ਅੱਜ ਕੱਲ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਅਤੇ ਲੋਕਾਂ ਨੇ ਖਰੀਦਦਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਦੇ ਸਮੇਂ ਵਿੱਚ ਕਿਸੇ ਵੀ ਚੀਜ਼ ਦੇ ਸ਼ੁੱਧ ਜਾਂ ਅਸਲੀ ਹੋਣ ਦੀ ਕੋਈ ਗਰੰਟੀ ਨਹੀਂ ਹੁੰਦੀ , ਹਰ ਇੱਕ ਚੀਜ ਵਿੱਚ ਮਿਲਾਵਟ ਆਉਣੀ ਸ਼ੁਰੂ ਹੋ ਗਈ ਹੈ। ਕਿੳਂੁਕਿ ਇਨਸਾਨੀਅਤ ਦਾ ਮਿਆਰ ਦਿਨਂੋ ਦਿਨ ਘੱਟਦਾ ਜਾ ਰਿਹਾ ਹੈ ਸਿਰਫ ਧੋਖਾ, ਠੱਗੀ, ਬੇਈਮਾਨੀ ਹੀ ਦੇਖਣ ਨੂੰ ਮਿਲਦੀ ਹੈ। ਇਕ ਆਮ ਇਨਸਾਨ ਲਈ ਇਨ੍ਹਾਂ ਉਤਪਾਦਾਂ ਵਿੱਚੋ ਅਸਲ ਜਾਂ ਨਕਲ ਦਾ ਅੰਤਰ ਸਮਝਣਾ ਬੜਾ ਹੀ ਔਖਾ ਕੰਮ ਹੈ। ਹਜ਼ਾਰਾ ਹੀ ਉਤਪਾਦ ਅਜਿਹੇ ਹੁੰਦੇ ਹਨ ਜਿੰਨਾ ਨੂੰ ਅਸੀਂ ਰੋਜ਼ਾਨਾ ਜੀਵਨ ਵਿੱਚ ਵਰਤਦੇ ਹਾਂ। ਬਜ਼ਾਰ ਵਿੱਚ ਵਧੇਰੇ ਮਾਤਰਾ ਵਿੱਚ ਨਕਲੀ ਚੀਜ਼ਾ ਦੀ ਵਿਕਰੀ ਹੋ ਰਹੀ ਹੈ ਅਤੇ ਸਾਡੇ ਵੱਲੋਂ ਖ਼ਰੀਦੀ ਹੋਈ ਕੋਈ ਵੀ ਚੀਜ਼ ਨਕਲੀ ਹੋ ਸਕਦੀ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਅਸ਼ੁੱਧ ਹੋਣ ਦੀ ਹਾਲਤ ਵਿੱਚ ਸਾਡੀ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਨਾਲ ਅਨੇਕਾਂ ਬਿਮਾਰੀਆਂ ਜਨਮ ਲੈਂਦੀਆਂ ਹਨ। ਤਿਉਹਾਰ ਦੇ ਨੇੜੇ ਖਾਣ-ਪੀਣ ਦੀਆਂ ਵਸਤੂਆਂ ਤੇ ਹੋਰ ਸਮਾਨ ਜ਼ਿਆਦਾਤਰ ਨਕਲੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਲਈ ਸਾਨੂੰ ਇਹਨਾਂ ਦਿਨਾਂ ਵਿੱਚ ਬਹੁਤ ਧਿਆਨ ਨਾਲ ਖਰੀਦਦਾਰੀ ਕਰਨੀ ਚਾਹੀਦੀ ਹੈ। ਕੋਈ ਵੀ ਸਮਾਨ ਜਦੋਂ ਘਰ ਆ ਕੇ ਨਕਲੀ ਨਿਕਲਦਾ ਹੈ ਤਾਂ ਮਨ ਦੀ ਸਥਿਤੀ ਤਾਂ ਖ਼ਰਾਬ ਹੁੰਦੀ ਹੀ ਹੈ ਨਾਲ-ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ। ਇਸ ਦਾ ਇੱਕੋ ਕਾਰਨ ਹੈ ਵਸਤੂ ਬਾਰੇ ਜਾਣਕਾਰੀ ਦੀ ਘਾਟ ਕਈ ਵਾਰ ਅਸੀ ਵੱਡੇ-ਵੱਡੇ ਵਿਗਿਆਪਨ ਦੇਖ ਕੇ ਠੱਗੇ ਜਾਂਦੇ ਹਾਂ ਵਪਾਰੀਆਂ ਤੇ ਵਿਕਰੇਤਾਵਾਂ ਦਾ ਵਸਤੂ ਵਿੱਚ ਮਿਲਾਵਟ ਕਰਨ ਪਿੱਛੇ ਇੱਕੋ ਕਾਰਨ ਹੁੰਦਾ ਹੈ ਪੈਸੇ ਦਾ ਵੱਡਾ ਲਾਲਚ। ਸਾਨੂੰ ਬਹੁਤ ਹੀ ਜਾਗਰੂਕ ਹੋ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਦਸਾਂ ਨਹੁੰਆਂ ਦੀ ਮਿਹਨਤ ਕਿਰਤ ਕਮਾਈ ਨੂੰ ਖਰਾਬ ਨਾਂ ਕਰ ਪਾਈਏ।
‘ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ’ ਸਗੋਂ ਅਸਲੀ ਤੇ ਨਕਲੀ ਵਸਤੂ ਵਿੱਚ ਬਹੁਤ ਫ਼ਰਕ ਹੁੰਦਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਾਲ-ਨਾਲ ਬੱਚਿਆ ਦੇ ਖਿਡੌਣੇ, ਬਿਜਲੀ ਦੇ ਉਪਕਰਨ, ਸੂਟ-ਬੂਟ ਹਰ ਉਹ ਚੀਜ਼ ਜੋ ਅਸੀ ਰੋਜ਼ਾਨਾ ਵਰਤਦੇ ਹਾਂ, ਪਰ ਹਰ ਇੱਕ ਵਸਤੂ ਵਿੱਚ ਬੇਈਮਾਨੀ ਦਿਖਾਈ ਦਿੰਦੀ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਨੁੱਖ ਦੀ ਸਿਹਤ ਲਈ ਘਾਤਕ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਰਿਸ਼ਵਤਖੋਰੀ ਦੇ ਚੱਲਣ ਕਰਕੇ ਇਹ ਸਮੱਸਿਆ ਨੂੰ ਬੰਦ ਕਰਨ ਦਾ ਹੱਲ ਨਹੀਂ ਲੱਭ ਰਿਹਾ। ਲੋੜ ਤੋਂ ਵੱਧ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋ ਨਾਲ ਸਾਡੀ ਧਰਤੀ, ਹਵਾ ਤੇ ਪਾਣੀ ਬਹੁਤ ਹੀ ਜ਼ਿਆਦਾ ਪ੍ਰਦੂਸ਼ਿਤ ਹੋ ਹੋ ਰਹੇ ਹਨ। ਇੱਥੋ ਤੱਕ ਫ਼ਲਾਂ, ਸਬਜ਼ੀਆਂ ਨੂੰ ਪਕਾਉਣ ਲਈ ਵੀ ਜਾਨ ਲੇਵਾ ਰਸਾਇਣਾਂ ਦੀ ਵਰਤੋਂ ਕੀਤੀ ਜਾਦੀ ਹੈ। ਖਾਣ ਵਾਲੀਆਂ ਸਬਜ਼ੀਆਂ ਤੇ ਫ਼ਲਾ ਨੂੰ ਟੀਕੇ ਲਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਦੀ ਬਾਹਰੀ ਦਿਖ ਬਦਲਣ ਦੇ ਲਈ ਕੈਮੀਕਲ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਵੀਡੀਉ ਅਸੀਂ ਅਨੇਕਾਂ ਵਾਰ ਸ਼ੋਸ਼ਲ ਮੀਡੀਆ ਤੇ ਵੀ ਦੇਖ ਚੁੱਕੇ ਹਾਂ। ਇਹ ਇੱਕ ਵੱਡੀ ਸਮੱਸਿਆ ਹੈ।ਇਸ ਦਾ ਕੋਈ ਸਾਰਥਕ ਹੱਲ ਕਿਉ ਨਹੀ ਲੱਭ ਰਿਹਾ ਹੈ, ਸਾਨੂੰ ਇਸ ਸੰਬੰਧੀ ਚੌਕਸ ਹੋਣ ਦੀ ਲੋੜ ਹੈ। ਲੋਕਾਂ ਨੂੰ ਸਮਾਨ ਦੇ ਨਕਲੀ ਹੋਣ ਤੇ ਖ਼ਰਾਕੀ ਪਦਾਰਥਾਂ ਵਿੱਚ ਮਿਲਾਵਟ ਸੰਬੰਧੀ ਸੁਚੇਤ ਹੋਣਾ ਜ਼ਰੂਰੀ ਹੈ। ਇਸ ਧੰਦੇ ਦੇ ਖ਼ਤਮੇ ਲਈ ਲੋਕਾਂ ਦੀ ਜਾਗਰੂਕਤਾ ਦੇ ਨਾਲ ਨਾਲ ਸਰਕਾਰ ਨੂੰ ਵੀ ਕੁਝ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮਿਲਾਵਟ ਕਰਨ ਵਾਲਾ ਹਰ ਇੱਕ ਬੰਦਾ ਡਰ ਮਹਿਸੂਸ ਕਰੇ ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੁੰਦਾ ਖਿਲਵਾੜ ਰੁਕ ਸਕੇ ਅਤੇ ਅਸੀਂ ਇਹਨਾਂ ਪਵਿੱਤਰ ਤਿਉਹਾਰਾਂ ਦਾ ਖੁੱਲ ਕੇ ਆਨੰਦ ਮਾਣ ਸਕੀਏ।
ਨਕਲੀ ਤੇ ਮਿਲਾਵਟੀ ਚੀਜ਼ਾਂ ਦੀ ਖਰੀਦਦਾਰੀ ਤੋਂ ਬਚਣ ਦੀ ਲੋੜ



