ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਤਿੰਨਾਂ ਵਰ੍ਹਿਆਂ ਦੌਰਾਨ ਆਪਣੀ ਵਜ਼ਾਰਤ ਵਿਚ ਜੋ ਰੱਦੋ ਬਦਲ ਕੀਤੀ ਹੈ ਓੁਸ ਦੀ ਚਰਚਾ ਤਾਂ ਭਾਵੇਂ ਕਈ ਪਹਿਲੂਆਂ ਤੋਂ ਕੀਤੀ ਜਾ ਸਕਦੀ ਹੈ ਪਰ ਪੰਜਾਬ ਦੇ ਅਕਾਲੀਆਂ ਲਈ ਖਾਸ ਕਰਕੇ ਇਸ ਵਿਚ ਵਿਦੇਸ਼ ਸੇਵਾ ਦੇ ਇਕ ਸਾਬਕਾ ਅਧਿਕਾਰੀ ਹਰਦੀਪ ਸਿੰਘ ਪੁਰੀ ਦੀ ਸ਼ਮੂਲੀਅਤ ਨੂੰ ਹੁਣ ਤੋਂ ਖਤਰੇ ਦੀ ਘੰਟੀ ਕਰਕੇ ਮੰਨਿਆ ਜਾਣ ਲੱਗਾ ਹੈ। ਵੱਡੀ ਵਜ੍ਹਾ ਇਸ ਦੀ ਇਹ ਹੈ ਕਿ ਨਰਿੰਦਰ ਮੋਦੀ ਆਪਣੀ ਵਜ਼ਾਰਤ ਵਿਚ ਇਕ ਐੇਸਾ ਸਿੱਖ ਚਿਹਰਾ ਪੇਸ਼ ਕਰਨਾ ਚਾਹੁੰਦੇ ਸਨ ਜੋ ਕੱਲ੍ਹ ਕੋੱਤਰ ਨੂੰ ਭਾਰਤੀ ਜਨਤਾ ਪਾਰਟੀ ਦੀ ਮਜਬੂਤ ਬਾਂਹ ਬਣ ਸਕੇ। ਇਸ ਲਈ ਭਾਵੇਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੂਰਾ ਪੂਰਾ ਜ਼ੋਰ ਲਾ ਰਹੇ ਸਨ ਪਰ ਜਿਸ ਪਾਸਿਓ ਜ਼ੋਰ ਲਗਣਾ ਚਾਹੀਦਾ ਸੀ ਓੁਨ੍ਹਾਂ ਨੇ ਚੁਪ ਵੱਟ ਲਈ ਸੀ ਅਤੇ ਵੱਟੀ ਵੀ ਇਸ ਕਰਕੇ ਕਿ ਓੁਹ ਤਾਂ ਸਗੋਂ ਹਰਸਿਮਰਤ ਕੌਰ ਬਾਦਲ ਨੂੰ ਕੋਈ ਚੰਗਾ ਜਿਹਾ ਮਹਿਕਮਾ ਦਿਵਾਓੁਣਾ ਚਾਹੁੰਦੇ ਸਨ। ਸਾਫ ਹੈ ਕਿ ਇਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਪਿਓੁ ਪੁੱਤ ਦੀ ਜੋੜੀ ਹੈ ਜਿਸ ਵਿਚ ਖਾਸ ਕਰਕੇ ਵੱਡੇ ਬਾਦਲ ਨਾਲ ਭਾਜਪਾ ਹਾਈ ਕਮਾਂਡ ਦੀ ਕਾਫੀ ਨਿਭਦੀ ਹੈ ਬਲਕਿ ਹਾਈ ਕਮਾਂਡ ਦੀਆਂ ਨਜ਼ਰਾਂ ਵਿੱਚ ਸ੍ਰੀ ਬਾਦਲ ਦਾ ਵਾਹਵਾ ਸਤਿਕਾਰ ਮੰਨਿਆ ਜਾਂਦਾ ਹੈ। ਇਹ ਕਹਿਣਾ ਕਾਫੀ ਹੱਦ ਤੱਕ ਵਾਜਬ ਹੀ ਹੋਵੇਗਾ ਕਿ ਜੇ ਸ. ਪ੍ਰਕਾਸ਼ ਸਿੰਘ ਬਾਦਲ ਨਿੱਜੀ ਤੌਰ ਤੇ ਪ੍ਰਧਾਨ ਮੰਤਰੀ ਨੂੰ ਪ੍ਰੋ. ਚੰਦੂਮਾਜਰਾ ਲਈ ਪ੍ਰੇਰਦੇ ਤਾਂ ਗੱਲ ਬਣ ਸਕਦੀ ਸੀ। ਓੁਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਦਾ ਕਾਰਨ ਵੀ ਓੁਪਰ ਦੱਸਿਆ ਹੀ ਗਿਆ ਹੈ। ਭਾਵੇਂ ਸਰਕਾਰ ਵਿਚ ਪਹਿਲਾਂ ਹੀ ਇਕ ਸਿੱਖ, ਐਸ.ਐਸ. ਆਹਲੂਵਾਲੀਆ ਸ਼ਾਮਲ ਹਨ ਪਰ ਓੁਨਾਂ ਦੀਆਂ ਚੂੰਕਿ ਅਰੁਣ ਜੇਤਲੀ ਨਾਲ ਦੂਰੀਆਂ ਵੱਧ ਗਈਆਂ ਹਨ, ਇਸ ਲਈ ਹਰਦੀਪ ਪੁਰੀ ਦੇ ਨਾਂ ਦਾ ਗੁਣਾਂ ਪੈ ਗਿਆ। ਪੁਰੀ ਦੀ ਨਾ ਕੇਵਲ ਅਰੁਣ ਜੇਤਲੀ ਨਾਲ ਨੇੜਤਾ ਹੈ ਸਗੋਂ ਓੁਸ ਤੋਂ ਵੀ ਵੱਧ ਨਰਿੰਦਰ ਮੋਦੀ ਨਾਲ ਹੈ। ਓੁਹ ਇਸ ਲਈ ਵੀ ਕਿ ਓੁਹ ਪਿਛਲੇ ਤਿੰਨਾਂ ਸਾਲਾਂ ਤੋਂ ਭਾਜਪਾ ਨਾਲ ਜੁੜੇ ਹੋਏ ਸਨ। ਨਰਿੰਦਰ ਮੋਦੀ ਨੇ ਵਜ਼ਾਰਤ ਵਿੱਚੋਂ ਜੋ ਚਿਹਰੇ ਬਾਹਰ ਕੱਢੇ, ਕੁਝ ਨੂੰ ਤਰੱਕੀਆਂ ਦਿੱਤੀਆਂ ਅਤੇ ਕੁਝ ਦੇ ਮਹਿਕਮੇ ਵੀ ਬਦਲੇ ਗਏ। ਇਸੇ ਤਰ੍ਹਾਂ ਕੁਝ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ, ਇਨ੍ਹਾਂ ਬਾਰੇ ਓੁਨ੍ਹਾਂ ਨੇ ਅਰੁਣ ਜੇਤਲੀ ਜਾਂ ਆਪਣੇ ਕਿਸੇ ਹੋਰ ਨੇੜੂ ਨਾਲ ਸਲਾਹ ਮਸ਼ਵਰਾ ਕੀਤਾ ਜਾਂ ਨਹੀਂ ਇਹ ਤਾਂ ਓੁਹੀਓ ਬਿਹਤਰ ਜਾਣਦੇ ਹੋਣਗੇ। ਸ਼ਾਇਦ ਬਹੁਤੇ ਵਜ਼ਾਰਤੀ ਸਾਥੀਆਂ ਨੂੰ ਵੀ ਅਖਬਾਰ ਪੜ੍ਹ ਕੇ ਪਤਾ ਲੱਗਾ ਹੋਵੇਗਾ ਕਿ ਕੌਣ ਜਾ ਰਿਹਾ ਹੈ ਅਤੇ ਕੌਣ ਆ ਰਿਹਾ ਹੈ।
ਇਸ ਰੱਦੋ ਬਦਲ ਦੀ ਇਕ ਖਾਸ ਗੱਲ ਇਹ ਹੈ ਕਿ ਇਸ ਵਿਚ ਚਾਰ ਸਾਬਕਾ ਅਫਸਰਸ਼ਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਹੀ ਇਕ ਹਰਦੀਪ ਸਿੰਘ ਪੁਰੀ ਸ਼ਾਮਲ ਹਨ। ਸ੍ਰੀ ਪੁਰੀ ਵਿਦੇਸ਼ ਸੇਵਾ ਦੇ ਬੜੇ ਸੀਨੀਅਰ ਅਧਿਕਾਰੀ ਰਹਿ ਚੁੱਕੇ ਹਨ। ਓੁਹ ਕਈ ਮੁਲਕਾਂ ‘ਚ ਰਾਜਦੂਤ ਰਹੇ ਹਨ ਅਤੇ ਸੰਯੁਕਤ ਰਾਸ਼ਟਰ ਵਿਚ ਵੀ ਬੜਾ ਪ੍ਰਭਾਵਸ਼ਾਲੀ ਕੰਮ ਕੀਤਾ ਹੈ। ਓੁਨ੍ਹਾਂ ਨੂੰ ਵਿਦੇਸ਼ ਨੀਤੀ ਦੇ ਤਕੜੇ ਮਾਹਿਰ ਮੰਨਿਆ ਗਿਆ ਹੈ। ਦੂਜਿਆਂ ਵਿਚ ਡੀ.ਡੀ.ਏ. ਦੇ ਸਾਬਕਾ ਕਮਿਸ਼ਨਰ, ਇਕ ਸਾਬਕਾ ਪੁਲਿਸ ਅਧਿਕਾਰੀ ਅਤੇ ਇਕ ਸਾਬਕਾ ਗ੍ਰਹਿ ਸਕੱਤਰ ਹਨ। ਭਾਰਤੀ ਲੋਕਰਾਜ ਦੇ ਇਤਿਹਾਸ ਵਿੱਚ ਇਹ ਸ਼ਾਇਦ ਪਹਿਲਾ ਮੌਕਾ ਹੋਵੇ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਇਕੱਠੇ ਹੀ ਚਾਰ ਸਾਬਕਾ ਅਫਸਰਸ਼ਾਹਾਂ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਹੋਵੇ। ਇਕਾ ਦੁੱਕਾ ਅਫਸਰਸ਼ਾਹ ਤਾਂ ਪਹਿਲਾਂ ਵੀ ਜ਼ਰੂਰ ਮੰਤਰੀ ਬਣਦੇ ਰਹੇ ਹਨ। ਪੀ.ਵੀ. ਨਰਸਿਮਹਾ ਰਾਓ ਨੇ 1992 ਵਿੱਚ ਡਾ. ਮਨਮੋਹਨ ਸਿੰਘ ਨੂੰ ਸਿੱਧਾ ਹੀ ਖਜ਼ਾਨੇ ਦੀਆਂ ਚਾਬੀਆਂ ਸੌਂਪ ਦਿੱਤੀਆਂ ਅਤੇ ਓੁਥੋਂ ਹੀ ਸ਼ਾਇਦ ਓੁਨ੍ਹਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਸੀ। ਮੋਟੇ ਤੌਰ ਤੇ ਇਹ ਚਾਰੇ ਸਾਬਕਾ ਅਫਸਰਸ਼ਾਹ ਪ੍ਰਧਾਨ ਮੰਤਰੀ ਦੀ ਚੋਣ ਹਨ ਜਿਨ੍ਹਾਂ ਨੇ ਸਿਆਸੀ ਨੇਤਾਵਾਂ ਨੂੰ ਇਹ ਸੰਕੇਤ ਵੀ ਦਿੱਤਾ ਹੈ ਕਿ ਦੇਸ਼ ਨੂੰ ਅਫਸਰਸ਼ਾਹ ਵੀ ਸਿਆਸਤਦਾਨਾਂ ਵਾਂਗ ਚਲਾ ਸਕਦੇ ਹਨ। ਇਕ ਸੂਤਰ ਮੁਤਾਬਕ ਜਦੋਂ ਮੋਦੀ ਨੇ ਸ੍ਰੀ ਪੁਰੀ ਨੂੰ ਵਜ਼ੀਰ ਬਣਾਉਣ ਦਾ ਮਨ ਬਣਾ ਲਿਆ ਤਾਂ ਓੁਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਫੋਨ ਕੀਤਾ ਅਤੇ ਇਸ ਹਕੀਕਤ ਤੋਂ ਜਾਣੂ ਕਰਾਇਆ। ਮੋਦੀ ਨੇ ਹਰਦੀਪ ਪੁਰੀ ਨੂੰ ਫੋਨ ‘ਤੇ ਪੁੱਛਿਆ ਸੀ ਕਿ ਓੁਹ ਇਸ ਵੇਲੇ ਕਿਥੇ ਹਨ? ਅੱਗੋ ਜਵਾਬ ਸੀ ਕਿ ਓੁਹ ਸ੍ਰੀ ਲੰਕਾ ਵਿਚ ਹਨ ਤਾਂ ਓੁਨ੍ਹਾਂ ਨੂੰ ਤਿੰਨ ਸਤੰਬਰ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕੱਣ ਲਈ ਹੋਣ ਵਾਲੇ ਸਮਾਗਮ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ।
ਸਵਾਲ ਜਿਥੋ ਤੱਕ ਹਰਦੀਪ ਪੁਰੀ ਦਾ ਸ਼੍ਰੋਮਣੀ ਅਕਾਲੀ ਦਲ ਲਈ ਖਤਰੇ ਦੀ ਘੰਟੀ ਬਣਨ ਦਾ ਹੈ ਓੁਹ ਇਹ ਕਿ ਇਹ ਤੱਥ ਤਾਂ ਸਭ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਆਪਸ ਵਿਚ ਠੀਕ ਤਰ੍ਹਾਂ ਨਹੀਂ ਨਿਭ ਰਹੀ ਅਤੇ ਇਹ ਸਿਲਸਿਲਾ ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਪਿਛੋਂ ਸ਼ੁਰੂ ਹੋਇਆ। ਜਿੰਨਾਂ ਚਿਰ ਸ. ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਓੁਨ੍ਹਾਂ ਚਿਰ ਦੋਹਾਂ ਧਿਰਾਂ ਵਿਚ ਚੰਗੀ ਨਿਭਦੀ ਰਹੀ ਬਲਕਿ ਇਹ ਪ੍ਰਕਾਸ਼ ਸਿੰਘ ਬਾਦਲ ਹਨ ਜਿਨ੍ਹਾਂ ਨੇ ਪੰਜਾਬ ਸਿਆਸਤ ਦੀ ਨਬਜ਼ ਭਾਂਪਦਿਆਂ ਨੱਬੇਵਿਆਂ ਦੇ ਅੱਧ ਵਿਚ ਭਾਜਪਾ ਨਾਲ ਦੋਸਤੀ ਕਰ ਲਈ ਸੀ। ਅਸਲ ਵਿਚ ਸ੍ਰੀ ਬਾਦਲ ਨੂੰ ਇਹ ਇਲਮ ਹੋ ਚੁੱਕਾ ਸੀ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਇਕੱਲਾ ਸਰਕਾਰ ਨਹੀਂ ਬਣਾ ਸਕਦਾ। ਇਸ ਨੂੰ ਗਠਜੋੜ ਲਈ ਇਕ ਹੋਰ ਗਰੁੱਪ ਦੀ ਲੋੜ ਹੈ। ਕਾਂਗਰਸ ਨਾਲ ਚੂੰਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਕਦੀ ਸੋਚਿਆ ਹੀ ਨਹੀਂ ਜਾ ਸਕਦਾ ਇਸ ਲਈ ਸ਼੍ਰੋਮਣੀ ਅਕਾਲੀ ਅਤੇ ਭਾਜਪਾ ਨੇ ਆਪਸ ਵਿਚ ਸਾਂਝ ਪਾ ਲਈ ਇਹ ਸਾਂਝ ਕੇਵਲ ਪੰਜਾਬ ਵਿਚ ਹੀ ਨਹੀਂ ਸਗੋ ਦਿੱਲੀ ਵਿੱਚ ਵੀ ਹੈ। 