‘‘ਤੁਸੀਂ ਰੋਜ਼ਾਨਾ ਕਾਲਮ ਕਿਵੇਂ ਲਿਖ ਲੈਂਦੇ ਹੋ? ਇਕ ਹੋਰ ਵੀ ਸਵਾਲ ਹੈ ਕਿ ਤੁਸੀਂ ਹਰ ਰੋਜ਼ ਕਿਉਂ ਲਿਖਦੇ ਹੋ’’ ਇਸ ਕਿਸਮ ਦੇ ਸਵਾਲ ਮੈਨੂੰ ਅਕਸਰ ਪੁਛੇ ਜਾਂਦੇ ਹਨ।
ਅਜਿਹਾ ਸਵਾਲ ਕਰਨ ਵਾਲੇ ਪਾਠਕ ਵੀ ਹੁੰਦੇ ਹਨ, ਦੋਸਤ ਵੀ ਅਤੇ ਵਿਦਿਆਰਥੀ ਵੀ। ਉਂਜ ਮੇਰੇ ਰੋਜ਼ਾਨਾ ਕਾਲਮ ‘ਅੱਜ ਦੀ ਗੱਲ’ ਤੋਂ ਸਭ ਤੋਂ ਵੱਧ ਸ਼ਿਕਾਇਤ ਮੇਰੀ ਧਰਮ ਪਤਨੀ ਨੂੰ ਹੈ। ਹਰ ਰੋਜ਼ ਸ਼ਾਮ ਨੂੰ 5 ਤੋਂ 6.30 ਵਜੇ ਤੱਕ ਮੈਂ ਲਿਖਣ ਵਿੱਚ ਰੁਝਿਆ ਹੁੰਦਾ ਹਾਂ ਅਤੇ ਇਸ ਵਕਤ ਮੇਰਾ ਉਸ ਨਾਲ ਬਜ਼ਾਰ ਜਾਂ ਕਿਸੇ ਨੂੰ ਮਿਲਣ ਜਾਣਾ ਸੰਭਵ ਨਹੀਂ ਹੁੰਦਾ। ਖ਼ੈਰ, ਇਕ ਗੱਲ ਤਾਂ ਸਪੱਸ਼ਟ ਹੈ ਕਿ ਮੇਰਾ ਕਿੱਤਾ ਅਧਿਆਪਨ ਹੈ। ਮੈਂ ਪੱਤਰਕਾਰੀ ਪੜ੍ਹਾ ਰਿਹਾ ਹਾਂ, ਪੱਤਰਕਾਰੀ ਸਿਖਾ ਰਿਹਾ ਹਾਂ। 1981 ਵਿੱਚ ਮੈਂ ਪੱਤਰਕਾਰੀ ਦੇ ਅਧਿਆਪਣ ਦਾ ਕਿੱਤਾ ਚੁਣਿਆ ਸੀ। ਉਸ ਤੋਂ ਪਹਿਲਾਂ ਮੈਂ ਰਿਪੋਰਟਿੰਗ ਕਰਦਾ ਸਾਂ ਅਤੇ ਮਾਸਿਕ ਪੱਤਰ ਦਾ ਸੰਪਾਦਕ ਸਾਂ। ਜਦੋਂ ਮੈਂ ਪੱਤਰਕਾਰੀ ਦਾ ਅਧਿਆਪਕ ਬਣਿਆ ਤਾਂ ਮੇਰੀ ਪਹਿਲੀ ਤਰਜੀਹ ਪੱਤਰਕਾਰੀ ਪੜ੍ਹਾਉਣਾ ਸੀ ਅਤੇ ਦੂਜੀ ਖੌਜ। ਇਹੀ ਕਿਸੇ ਯੂਨੀਵਰਸਿਟੀ ਪ੍ਰੋਫੈਸਰ ਦਾ ਫਰਜ਼ ਹੁੰਦਾ ਹੈ। ਯੂਨੀਵਰਸਿਟੀ ਵਿੱਚ ਜੇ ਤੁਸੀਂ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਖੋਜ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੁੰਦੀ ਅਤੇ ਤਰੱਕੀ ਦੌਰਾਨ ਤੁਹਾਡੇ ਪ੍ਰਕਾਸ਼ਿਤ ਹੋਏ ਪੱਤਰਾਂ ਦੀ ਕਾਫੀ ਅਹਿਮੀਅਤ ਹੁੰਦੀ ਹੈ। ਜੋ ਕੋਈ ਪ੍ਰੋਫੈਸਰ ਆਪਣੇ ਵਿਸ਼ੇ ਵਿੱਚ ਚੰਗਾ ਨਾਮ ਬਣਾਉਣ ਦੀ ਚਾਹਤ ਰੱਖਦਾ ਹੈ ਤਾਂ ਉਸ ਨੂੰ ਵਿਸ਼ੇ ਦੀ ਸਮੱਗਰੀ ਵਿੱਚ ਵਾਧਾ ਕਰਨ ਲਈ ਗੁਣਾਤਮਕ ਵਾਧਾ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ਵਿੱਚ ਕਾਨਫਰੰਸਾਂ ਵਿੱਚ ਸ਼ਿਰਕਤ ਕਰਨਾ ਵੀ ਉਸ ਦੀਆਂ ਅਕਾਦਮਿਕ ਲੋੜਾਂ ਵਿੱਚ ਸ਼ਾਮਲ ਹੁੰਦਾ ਹੈ। ਇਹ ਸਾਰਾ ਕੁੱਝ ਕਰਦੇ ਹੋਏ ਅਖ਼ਬਾਰਾਂ ਲਈ ਸਪਤਾਹਿਕ ਅਤੇ ਰੋਜ਼ਾਨਾ ਕਾਲਮ ਲਿਖਣੇ, ਰੇਡਿਓ ਵਿੱਚ ਟਾਕ ਸ਼ੋਅ ਦੇਣੇ, ਟੀ.ਵੀ. ਪ੍ਰੋਗਰਾਮ ਵਿੱਚ ਹੋਸਟ ਅਤੇ ਮਾਹਿਰ ਦੀ ਭੂਮਿਕਾ ਨਿਭਾਉਣੀ ਅਤੇ ਨਿਊ ਮੀਡੀਆ ਵਿੱਚ ਸਰਗਰਮ ਰਹਿਣਾ ਸ਼ੋਕ ਹੈ, ਪ੍ਰਤੀਬੱਧਤਾ ਹੈ ਨਾ ਕਿ ਡਿਊਟੀ।
ਮੈਂ ਆਪਣੇ ਅਨੁਭਵ ਤੋਂ ਇਕ ਗੱਲ ਸਿੱਖੀ ਹੈ ਕਿ ਜਦੋਂ ਤੁਸੀਂ ਕਿਸੇ ਵੀ ਕੰਮ ਵਿੱਚੋਂ ਅਨੰਦ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇੱਕ ਪਾਸੇ ਪਰਬੀਨਤਾ ਹਾਸਲ ਕਰਨੀ ਸ਼ੁਰੂ ਕਰ ਦਿੰਦੇ ਹੋ, ਦੂਜੇ ਪਾਸੇ ਸਮਾਜ ਲਈ ਲਾਹੇਬੰਦ ਪ੍ਰਾਣੀ ਬਣ ਜਾਂਦੇ ਹੋ। ਜਦੋਂ ਮੈਂ ਪੱਤਰਕਾਰੀ ਪੜ੍ਹਾਉਣ ਲੱਗਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਵਿਦਿਆਰਥੀਆਂ ਨੂੰ ਸਿਰਫ ਥਿਊਰੀ ਪੜ੍ਹਾਉਣੀ ਹੀ ਕਾਫੀ ਨਹੀਂ, ਕੁੱਝ ਪ੍ਰੈਕਟੀਕਲ ਕਰਕੇ ਵੀ ਉਦਾਹਰਣ ਪੇਸ਼ ਕਰਨੀ ਜ਼ਰੂਰੀ ਹੁੰਦੀ ਹੈ। ਜਿਵੇਂ ਮੈਂ ਇਹ ਪੜ੍ਹਾਉਂਦਾ ਹਾਂ ਕਿ ਇਕ ਚੰਗਾ ਟੀ.ਵੀ. ਹੋਸਟ ਆਪਣੇ ਦਰਸ਼ਕਾਂ ਦਾ ਪ੍ਰਤੀਨਿਧ ਹੁੰਦਾ ਹੈ ਅਤੇ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਉਹ ਸਾਰੇ ਸਵਾਲ ਕਰਦਾ ਹੈ ਜੋ ਦਰਸ਼ਕਾਂ ਦੇ ਮਨਾਂ ਵਿੱਚ ਹੁੰਦੇ ਹਨ। ਮੇਰੀ ਜਾਚੇ ਇਕ ਅਧਿਆਪਕ ਨੂੰ ਇਹ ਅਮਲੀ ਰੂਪ ਵਿੱਚ ਕਰਕੇ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ। ਇਸੇ ਇੱਛਾ ਵਿੱਚ ਮੇਰਾ ਟੀਵੀ ਪ੍ਰੋਗਰਾਮ ‘ਖਰੀਆਂ ਗੱਲਾਂ’ ਨਿਕਲਿਆ ਸੀ। ਇਕ ਪੱਤਰਕਾਰੀ ਦੇ ਪ੍ਰੋਫੈਸਰ ਨੂੰ ਨਵੀਂ ਸੰਚਾਰ ਤਕਨਾਲੋਜੀ ਤੋਂ ਜਾਣੂ ਹੋਣਾ ਚਾਹੀਦਾ ਹੈ। ਸਮੇਂ ਦਾ ਹਾਣੀ ਹੀ ਸਹੀ ਅਗਵਾਈ ਕਰ ਸਕਦਾ ਹੈ। ਇਸ ਸੋਚ ਵਿੱਚੋਂ ਹੀ ਨੈ¤ਟ ਰੇਡਿਓ ‘ਜੀ ਪੰਜਾਬ’ ਸ਼ੁਰੂ ਹੋਇਆ ਸੀ। ਇਸ ਤਰ੍ਹਾਂ ਟਰਾਂਟੋ, ਕੈਲਗਰੀ ਅਤੇ ਵੈਨਕੂਵਰ ਦੇ ਰੇਡਿਓ ਚੈਨਲਾਂ ’ਤੇ ਟਾਕ ਸ਼ੋਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਅੱਜ ਤੋਂ ਦਸ-ਗਿਆਰਾਂ ਵਰ੍ਹੇ ਪਹਿਲਾਂ ਅਜੀਤ ਵੀਕਲੀ ਵਿੱਚ ਸਪਤਾਹਿਕ ਕਾਲਮ ‘ਹਾਸ਼ੀਏ ਦੇ ਆਰ-ਪਾਰ’ ਸ਼ੁਰੂ ਹੋਇਆ ਸੀ ਜੋ ਕਿ ਬਿਨਾਂ ਨਾਅ ਚੱਲ ਰਿਹਾ ਹੈ। 2011 ਦੀ 24 ਅਗਸਤ ਨੂੰ ਸਰੀ ਵਿਖੇ ਦਿਲ ਦਾ ਦੌਰਾ ਪਿਆ ਪਰ ਕਾਲਮ ਨੇ ਆਪਣੀ ਹਾਜ਼ਰੀ ਜ਼ਰੂਰ ਲਗਵਾਈ ਸੀ।
ਦੋ ਕੁ ਵਰ੍ਹੇ ਪਹਿਲਾਂ ਇਕ ਪ੍ਰੋਗਰਾਮ ਦੌਰਾਨ ਖੁਸ਼ਵੰਤ ਸਿੰਘ ਹੋਰਾਂ ਦੀ ਮੁਲਾਕਾਤ ਸੁਣੀ ਜਿਸ ਵਿੱਚ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਉਹ 80 ਵਰ੍ਹਿਆਂ ਤੋਂ ਰੋਜ਼ਾਨਾ ਕੁਝ ਨਾ ਕੁਝ ਲਿਖ ਰਹੇ ਹਨ। ਇਹ ਗੱਲ ਮੈਂ ਆਪਣੇ ਵਿਦਿਆਰਥੀਆਂ ਨੂੰ ਦੱਸੀ। ਇਕ ਵਿਦਿਆਰਥੀ ਕਹਿਣ ਲੱਗਾ ਕਿ ‘ਸਰ, ਕੀ ਇਹ ਸੰਭਵ ਹੈ ਕਿ ਬੰਦਾ 80 ਵਰ੍ਹੇ ਰੋਜ਼ਾਨਾ ਕੁੱਝ ਨਾ ਕੁੱਝ ਲਿਖਦਾ ਹੋਵੇ’ ਮੈਂ ਕਿਹਾ ਕਿ ਜੇ ਖੁਸ਼ਵੰਤ ਸਿੰਘ ਹੋਰੀਂ ਕਹਿ ਰਹੇ ਹਨ ਤਾਂ ਗੱਲ ਸੱਚੀ ਹੀ ਹੋਵੇਗੀ। ਦੂਜੇ ਪਾਸੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਇਹ ਤਜ਼ਰਬਾ ਕਰਕੇ ਵੇਖਿਆ ਜਾਵੇ। ਸੋ, ਰੋਜ਼ਾਨਾ ਕਾਲਮ ਸ਼ੁਰੂ ਕਰ ਲਿਆ। ਰੋਜ਼ਾਨਾ ਚੜ੍ਹਦੀ ਕਲਾ ਨੇ ਪਹਿਲੇ ਪੰਨੇ ਦਾ ਇਕ ਕਿਨਾਰਾ ਇਸ ਕਾਲਮ ਲਈ ਰਾਖਵਾਂ ਰੱਖ ਲਿਆ। ‘ਪੰਜਾਬ ਟਾਇਮਜ਼’ ਇਸ ਨੂੰ ਰੋਜ਼ਾਨਾ ਸੰਪਾਦਕੀ ਪੰਨੇ ’ਤੇ ਛਾਪ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਤਿੰਨ ਚਾਰ ਅਖਬਾਰ ਇਸ ਕਾਲਮ ਨੂੰ ਗਾਹੇ ਵਗਾਹੇ ਛਾਪ ਰਹੇ ਹਨ। ਲਿਖਣਾ ਥੋੜ੍ਹਾ ਮੁਸ਼ਕਿਲ ਜ਼ਰੂਰ ਹੈ। ਬਾਕਾਇਦਗੀ ਨਾਲ ਲਿਖਣਾ ਹਮੇਸ਼ਾ ਔਖਾ ਹੁੰਦਾ ਹੈ। ਪੰਜਾਬੀ ਵਿੱਚ ਇਹ ਇਕੋ-ਇਕ ਰੋਜ਼ਾਨਾ ਕਾਲਮ ਹੈ। ਇਸ ਕਾਲਮ ਰਾਹੀਂ ਮੈਂ ਜਿਥੇ ਵੱਖ-ਵੱਖ ਵਿਸ਼ੇ ਛੁੰਹਦਾ ਹਾਂ ਉਥੇ ਮੈਂ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਮਨਾਂ ਵਿੱਚ ਵੱਡੇ ਸੁਪਨੇ ਬੀਜਣ ਲਈ ਪ੍ਰੇਰਨਾ ਚਾਹੁੰਦਾ ਹਾਂ। ਮੇਰੀ ਸੋਚ ਹੈ ਕਿ ਜਦੋਂ ਬੱਚਿਆਂ ਦੇ ਮਨਾਂ ਵਿੱਚ ਵੱਡੇ ਮਨੋਰਥ ਜਾਂ ਟੀਚੇ ਹੋਣਗੇ ਤਾਂ ਉਹ ਉਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਹਿੱਤ ਮਿਹਨਤ ਕਰਨ ਵਿੱਚ ਲੀਨ ਹੋਣਗੇ ਅਤੇ ਨਸ਼ਿਆਂ ਤੋਂ ਬਚੇ ਰਹਿਣਗੇ। ਪੰਜਾਬੀਆਂ ਨੂੰ ਸਫਲਤਾ ਦੇ ਰਸਤੇ ਪਾਉਣ ਦਾ ਇਹ ਇਕੋ-ਇਕ ਤਰੀਕਾ ਹੈ। ਸੋ, ਮੈਂ ਇਸ ਕਾਰਨ ਆਪਣਾ ਇਹ ਕਾਲਮ ਲਿਖ ਰਿਹਾ ਹਾਂ। ਪੂਰੇ ਸ਼ੋਕ ਨਾਲ ਲਿੱਖ ਰਿਹਾ ਹਾਂ। ਬਿਨਾਂ ਕਿਸੇ ਲਾਲਚ ਤੋਂ ਲਿਖ ਰਿਹਾ ਹਾਂ। ਮੇਰਾ ਇਕੋ-ਇਕ ਲਾਲਚ ਅਤੇ ਸਵਾਰਥ ਹੈ ਕਿ ਪੰਜਾਬ ਦਾ ਨੌਜਵਾਨ ਸਫਲਤਾ ਦੇ ਰਾਹ ਪਵੇ ਅਤੇ ਆਪਣੇ ਮਨਾਂ ਵਿੱਚ ਵੱਡੇ ਸੁਪਨੇ ਬੀਜੇ।
ਮੈਂ ਰੋਜ਼ਾਨਾ ਕਾਲਮ ਕਿਉਂ ਲਿਖਦਾ ਹਾਂ



