ਦੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਲਈ ਆਮ ਨਾਗਰਿਕਾਂ ਖਾਸ ਕਰਕੇ ਨੌਜਵਾਨਾਂ ਨੂੰ ਰਾਜ ਪ੍ਰਬੰਧ ਅਤੇ ਲੋਕਤੰਤਰ ਦੀ ਸਿਖਲਾਈ ਦੇਣਾ ਹੁਣ ਜ਼ਰੂਰੀ ਬਣ ਗਿਆ ਹੈ। ਜੇਕਰ ਦੇਸ਼ ਦੇ ਨੌਜਵਾਨ ਆਪਣੀ ਅਬਾਦੀ ਦੇ ਹਿਸਾਬ ਨਾਲ ਰਾਜਨੀਤੀ ਵਿੱਚ ਸਰਗਰਮ ਹੋ ਜਾਣ ਤਦ ਦੇਸ਼ ਦੇ ਕਾਇਆਕਲਪ ’ਚ ਬਹੁਤੀ ਦੇਰ ਨਹੀਂ ਲੱਗੇਗੀ। 2011 ਦੀ ਮਰਦਮ ਸ਼ੁਮਾਰੀ ਮੁਤਾਬਿਕ ਦੇਸ਼ ਵਿੱਚ 18 ਤੋਂ 25 ਸਾਲ ਦੀ ਅਬਾਦੀ 15.5 ਫੀਸਦੀ ਦੇ ਨੇੜੇ ਸੀ। ਮੋਟੇ ਤੌਰ ’ਤੇ ਇਹ ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿੱਚ 35 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਆਬਾਦੀ ਦਾ 65 ਫੀਸਦੀ ਦੇ ਕਰੀਬ ਹਨ। ਦੇਸ਼ ਵਿੱਚ ਨੌਜਵਾਨ ਵੋਟਰਾਂ ਦੀ ਗਿਣਤੀ ਅੱਧ ਦੇ ਨੇੜੇ ਹੈ ਪਰ ਰਾਜਨੀਤੀ ਅਤੇ ਲੋਕਤੰਤਰ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਬਹੁਤ ਘੱਟ ਹੈ। ਲਗਪਗ 50 ਫੀਸਦੀ ਨੌਜਵਾਨ ਵੋਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਤੱਕ ਨਹੀਂ ਕਰ ਰਹੇ। ਵੱਡੀ ਗਿਣਤੀ ’ਚ ਨੌਜਵਾਨਾਂ ਨੇ ਖੁਦ ਨੂੰ ਵੋਟਰ ਵਜੋਂ ਵੀ ਰਜਿਸਟਰਡ ਨਹੀਂ ਕਰਵਾਇਆ। ਨੌਜਵਾਨਾਂ ਦੀ ਇਹ ਬੇਰੁਖੀ ਬੇਹਦ ਚਿੰਤਾਵਾਲੀ ਹੈ। ਮੌਜੂਦਾ ਸਮੇਂ ਲੋਕਤੰਤਰ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਨੂੰ ਵਧਾਉਣਾ ਇਕ ਵੱਡੀ ਚੁਣੌਤੀ ਹੈ। ਇਹ ਸਥਿਤੀ ਤਦ ਹੀ ਬਦਲ ਸਕਦੀ ਹੈ ਜੇਕਰ ਨੌਜਵਾਨਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਲੋਕਤੰਤਰੀ ਪ੍ਰਕਿਰਿਆ ਅਤੇ ਲੋਕਤੰਤਰ ਸੰਸਥਾਵਾਂ ਨਾਲ ਜੋੜਿਆ ਜਾਵੇ। ਵੱਖ-ਵੱਖ ਪੱਧਰਾਂ ’ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਵਰਗ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਦੇ ਕੰਮਕਾਜ ਦੀ ਸਮਝ ਲਗ ਸਕੇ। ਦੇਸ਼ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਇਸ ਪ੍ਰਣਾਲੀ ਸਬੰਧੀ ਸਿੱਖਿਅਤ ਕਰਨਾ ਬੇਹਦ ਜ਼ਰੂਰੀ ਹੈ। ਸਾਡੀ ਸਭ ਤੋਂ ਵੱਡੀ ਬਦਕਿਸਮਤੀ ਇਹੋ ਹੈ ਕਿ ਦੇਸ਼ ਦੇ ਬਹੁਗਿਣਤੀ ਨਾਗਰਿਕਾਂ ਨੂੰ ਲੋਕਤੰਤਰੀ ਸੰਸਥਾਵਾਂ ਦੇ ਕੰਮਕਾਜ ਅਤੇ ਲੋਕਤੰਤਰੀ ਪ੍ਰਣਾਲੀ ਦੀਆਂ ਖੂਬੀਆਂ ਬਾਰੇ ਯੋਗ ਤਰੀਕੇ ਨਾਲ ਸਿਖਿਅਤ ਨਹੀਂ ਕੀਤਾ ਗਿਆ। ਇਸ ਸਬੰਧ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਚੰਗਾ ਹੋਵੇਗਾ ਜੇਕਰ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਵਧੇਰੇ ਅਹੁਦੇਦਾਰੀਆਂ ਪ੍ਰਦਾਨ ਕਰਨ। ਚੋਣਾਂ ਸਮੇਂ ਨੌਜਵਾਨ ਵਰਗ ਨੂੰ ਇਕ ਤਿਹਾਈ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਨੌਜਵਾਨ ਵਰਗ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਵਧੇਗੀ। ਦੇਸ਼ ਵਿੱਚ ਮਿਆਰੀ ਅਤੇ ਯੋਗ ਅਗਵਾਈ ਦੀ ਕਾਇਮੀ ਲਈ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਲਿਆਉਣਾ ਜ਼ਰੂਰੀ ਹੈ। ਨੌਜਵਾਨਾਂ ਦੀ ਕੰਮਕਾਜੀ ਊਰਜਾ ਨਾਲ ਦੇਸ਼ ਵਿੱਚ ਇਕ ਨਵੀਂ ਕ੍ਰਾਂਤੀ ਦਾ ਸੰਚਾਰ ਹੋਵੇਗਾ। ਇਸ ਦੇ ਨਾਲ ਪ੍ਰਬੰਧ ਵਿਚਲੀਆਂ ਉਣਤਾਈਆਂ ਨੂੰ ਦੂਰ ਕਰਨ ਵਿੱਚ ਵੀ ਮਦਦ ਮਿਲੇਗੀ। ਅਸਲ ਵਿੱਚ ਦੇਸ਼ ਦੇ ਲੋਕਤੰਤਰ ਦਾ ਭਵਿੱਖ ਨੌਜਵਾਨਾਂ ਦੇ ਸਿਰ ਉਪਰ ਹੀ ਹੈ। ਜੇਕਰ ਅਸੀਂ ਨੌਜਵਾਨਾਂ ਨੂੰ ਯੋਗ ਤਰੀਕੇ ਨਾਲ ਲੋਕਤੰਤਰੀ ਪ੍ਰਕਿਰਿਆ ਨਾਲ ਨਹੀਂ ਜੋੜਦੇ ਤਾਂ ਇਹ ਦੇਸ਼ ਦੀ ਬਦਕਿਸਮਤੀ ਹੋਵੇਗੀ। ਬਜ਼ੁਰਗ ਸਿਆਸੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਲਈ ਆਪਣੇ ਰੁਤਬਿਆਂ ਦਾ ਤਿਆਗ ਕਰਨ। ਨੌਜਵਾਨ ਵਰਗ ਵਿੱਚ ਵਿਸ਼ਵਾਸ ਦੇ ਪ੍ਰਗਟਾਵੇ ਨਾਲ ਹੀ ਇਸ ਦੇਸ਼ ਦੀ ਤਕਦੀਰ ਜੁੜੀ ਹੋਈ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਦੇਸ਼ ਵਿੱਚ ਕੁਝ ਚੋਣਵੀਆਂ ਸਮਾਜ ਸੇਵੀ ਸੰਸਥਾਵਾਂ ਇਸ ਖੇਤਰ ਵਿੱਚ ਸਰਗਰਮੀ ਕਰ ਰਹੀਆਂ ਹਨ। ਉਨ੍ਹਾਂ ਦੇ ਇਸ ਯੋਗਦਾਨ ਨੂੰ ਢੁੱਕਵੇਂ ਤਰੀਕੇ ਨਾਲ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

WRITTEN BY