1996-97 ਵਿਚ ਜਦੋਂ ਐਨ.ਡੀ.ਏ. ਦੀ ਅਗਵਾਈ ਹੇਠ ਸ੍ਰੀ ਅਟੱਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਤਾਂ ਇਹ ਸ੍ਰੀ ਬਾਦਲ ਹੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਭਾਜਪਾ ਮੁਖੀ ਓੁਸ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਓੁਸ ਵੇਲੇ ਭਾਜਪਾ ਹਾਈ ਕਮਾਂਡ ਵਿਚ ਸ੍ਰੀ ਵਾਜਪਾਈ, ਐਲ. ਕੇ. ਅਡਵਾਨੀ ਅਤੇ ਡਾ. ਮੁਰਲੀ ਮਨੋਹਰ ਜੋਸ਼ੀ ਵਰਗੀ ਲੀਡਰਸ਼ਿਪ ਸੀ। ਨਰਿੰਦਰ ਮੋਦੀ ਹਾਈ ਕਮਾਂਡ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਸੀ।
ਇਹੋ ਵਜ੍ਹਾ ਹੈ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅੱਜ ਵੀ ਸ੍ਰੀ ਬਾਦਲ ਦਾ ਬੜਾ ਮਾਣ ਸਤਿਕਾਰ ਕਰਦੀ ਹੈ ਇਕ ਵੇਲੇ ਤਾਂ ਓੁਸਨੇ ਓੁਨ੍ਹਾਂ ਨੂੰ ਓੁਪ ਰਾਸ਼ਟਰਪਤੀ ਦਾ ਅਹੁਦਾ ਦੇਣ ਬਾਰੇ ਵੀ ਮਨ ਬਣਾ ਲਿਆ ਸੀ ਪਰ ਸ੍ਰੀ ਬਾਦਲ ਨੇ ਇਹ ਕਹਿਕੇ ਨਾਂਹ ਕਰ ਦਿੱਤੀ ਸੀ ਕਿ ਓੁਹ ਪੰਜਾਬ ਵਿਚ ਹੀ ਰਹਿਣਾ ਚਾਹੁੰਦੇ ਹਨ। ਓੁਦੋਂ ਤੋਂ ਹੀ ਪੰਜਾਬ ਵਿਚ ਸ੍ਰੀ ਬਾਦਲ ਦੀ ਅਗਵਾਈ ਹੇਠ ਤਿੰਨ ਵਾਰੀ ਜਿਹੜੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ ਓੁਸ ਵਿਚ ਭਾਜਪਾ ਪੂਰੀ ਤਰ੍ਹਾਂ ਸ਼ਾਮਲ ਰਹੀ। ਇਸ ਦੌਰਾਨ ਭਾਵੇਂ ਦੋਹਾਂ ਵਿਚ ਛੋਟੇ ਮੋਟੇ ਮਤਭੇਦ ਹੁੰਦੇ ਰਹੇ ਹਨ ਪਰ ਇਹ ਸ੍ਰੀ ਬਾਦਲ ਹੀ ਹਨ ਜਿਹੜੇ ਓੁਹ ਮਤਭੇਦ ਨਿਪਟਾ ਕੇ ਭਾਜਪਾ ਲੀਡਰਸ਼ਿਪ ਨੂੰ ਸ਼ਾਂਤ ਕਰਦੇ ਰਹੇ ਹਨ। ਅਸਲ ਵਿਚ ਸੁਖਬੀਰ ਬਾਦਲ ਨੇ ਭਾਵੇਂ 2017 ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾ ਭਾਜਪਾ ਨਾਲੋਂ ਅਲੱਗ ਹੋ ਕੇ ਲੜਣ ਦਾ ਮਨ ਬਣਾ ਲਿਆ ਸੀ ਅਤੇ ਇਸੇ ਤਰ੍ਹਾਂ ਭਾਜਪਾ ਨੇ ਵੀ ਪਰ ਅੰਤ ਨੂੰ ਓੁਹ ਦੋਵੇ ਇਸ ਸਿੱਟੇ ਤੇ ਪਹੁੰਚੇ ਕਿ ਭਾਈਵਾਲ ਤੋਂ ਬਿਨ੍ਹਾਂ ਗੁਜ਼ਾਰਾ ਨਹੀਂ। ਅਕਾਲੀ ਦਲ ਦੀ ਦਸ ਸਾਲਾਂ ਸਰਕਾਰ ਦੌਰਾਨ ਸੁਖਬੀਰ ਬਾਦਲ ਦੀ ਬੜੀ ਚੜਤ ਰਹੀ ਇਸੇ ਲਈ ਓੁਸਨੂੰ ਲਗਦਾ ਸੀ ਕਿ ਪੰਜਾਬ ਵਿਚ ਹੁਣ ਅਕਾਲੀ ਦਲ ਇਕੱਲਾ ਵੀ ਸਰਕਾਰ ਬਣਾ ਸਕਦਾ ਹੈ। ਇਸੇ ਤਰ੍ਹਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੇਤੂ ਰੱਥ ਦਿੱਲੀ ਤੋਂ ਹਰਿਆਣਾ, ਝਾਰਖੰਡ, ਜੰਮੂ ਕਸ਼ਮੀਰ ਤੇ ਮਹਾਰਾਸ਼ਟਰ ਵਲ ਤੁਰਿਆ ਤਾਂ ਭਾਜਪਾ ਨੂੰ ਵੀ ਲੱਗਾ ਕਿ ਓੁਹ ਇਕੱਲੀ ਹੀ ਚੋਣਾ ਲੜ ਸਕਦੀ ਹੈ ਖਾਸ ਕਰਕੇ ਹਰਿਆਣਾ ਵਿਚ ਬਣੀ ਭਾਜਪਾ ਸਰਕਾਰ ਨੂੰ ਵੇਖਕੇ। ਪਰ ਫਿਰ ਫੈਸਲਾ ਬਦਲ ਲਿਆ। ਅਸਲ ਵਿਚ ਦਿੱਲੀ ਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਓੁਨਾਂ ਚਿਰ ਤਕ ਤਾਂ ਰਹੇਗੀ ਹੀ ਜਦੋਂ ਤੱਕ ਸ੍ਰੀ ਬਾਦਲ ਪੰਥਕ ਸਿਆਸਤ ਵਿਚ ਸਰਗਰਮ ਹਨ। ਸੁਖਬੀਰ ਬਾਦਲ ਵੇਲੇ ਹਾਲਾਤ ਕੁਝ ਵੀ ਹੋ ਸਕਦੇ ਹਨ। ਤਾਂ ਵੀ ਨਰਿੰਦਰ ਮੋਦੀ ਨੂੰ ਮਿਲ ਰਹੀਆਂ ਜਿੱਤਾਂ ਪਿਛੇ ਜਿੱਤਾਂ ਅਤੇ ਓੁਨ੍ਹਾਂ ਦੇ ਓੁਚੇ ਹੁੰਦੇ ਪਰਚਮ ਨੂੰ ਵੇਖਕੇ ਲਗਦਾ ਹੈ ਕਿ ਸ਼ਾਇਦ ਕਿਸੇ ਵੇਲੇ ਭਾਜਪਾ ਹੀ ਅਕਾਲੀ ਦਲ ਤੋਂ ਖਹਿੜਾ ਛੁਡਾ ਲਵੇ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਹੁੰਦਿਆਂ ਸਿੱਖ ਸਿਆਸਤ ਅਤੇ ਖਾਸ ਕਰਕੇ ਨਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਬਹੁਤਾ ਨਹੀਂ ਗੌਲਿਆ। ਸ੍ਰੀ ਬਾਦਲ ਜਿਵੇਂ ਮੋਦੀ ਸਰਕਾਰ ਨੂੰ ਆਪਣੇ ਮਿੱਤਰਾਂ ਦੀ ਸਰਕਾਰ ਕਹਿ ਕੇ ਗਰਦਾਨਦੇ ਰਹੇ ਹਨ ਓੁਸ ਦੇ ਮੱਦੇਨਜ਼ਰ ਵੀ ਨਰਿੰਦਰ ਮੋਦੀ ਪਿਛਲੇ ਤਿੰਨਾਂ ਸਾਲਾਂ ਵਿਚ ਪੰਜਾਬ ਦੀ ਬਹੁਤੀ ਬਾਂਹ ਹੀ ਨਹੀਂ ਫੜੀ ਸੀ। ਬਾਦਲ ਇਸ ਸਬੰਧੀ ਭਾਵੇਂ ਕੋਈ ਪ੍ਰਤੀਕਰਮ ਅਜੇ ਵੀ ਨਾ ਕਰਨ ਪਰ ਅੰਦਰੋਂ ਓੁਹ ਮੋਦੀ ਤੋਂ ਬੜੇ ਦੁਖੀ ਹਨ। ਇਸ ਤਰ੍ਹਾਂ ਦੀਆਂ ਆਪਸੀ ਦੂਰੀਆਂ ਸ੍ਰੀ ਹਰਦੀਪ ਪੁਰੀ ਲਈ ਤਾਂ ਸਹਾਈ ਹੋਣਗੀਆਂ ਹੀ ਸਗੋਂ ਇਸ ਨਾਲ ਮੋਦੀ ਦਾ ਅਕਾਲੀ ਦਲ ਨੂੰ ਲਾਂਭੇ ਕਰਨ ਦਾ ਅੰਦਰੂਨੀ ਮੰਤਵ ਵੀ ਪੂਰਾ ਹੋ ਸਕਦਾ ਹੈ। ਪਰ ਇਹ ਤਾਂ ਅਜੇ ਸ਼ੁਰੂਆਤ ਹੀ ਹੈ, ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਸ ਦਾ ਕੀ ਪ੍ਰਭਾਵ ਸਾਹਮਣੇ ਆਵੇਗਾ? ਨਰਿੰਦਰ ਮੋਦੀ ਨੂੰ ਆਪਣੇ ਲਈ ਇੱਕ ਸਿੱਖ ਚਿਹਰਾ ਚਾਹੀਦਾ ਸੀ ਜੋ ਹਰਦੀਪ ਪੁਰੀ ਵਜੋਂ ਮਿਲ ਗਿਆ ਹੈ। ਸ੍ਰੀ ਪੁਰੀ ਭਲੇ ਹੀ ਰਿਟਾਇਰ ਹੋਣ ਪਿਛੋਂ ਸਿੱਖ ਸਿਆਸਤ ਵਿਚ ਨਹੀਂ ਵਿਚਰੇ ਫਿਰ ਵੀ ਓੁਨ੍ਹਾਂ ਦਾ ਸਿੱਖ ਜਗਤ ਵਿਚ ਬੜਾ ਜਾਣਿਆ ਪਛਾਣਿਆ ਨਾਂ ਹੈ। ਓੁਨ੍ਹਾਂ ਦੀ ਰਿਹਾਇਸ਼ ਵੀ ਦਿੱਲੀ ‘ਚ ਹੈ। ਇਸ ਲਈ ਦਿੱਲੀ ਵਿਚ ਵੀ ਓੁਨ੍ਹਾਂ ਦਾ ਅਕਸ ਪਹਿਲਾਂ ਦੇ ਟਾਕਰੇ ਕਿਤੇ ਬਿਹਤਰ ਹੋ ਸਕਦਾ ਹੈ।
