ਸਰਕਾਰੀ ਸਕੂਲਾਂ ਦੀਆ ਵਿੱਦਿਅਕ ਪ੍ਰਾਪਤੀਆਂ ਦਾ ਰਸਾਤਲ ਵੱਲ ਜਾ ਰਹੇ ਗ੍ਰਾਫ ਦੇ ਬਹੁਤ ਸਾਰੇ ਸਰਕਾਰੀ, ਵਿਭਾਗੀ ਅਤੇ ਹੋਰ ਕਾਰਨ ਹਨ। ਸਰਕਾਰੀ ਸਕੂਲਾਂ ਦੀ ਪ੍ਰਾਪਤੀਆਂ ਵਿੱਚ ਨਿਖਾਰ ਲਿਆ ਕੇ ਇਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਖੜਾ ਕਰਨ ਦੀਆਂ ਵਿਭਾਗੀ ਕੋਸ਼ਿਸ਼ਾਂ ਪਿਛਲੇ ਸਮੇਂ ਤੋਂ ਜਾਰੀ ਹਨ ਅਤੇ ਹੁਣ ਇਹਨਾਂ ਕੋਸਿਸ਼ਾਂ ਦੀ ਗਤੀ ਵਿੱਚ ਹੋਰ ਵੀ ਤੇਜੀ ਵੇਖਣ ਨੂੰ ਮਿਲ ਰਹੀ ਹੈ। ਕਿਸੇ ਸਮੇਂ ਸਰਕਾਰੀ ਸਕੂਲਾਂ ਨੂੰ ਜਿੰਦਗੀ ਬਖਸ਼ਣ ਵਾਲੇ ‘ਪੜ੍ਹੋ ਪੰਜਾਬ’ ਵਰਗੇ ਪ੍ਰਾਜੈਕਟ ਮੁੜ ਤੋਂ ਸ਼ੁਰੂ ਕਰਨ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਹਨਾਂ ਗਤੀਵਿਧੀਆਂ ਵਿੱਚੋਂ ਇੱਕ ਹੈ ਵਿਦਿਆਂਰਥੀਆਂ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ਨੂੰ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣਾ। ਬੱਚੇ ਦੀਆਂ ਪ੍ਰਾਪਤੀਆਂ ਜਾਂ ਕਮਜ਼ੋਰੀਆਂ ਨੂੰ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਦਾ ਸਭ ਤੋਂ ਕਾਰਗਰ ਤਰੀਕਾ ਹਨ ਮਾਪੇ-ਅਧਿਆਪਕ ਮਿਲਣੀਆਂ। ਪ੍ਰਾਈਵੇਟ ਸਕੂਲਾਂ ਵਿੱਚ ਪਹਿਲਾਂ ਤੋਂ ਹੀ ਸੁਹਰਿਦਤਾ ਨਾਲ ਕੀਤੀਆਂ ਜਾ ਰਹੀਆਂ ਮਾਪੇ-ਅਧਿਆਪਕ ਮਿਲਣੀਆਂ ਦੇ ਮਹੱਤਵ ਨੂੰ ਹੁਣ ਸਰਕਾਰੀ ਸਕੂਲਾਂ ਨੇ ਵੀ ਸਮਝਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਖਤਮ ਹੋਈ ਸਤੰਬਰ ਪ੍ਰੀਖਿਆ ਅਤੇ ਇਸ ਤੋਂ ਪਹਿਲਾਂ ਹੋਈਆਂ ਦੋ-ਦੋ ਮਹੀਨਿਆਂ ਦੀਆਂ ਪ੍ਰ੍ਰੀਖਿਆਵਾਂ ਦੌਰਾਨ ਕੀਤੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਲਈ ਵਿਭਾਗ ਵੱਲੋਂ ਸਮੂਹ ਸਰਕਾਰੀ ਸਕੂਲਾਂ ਵਿੱਚ ਉਨੱਤੀ ਸਤੰਬਰ ਨੂੰ ਮਾਪੇ-ਅਧਿਆਪਕ ਮਿਲਣੀ ਕਰਵਾਉਣ ਦੇ ਆਦੇਸ਼ ਦਿੱਤੇ ਗਏ। ਤਕਰੀਬਨ ਸਾਰੇ ਹੀ ਸਕੂਲਾਂ ਵਿੱਚ ਮਾਪਿਆਂ ਦੀ ਆਮਦ ਨੱਬੇ ਫੀਸਦੀ ਤੋਂ ਉ¤ਪਰ ਰਹੀ ਅਤੇ ਵੇਖਣ ਵਿੱਚ ਆਇਆ ਕਿ ਅਧਿਆਪਕਾਂ ਨੇ ਬਕਾਇਦਾਂ ਵਿਦਿਆਰਥੀਆਂ ਦੀਆਂ ਮਈ,ਜੁਲਾਈ ਅਤੇ ਸਤੰਬਰ ਮਹੀਨੇ ਦੌਰਾਨ ਹੋਈਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਰਿਕਾਰਡ ਰਜਿਸਟਰਾਂ ਵਿੱਚ ਮੇਨਟੇਨ ਕੀਤਾ ਹੋਇਆ ਸੀ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬਹੁਗਿਣਤੀ ਵਿਦਿਆਰਥੀਆ ਦੇ ਮਾਪੇ ਅਨਪੜ੍ਹ ਹਨ ਅਤੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਵਿੱਦਿਅਕ ਪੱਧਰ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ,ਪਰ ਇਸ ਮਾਪੇ ਅਧਿਆਪਕ ਅਧਿਆਪਕ ਮਿਲਣੀ ਦੌਰਾਨ ਇਹ ਅਨਪੜ੍ਹ ਮਾਪੇ ਵੀ ਅਧਿਆਪਕਾਂ ਕੋਲੋਂ ਆਪਣੇ ਬੱਚਿਆਂ ਦੇ ਪੱਧਰ ਉਤਸੁਕਤਾ ਨਾਲ ਜਾਣਦੇ ਵੇਖੇ ਗਏ। ਬਰਨਾਲਾ ਜਿਲ੍ਹੇ ਦੇ ਰਮਸਾ ਅਧੀਨ ਚੱਲਦੇ ਸਰਕਾਰੀ ਹਾਈ ਸਕੂਲ ਨੰਗਲ ਨੇ ਇਸ ਮੌਕੇ ਦਾ ਬਾਖੂਬੀ ਸਦਉਪਯੋਗ ਕੀਤਾ।ਇਸ ਸਕੂਲ ਦੇ ਮੁਖੀ ਸ੍ਰੀ ਕਮਲਜੀਤ ਸ਼ਰਮਾ ਵੱਲੋਂ ਸਮੂਹ ਸਟਾਫ ਦੇ ਸਹਿਯੋਗ ਨਾਲ ਮਾਪੇ-ਅਧਿਆਪਕ ਦਿਵਸ ਮੌਕੇ ਇੱਕ ਸਾਦੇ ਪਰ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ।ਇਸ ਸਮਾਗਮ ਦੌਰਾਨ ਨਾ ਸਿਰਫ ਸਕੂਲ ‘ਚ ਪੜ੍ਹਦੇ ਵਿਦਿਆਰਥੀਆ ਦੇ ਮਾਪਿਆਂ ਨੂੰ ਹੀ ਸੱਦਿਆ ਗਿਆ ਸਗੋਂ ਸਕੂਲ ਮੈਨੇਜਮੈਂਟ ਕਮੇਟੀ,ਪੰਚਾਇਤ,ਕਲੱਬਾਂ ਅਤੇ ਸਕੂਲ ਪ੍ਰਤੀ ਸਾਕਾਰਤਮਕ ਸੋਚ ਵਾਲੀਆਂ ਤਮਾਮ ਹੋਰ ਸੰਸਥਾਵਾਂ ਅਤੇ ਵਿਆਕਤੀਆਂ ਨੂੰ ਵੀ ਸੱਦਿਆ ਗਿਆ। ਇਸ ਮੌਕੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਈ ਸੰਸਥਾਵਾਂ ਅਤੇ ਵਿਆਕਤੀਆਂ ਵੱਲੋਂ ਸਕੂਲ ਦੀ ਮਾਇਕ ਮੱਦਦ ਵੀ ਕੀਤੀ ਗਈ। ਇਸ ਮਾਪੇ ਅਧਿਆਪਕ ਮਿਲਣੀ ਸਮਾਰੋਹ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਰਾਜਵੰਤ ਕੌਰ ਮਾਨ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਸੰਜੇ ਸਿੰਗਲਾ ਵੱਲੋਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇ ਦੇਣ ਦੇ ਨਾਲ ਨਾਲ ਜਿਲ੍ਹੇ ਦੀ ਸਕੂਲ ਸਿੱਖਿਆ ਸੁਧਾਰ ਟੀਮ ਨੇ ਵੀ ਸ਼ਿਰਕਤ ਕੀਤੀ। ਇਹਨਾਂ ਮਿਲਣੀਆਂ ਦੌਰਾਨ ਹੀ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਵਿੱਦਿਆਕ ਦੇ ਨਾਲ -ਨਾਲ ਹੋਰ ਕਲਾਤਮਕ ਰੁਚੀਆਂ ਤੋਂ ਵੀ ਜਾਣੂ ਕਰਵਾਇਆ ਜਾ ਸਕਦਾ ਹੈ।ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਨਾਲ ਦੋ ਚਾਰ ਹੋ ਰਹੇ ਸਰਕਾਰੀ ਸਕੂਲਾਂ ਨੂੰ ਇਹਨਾਂ ਮਾਪੇ ਅਧਿਆਪਕ ਮਿਲਣੀਆਂ ਤੋਂ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਰਕਾਰੀ ਸਕੂਲ ਵੀ ਮਾਪੇ-ਅਧਿਆਪਕ ਮਿਲਣੀ ਦਾ ਮਹੱਤਵ ਸਮਝਣ ਲੱਗੇ



