ਪੰਜਾਬੀ ਦੇ ਇਕ ਰੋਜ਼ਾਨਾ ਅਖਬਾਰ ਦੇ ਸੰਪਾਦਕ ਨੇ ਮੈਨੂੰ ਕੁੱਝ ਚੰਗੇ ਵਿਦਿਆਰਥੀ ਭੇਜਣ ਲਈ ਕਿਹਾ। ਅਖਬਾਰ ਦੇ ਨਿਊਜ਼ ਡੈਸਕ ’ਤੇ ਉਪ ਸੰਪਾਦਕਾਂ ਦੀ ਲੋੜ ਸੀ। ਮੈਂ ਇਕ ਦੋ ਕੁੜੀਆਂ ਨੂੰ ਜੋ ਪੱਤਰਕਾਰੀ ਦੀ ਤਿਆਰੀ ਚੰਗੇ ਨੰਬਰਾਂ ਵਿੱਚ ਪਾਸ ਕਰ ਚੁੱਕੀਆਂ ਸਨ, ਸੰਪਾਦਕ ਸਾਹਿਬ ਕੋਲ ਭੇਜਿਆ। ਉਨ੍ਹਾਂ ਸਪੱਸ਼ਟ ਲਫਜ਼ਾਂ ਵਿੱਚ ਕਿਹਾ ਅਸੀਂ ਕੁੜੀਆਂ ਨੂੰ ਡੈਸਕ ’ਤੇ ਰੱਖਣ ਨੂੰ ਤਰਜੀਹ ਨਹੀਂ ਦਿੰਦੇ। ਮੈਨੂੰ ਸੀਨੀਅਰ ਪੱਤਰਕਾਰ ਬਾਚੀ ਕਾਕਰਿਆ ਦਾ ਕਿੱਸਾ ਯਾਦ ਆਇਆ ਜਦੋਂ ਉਹ ਸਟੇਟਸਮੈਨ ਵਿਖੇ ਨੌਕਰੀ ਮੰਗਣ ਗਈ ਤਾਂ ਉਸ ਨੂੰ ਇਹ ਕਹਿ ਕੇ ਇਥੇ ਅਖ਼ਬਾਰ ਵਿੱਚ ਮਹਿਲਾ ਟੋਆਇਲਟ ਦੀ ਸੁਵਿਧਾ ਉਪਲੱਬਧ ਨਾ ਹੋਣ ਕਾਰਨ ਨੌਕਰੀ ਨਹੀਂ ਦਿੱਤੀ ਜਾ ਸਕਦੀ। ਔਰਤਾਂ ਨੂੰ ਹਰ ਖੇਤਰ ਵਿੱਚ ਬਰਾਬਰੀ ਦਾ ਹੱਕ ਦੇਣ ਦੇ ਨਾਹਰੇ ਨੂੰ ਪੱਤਰਕਾਰੀ ਵਿੱਚ ਔਰਤਾਂ ਨਾਲ ਹੋ ਰਹੇ ਉਕਤ ਕਿਸਮ ਦੇ ਵਿਤਕਰੇ ’ਤੇ ਵੱਡਾ ਸਵਾਲ ਖੜ੍ਹਾ ਕਰਦੇ ਨਜ਼ਰੀਂ ਪੈਂਦੇ ਹਨ। ਇਹ ਵਿਤਕਰਾ ਸਿਰਫ ਨੌਕਰੀ ਹਾਸਲ ਕਰਨ ਤੱਕ ਸੀਮਤ ਨਹੀਂ ਸਗੋਂ ਨੌਕਰੀ ਕਰ ਰਹੀਆਂ ਪੱਤਰਕਾਰ ਔਰਤਾਂ ਨੂੰ ਵੀ ਹਰ ਕਦਮ ’ਤੇ ਅਜਿਹੇ ਵਿਤਕਰੇ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੰਟਰਨੈਸ਼ਨਲ ਨਿਊਜ਼ ਸੇਫਟੀ ਇੰਸਟੀਚਿਊਟ ਅਤੇ ਇੰਟਰਨੈਸ਼ਨਲ ਵੀਨਜ਼ ਮੀਡੀਆ ਫਾਊਂਡੇਸ਼ਨ ਨੇ ਵਿਸ਼ਵ ਭਰ ਦੀਆਂ 875 ਮਹਿਲਾ ਪੱਤਰਕਾਰਾਂ ਦਾ ਇਕ ਸਰਵੇਖਣ ਕੀਤਾ ਹੈ। ਸਰਵੇਖਣ ਅਨੁਸਾਰ ਦੋ ਤਿਹਾਈ ਮੀਡੀਆ ਵਿੱਚ ਕੰਮ ਕਰ ਰਹੀਆਂ ਔਰਤਾਂ ਨੇ ਧਮਕੀਆਂ ਅਤੇ ਬਦਸਲੂਕੀ ਦਾ ਸਾਹਮਣਾ ਕੀਤਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਅਜਿਹੀਆਂ ਬਦਸਲੂਕੀਆਂ ਲਈ ਉਨ੍ਹਾਂ ਦੇ ਸਹਿਕਰਮੀ ਹੀ ਜ਼ਿੰਮੇਵਾਰ ਹੁੰਦੇ ਹਨ। ਸੀਨੀਅਰ ਪੱਤਰਕਾਰ ਪਾਮੇਲਾ ਫਿਲੀਪੋਜ ਦੇ ਅਨੁਸਾਰ ਔਰਤ ਪੱਤਰਕਾਰਾਂ ਨੂੰ ਹਿੰਦੁਸਤਾਨ ਵਿੱਚ ਖਤਰਾ ਕਿਤੇ ਜ਼ਿਆਦਾ ਹੈ। ਖੋਜ ਅਨੁਸਾਰ ਪੱਤਰਕਾਰੀ ਦੇ ਪੇਸ਼ੇ ਵਿੱਚ ਔਰਤ ਪੱਤਰਕਾਰਾਂ ਨੂੰ ਦੋਹਰੀਆਂ ਚੁਣੌਤੀਆਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਅਖਬਾਰ ਜਾਂ ਚੈਨਲ ਦੇ ਅੰਦਰ ਅਤੇ ਬਾਹਰ ਰਿਪੋਟਿੰਗ ਦੇ ਦੌਰਾਨ ਉਹ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਦੀਆਂ ਹਨ। ਰਿਪੋਟਿੰਗ ਦੇ ਦੌਰਾਨ ਤਾਂ ਅਸੁਰੱਖਿਆ ਦੀ ਭਾਵਨਾ ਬਹੁਤੀ ਵਾਰ ਹੁੰਦੀ ਹੈ ਪਰ ਸੰਸਥਾ ਅੰਦਰ ਸੀਨੀਅਰ ਲੋਕਾਂ ਅਤੇ ਆਪਣੇ ਸਹਿਕਰਮੀਆਂ ਵੱਲੋਂ ਹੁੰਦਾ ਗਲਤ ਵਿਵਹਾਰ ਵੀ ਉਨ੍ਹਾਂ ਨੂੰ ਝੱਲਣਾ ਪੈਂਦਾ ਹੈ। ਅੰਕੜੇ ਦੱਸਦੇ ਹਨ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਪੱਤਰਕਾਰੀ ਦੇ ਉ¤ਚ ਪੱਦਾਂ ’ਤੇ ਮਰਦਾਂ ਦਾ ਹੀ ਕਬਜ਼ਾ ਰਿਹਾ ਹੈ। ਫੈਸਲਾ ਲੈਣ ਵਾਲੇ ਅਹੁਦਿਆਂ ਉ¤ਤੇ ਔਰਤਾਂ ਗੈਰ ਹਾਜ਼ਰ ਹਨ। ਡਾ. ਆਸ਼ੀਸ਼ ਦ੍ਰਿਵੇਦੀ ਦੀ ਖੋਜ ਅਨੁਸਾਰ ਦੇਸ਼ ਦੇ ਅੱਠ ਪ੍ਰਮੁੱਖ ਅਖਬਾਰਾਂ ਦੈਨਿਕ ਭਾਸਕਰ, ਹਿੰਦੋਸਤਾਨ, ਲੋਕਮਤ ਸਮਾਚਾਰ, ਅਤੇ ਨਈ ਦੁਨੀਆ ਆਦਿ ਕੁਝ 185 ਸੰਸਕਰਨਾਂ ਵਿੱਚ ਸਿਰਫ 2 ਔਰਤਾਂ ਹੀ ਸੰਪਾਦਕ ਦੇ ਤੌਰ ’ਤੇ ਕੰਮ ਕਰ ਰਹੀਆਂ ਹਨ। ਇਹ ਦੋਵੇਂ ਦੈਨਿਕ ਜਾਗਰਣ ਵਿੱਚ ਕਾਰਜਸ਼ੀਲ ਹਨ। ਭਾਸਕਰ ਦੇ 65 ਸੰਸਕਰਨਾਂ ਵਿੱਚ ਕੋਈ ਵੀ ਮਹਿਲਾ ਸੰਪਾਦਕ ਨਹੀਂ। ਅੰਗਰੇਜ਼ੀ ਅਖਬਾਰਾਂ ਦੀ ਸਥਿਤੀ ਹਿੰਦੀ ਨਾਲੋਂ ਥੋੜ੍ਹੀ ਬਿਹਤਰ ਹੈ। ਟਾਇਮਜ਼ ਆਫ ਇੰਡੀਆ ਦੇ 13 ਅੰਕਾਂ ਵਿੱਚ 5 ਔਰਤਾਂ ਸੰਪਾਦਕ ਹਨ, ਹਿੰਦੋਸਤਾਨ ਟਾਇਮਜ਼ ਦੇ 7 ਸੰਸਕਰਨਾਂ ਵਿੱਚ 2, ਇੰਡੀਅਨ ਐਕਸਪ੍ਰੈਸ ਦੇ 9 ਸੰਸਕਰਨਾਂ ਵਿੱਚ 3 ਔਰਤਾਂ ਸੰਪਾਦਕ ਹਨ ਅਤੇ ਦੀ ਟੈਲੀਗਰਾਫ ਦੇ 8 ਸੰਸਕਰਨਾਂ ਵਿੱਚ ਕੋਈ ਵੀ ਔਰਤ ਸੰਪਾਦਕ ਦੇ ਤੌਰ ’ਤੇ ਕੰਮ ਨਹੀਂ ਕਰ ਰਹੀ। ਅੱਜ ਕੱਲ੍ਹ ਮੀਡੀਆ ਵਿੱਚ ਔਰਤਾਂ ਦੀ ਹਿੱਸੇਦਾਰੀ ਵੱਧ ਤਾਂ ਰਹੀ ਹੈ ਪਰ ਉਨ੍ਹਾਂ ਦੀ ਜ਼ਿਆਦਾਤਰ ਪਹੁੰਚ ਟੀਵੀ ਮੀਡੀਆ ਵੱਲ ਹੈ। ਪ੍ਰਿੰਟ ਮੀਡੀਆ ਦੇ ਹਾਲਾਤ ਇਸ ਪੱਖੋਂ ਤਸੱਲੀਬਖਸ਼ ਨਹੀਂ ਹਨ। ਕੁੱਝ ਔਰਤਾਂ ਨੇ ਜ਼ਰੂਰ ਨਾਮਨਾ ਖਟਿਆ ਹੈ ਜਿਵੇਂ ਮਾਲਿਨੀ ਪਾਰਥਾਸਾਰਥੀ ਨੂੰ ਹਿੰਦੂ ਦਾ ਸੰਪਾਦਕ ਬਣਾਇਆ ਗਿਆ ਸੀ। ਆਰਤੀ ਜੇਰਥ ਵੀ ਟਾਇਮਜ਼ ਆਫ ਇੰਡੀਆ ’ਚ ਸੀਨੀਅਰ ਥਾਵਾਂ ’ਤੇ ਰਹੀ। ਕੰਦਬਰੀ ਮੁਰਲੀ, ਸ਼ੋਭਾ, ਚੌਧਰੀ, ਸ਼ੋਭਾ ਡੇ, ਸ਼ਾਰਦਾ ਉਗਰਾ, ਸਾਗਰਿਕਾ ਘੌਸ਼, ਭਾਗ ਸਿੰਘ, ਸ਼ੀਪ੍ਰਿਯਾ ਮਾਧੁਰ, ਸਮੀਤਾ ਮਿਸ਼ਰਾ, ਰੁਮਾਨੀ ਘੋਸ਼ ਅਤੇ ਉਪਮਿਤਾ ਬਾਜਾਪਾਈ ਨੇ ਪੱਤਰਕਾਰੀ ਵਿੱਚ ਆਪਣਾ ਖਾਸਾ ਨਾਮ ਬਣਾਇਆ ਹੈ। ਬਿਜਲਈ ਮੀਡੀਆ ਵਿੱਚ ਨੀਲਮ ਸ਼ਰਮਾ, ਨਿਧੀ ਕੁਲਪਤੀ, ਬਰਖਾ ਦੱਤ, ਰਿਚਾ ਅਨਿਰੁਧ, ਮੀਮਾਸਾ ਮਲਿਕ, ਅਨੁਰਾਧਾ ਪ੍ਰਸਾਦ, ਸਵੇਤਾ ਸਿੰਘ, ਨੇਹਾ ਪੰਤ ਅਤੇ ਅੰਜਨਾ ਉਮ ਕਸ਼ਯਪ ਵਰਗੀਆਂ ਮਹਿਲਾਵਾਂ ਚੰਗੀ ਪੱਤਰਕਾਰੀ ਕਰ ਰਹੀਆਂ ਹਨ। ਇਹ ਤਾਂ ਕੁੱਝ ਗਿਣਵੇਂ ਚੁਣਵੇਂ ਨਾਮ ਹੀ ਹਨ। ਸਮੁੱਚੇ ਤੌਰ ’ਤੇ ਵੱਡੇ ਪੱਤਰਕਾਰੀ ਜਗਤ ਵਿੱਚ ਔਰਤਾਂ ਦੀ ਹਿੱਸੇਦਾਰੀ ਤਾਂ ਨਿਗੂਣੀ ਹੀ ਮੰਨੀ ਜਾਵੇਗੀ। ਉਕਤ ਉਦਾਹਰਣਾਂ ਹਿੰਦੀ ਅਤੇ ਅੰਗਰੇਜ਼ੀ ਪੱਤਰਕਾਰੀ ਵਿੱਚੋਂ ਹੀ ਲਈਆਂ ਗਈਆਂ ਹਨ। ਜਦੋਂ ਅਸੀਂ ਪੰਜਾਬੀ ਪੱਤਰਕਾਰੀ ਦੀ ਗੱਲ ਕਰਾਂਗੇ ਤਾਂ ਸਥਿਤੀ ਹੋਰ ਵੀ ਮਾੜੀ ਵੇਖਦੇ ਹਾਂ। ਪੰਜਾਬੀ ਦੇ ਸਾਰੇ ਰੋਜ਼ਾਨਾ ਅਖਬਾਰਾਂ ਦੇ ਸੰਪਾਦਕ ਮਰਦ ਹੀ ਹਨ। ਪੰਜਾਬੀ ਪੱਤਰਕਾਰੀ ਵਿੱਚ ਵੀ ਹਿੰਦੀ ਪੱਤਰਕਾਰੀ ਵਾਂਗ ਔਰਤਾਂ ਨੂੰ ਲਗਾਤਾਰ ਔਕੜਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿੱਚ ਇਹ ਵਰਤਾਰਾ ਦੇਸ਼ ਵਿਆਪੀ ਹੈ।
ਦੂਜੇ ਪਾਸੇ ਪੱਤਰਕਾਰੀ ਸਿਖਿਆ ਅਤੇ ਪੱਤਰਕਾਰੀ ਦੀ ਖੋਜ ਵਿੱਚ ਔਰਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੱਤਰਕਾਰੀ ਵਿੱਚ ਪੀ ਐਚ ਡੀ ਕਰਨ ਵਾਲੀਆਂ ਕੁੜੀਆਂ ਮੁੰਡਿਆਂ ਨੂੰ ਗਿਣਤੀ ਵਿੱਚ ਪਿੱਛੇ ਛੱਡਣ ਲੱਗੀਆਂ ਹਨ। ਇਸੇ ਤਰ੍ਹਾਂ ਪੱਤਰਕਾਰੀ ਅਧਿਆਪਣ ਵਿੱਚ ਕੁੜੀਆਂ ਦੀ ਗਿਣਤੀ ਵੱਧ ਰਹੀਹੈ। ਇਹ ਇਕ ਸ਼ੁਭ ਸ਼ਗਨ ਹੈ।



