ਪੈਟਰੋਲੀਅਮ ਕੰਪਨੀ ਵਿੱਚ ਕੰਮ ਕਰਨ ਵਾਲੇ ਇੰਜੀਨੀਅਰ ਸ੍ਰੀ ਮਹੇਸ਼ ਗੁਪਤਾ ਦੇ ਮਨ ਵਿੱਚ ਵੱਡਾ ਆਦਮੀ ਬਣਨ ਦੇ ਸੁਪਨੇ ਮਚਲ ਰਹੇ ਸਨ। ਉਸ ਕੋਲ ਸੁਪਨੇ ਤਾਂ ਸਨ ਪਰ ਪੈਸਾ ਨਹੀਂ ਸੀ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀ ਦੇ ਕੋਲ ਘਰ ਸੀ ਅਤੇ ਥੋੜੀ ਬਹੁਤੀ ਮਾਇਆ ਜੋ ਉਸਨੇ ਆਪਣੀ ਆਮਦਨ ਵਿੱਚੋਂ ਬਚਾਈ ਸੀ। ਆਪਣੇ ਜੋੜੇ ਹੋਏ ਪੈਸੇ ਨਾਲ ਇੱਕ ਕਮਰੇ ਵਿੱਚ ਖੋਜ ਕਾਰਜ ਅਰੰਭ ਦਿੱਤਾ। ਇਹ ਕੰਮ ਉਸਨੇ ਸਿਰਫ਼ 20000 ਰੁਪਏ ਨਾਲ ਸ਼ੁਰੂ ਕੀਤਾ ਸੀ। ਉਸਨੂੰ ਪਤਾ ਸੀ ਕਿ ਜੋ ਕੰਮ ਦਿਲ ਦੀ ਆਵਾਜ਼ ਸੁਣ ਕੇ ਸ਼ੁਰੂ ਕੀਤਾ ਜਾਵੇ ਉਹ ਹਰ ਚੰਗੇ-ਮੰਦੇ ਹਾਲਾਤ ਵਿੱਚ ਠੀਕ ਨਤੀਜੇ ਹੀ ਲੈ ਕੇ ਆਉਂਦਾ ਹੈ। ਮਹੇਸ਼ ਗੁਪਤਾ ਦੀ ਮਿਹਨਤ ਨੂੰ ਵੀ ਫ਼ਲ ਲੱਗਾ ਅਤੇ ਉਹ ਪੈਟਰੋਲੀਅਮ ਕੰਜਰਵੇਸ਼ਨ ਪੁਰਜ਼ਾ ਬਣਾਉਣ ਵਿੱਚ ਕਾਮਯਾਬ ਹੋ ਗਿਆ। ਇਸ ਖੋਜ ਨਾਲ ਉਸ ਨੂੰ ਥੋੜੀ ਪ੍ਰਸਿੱਧੀ ਤਾਂ ਮਿਲੀ ਪਰ ਜ਼ਿਆਦਾ ਪੈਸਾ ਨਹੀਂ ਮਿਲਿਆ।
ਸ੍ਰੀ ਮਹੇਸ਼ ਗੁਪਤਾ ਦੀ ਜ਼ਿੰਦਗੀ ਨੇ ਉਦੋਂ ਮੋੜ ਕੱਟਿਆ ਜਦੋਂ ਉਸਦਾ ਬੇਟਾ ਬੀਮਾਰ ਹੋ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਨੂੰ ਪੀਲੀਆ ਹੋ ਗਿਆ ਹੈ। ਮਹੇਸ਼ ਨੂੰ ਦੱਸਿਆ ਗਿਆ ਕਿ ਪੀਲੀਆ ਦੀ ਬੀਮਾਰੀ ਖਰਾਬ ਪਾਣੀ ਪੀਣ ਨਾਲ ਹੁੰਦੀ ਹੈ। ਦੱਖਣੀ ਦਿੱਲੀ ਦੀ ਜਿਸ ਕਲੋਨੀ ਵਿੱਚ ਮਹੇਸ਼ ਗੁਪਤਾ ਰਹਿੰਦਾ ਸੀ ਉਸ ਦਾ ਪਾਣੀ ਸਾਫ਼ ਅਤੇ ਸ਼ੁੱਧ ਨਹੀਂ ਸੀ। ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਦੀ ਵੱਡੀ ਸਮੱਸਿਆ ਸੀ। ਅਖਾਣ ਹੈ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ ਇਨਸਾਨ ਹਮੇਸ਼ਾ ਆਪਣੀਆਂ ਜ਼ਰੂਰਤਾਂ ਤੋਂ ਸਿੱਖਦਾ ਹੈ। ਇਸੇ ਕਹਾਵਤ ਮੁਤਾਬਿਕ ਸ੍ਰੀ ਮਹੇਸ਼ ਗੁਪਤਾ ਨੇ ਸ਼ੁੱਧ ਪਾਣੀ ਦੀ ਉਪਲੱਬਧੀ ਲਈ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਉਸ ਨੇ ਬਜ਼ਾਰ ਵਿੱਚ ਉਪਲੱਬਧ ਵਾਟਰ ਪਿਊਰੀਫਾਇਰਾਂ ਦਾ ਪੂਰੀ ਤਰ੍ਹਾਂ ਨਿਰੀਖਣ ਕੀਤਾ ਤਾਂ ਵੇਖਿਆ ਕਿ ਕੋਈ ਵੀ ਵਾਟਰ ਪਿਊਰੀਫਾਇਰ ਪੂਰੀ ਤਰ੍ਹਾਂ ਸ਼ੁੱਧ ਪਾਣੀ ਨਹੀਂ ਦੇ ਰਿਹਾ ਸੀ। ਮਹੇਸ਼ ਗੁਪਤਾ ਨੇ ਬਾਜ਼ਾਰ ਵਿੱਚ ਉਪਲੱਬਧ ਮਸ਼ੀਨਾਂ ਦੀਆਂ ਅਸ਼ੁੱਧੀਆਂ ਦੂਰ ਕਰਨ ਦਾ ਨਿਰਣਾ ਕੀਤਾ। ਉਸ ਨੇ ਕੋਸ਼ਿਸ਼ ਕੀਤੀ ਪਰ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਠੀਕ ਕਰਨਾ ਸੰਭਵ ਨਹੀਂ ਸੀ। ਸੋ ਮਹੇਸ਼ ਗੁਪਤਾ ਨੇ ਆਪਣਾ ਇੱਕ ਨਵਾਂ ਅਤੇ ਸ਼ੁੱਧ ਪਾਣੀ ਦੇਣ ਵਾਲਾ ਵਾਟਰ ਪਿਊਰੀਫਾਇਰ ਬਣਾਉਣ ਲਈ ਕੰਮ ਸ਼ੁਰੂ ਕੀਤਾ। ਵਧੀਆ ਖਾਸੀਅਤ ਭਰਪੂਰ ਅਤੇ ਚੰਗੇ ਗੁਣਾਂ ਵਾਲੀ ਮਸ਼ੀਨ ਤਿਆਰ ਕਰਨ ਲਈ ਕਲਪੁਰਜ਼ੇ ਵਿਦੇਸ਼ਾਂ ਤੋਂ ਮੰਗਵਾਉਣੇ ਜ਼ਰੂਰੀ ਸਨ। ਮਹੇਸ਼ ਗੁਪਤਾ ਨੇ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਕੇ ਨਵੀਂ ਮਸ਼ੀਨ ਤਿਆਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਸੋ 1998 ਵਿੱਚ ਉਸਨੇ ਹਿੰਦੋਸਤਾਨ ਦਾ ਪ੍ਰਸਿੱਧ ਵਾਟਰ ਪਿਊਰੀਫਾਇਰ ‘ਕੈਂਟ ਆਰ.ਓ.’ ਸਿਸਟਮ ਸਥਾਪਤ ਕਰ ਲਿਆ। ਮਹੇਸ਼ ਗੁਪਤਾ ਨੇ ਕੈਂਟ ਨੂੰ ਸਿਰਫ਼ ਇੱਕ ਲੱਖ ਦੀ ਧਨ ਰਾਸ਼ੀ ਨਾਲ ਸ਼ੁਰੂ ਕੀਤਾ ਸੀ।
ਅੱਜ ਕੈਂਟ ਨੇ ਦੇਸ਼ ਦੀ ਪਾਣੀ ਸ਼ੁੱਧ ਕਰਨ ਵਾਲੀ ਮਾਰਕੀਟ ਦਾ 40 ਫੀਸਦੀ ਹਿੱਸਾ ਆਪਣੇ ਹੱਥ ਵਿੱਚ ਲੈਣ ਦਾ ਮਾਣ ਹਾਸਿਲ ਕਰ ਲਿਆ ਹੈ। ਅੱਜ ਮਹੇਸ਼ ਗੁਪਤਾ ਦੇ ਕੈਂਟ ਆਰ ਓ ਸਿਸਟਮ ਦੀ ਆਮਦਨ 580 ਕਰੋੜ ਤੋਂ ਵੱਧ ਹੈ ਅਤੇ ਇਸ ਨੇ 2500 ਤੋਂ ਵਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਮਹੇਸ਼ ਗੁਪਤਾ ਨੇ ਨੋਇਡਾ ਦੇ 87 ਸੈਕਟਰ ਵਿੱਚ 100 ਕਰੋੜ ਨਾਲ ਇੱਕ ਹੋਰ ਨਵਾਂ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਹੈ। ਮਹੇਸ਼ ਗੁਪਤਾ ਦੀ ਕਹਾਣੀ ਵੱਡੇ ਸੂਤਰ ਦੇ ਰਹੀ ਹੈ। ਜ਼ਿੰਦਗੀ ਦੀਆਂ ਵਿਪਰੀਤ ਪ੍ਰਸਥਿਤੀਆਂ ਵਿੱਚੋਂ ਵੀ ਕੁਝ ਨਵਾਂ ਅਤੇ ਵੱਡਾ ਸਿਰਜਿਆ ਜਾ ਸਕਦਾ ਹੈ। ਸ੍ਰੀ ਮਹੇਸ਼ ਗੁਪਤਾ ਦੇ ਮੁੰਡੇ ਨੂੰ ਹੋਈ ਪੀਲੀਆ ਦੀ ਬਿਮਾਰੀ ਨੇ ਜਿੱਥੇ ਮਹੇਸ਼ ਗੁਪਤਾ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਉਥੇ ਅੱਧੇ ਹਿੰਦੋਸਤਾਨ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ। ਜੋ ਆਪਣੀ ਮਦਦ ਖੁਦ ਕਰਦੇ ਹਨ ਖੁਦਾ ਵੀ ਉਨ੍ਹਾਂ ਦੀ ਮਦਦ ਕਰਦਾ ਹੈ। (ਰੋਜ਼ਾਨਾ ਕਾਲਮ)



