ਐਸ.ਵਾਈ.ਐਲ. ਵਿਵਾਦ ਦਾ ਹੱਲ
ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ-ਯਮੁਨਾ ਲਿੰਕ ਨਹਿਰ ਦਾ ਵਿਵਾਦ ਲਗਾਤਾਰ ਉਲਝਦਾ ਜਾ ਰਿਹਾ ਹੈ। ਦੋਵੇਂ ਰਾਜਾਂ ਨੇ ਇਸ ਨੂੰ ਆਪਣੇ-ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ। ਦੋਵੇਂ ਰਾਜਾਂ ਦੇ ਆਮ ਲੋਕਾਂ ਵਿੱਚ ਵੀ ਇਸ ਮੁੱਦੇ ਕਾਰਨ ਤਣਾਅ ਬਣਿਆ ਹੋਇਆ ਹੈ। ਦੋਵੇਂ ਰਾਜਾਂ ਦੀਆਂ ਸਿਆਸੀ ਪਾਰਟੀਆਂ ਦਹਾਕਿਆਂ ਤੋਂ ਇਸ ਵਿਵਾਦ ਦਾ ਲਾਭ ਉਠਾ ਰਹੀਆਂ ਹਨ। ਅਦਾਲਤੀ ਦਖਲ ਦੇ ਬਾਵਜੂਦ ਇਹ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕ ਨਵੀਂ ਪਹਿਲਕਦਮੀ ਲਈ ਗਈ ਹੈ। ਇਸ ਪਹਿਲ ਕਦਮੀ ਤਹਿਤ ਕੇਂਦਰ ਵੱਲੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਦੇ ਨਿਪਟਾਰੇ ਲਈ 20 ਅਪਰੈਲ ਨੂੰ ਨਵੀਂ ਦਿੱਲੀ ਵਿਖੇ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਅਤੇ ਸਿੰਜਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇ.ਬੀ.ਐਸ.ਸਿੱਧੂ ਹਿੱਸਾ ਲੈਣਗੇ ਤੇ ਰਾਜ ਸਰਕਾਰ ਦਾ ਪੱਖ ਰੱਖਣਗੇ। ਇਸੇ ਤਰ੍ਹਾਂ ਹਰਿਆਣਾ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇੱਕ ਤਰ੍ਹਾਂ ਨਾਲ ਇਹ ਅਧਿਕਾਰੀ ਪੱਧਰ ਦੀ ਬੈਠਕ ਹੈ, ਜਿਸ ਵਿੱਚ ਇਸ ਵਿਵਾਦ ਦੇ ਤਕਨੀਕੀ ਅਤੇ ਵਿਧਾਨਕ ਪੱਖਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਫਿਰ ਵੀ ਇਸ ਨੂੰ ਚੰਗੀ ਪਹਿਲ ਆਖਿਆ ਜਾ ਸਕਦਾ ਹੈ। ਜੇਕਰ ਇਹ ਮੀਟਿੰਗ ਚੰਗੇ ਮਾਹੌਲ ਵਿੱਚ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸਬੰਧੀ ਸਿਆਸੀ ਪੱਧਰ ’ਤੇ ਚਰਚਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਅਸਲ ਵਿੱਚ ਇਹ ਮਸਲਾ ਤਦ ਤੱਕ ਹੱਲ ਨਹੀਂ ਹੋ ਸਕਦਾ, ਜਦ ਤੱਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਿੱਜੀ ਤੌਰ ’ਤੇ ਇਸ ਮਸਲੇ ਨੂੰ ਆਪਣੇ ਹੱਥ ਵਿੱਚ ਨਹੀਂ ਲੈਂਦੇ। 20 ਅਪ੍ਰੈਲ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਇਸ ਸਬੰਧੀ ਨਿਰਣਾ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੂੰ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਇਸ ਵਿਵਾਦ ’ਤੇ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਦਾ ਕੋਈ ਸਰਵਪ੍ਰਵਾਨਿਤ ਹੱਲ ਲੱਭਿਆ ਜਾ ਸਕੇ। ਇਹ ਵੀ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਨੂੰ ਵਾਪਿਸ ਲੈਣ ਦੀ ਚਾਰਾਜੋਈ ਕਰੇ। ਅਸਲ ਵਿੱਚ ਬਦਲੇ ਹੋਏ ਹਾਲਾਤਾਂ ਦੌਰਾਨ ਪੰਜਾਬ ਕੋਲ ਕਿਸੇ ਵੀ ਰਾਜ ਨੂੰ ਦੇਣ ਲਈ ਕੋਈ ਫਾਲਤੂ ਪਾਣੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ’ਤੇ ਰਾਜ ਸਰਕਾਰ ਦਾ ਪੱਖ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰ ਦੀ ਉਸਾਰੀ ਤੋਂ ਪਹਿਲਾਂ ਦਰਿਆਈ ਪਾਣੀਆਂ ਦੀ ਮਿਣਤੀ ਕੀਤੀ ਜਾਵੇ ਤੇ ਮਗਰੋਂ ਅਗਲੀ ਪੇਸ਼ਕਦਮੀ ਬਾਰੇ ਗੌਰ ਕੀਤਾ ਜਾਵੇ।ਪੰਜਾਬ ਸਰਕਾਰ ਦਰਿਆਈ ਪਾਣੀਆਂ ਦਾ ਫ਼ੈਸਲਾ ਕਰਨ ਲਈ ਟ੍ਰਿਬਿਊਨਲ ਕਾਇਮ ਕੀਤੇ ਜਾਣ ਦੇ ਪੱਖ ਵਿੱਚ ਹੈ, ਕਿਉਂਕਿ ਜਿਨ੍ਹਾਂ ਰਾਜਾਂ ਵਿਚਾਲੇ ਦਰਿਆਈ ਪਾਣੀਆਂ ਦੇ ਵਿਵਾਦ ਜਾਂ ਝਗੜੇ ਹੋਏ ਹਨ, ਉਹ ਮਾਮਲੇ ਟ੍ਰਿਬਿਊਨਲਾਂ ਰਾਹੀਂ ਹੀ ਹੱਲ ਕੀਤੇ ਗਏ ਹਨ।ਹਰਿਆਣਾ ਨੂੰ ਵੀ ਇਸ ਤਰਕ ਨਾਲ ਸਹਿਮਤੀ ਪ੍ਰਗਟਾਉਣੀ ਚਾਹੀਦੀ ਹੈ। ਦੋਵੇਂ ਰਾਜਾਂ ਨੂੰ ਇਸ ਮੁੱਦੇ ’ਤੇ ਚੱਲ ਰਹੇ ਵਿਵਾਦ ਨੂੰ ਹੁਣ ਹੋਰ ਅੱਗੇ ਨਹੀਂ ਵਧਾਉਣਾ ਚਾਹੀਦਾ। ਇਸ ਨਾਲ ਦੋਵੇਂ ਹੀ ਰਾਜਾਂ ਦਾ ਭਾਰੀ ਨੁਕਸਾਨ ਹੈ। ਚੰਗਾ ਹੋਵੇਗਾ ਇਸ ਮਸਲੇ ਨੂੰ ਆਪਸੀ ਸਮਝਦਾਰੀ ਅਤੇ ਸਦਭਾਵਨਾ ਨਾਲ ਹੱਲ ਕੀਤਾ ਜਾਵੇ।
-ਬਲਜੀਤ ਸਿੰਘ ਬਰਾੜ



