ਪਹਿਲਾਂ ਆਸਾ ਰਾਮ ਤੇ ਹੁਣ ਰਾਮਪਾਲ ਦੀ ਘਟਨਾ ਤੋਂ ਬਾਅਦ ਭਾਰਤ ਦੇ ਹਰ ਸੰਤ ਨੂੰ ਸ਼ੱਕ ਦੀ ਨਜ਼ਰੇ ਵੇਖਿਆ ਜਾ ਰਿਹਾ ਹੈ। ਸ਼ੱਕ ਕੀਤਾ ਵੀ ਕਿਓਂ ਨਾ ਜਾਵੇ, ਜਦ ਹਰ ਸੰਤ ਆਪਦੇ ਪਿੱਛੇ ਇੱਕ ਰਹੱਸ ਛੁਪਾਈ ਫਿਰ ਰਿਹਾ ਹੈ। ਬਹੁਤੇ ਸੰਤ ਤਾਂ ਖਰਮਸਤੀਆਂ ਕਰਦੇ ਕਰਦੇ ਬਾਬੇ ਬਣ ਗਏ। ਹੁਣ ਕਈ ਬਾਬਿਆਂ ਦਾ ਕੰਮ ਜ਼ਮੀਨਾਂ ਦੇ ਕਬਜੇ ਛੁਡਾਉਣਾ ਜਾਂ ਕਬਜੇ ਕਰਨਾ ਹੈ। ਬਹੁਤ ਸਾਰਿਆਂ ’ਤੇ ਫੌਜਦਾਰੀ ਕੇਸ ਚੱਲ ਰਹੇ ਹਨ। ਪਰ ਲੋਕਾਂ ਦੀ ਉਹਨਾਂ ਪ੍ਰਤੀ ਅੰਨ੍ਹੀ ਸ਼ਰਧਾ ਹੈ ਜਦ ਕਿ ਹਰ ਸ਼ਰਧਾਲੂ ਜਾਣਦਾ ਹੈ ਕਿ ਇਹਨਾਂ ਦੇ ਪੱਲੇ ਕੱਖ ਨਹੀਂ ਜੇ ਆਸਾ ਰਾਮ ਜਾਂ ਰਾਮਪਾਲ ਵਰਗਿਆਂ ਦੇ ਪੱਲੇ ਕੁਝ ਹੁੰਦਾ ਤਾਂ ਆਪਦੀ ਜਾਦੂਈ ਤਾਕਤ ਨਾਲ ਦੁਨੀਆਂ ਪਲਟ ਦਿੰਦੇ, ਦੁਨਿਆਵੀ ਅਦਾਲਤਾਂ ਮੂਹਰੇ ਇੰਝ ਹੱਥ ਜੋੜਕੇ ਨਾ ਖੜਦੇ। ਜਿਹੜੇ ਬੰਦੇ ਨੂੰ ਆਪਦਾ ਰਸਤਾ ਨਹੀਂ ਪਤਾ ਉਹ ਸ਼ਰਧਾਲੂਆਂ ਨੂੰ ਕੀ ਰਸਤਾ ਵਿਖਾਵੇਗਾ। ਇਹੋ ਜਿਹੇ ਬਾਬਿਆਂ ਕੋਲ ਬੈਠ ਜਾਉ ਘਟੀਆ ਜਹੀਆਂ, ਬੇਵਕੂਫਾਂ ਵਾਲੀਆਂ ਗੱਲਾਂ ਹੀ ਕਰੀ ਜਾਣਗੇ। ਬਾਣੀ ਦੇ ਚਾਰ ਸ਼ਬਦ ਕੰਠ ਕੀਤੇ ਹੁੰਦੇ ਹਨ, ਬੱਸ ਉਹਨੂੰ ਹੀ ਗਲਤ ਮਲਤ ਬਿਆਨ ਕਰੀ ਜਾਂਦੇ ਹਨ। ਅਜਿਹਾ ਹੀ ਇੱਕ ਸੰਤ ਸਾਡੇ ਪਿੰਡ ਦਾ ਵੀ ਸੀ। ਇਹਨੂੰ ਮੈਂ ਆਪਦੇ ਬਚਪਨ ਤੋਂ ਹੀ ਜਾਣਦਾ ਹਾਂ। ਪਹਿਲਾਂ ਇਹ ਸਧਾਰਨ ਜਿਹਾ ਕਿਸਾਨ ਸੀ ਇਹਦੇ ਕੋਲ ਇੱਕ ਝੌਟਾ ਤੇ ਬਲਦ ਹੁੰਦਾ ਸੀ ਜਿਹਦੇ ਨਾਲ ਹਲ਼ ਵਾਹੁੰਦਾ ਹੁੰਦਾ ਸੀ। ਇੱਕ ਵਾਰ ਹਲ਼ ਵਾਹੁੰਦੇ ਵਾਹੁੰਦੇ ਫਾਲਾ ਥੱਲ੍ਹੇ ਫਸ ਗਿਆ। ਉਹਨੂੰ ਸ਼ੱਕ ਪਿਆ ਕਿ ਥੱਲ੍ਹੇ ਕੁਝ ਹੈ। ਕਹੀ ਲੈ ਕੇ ਜ਼ਮੀਨ ਪੁੱਟਣ ਲੱਗਾ ਫੁੱਟ ਡੇਢ ਫੁੱਟ ਤੇ ਜਾ ਕੇ ਕਿਰਪਾਨਾ, ਭਾਲੇ, ਬਰਛੇ, ਛਬੀਆਂ ਕਾਫੀ ਮਾਤਰਾ ਵਿੱਚ ਨਿਕਲ ਆਏ। ਉਹਨੂੰ ਪਤਾ ਨਹੀਂ ਕੀ ਫੌਰਿਆ ਉਹਨੇ ਪੁਲਿਸ ਨੂੰ ਸੂਚਿਤ ਕੀਤੇ ਬਿਨ੍ਹਾਂ ਸਾਰਾ ਸਮਾਨ ਚੁੱਕ ਕੇ ਆਪਦੇ ਘਰੇ ਸਜਾ ਕੇ ਰੱਖ ਦਿੱਤਾ। ਤੇ ਰੌਲਾ ਪਾ ਦਿੱਤਾ ਕਿ ਮੇਰੇ ਖੇਤਾਂ ਵਿੱਚੋਂ ਗੁਰੂ ਸਹਿਬਾਂ ਦੇ ਹਥਿਆਰ ਮਿਲੇ ਹਨ। ਗੱਲ ਇੱਕ ਕੰਨੋਂ ਦੂਜੇ ਕੰਨ ਹੁੰਦੀ ਹੋਈ ਪੂਰੇ ਪਿੰਡ ਵਿੱਚ ਫੈਲ ਗਈ। ਹਥਿਆਰਾਂ ਦੇ ਦਰਸ਼ਨਾਂ ਲਈ ਸ਼ਰਧਾ ਨਾਲ ਭਰੇ ਹੋਏ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। ਮੈਂ ਉਦੋਂ ਪ੍ਰਾਇਮਰੀ ਵਿੱਚ ਪੜ੍ਹਦਾ ਸਾਂ। ਸ਼ਰਧਾਵਾਨ ਹੋਈ ਮੇਰੀ ਮਾਂ ਵੀ ਹਥਿਆਰਾਂ ਦੇ ਦਰਸ਼ਨ ਕਰਾਉਣ ਲਈ ਮੈਂਨੂੰ ਨਾਲ ਲੈ ਗਈ। ਹਥਿਆਰਾਂ ਮੁਹਰੇ ਧੂਫ ਬੱਤੀ ਜਲ ਰਹੀ ਸੀ ਤੇ ਇਹ ਕਿਸਾਨ ਗਰੀਬੜਾ ਜਿਹਾ ਬਣ ਕੇ ਲੋਕਾਂ ਨੂੰ ਗਾਈਡ ਕਰ ਰਿਹਾ ਸੀ ਇਹ ਫਲਾਂ ਗੁਰੂ ਜੀ ਦੇ ਹੱਥਾਂ ਦੀ ਛੋਹ ਪ੍ਰਾਪਤ ਹਥਿਆਰ ਹਨ। ਮੈਂ ਵੇਖਿਆ ਕੇ ਉਸ ਵੇਲੇ ਹਥਿਆਰਾਂ ਮੁਹਰੇ ਮਾਇਆ ਦਾ ਚੰਗਾ ਢੇਰ ਲੱਗਿਆ ਪਿਆ ਸੀ। ਸ਼ਰਧਾ ਵਿੱਚ ਭਰੇ ਹੋਏ ਲੋਕੀ ਉਸ ਕਿਸਾਨ ਦੇ ਪੈਰਾਂ ਨੂੰ ਵੀ ਹੱਥ ਲਾ ਰਹੇ ਸਨ। ਕੁਝ ਦਿਨਾਂ ਬਾਅਦ ਦੇਖਿਆ ਕਿ ਇਸ ਬੰਦੇ ਨੇ ਚੋਲਾ ਧਾਰਨ ਕਰ ਲਿਆ ਹੈ। ਹੁਣ ਇਹ ਬਾਬਾ ਬਣ ਚੁੱਕਿਆ ਸੀ। ਪਰ ਹਥਿਆਰਾਂ ਬਾਰੇ ਅੱਜ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਇਸ ਦੇ ਖੇਤ ਵਿੱਚ ਹਥਿਆਰ ਕਿਵੇਂ ਆ ਗਏ ਜਦ ਕਿ ਕਿਸੇ ਵੀ ਗੁਰੂ ਸਾਹਿਬ ਦਾ ਇਹਦੇ ਖੇਤਾਂ ਵੱਲ ਨੰ ਨੂੂੰਟ ਨਹੀਂ ਸੀ। ਤੇ ਇਹਦੇ ਬਾਰੇ ਕੋਈ ਵੀ ਅਧਿਕਾਰਤ ਸੱਚਾਈ ਸਾਹਮਣੇ ਨਹੀਂ ਆਈ। ਕਈ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਇਹ ਹਥਿਆਰ ਕੋਈ ਲੁਟੇਰਾ ਦੱਬ ਗਿਆ ਹੋਵੇਗਾ। ਤੇ ਬਹੁਤਿਆਂ ਦਾ ਇਹ ਮੱਤ ਸੀ ਕਿ ਬਾਬਾ ਚਾਲੂ ਆ ਇਹਨੇ ਆਪ ਹੀ ਹਥਿਆਰ ਦੱਬ ਕੇ ਕੱਢ ਲਏ ਹੋਣਗੇ। ਜਦ ਲੋਕ ਹਥਿਆਰਾਂ ਬਾਰੇ ਜਿਆਦਾ ਪੁੱਛ-ਗਿੱਛ ਕਰਨ ਲੱਗੇ ਤਾਂ ਪਤਾ ਲੱਗਾ ਕਿ ਉਹ ਹਥਿਆਰ ਹੀ ਗਾਇਬ ਹੋ ਗਏ ਨੇ। ਹੁਣ ਇਸ ਬਾਬੇ ਦਾ ਚੰਗਾ ਵੱਡਾ ਡੇਰਾ ਬਣ ਚੁੱਕਿਆ ਸੀ। ਜਿੱਥੇ ਹਰ ਪੁੰਨਿਆ ਮੱਸਿਆ ਨੁੰ ਮੇਲਾ ਲੱਗਦਾ ਤੇ ਸ਼ਹਿਰ ਦੇ ਅਤੇ ਆਸੇ-ਪਾਸੇ ਦੇ ਤਕਰੀਬਨ ਸਾਰੇ ਹੀ ਸਿਆਸੀ ਬੰਦੇ ਇੱਥੇ ਹਾਜਰੀ ਲਵਾਉਣ ਆਉਂਦੇ। ਬਹੁਤ ਸਾਰੇ ਸਰਕਾਰੀ ਬੰਦਿਆਂ ਦਾ ਵੀ ਇੱਥੇ ਆਉਣਾ-ਜਾਣਾ ਸੀ। ਬਾਬਾ ਸਿਆਸੀ ਵਿਚੋਲਗਿਰੀ ਵੀ ਕਰਨ ਲੱਗਾ ਸੀ। ਕਿਸੇ ਦੀ ਸਿਫਾਰਸ਼ ਕਰਨੀ, ਕਿਸੇ ਦੀ ਬਦਲੀ ਕਰਵਾਉਣੀ ਬਾਬੇ ਦੇ ਰਾਹੀਂ ਉਮੀਦ ਕੀਤੀ ਜਾਂਦੀ ਸੀ ਕਿ ਕੰਮ ਹੋ ਜਾਵੇਗਾ। ਬੇਸ਼ੱਕ ਇਸ ਬਾਬੇ ਪ੍ਰਤੀ ਮੇਰੀ ਕੋਈ ਸ਼ਰਧਾ ਨਹੀਂ ਸੀ ਤੇ ਨਾ ਹੀ ਮੈਂ ਇਸ ਦੇ ਪੈਰਾਂ ਨੂੰ ਕਦੇ ਹੱਥ ਲਾਇਆ ਸੀ ਪਰ ਦੁਨੀਆਦਾਰੀ ਕਰਕੇ ਮੈਂ ਵੀ ਕਈ ਵਾਰ ਉ¤ਥੇ ਗਿਆ ਤੇ ਇਸ ਬਾਬੇ ਦੇ ਨਜਦੀਕ ਬੈਠਣ ਦਾ ਵੀ ਮੌਕਾ ਮਿਲਿਆ। ਬਾਬੇ ਕੋਲ ਜਬਲੀਆਂ ਤੋਂ ਇਲਾਵਾ ਕੋਈ ਗੱਲ ਨਹੀਂ ਸੀ। ਬਾਬੇ ਦੇ ਦਰਸ਼ਨਾਂ ਵੇਲੇ ਮੇਰੇ ਪਿਤਾ ਜੀ ਵੀ ਅਕਸਰ ਮੇਰੇ ਨਾਲ ਹੀ ਹੋਇਆ ਕਰਦੇ ਸਨ। ਪਹਿਲੀਆਂ ਵਿੱਚ ਮੇਰੇ ਪਿਤਾ ਜੀ ਨੂੰ ਘੋਰ ਗਰੀਬੀ ਨੇ ਨੱਪਿਆ ਹੋਇਆ ਸੀ। ਵਧੀਆ ਲੀੜਾ-ਲੱਤਾ ਤਾਂ ਕੀ ਖਾਣੇ ਦਾ ਵੀ ਔੜ ਪਿਆ ਹੋਇਆ ਸੀ। ਬਾਬੇ ਨੇ ਸਾਡੇ ਪਰਿਵਾਰ ਨੂੰ ਏਸ ਆਲਮ ਵਿੱਚ ਵੇਖਿਆ ਹੋਇਆ ਸੀ ਪਰ ਹੁਣ ਜਦ ਮੈਂ ਤੇ ਮੇਰੇ ਪਿਤਾ ਜੀ ਏਹਦੇ ਕੋਲ ਜਾਂਦੇ, ਸਾਡੇ ਕੋਲ ਆਪਦੀ ਕਾਰ ਸੀ, ਪਿਤਾ ਜੀ ਵਧੀਆ ਕੱਪੜਿਆ ਵਿੱਚ ਹੁੰਦੇ ਤੇ ਪੈਰੀਂ ਸੁੱਚੇ ਤਿੱਲੇ ਵਾਲੀ ਜੁੱਤੀ ਹੁੰਦੀ। ਬਾਬੇ ਨੇ ਪਿਤਾ ਜੀ ਦੀ ਕੀਤੀ ਮੇਹਨਤ ਦੀ ਤਾਰੀਫ ਤਾਂ ਕੀ ਕਰਨੀ ਬਲਕਿ ਮਖੌਲ ਉਡਾਉਣਾ, ਬਈ ਹੁਣ ਤਾਂ ਤਿੱਲੇ ਵਾਲੀਆਂ ਜੁੱਤੀਆਂ ਪੈਣ ਲੱਗੀਆਂ ਨੇ। ਪਰ ਪਿਤਾ ਜੀ ਨੇ ਹੱਸਦੇ ਹੱਸਦੇ ਜਵਾਬ ਦੇਣਾ ਕਿ ਇਹ ਸਭ ਤੁਹਾਡਾ ਹੀ ਪ੍ਰਤਾਪ ਹੈ। ਮੈਂ ਦਿਲੋਂ ਸੋਚਦਾ ਕਿ ਇਹਦਾ ਜੇ ਪ੍ਰਤਾਪ ਹੁੰਦਾ ਤਾਂ ਸਾਨੂੰ ਹੁਣ ਵਾਲੀਆਂ ਸਹੂਲਤਾਂ ਕਿੱਥੇ ਨਸੀਬ ਹੋਣੀਆਂ ਸਨ। ਬਾਬੇ ਨੇ ਅੱਗਿਓਂ ਫੁੱਲ ਜਾਣਾ ਪਰ ਮੈਨੂੰ ਬਾਬੇ ਦੀਆਂ ਇਹਨਾਂ ਗੱਲਾਂ ਤੇ ਗੁੱਸਾ ਆਉਂਦਾ ਸੀ। ਦਿਲ ਕਰਦਾ ਸੀ ਇਹਨੂੰ ਆਖਾਂ ਅਸੀਂ ਮੇਹਨਤ ਕੀਤੀ ਹੈ ਤੇਰੇ ਵਾਂਗੂੰ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ। ਕੁਝ ਕੁ ਸਾਲ ਹੋਏ ਬਾਬਾ ਚੜ੍ਹਾਈ ਕਰ ਗਿਆ ਇਹਦੀ ਲਾਸ਼ ਨੂੰ ਵੱਡੇ ਖੁੱਲ੍ਹੇ ਟਰੱਕ ਤੇ ਪਾ ਕੇ ਸਾਰੇ ਸ਼ਹਿਰ ਵਿੱਚੋਂ ਜਲੂਸ ਦੀ ਸ਼ਕਲ ਵਿੱਚ ਯਾਤਰਾ ਕੱਢੀ ਗਈ। ਲੋਕਾਂ ਦਾ ਹਜੂਮ ਦੇਖਣ ਵਾਲਾ ਸੀ। ਸਾਰੇ ਬਾਬੇ ਦੇ ਜੈਕਾਰੇ ਲਾ ਰਹੇ ਸਨ। ਸ਼ਹਿਰ ਦੇ ਚੌਧਰੀ ਟਰੱਕ ਉ¤ਤੇ ਬਾਬੇ ਦੀ ਲਾਸ਼ ਨਾਲ ਸਜੇ ਬੈਠੇ ਸਨ। ਇਹਨਾਂ ਵਲੋਂ ਹੀ ਫੈਸਲਾਂ ਕੀਤਾ ਗਿਆ ਸੀ ਕਿ ਬਾਬੇ ਨੂੰ ਅਗਨ ਭੇਂਟ ਨਾ ਕਰਕੇ ਜਲ ਸਮਾਧੀ ਦੁਆ ਦਿੱਤੀ ਜਾਵੇ। ਜਲੂਸ ਦਰਿਆ ਵੱਲ ਨੂੰ ਹੋ ਤੁਰਿਆ। ਲੋਕ ਹਜਾਰਾਂ ਦੀ ਗਿਣਤੀ ਵਿੱਚ ਸਨ। ਦਰਿਆ ਦੇ ਕਿਨਾਰੇ ਪਹੁੰਚ ਕੇ ਬਾਬੇ ਦੀ ਲਾਸ਼ ਟਰੱਕ ਚੋਂ ਉਤਾਰ ਕੇ ਕਿਸ਼ਤੀ ਵਿੱਚ ਪਾ ਲਈ ਗਈ ਤੇ ਚਾਰ-ਪੰਜ ਸ਼ਰਧਾਲੂ ਨਾਲ ਬਹਿ ਕੇ ਕਿਸ਼ਤੀ ਦਰਿਆ ਦੇ ਵਿਚਕਾਰ ਲੈ ਗਏ। ਜਦ ਲਾਸ਼ ਨੂੰ ਪਾਣੀ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਕਿਸ਼ਤੀ ਉਲਟ ਗਈ। ਲਾਸ਼ ਸਮੇਤ ਚਾਰੇ-ਪੰਜੇ ਸ਼ਰਧਾਲੂ ਦਰਿਆ ਵਿੱਚ ਡੁੱਬ ਗਏ। ਇਹਨਾਂ ਵਿੱਚੋਂ ਇੱਕ ਨੂੰ ਤੈਰਨਾ ਆਉਂਦਾ ਸੀ ਉਹ ਬਾਹਰ ਆ ਗਿਆ ਬਾਕੀ ਸਾਰੇ ਬਾਬੇ ਸਮੇਤ ਜਲ ਸਮਾਧੀ ਲੈ ਗਏ। ਬਾਬੇ ਦੀ ਅੱਜ ਵੀ ਮਾਨਤਾ ਹੈ।
ਬਾਬਿਆਂ ਦੇ ਕੀ ਕਹਿਣੇ



