Skip to content
Independent perspectives. Global stories.
BREAKING

ਫਿਰੋਜ਼ਪੁਰ ਦੇ ਤੂੜੀ ਬਜ਼ਾਰ ’ਚ ਸਥਿਤ ਸ਼ਹੀਦ ਭਗਤ ਸਿੰਘ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਦਾ ਗੁਪਤ ਟਿਕਾਣਾ

Share this story

ਸ਼ਹੀਦ ਭਗਤ ਸਿੰਘ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਲੱਗਭੱਗ 86 ਸਾਲਾਂ ਬਾਅਦ ਉਨ੍ਹਾਂ ਦੀ ਕ੍ਰਾਂਤੀਕਾਰੀ ਪਾਰਟੀ ਹਿੰਦੋਸਤਾਨ ਸ਼ੋਸਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਦੇਸ਼ ਵਿੱਚ ਅਹਿਮ ਗੁਪਤ ਟਕਾਣਿਆਂ ਵਿਚੋਂ ਫਿਰੋਜ਼ਪੁਰ ਸ਼ਹਿਰ ਦੇ ਸ਼ਾਹਗੰਜ ਮੁਹੱਲਾ ਤੂੜੀ ਬਜ਼ਾਰ ਵਿਖੇ ਗੁਪਤ ਟਿਕਾਣਾ ਸਾਹਮਣੇ ਆਇਆ ਹੈ। ਇਸ ਟਿਕਾਣੇ ਨੂੰ ਖੋਜਣ ਵਾਲੇ ਰੇਲਵੇ ਦੇ ਸੀਨੀ: ਇੰਜ: ਅਤੇ ਇਤਿਹਾਸਕਾਰ ਰਕੇਸ਼ ਕੁਮਾਰ ਜੀ ਹਨ, ਜਿਨ੍ਹਾਂ ਦਾ ਪਿਛੋਕੜ ਸੁਨਾਮ ਸ਼ਹੀਦ ਉਧਮ ਸਿੰਘ ਦਾ ਪਿੰਡ ਹੈ। ਹੁਣ ਤੱਕ ਕਿਸੇ ਵੀ ਸਰਕਾਰ ਨੇ ਜਾਂ ਪੁਰਾਤੱਤਵ ਵਿਭਾਗ ਹੋਵੇ ਜਾਂ ਕੋਈ ਯੂਨੀਵਰਸਿਟੀ ਕਿਸੇ ਨੇ ਇਸ ਟਿਕਾਣੇ ਨੂੰ ਖੋਜਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਰਾਕੇਸ਼ ਕੁਮਾਰ ਜੀ ਜੋ ਕਿ ਉਧਮ ਸਿੰਘ ਬਾਰੇ ਖੋਜ਼ ਪੜਤਾਲ ਕਰ ਰਹੇ ਹਨ, ਉਨ੍ਹਾਂ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਆਪਣੀਆਂ ਕ੍ਰਾਂਤੀਕਾਰੀ ਸਰਗਰਮੀਆ ਦੌਰਾਨ ਕਿਤੇ ਉਧਮ ਸਿੰਘ ਦਾ ਸ਼ਹੀਦ ਭਗਤ ਸਿੰਘ ਹੁਣਾਂ ਨਾਲ ਕੋਈ ਸਬੰਧ ਰਿਹਾ ਹੋਵੇ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਅਦਾਲਤੀ ਕੇਸਾਂ ਦੀ ਸਾਲਾਂਬੱਧੀ ਘੋਖ ਪੜਤਾਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਫਿਰੋਜ਼ਪੁਰ ਵਿਚਲੇ ਗੁਪਤ ਟਿਕਾਣੇ ਦਾ ਪਤਾ ਚੱਲਿਆ। ਫਿਰ ਉਨ੍ਹਾਂ ਨੇ ਅਖਬਾਰਾਂ ਵਿੱਚ ਖਬਰਾਂ ਲਗਾ ਕੇ ਆਰਟੀਕਲ ਲਿਖ ਕੇ ਅਤੇ 26 ਹਜ਼ਾਰ ਹੱਥ ਪਰਚੇ ਵੰਡ ਕੇ ਇਸ ਇਤਿਹਾਸਕ ਧਰੋਹਰ ਨੂੰ ਲੋਕਾਂ ਸਾਹਮਣੇ ਲੈ ਕੇ ਆਦਾਂ। ਇਹ ਮਸਲਾ ਅਖਬਾਰਾਂ ਵਿੱਚ ਆਣ ਕਰਕੇ ਚਰਚਾ ਵਿੱਚ ਆਇਆ ਤਾਂ ਮੁੱਖ ਮੰਤਰੀ ਪੰਜਾਬ ਨੂੰ ਇਸ ਦਾ ਨੋਟਿਸ ਲੈਣਾਂ ਪਿਆ। ਡੀ.