ਮੁੱਖ ਮੰਤਰੀ ਜੀ ਹੁਣ ਸਿਰੇ ਲਾ ਕੇ ਛੱਡਿਓ
ਨਿੱਜੀ ਸੁਰੱਖਿਆ ਦੇਣ ਲਈ ਇੱਕ ਪੱਕੀ ਨੀਤੀ ਹੋਵੇ ਤਿਆਰ।
ਨਿੱਜੀ ਸੁਰੱਖਿਆ ਦਾ ਸਮੁੱਚਾ ਵੇਰਵਾ ਕੀਤਾ ਜਾਵੇ ਆਨਲਾਇਨ।
ਸੁਰੱਖਿਆ ਲੈਣ ਲਈ ਫਰਜ਼ੀਵਾੜੇ ਦੀ ਹੋਵੇ ਜਾਂਚ ਅਤੇ ਸਜ਼ਾ।
ਦੋ ਤੋਂ ਵਧ ਸੁਰੱਖਿਆ ਗਾਰਡ ਲੈਣ ਲਈ ਰੱਖੀ ਜਾਵੇ ਫੀਸ
ਨਿੱਜੀ ਸੁਰੱਖਿਆ ਦੀ ਦੁਰਵਰਤੋਂ ਵਿਰੁੱਧ ਕਰੜੀ ਸਜ਼ਾ ਦਾ ਹੋਵੇ ਪ੍ਰਬੰਧ
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਫੌਰੀ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਨਿੱਜੀ ਸੁਰੱਖਿਆ ਸਬੰਧੀ ਉਨ੍ਹਾਂ ਵੱਲੋਂ ਲਈਆਂ ਗਈਆਂ ਪਹਿਲਕਦਮੀਆਂ ਬਹੁਤ ਅਹਿਮ ਹਨ। ਮੌਜੂਦਾ ਸਮੇਂ ਨਿੱਜੀ ਸੁਰੱਖਿਆ ਇੱਕ ਵੱਡਾ ਕਾਲਾ ਧੰਦਾ ਅਤੇ ਮਸਲਾ ਬਣੀ ਹੋਈ ਹੈ। ਜ਼ਿਆਦਾਤਰ ਨਿੱਜੀ ਸੁਰੱਖਿਆ ਛਤਰੀ ਦੀ ਵਰਤੋਂ ਆਪਣੇ ਜਾਇਜ਼-ਨਜਾਇਜ਼ ਧੰਦੇ ਨੂੰ ਚਲਾਉਣ ਲਈ ਕੀਤੀ ਜਾ ਰਹੀ ਹੈ। ਸੁਰੱਖਿਆ ਲੈਣ ਲਈ ਹੋ ਰਿਹਾ ਫਰਜ਼ੀਵਾੜਾ ਵੀ ਕਿਸੇ ਤੋਂ ਛੁਪਿਆ ਨਹੀਂ ਹੈ। ਹੁਣ ਤਾਂ ਗੱਲ ਜਾਅਲੀ ਧਮਕੀ ਪੱਤਰ ਅਤੇ ਫੋਨ ਤੋਂ ਵੀ ਅੱਗੇ ਲੰਘ ਗਈ ਹੈ। ਸ਼ਿਵਸੈਨਾ ਦੇ ਕੁਝ ਆਗੂਆਂ ਵੱਲੋਂ ਖੁਦ ਉੱਪਰ ਹਮਲਿਆਂ ਦੀ ਸਾਜ਼ਿਸ਼ ਰਚਨਾ ਇਸ ਗੱਲ ਦਾ ਸਬੂਤ ਹੈ। ਇਸ ਵਿੱਚ ਵੱਡੇ ਅਧਿਕਾਰੀ ਵੀ ਸ਼ਾਮਿਲ ਹਨ। ਹੋਰ ਤਾਂ ਹੋਰ ਰੈਗੂਲਰ ਸੁਰੱਖਿਆ ਤੋਂ ਇਲਾਵਾ ਸਥਾਨਕ ਪੱਧਰ ’ਤੇ ਵੀ ਗੈਰਕਾਨੂੰਨੀ ਤੌਰ ’ਤੇ ਸੇਵਾ ਪਾਣੀ ਨਾਲ ਅਜਿਹੀ ਸੁਰੱਖਿਆ ਛੱਤਰੀ ਉਪਲੱਬਧ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਸਰਕਾਰ ਬਦਲਦੀ ਹੈ ਤਾਂ ਵਿਰੋਧੀ ਸਿਆਸੀ ਧਿਰ ਦੇ ਸਾਬਕਾ ਮੰਤਰੀਆਂ, ਅਹੁਦੇਦਾਰਾਂ ਅਤੇ ਹੋਰ ਰਸੂਖਦਾਰਾਂ ਦੀ ਸੁਰੱਖਿਆ ਵਿੱਚ ਕਟੌਤੀ ਕਰ ਦਿੱਤੀ ਜਾਂਦੀ ਹੈ। ਬਦਲੇ ਵਿੱਚ ਇਹੋ ਸੁਰੱਖਿਆ ਹੁਕਮਰਾਨ ਧਿਰ ਦੇ ਨੇਤਾਵਾਂ ਅਤੇ ਹੋਰ ਰਸੂਖਦਾਰਾਂ ਨੂੰ ਮਿਲ ਜਾਂਦੀ ਹੈ। ਸਵਾਲ ਤਾਂ ਇਹ ਹੈ ਕਿ ਕੀ ਕਿਸੇ ਮੰਤਰੀ ਜਾਂ ਨੇਤਾ ਨੂੰ ਸੁਰੱਖਿਆ ਦੀ ਜ਼ਰੂਰਤ ਵੀ ਹੈ। ਜੇਕਰ ਜ਼ਰੂਰਤ ਹੈ ਤਾਂ ਉਸ ਦੀ ਸੁਰੱਖਿਆ ਛੱਤਰੀ ਵਿੱਚ ਕਿੰਨੇ ਪੁਲਿਸ ਜਵਾਨ ਹੋਣ। ਸੂਬੇ ਅੰਦਰ ਕਥਿਤ ਵੀ.ਆਈ.ਪੀਜ਼ ਆਗੂਆਂ ਤੇ ਹੋਰ ਲੋਕਾਂ ਨੂੰ ਦਿੱਤੀ ਗਈ ਬੇਲੋੜੀ ਸੁਰੱਖਿਆ ਦੇ ਅੰਕੜੇ ਸਚਮੁਚ ਹੈਰਾਨ ਕਰਨ ਵਾਲੇ ਹਨ। ਸਾਬਕਾ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਲ 14, ਡਾ. ਦਲਜੀਤ ਸਿੰਘ ਚੀਮਾ ਕੋਲ 11, ਸ. ਗੁਲਜ਼ਾਰ ਸਿੰਘ ਰਣੀਕੇ ਕੋਲ 18, ਸ. ਜਨਮੇਜਾ ਸਿੰਘ ਸੇਖੋਂ ਕੋਲ 18, ਸ. ਸੋਹਣ ਸਿੰਘ ਠੰਢਲ ਕੋਲ 9, ਸ. ਸੁਰਜੀਤ ਸਿੰਘ ਰੱਖੜਾ ਕੋਲ 17, ਸ. ਤੋਤਾ ਸਿੰਘ ਕੋਲ 21 ਅਤੇ ਸ. ਸਿਕੰਦਰ ਸਿੰਘ ਮਲੂਕਾ ਕੋਲ ਸਭ ਤੋਂ ਵਧ 31 ਸਰਕਾਰੀ ਗੰਨਮੈਨ ਸਨ। ਬਿਨਾ ਸ਼ੱਕ ਇਹ ਸਾਰੇ ਗੰਨਮੈਨ ਸੁਰੱਖਿਆ ਲਈ ਨਹੀਂ ਸਨ। ਇਨ੍ਹਾਂ ਤੋਂ ਹੋਰ ਘਰੇਲੂ ਕੰਮਕਾਜ ਲਏ ਜਾ ਰਹੇ ਸਨ। ਅਜਿਹੇ ਕਥਿਤ ਵੀਆਈਪੀਜ਼ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਨਿੱਜੀ ਸੁਰੱਖਿਆ ਵਿੱਚ ਲੱਗੇ ਪੁਲਿਸ ਜਵਾਨਾਂ ਉੱਪਰ ਜਨਤਕ ਖਜ਼ਾਨੇ ’ਚੋਂ ਕਰੋੜਾਂ ਰੁਪਏ ਦਾ ਖਰਚਾ ਹੋ ਰਿਹਾ ਹੈ। ਲੋਕਾਂ ਵੱਲੋਂ ਟੈਕਸ ਰਾਹੀਂ ਦਿੱਤੇ ਗਏ ਪੈਸੇ ਦਾ ਇਸ ਤੋਂ ਵਧ ਦੁਰਉਪਯੋਗ ਹੋਰ ਕੀ ਹੋ ਸਕਦਾ ਹੈ। ਇਹ ਵੀ ਇੱਕ ਤਰ੍ਹਾਂ ਦਾ ਘਪਲਾ ਹੀ ਹੈ। ਪੁਲਿਸ ਅਤੇ ਨੀਮ ਫੌਜੀ ਦਸਤੇ ਆਮ ਲੋਕਾਂ ਦੀ ਸੁਰੱਖਿਆ ਲਈ ਬਣਾਏ ਜਾਂਦੇ ਹਨ। ਇਹ ਦੁੱਖ ਦੀ ਗੱਲ ਹੈ ਕਿ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਨਿੱਜੀ ਸੁਰੱਖਿਆ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਪੁਲਿਸ ਅਤੇ ਖੂਫੀਆ ਵਿੰਗ ਦੇ ਅਧਿਕਾਰੀਆਂ ਨਾਲ ਮਿਲ ਕੇ ਰਸੂਖਦਾਰ ਲੋਕ ਨਿੱਜੀ ਸੁਰੱਖਿਆ ਛੱਤਰੀ ਪ੍ਰਾਪਤ ਕਰ ਲੈਂਦੇ ਹਨ। ਫਿਰ ਇਸ ਸੁਰੱਖਿਆ ਛਤਰੀ ਹੇਠ ਆਪਣੇ ਕਾਲੇ ਚਿੱਟੇ ਧੰਦੇ ਨੂੰ ਵਧਾਉਣ ਵਿੱਚ ਮਦਦ ਵਜੋਂ ਵਰਤਦੇ ਹਨ। ਇਸ ’ਤੇ ਪੂਰੀ ਤਰ੍ਹਾਂ ਰੋਕ ਲਗਣੀ ਚਾਹੀਦੀ ਹੈ। ਅਸਲ ਵਿੱਚ ਨਿੱਜੀ ਸੁਰੱਖਿਆ ਦੇ ਮਸਲੇ ਨੂੰ ਸਿਰਫ ਅਫਸਰਾਂ ਜਾਂ ਨੇਤਾਵਾਂ ਦੇ ਵਿਵੇਕ ਉੱਪਰ ਨਹੀਂ ਛੱਡਿਆ ਜਾ ਸਕਦਾ। ਇਸ ਲਈ ਬਕਾਇਦਾ ਇੱਕ ਪਾਰਦਰਸ਼ੀ ਨੀਤੀ ਅਤੇ ਕਾਨੂੰਨ ਹੋਣਾ ਚਾਹੀਦਾ ਹੈ। ਸੁਰੱਖਿਆ ਦਾ ਸਮੁੱਚਾ ਅੰਕੜਾ ਵੀ ਆਨਲਾਇਨ ਜਨਤਕ ਹੋਵੇ ਤਾਂ ਜੋ ਇਸ ’ਤੇ ਆਮ ਲੋਕ ਨਜ਼ਰ ਰੱਖ ਸਕਣ। ਨਵੀਂ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਸੁਰੱਖਿਆ ਲੈਣ ਲਈ ਹੋ ਰਹੇ ਫਰਜ਼ੀਵਾੜੇ ਦੀ ਸਮਾਬੱਧ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਕਥਿਤ ਧਮਕੀ ਪੱਤਰਾਂ, ਧਮਕੀ ਵਾਲੇ ਫੋਨ ਨੰਬਰਾਂ ਅਤੇ ਸਬੰਧਤ ਨੇਤਾ ਦੀ ਜਾਨ ਨੂੰ ਖਤਰੇ ਸਬੰਧੀ ਵੇਰਵੇ ਵੀ ਜਨਤਕ ਤੌਰ ’ਤੇ ਉਪਲਬਧ ਕਰਾਏ ਜਾਣ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਕਾਨੂੰਨ ਵੀ ਬਣਾਉਣਾ ਚਾਹੀਦਾ ਹੈ ਕਿ ਜੇਕਰ ਕੋਈ ਗਲਤ ਤਰੀਕੇ ਨਾਲ ਸੁਰੱਖਿਆ ਲਵੇਗਾ ਜਾਂ ਨਿੱਜੀ ਸੁਰੱਖਿਆ ਦੀ ਦੁਰਵਰਤੋਂ ਕਰੇਗਾ ਤਾਂ ਉਸ ਲਈ ਬਕਾਇਦਾ ਜੇਲ੍ਹ ਅਤੇ ਜੁਰਮਾਨੇ ਦੀ ਸਜ਼ਾ ਹੋਵੇਗੀ। ਚੰਗਾ ਤਾਂ ਇਹ ਹੋਵੇਗਾ ਕਿ ਜਾਨ ਨੂੰ ਸਹੀ ਖਤਰੇ ਦੀ ਸੂਰਤ ਵਿੱਚ ਹੀ ਸਿਰਫ 2 ਤੋਂ 4 ਜਵਾਨ ਹੀ ਸੁਰੱਖਿਆ ਵਿੱਚ ਲਾਏ ਜਾਣ। ਜੇਕਰ ਕੋਈ ਨੇਤਾ ਜਾਂ ਰਸੂਖਦਾਰ ਕਿਸੇ ਸੂਰਤ ਵਿੱਚ ਵਧ ਸੁਰੱਖਿਆ ਦੀ ਮੰਗ ਕਰਦਾ ਹੈ ਤਾਂ ਇਸ ਨੂੰ ‘ਪੇਡ’ ਕੀਤਾ ਜਾਵੇ। ਇਸ ਨਾਲ ਸਰਕਾਰੀ ਖਜ਼ਾਨੇ ’ਤੇ ਬੋਝ ਵੀ ਘਟੇਗਾ ਅਤੇ ਜਨਤਕ ਸੁਰੱਖਿਆ ਲਈ ਵਧੇਰੇ ਪੁਲਿਸ ਨਫਰੀ ਉਪਲਬਧ ਹੋ ਸਕੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਬਕਾ ਅਕਾਲੀ-ਭਾਜਪਾ ਮੰਤਰੀਆਂ ਅਤੇ ਨੇਤਾਵਾਂ ਨੂੰ ਮਿਲੀ ਸੁਰੱਖਿਆ ਹੁਣ ਬਦਲੇ ਵਿੱਚ ਕਾਂਗਰਸੀਆਂ ਨੂੰ ਨਾ ਦਿੱਤੀ ਜਾਵੇ। ਕਹਿਣ ਦਾ ਭਾਵ ਇਹ ਹੈ ਕਿ ਨਿੱਜੀ ਸੁਰੱਖਿਆ ਲਈ ਪੁਲਿਸ ਨਫਰੀ ਦੀ ਇਸ ਤਰ੍ਹਾਂ ਅਦਲਾ-ਬਦਲੀ ਹੀ ਨਹੀਂ ਹੋਣੀ ਚਾਹੀਦੀ। ਦਹਾਕਿਆਂ ਤੋਂ ਇਹ ਮਸਲਾ ਕਾਫੀ ਉਲਝਿਆ ਹੋਇਆ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਨਵੀਂ ਸਰਕਾਰ ਇਸ ਸਬੰਧੀ ਕੋਈ ਉਚਿਤ ਨੀਤੀਗਤ ਫੈਸਲਾ ਲਵੇਗੀ। ਚੰਗਾ ਹੋਵੇਗਾ ਜੇਕਰ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਵੀ ਵਿਚਾਰਿਆ ਜਾਵੇ ਅਤੇ ਇਸ ਸਬੰਧੀ ਬਕਾਇਦਾ ਕਾਨੂੰਨ ਬਣਾਇਆ ਜਾਵੇ। ਪੰਜਾਬ ਦੇ ਲੋਕ ਸਰਕਾਰ ਤੋਂ ਇਹੋ ਉਮੀਦ ਰੱਖਦੇ ਹਨ।
-ਬਲਜੀਤ ਸਿੰਘ ਬਰਾੜ