ਫਿੱਟ ਮੰਤਰੀ ਨਫਿੱਟ ਅਹੁਦੇ : ਪ੍ਰਧਾਨ ਮੰਤਰੀ ਨੇ ਵਜ਼ਾਰਤ ਵਿਚ ਚਾਰ ਸਾਬਕਾ ਅਫਸਰਸ਼ਾਹਾਂ ਨੂੰ ਕਾਬਲੀਅਤ ਵਿਚ ਫਿੱਟ ਸਮਝਦਿਆਂ ਮੰਤਰੀ ਤਾਂ ਬਣਾ ਦਿਤਾ ਹੈ ਪਰ ਅਹੁਦੇ ਓੁਨਾਂ ਨੂੰ ਬੜੇ ਨਫਿੱਟ ਦਿਤੇ ਹਨ। ਸ੍ਰੀ ਪੁਰੀ ਨੂੰ ਹੀ ਲਓ। ਓੁਹ ਵਿਦੇਸ਼ ਨੀਤੀ ਦੇ ਮਾਹਿਰ ਤੇ ਬੜੇ ਪਾਰਖੂ ਹਨ ਪਰ ਓੁਨ੍ਹਾਂ ਨੂੰ ਅਹੁਦਾ ਕੀ ਦਿਤਾ ਮਕਾਨ ਉਸਾਰੀ ਦਾ ਜੋ ਓੁਨ੍ਹਾਂ ਦੇ ਤਜਰਬੇ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਢੁਕੱਦਾ। ਇਹ ਤਾਂ ਠੀਕ ਹੈ ਕਿ ਓੁਹ ਆਪਣੇ ਮਹਿਕਮੇ ਦਾ ਕੰਮ ਕਾਜ ਚਲਾ ਤਾਂ ਲੈਣਗੇ ਪਰ ਜੇ ਓੁਨ੍ਹਾਂ ਨੂੰ ਵਿਦੇਸ਼ ਮੰਤਰਾਲਾ ਦਿਤਾ ਜਾਂਦਾ ਤਾਂ ਸ਼ਾਇਦ ਵਧੇਰੇ ਬਿਹਤਰ ਰਹਿੰਦਾ। ਪਾਕਿਸਤਾਨ ਅਤੇ ਚੀਨ ਦੇ ਵਤੀਰੇ ਨੂੰ ਵੇਖਦਿਆਂ ਠੋਸ ਵਿਦੇਸ਼ ਨੀਤੀ ਦੀ ਜ਼ਰੂਰਤ ਵੀ ਹੈ। ਇਸੇ ਤਰ੍ਹਾਂ ਅਲਫਾਂਸ ਕਾਨਥਮ ਹਨ ਜਿਨ੍ਹਾਂ ਨੂੰ ਬੁਲਡੋਜ਼ਰ ਦੇ ਨਾਂ ਨਾਲ ਸੱਦਿਆ ਜਾਂਦਾ ਹੈ ਕਿਉਂਕਿ ਦਿੱਲੀ ਵਿੱਚ ਰਹਿੰਦਿਆਂ ਓੁਨ੍ਹਾਂ ਨੇ ਨਜਾਇਜ਼ ਇਮਾਰਤਾਂ ਤੇ ਕਬਜ਼ਿਆਂ ਨੂੰ ਢਹਿ ਢੇਰੀ ਕੀਤਾ ਸੀ।
ਓੁਨ੍ਹਾਂ ਨੂੰ ਮਹਿਕਮਾ ਦਿਤਾ ਹੈ ਸੈਰ ਸਪਾਟੇ ਦਾ ਹਾਲਾਂਕਿ ਜੋ ਮਹਿਕਮਾ ਸ੍ਰੀ ਪੁਰੀ ਨੂੰ ਦਿਤਾ ਗਿਆ ਸੀ ਓੁਹ ਸਹੀ ਅਰਥਾਂ ਵਿਚ ਅਲਫਾਂਸ ਨੂੰ ਦਿਤਾ ਜਾਣਾ ਚਾਹੀਦਾ ਸੀ। ਯਕੀਨਨ ਇਸ ਦੇ ਚੰਗੇ ਸਿੱਟੇ ਸਾਹਮਣੇ ਆਓੁਂਦੇ। ਕੁਝ ਇਹੀਓ ਹਾਲ ਦੂਸਰੇ ਮਹਿਕਮਿਆਂ ਦਾ ਵੀ ਹੈ। ਇਹ ਫੈਸਲਾ ਤਾਂ ਸ੍ਰੀ ਮੋਦੀ ਨੇ ਹੀ ਲੈਣਾ ਸੀ।
ਹਰਦੀਪ ਪੁਰੀ ਦੀ ਵਜ਼ੀਰੀ ਅਕਾਲੀਆਂ ਲਈ ਖਤਰੇ ਦੀ ਘੰਟੀ



