Skip to content
Independent perspectives. Global stories.
BREAKING

‘ਪੰਜਾਬ ਟਾਇਮਜ਼’ ਦੇ ਮਾਣ-ਮੱਤੇ 5 ਸਾਲ

Share this story

ਪੰਜਾਬੀ ਦੇ ਬਹੁਤ ਹੀ ਹਰਮਨ ਪਿਆਰੇ ਅਤੇ ਨਿਵੇਕਲੇ ਰੋਜ਼ਾਨਾ ਅਖ਼ਬਾਰ ‘ਪੰਜਾਬ ਟਾਇਮਜ਼’ ਨੇ ਆਪਣੇ ਸਫ਼ਰ ਦੇ ਸ਼ਾਨਦਾਰ ਅਤੇ ਮਾਣਮੱਤੇ 5 ਸਾਲ ਪੂਰੇ ਕਰ ਲਏ ਹਨ। ਸੰਸਾਰ ਵਿੱਚ ਪੰਜਾਬੀ ਦੇ ਪਹਿਲੇ ਦਸ ਰੋਜ਼ਾਨਾ ਅਖਬਾਰਾਂ ਵਿੱਚ ਸ਼ਾਮਿਲ ‘ਪੰਜਾਬ ਟਾਇਮਜ਼’ ਹੁਣ 6ਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ। ਇਹ ਸਫਰ ਆਸਾਨ ਨਹੀਂ ਸੀ। ਦੋਸਤਾਂ ਮਿੱਤਰਾਂ, ਸ਼ੁਭਚਿੰਤਕਾਂ ਅਤੇ ਪੰਜਾਬੀ ਪਿਆਰਿਆਂ ਦੀ ਸਰਪ੍ਰਸਤੀ ਅਤੇ ਸਹਿਯੋਗ ਨਾਲ ਪੰਜ ਕਠਿਨ ਸਾਲ ਆਸਾਨੀ ਨਾਲ ਗੁਜ਼ਰ ਗਏ। ਸੰਤੁਸ਼ਟੀ ਦੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ‘ਪੰਜਾਬ ਟਾਇਮਜ਼’ ਨੇ ਪੱਤਰਕਾਰੀ ਦੇ ਸੁਨਹਿਰੀ ਅਸੂਲਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ। ਇਹ ਪਾਠਕਾਂ ਅਤੇ ਸ਼ੁਭਚਿੰਤਕਾਂ ਦੀ ਹੀ ਸ਼ਕਤੀ ਹੈ ਕਿ ‘ਪੰਜਾਬ ਟਾਇਮਜ਼’ ਲਗਾਤਾਰ ਪੱਕੇ ਪੈਰੀਂ ਨਿਰਮਲ ਪੱਤਰਕਾਰੀ ਦੇ ਰਾਹ ਉਪਰ ਚੱਲ ਰਿਹਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ‘ਪੰਜਾਬ ਟਾਇਮਜ਼’ ਦੀ ਚਾਦਰ ਉਪਰ ਕੋਈ ਦਾਗ ਨਹੀਂ ਲੱਗਾ। ਵਿਚਾਰਾਂ ਦੇ ਪ੍ਰਗਟਾਵੇ ਲਈ ‘ਪੰਜਾਬ ਟਾਇਮਜ਼’ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਪੱਤਰਕਾਰੀ ਦੇ ਬੁਨਿਆਦੀ ਅਸੂਲਾਂ ਮੁਤਾਬਕ ‘ਪੰਜਾਬ ਟਾਇਮਜ਼’ ਵਿੱਚ ਸਾਰੇ ਵਿਚਾਰਾਂ ਦੇ ਲੋਕਾਂ ਨੂੰ ਜਗ੍ਹਾ ਦਿੱਤੀ ਹੈ। ਕਿਸੇ ਦੇ ਵੀ ਪੱਖ ਨੂੰ ਅਖੋਂ ਪਰੋਖੇ ਨਹੀਂ ਕੀਤਾ। ਅਜਿਹੀਆਂ ਲਿਖਤਾਂ ਜੋ ਦੂਸਰੇ ਅਖ਼ਬਾਰ ਵਪਾਰਕ ਹਿੱਤਾਂ ਜਾਂ ਦੂਜੇ ਕਾਰਨ ਕਰਕੇ ਛਾਪਣ ਤੋਂ ਇਨਕਾਰੀ ਹੋ ਜਾਂਦੇ ਨੇ ‘ਪੰਜਾਬ ਟਾਇਮਜ਼’ ਵਿੱਚ ਉਨ੍ਹਾਂ ਨੂੰ ਵੀ ਥਾਂ ਮਿਲਦੀ ਹੈ। ਇਹੋ ਕਾਰਨ ਹੈ ਕਿ ‘ਪੰਜਾਬ ਟਾਇਮਜ਼’ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਅਹਿਮ ਅਤੇ ਵੱਖਰਾ ਮੁਕਾਮ ਬਣਾ ਲਿਆ ਹੈ। ‘ਪੰਜਾਬ ਟਾਇਮਜ਼’ ਨੇ ਇਸ ਦੌਰਾਨ ਪੱਤਰਕਾਰੀ ਦੇ ਮੂਲ ਸਿਧਾਂਤਾਂ ਅਤੇ ਨੈਤਿਕਤਾ ਨੂੰ ਪੂਰੇ ਸਿਰੜ ਨਾਲ ਨਿਭਾਉਣ ਦੇ ਨਾਲ-ਨਾਲ ਭਾਸ਼ਾ ਦੇ ਧਰਮ ’ਤੇ ਵੀ ਪਹਿਰਾ ਦਿੱਤਾ ਹੈ। ਭਾਸ਼ਾ ਦੀ ਸ਼ੁੱਧਤਾ ਅਤੇ ਨਵੀਨਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ‘ਪੰਜਾਬ ਟਾਇਮਜ਼’ ਵਿੱਚ ਛੱਪ ਰਹੀਆਂ ਲਿਖਤਾਂ ਦੀ ਮੌਲਿਕਤਾ ਇਕ ਮਿਸਾਲ ਬਣ ਗਈ ਹੈ। ਪੰਜਾਬੀ ਭਾਸ਼ਾ ਵਿੱਚ ਰੋਜ਼ਾਨਾ ਅਖ਼ਬਾਰ ਛਾਪਣਾ ਸੌਖਾ ਕਾਰਜ ਨਹੀਂ ਹੈ। ਤੁਹਾਡੀਆਂ ਅਰਦਾਸਾਂ ਦੀ ਬਦੌਲਤ ਹੀ ‘ਪੰਜਾਬ ਟਾਇਮਜ਼’ ਪੰਜ ਸਾਲ ਤੋਂ ਲਗਾਤਾਰ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰੀ ਭਰ ਰਿਹਾ ਹੈ। ਮਾਣ ਵਾਲੀ ਗੱਲ ਇਹ ਹੈ ਕਿ ‘ਪੰਜਾਬ ਟਾਇਮਜ਼’ ਨੇ ਸੌੜੇ ਵਪਾਰਕ ਹਿੱਤਾਂ ਲਈ ਕਦੇ ਵੀ ਕੋਈ ਸਮਝੋਤਾ ਨਹੀਂ ਕੀਤਾ। ਕਦੀ ਕੋਈ ਅਜਿਹੀ ਸਮੱਗਰੀ ਜਾਂ ਇਸ਼ਤਿਹਾਰ ਨਹੀਂ ਛਾਪਿਆ ਜੋ ਨੀਵੇਂ ਦਰਜੇ ਦਾ ਹੋਵੇ। ‘ਪੰਜਾਬ ਟਾਇਮਜ਼’ ਦੇ ਪੱਤਰਕਾਰਾਂ ਨੇ ਵੀ ਇਸ ਰਾਹ ਵਿੱਚ ਹਮੇਸ਼ਾਂ ਪ੍ਰਬੰਧਕਾਂ ਦਾ ਸਾਥ ਦਿੱਤਾ ਹੈ। ਵਪਾਰ ਦੇ ਇਸ ਯੁੱਗ ਵਿੱਚ ਇਹ ਸੌਖਾ ਕਾਰਜ ਨਹੀਂ ਹੈ। ਦੁਨੀਆ ਗ਼ਲਤ ਰਾਹਾਂ ’ਤੇ ਚੱਲ ਕੇ ਪੈਸੇ ਕਮਾਉਣ ਲੱਗੀ ਹੋਈ ਹੈ ਪਰ ‘ਪੰਜਾਬ ਟਾਇਮਜ਼’ ਇਸ ਸਭ ਤੋਂ ਉਪਰ ਨਿਰਪੱਖ ਅਤੇ ਨਿਰਮਲ ਪੱਤਰਕਾਰੀ ਦੇ ਨਾਲ ਖੜ੍ਹਾ ਹੈ। ‘ਪੰਜਾਬ ਟਾਇਮਜ਼’ ਪੰਜਾਬੀ ਦਾ ਇਕਲੋਤਾ ਅਖ਼ਬਾਰ ਹੈ ਜਿਸ ਉਪਰ ਕਿਸੇ ਪਾਰਟੀ, ਧੜ੍ਹੇ, ਵਰਗ ਜਾਂ ਧਰਮ ਦਾ ਠੱਪਾ ਨਹੀਂ ਲੱਗਾ। ਇਹ ਮੁਕਾਮ ਹਾਸਿਲ ਕਰਨ ਲਈ ‘ਪੰਜਾਬ ਟਾਇਮਜ਼’ ਨੇ ਪਿਛਲੇ ਸਮੇਂ ਵਿੱਚ ਬੜੀਆਂ ਕੁਰਬਾਨੀਆਂ ਕੀਤੀਆਂ ਹਨ। ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਹਿੱਤਾਂ ਲਈ ਲਗਾਤਾਰ ਪੂਰੀ ਸ਼ਕਤੀ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਹੈ। ‘ਪੰਜਾਬ ਟਾਇਮਜ਼’ ਦੀ ਹਮੇਸ਼ਾ ਇਹ ਇੱਛਾ ਰਹੀ ਹੈ ਕਿ ਅਖ਼ਬਾਰ ਵਿੱਚ ਕੋਈ ਵੀ ਅਜਿਹੀ ਖ਼ਬਰ, ਰਿਪੋਰਟ ਜਾਂ ਲੇਖ ਨਾ ਛਾਪਿਆ ਜਾਵੇ ਜਿਸ ਨਾਲ ਸਮਾਜ ਵਿੱਚ ਕਿਸੇ ਤਰ੍ਹਾਂ ਦੀਆਂ ਵੰਡੀਆਂ ਪੈਦਾ ਹੁੰਦੀਆਂ ਹੋਣ। ਪੱਤਰਕਾਰੀ ਦੀ ਨੈਤਿਕਤਾ ਤਾਂ ‘ਪੰਜਾਬ ਟਾਇਮਜ਼’ ਲਈ ਧਰਮ ਦੇ ਵਾਂਗ ਹੀ ਹੈ। ‘ਪੰਜਾਬ ਟਾਇਮਜ਼’ ਕਦੇ ਵੀ ਪੈਸੇ ਦੀ ਅਨ੍ਹੀ ਦੌੜ ਵਿੱਚ ਨਹੀਂ ਪਿਆ। ਅਸੀਂ ਵੱਡੀਆਂ ਆਰਥਿਕ ਮੁਸ਼ਕਿਲਾਂ ਦੇ ਬਾਵਜੂਦ ਕਦੇ ਅਖ਼ਬਾਰ ਦੇ ਪੰਨਿਆਂ ’ਤੇ ਆਰਥਿਕ ਮਦਦ ਦੀ ਅਪੀਲ ਨਹੀਂ ਛਾਪੀ ਨਾ ਹੀ ਕਦੀ ਭਵਿੱਖ ਵਿੱਚ ਅਜਿਹਾ ਕੀਤਾ ਜਾਵੇਗਾ। ‘ਪੰਜਾਬ ਟਾਇਮਜ਼’ ਬਲੈਕ ਮੈਲਿੰਗ ਅਤੇ ਪੀਲੀ ਪੱਤਰਕਾਰੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਅਸੀਂ ਹਮੇਸ਼ਾ ਨਰੋਈ ਅਤੇ ਉਸਾਰੂ ਪੱਤਰਕਾਰੀ ਵੱਲ ਹੀ ਧਿਆਨ ਰਖਿਆ ਹੈ ਅਤੇ ਰੱਖਾਂਗੇ। ‘ਪੰਜਾਬ ਟਾਇਮਜ਼’ ਪੇਸ਼ੇਵਾਰਾਨਾ ਤਰੀਕੇ ਨਾਲ ਹੀ ਅੱਗੇ ਵਧਣਾ ਚਾਹੁੰਦਾ ਹੈ। ਪੰਜਾਬ ਦੀ ਭਲਾਈ, ਤਰੱਕੀ ਅਤੇ ਖੁਸ਼ਹਾਲੀ ‘ਪੰਜਾਬ ਟਾਇਮਜ਼’ ਦੀ ਪਹਿਲੀ ਅਤੇ ਆਖਰੀ ਇੱਛਾ ਹੈ। ਅਸੀਂ ਸਾਰੇ ਸ਼ੁਭ-ਚਿੰਤਕਾਂ, ਪਾਠਕਾਂ, ਹਾਕਰਾਂ, ਏਜੰਟਾਂ, ਇਸ਼ਤਿਹਾਰ ਦਾਤਿਆਂ, ਕਾਮਿਆਂ, ਸਰਪ੍ਰਸਤਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੀ ਸੇਵਾ-ਭਾਵਨਾ ਕਾਰਨ ਹੀ ‘ਪੰਜਾਬ ਟਾਇਮਜ਼’ ਸ਼ਾਨ ਨਾਲ 5 ਸਾਲ ਪੂਰੇ ਕਰ ਸਕਿਆ ਹੈ। ਅੱਗੋਂ ਤੋਂ ਵੀ ਅਸੀਂ ਸਭ ਤੋਂ ਇਸੇ ਤਰ੍ਹਾਂ ਸਹਿਯੋਗ ਅਤੇ ਸਰਪ੍ਰਸਤੀ ਦੀ ਉਮੀਦ ਰੱਖਦੇ ਹਾਂ। ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ‘ਪੰਜਾਬ ਟਾਇਮਜ਼’ ਇਸੇ ਤਰ੍ਹਾਂ ਨਿਰਮਲ ਅਤੇ ਨਿਰਪੱਖ ਪੱਤਰਕਾਰੀ ਦੀ ਪ੍ਰੰਪਰਾ ਨੂੰ ਜਾਰੀ ਰੱਖੇਗਾ। ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਜਨ -ਜੀਵਨ ਵਿੱਚ ਨਿਰੋਈਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ‘ਪੰਜਾਬ ਟਾਇਮਜ਼’ ਦਾ ਹਮੇਸ਼ਾ ਮੁੱਖ ਮਕਸਦ ਰਹੇਗਾ। ‘ਪੰਜਾਬ ਟਾਇਮਜ਼’ ਦਾ ਹਰ ਅੱਖਰ ਮਨੁੱਖਤਾ ਦੀ ਭਲਾਈ ਲਈ ਹੀ ਲਿਖਿਆ ਅਤੇ ਛਾਪਿਆ ਜਾਂਦਾ ਹੈ। ਪੰਜਾਬੀ ਪੱਤਰਕਾਰੀ ਦੇ ਮਿਆਰ ਨੂੰ ਉਚਾ ਚੁੱਕਣਾ ਅਤੇ ਭਾਸ਼ਾ ਦੇ ਵਿਕਾਸ ਵਿੱਚ ਲੋੜੀਂਦਾ ਯੋਗਦਾਨ ਪਾਉਣਾ ‘ਪੰਜਾਬ ਟਾਇਮਜ਼’ ਦੀ ਹਮੇਸ਼ਾ ਕਾਮਨਾ ਰਹੀ ਹੈ ਅਤੇ ਰਹੇਗੀ। ਆਉਣ ਵਾਲੇ ਸਮੇਂ ਵਿੱਚ ‘ਪੰਜਾਬ ਟਾਇਮਜ਼’ ਹੋਰ ਵੱਡੀਆਂ ਪ੍ਰਾਪਤੀਆਂ ਅਤੇ ਪੁਲਾਂਘਾਂ ਪੁੱਟਣ ਦਾ ਯਤਨ ਕਰੇਗਾ। ਛੇਤੀ ਹੀ ‘ਪੰਜਾਬ ਟਾਇਮਜ਼’ ਦਾ ਹੋਰ ਵਿਸਥਾਰ ਕਰਨ ਦੀ ਯੋਜਨਾ ਹੈ। ਆਪ ਸਭ ਦੇ ਸਹਿਯੋਗ ਨਾਲ ਇਸ ਦੀ ਦਿਖ ਅਤੇ ਮਿਆਰ ਵਿੱਚ ਵੱਡਾ ਵਾਧਾ ਕੀਤਾ ਜਾਵੇਗਾ। ‘ਪੰਜਾਬ ਟਾਇਮਜ਼’ ਦੀ ਮਜ਼ਬੂਤੀ ਲਈ ਅਸੀਂ ਸਾਰੇ ਸਹਿਯੋਗੀਆਂ ਅਤੇ ਸ਼ੁਭ ਚਿੰਤਕਾਂ ਤੋਂ ਲਗਾਤਾਰ ਸਰਪ੍ਰਸਤੀ ਦੀ ਉਮੀਦ ਰੱਖਦੇ ਹਾਂ। 6ਵੇਂ ਸਾਲ ਵਿੱਚ ਦਾਖਲੇ ਸਮੇਂ ‘ਪੰਜਾਬ ਟਾਇਮਜ਼’ ਨਾਲ ਜੁੜੇ ਸਾਰੇ ਸ਼ੁਭ -ਚਿੰਤਕਾਂ ਅਤੇ ਸਰਪ੍ਰਸਤਾਂ ਨੂੰ ਵਧਾਈ ਪੇਸ਼ ਕਰਦੇ ਹਾਂ। ‘ਪੰਜਾਬ ਟਾਇਮਜ਼’ ਦਾ ਹਰ ਸਾਹ ਤੁਹਾਡਾ ਦਾ ਕਰਜ਼ਦਾਰ ਰਹੇਗਾ। ਸਭ ਦੀ ਲੰਬੀ ਅਤੇ ਤੰਦਰੁਸਤ ਉਮਰ ਦੀ ਕਾਮਨਾ ਕਰਦੇ ਹਾਂ।

WRITTEN BY