ਕਈ ਲੋਕ ਕਹਿੰਦੇ ਹਨ ਕਿ ਸ਼ਰਾਬ ਪੀਣ ਵਿੱਚ ਕੀ ਗੁਨਾਹ ਹੈ? ਸ਼ਰਾਬ ਕੀ ਹੈ? ਗੁੜ ਦਾ ਰਸ ਤਾਂ ਹੈ । ਗੁੜ ਵੀ ਅਸੀਂ ਖਾਂਦੇ ਹਾਂ। ਸ਼ਰਾਬ ਨੂੰ ਬਣਾਉਣ ਵੇਲੇ ਹੋਰ ਜੋ ਚੀਜ਼ਾਂ ਵਰਤੋਂ ਵਿੱਚ ਲਿਆਂਈਆਂ ਜਾਂਦੀਆਂ ਹਨ ਉਹ ਵੀ ਖਾਣ ਵਾਲੀਆਂ ਹਨ। ਫਿਰ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਤੋਂ ਜੋ ਚੀਜ਼ ਬਣਾਈ ਗਈ ਹੈ ਉਸ ਵਿੱਚ ਅੰਤਰ ਕਿਸ ਤਰ੍ਹਾਂ? ਖਾਣ ਵਾਲੀਆਂ ਚੀਜਾਂ ਖਾਣ ਤੇ ਕੋਈ ਪਾਬੰਦੀ ਨਹੀਂ, ਖਾਣਾ ਕੋਈ ਐਬ ਨਹੀਂ, ਖਾਣਾ ਕੋਈ ਪਾਪ ਨਹੀਂ, ਪਰ ਸ਼ਰਾਬ ਪੀਣ ਨੂੰ ਮਨ੍ਹਾਂ ਕਰਦੇ ਹਨ, ਕਿਉ? ਇੱਕ ਉਦਾਹਰਣ ਨਾਲ ਸਪਸ਼ਟ ਕਰਦੇ ਹਾਂ ਕਿ ਸ਼ਰਾਬ ਵਿਵਰਜਤ ਕਿਉਂ ਹੈ? ਜ਼ਮੀਨ ਤੋਂ ਇੱਕ ਮੁੱਠ ਮਿੱਟੀ ਦੀ ਕਿਸੇ ਵੱਲ ਵਗਾਹ ਕੇ ਮਾਰਣ ਨਾਲ ਕਿਸੇ ਨੂੰ ਕੋਈ ਸੱਟ ਨਹੀਂ ਵੱਜ ਜਾਂਦੀ ਪਰ ਜੇਕਰ ਉਸੇ ਹੀ ਮਿੱਟੀ ਨੂੰ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ ਕੇ ਇਕ ਗੋਲਾ ਬਣਾ ਲਿਆ ਜਾਵੇ ਅਤੇ ਉਸ ਗੋਲੇ ਨੂੰ ਅੱਗ ਵਿਚ ਪਕਾ ਲਿਆ ਜਾਵੇ, ਉਸ ਪੱਕੇ ਹੋਏ ਗੋਲੇ ਨੂੰ ਕਿਸੇ ਨੂੰ ਮਾਰਿਆ ਜਾਵੇ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ। ਮਿੱਟੀ ਦੀ ਮੁੱਠ ਕਿਸੇ ਤੇ ਸੁੱਟਣ ਨਾਲ ਕੋਈ ਨੁਕਸਾਨ ਨਹੀਂ ਪਰ ਵਿਧੀ ਪੂਰਵਕ ਬਣਾਏ ਗਏ ਗੋਲੇ ਦੇ ਵੱਜਣ ਨਾਲ ਨੁਕਸਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁੜ ਖਾਣ ਨਾਲ ਕੋਈ ਨੁਕਸਾਨ ਨਹੀਂ ਪਰ ਵਿਧੀ ਪੂਰਵਕ ਗੁੜ ਤੋਂ ਹੀ ਤਿਆਰ ਕੀਤੀ ਸ਼ਰਾਬ ਦਾ ਬਹੁਤ ਨੁਕਸਾਨ ਹੈ।
ਰਛਪਾਲ ਸਿੰਘ ਆਹਲੂਵਾਲੀਆ
ਸੰਪਰਕ : 94170-10051