ਸੀ. ਫਿਰੋਜ਼ਪੁਰ ਨੇ ਕਈ ਮੀਟਿੰਗਾਂ ਕਰਕੇ ਇਸ ਨੂੰ ਸੁਰੱਖਿਅਤ ਇਮਾਰਤ ਐਲਾਨਣ ਦੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਪਰ ਹੁਣ ਤੱਕ ਨਾਂ ਤਾਂ ਇਸ ਟਿਕਾਣੇ ਨੂੰ ਪੁਰਾਤੱਤਵ ਵਿਭਾਗ ਨੂੰ ਸੌਂਪਿਆ ਗਿਆ ਹੈ ਅਤੇ ਨਾ ਹੀ ਇਥੇ ਲਾਇਬ੍ਰੇਰੀ ਜਾਂ ਅਜਾਇਬ ਘਰ ਬਣਾ ਕੇ ਇਸ ਦੀ ਕੋਈ ਸਾਂਭ ਸੰਭਾਲ ਕੀਤੀ। ਹਿੰਦੋਸਤਾਨ ਦੀ ਅਜ਼ਾਦੀ ਦੀ ਲੜਾਈ ਵਿੱਚ ਹਜ਼ਾਰਾਂ ਕ੍ਰਾਂਤੀਕਾਰੀਆਂ ਨੇ ਕੁਰਬਾਨੀਆਂ ਦਿੱਤੀਆਂ। ਮੁਲਾਜ਼ਮ ਆਪਣੀਆਂ ਨੌਕਰੀਆਂ ਛੱਡ ਕੇ ਵਿਦਿਆਰਥੀ ਆਪਣੀ ਪੜਾਈ ਹੋਰ ਲੋਕ ਆਪਣਾ ਘਰ ਬਾਰ ਕਾਰੋਬਾਰ ਛੱਡ ਕੇ ਅੰਗਰੇਜ਼ਾਂ ਨੂੰ ਭਾਰਤ ’ਚੋਂ ਕੱਢਣ ਲਈ ਅਜ਼ਾਦੀ ਦੀ ਲੜਾਈ ਵਿੱਚ ਕੁੱਦ ਪਏ ਸਨ। ਇਸ ਕੌਮੀ ਮੁਕਤੀ ਸੰਘਰਸ਼ ਵਿੱਚ ਫਿਰੋਜ਼ਪੁਰ ਵਿਚਲੇ ਇਸ ਗੁਪਤ ਟਿਕਾਣੇ ਦੀ ਆਪਣੀ ਇੱਕ ਇਤਿਹਾਸਕ ਮਹੱਤਤਾ ਹੈ। ਕ੍ਰਾਂਤੀਕਾਰੀ ਹਥਿਆਰਬੰਦ ਤਰੀਕੇ ਨਾਲ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣਾਂ ਚਾਹੁੰਦੇ ਸਨ, ਉਨ੍ਹਾਂ ਨੇ 8-9 ਸਤੰਬਰ ਨੂੰ ਗੁਪਤ ਪਾਰਟੀ ਬਣਾਉਣ ਦਾ ਬੀੜਾ ਚੁੱਕਿਆ, ਜਿਸ ਦਾ ਨਾਮ ਹਿੰਦੋਸਤਾਨ ਸ਼ੋਸਲਿਟਸ ਰਿਪਬਲਿਕ ਐਸ਼ੋਸੀਏਸ਼ਨ ਰੱਖਿਆ। ਇਸ ਗਠਨ ਨੂੰ ਲੈ ਕੇ ਪਹਿਲੀ ਮੀਟਿੰਗ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਕੀਤੀ। ਜਿਸ ਵਿੱਚ 6 ਉੱਘੇ ਕ੍ਰਾਂਤੀਕਾਰੀ ਸ਼ਾਮਲ ਹੋਏ। ਇਸ ਮੀਟਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਪਹਿਲਾਂ ਹੀ 10 ਅਗਸਤ 1928 ਨੂੰ ਫਿਰੋਜਪੁਰ ਵਿਚਲੇ ਇਸ ਗੁਪਤ ਟਿਕਾਣੇ ਨੂੰ ਗੁਪਤ ਸਰਗਰਮੀਆ ਕਰਨ ਲਈ ਚੁਣ ਲਿਆ ਸੀ। ਇਹ ਟਿਕਾਣੇ ਕ੍ਰਾਂਤੀਕਾਰੀ ਪਾਰਟੀ ਦੇ ਪੰਜਾਬ ਦੇ ਹੈੱਡ ਕੁਆਰਟ ਵਜੋਂ ਵਰਤਿਆ ਜਾ ਰਿਹਾ ਸੀ। ਸੁਖਦੇਵ ਪੰਜਾਬ ਦੀ ਪਾਰਟੀ ਦਾ ਹੈੱਡ ਸੀ। ਡਾ: ਗਯਾ ਪ੍ਰਸ਼ਾਦ ਨੂੰ ਇਸ ਟਿਕਾਣੇ ਤੇ ਦਵਾਖਾਨਾ ਚਲਾਉਣ ਲਈ ਭੇਜਿਆ ਗਿਆ ਅਤੇ ਜੈ ਗੋਪਾਲ ਉਨ੍ਹਾਂ ਦੇ ਨੌਕਰ ਵਜੋਂ ਇਥੇ ਰਹਿਣ ਲੱਗਾ ਤਾਂ ਜੋ ਇਨ੍ਹਾਂ ਕ੍ਰਾਂਤੀਕਾਰੀਆਂ ਉਪਰ ਕਿਸੇ ਨੂੰ ਸ਼ੱਕ ਨਾ ਹੋਵੇ। ਜਦੋਂ ਪਾਰਟੀ ਦੀਆਂ ਸਰਗਰਮੀਆਂ ਲਈ ਹਥਿਆਰ ਅਤੇ ਪੈਸੇ ਦੀ ਜਰੂਰਤ ਸੀ ਤਾਂ ਪਾਰਟੀ ਨੇ ਬਿਹਾਰ ਵਿੱਚ ਸਰਕਾਰੀ ਖਜ਼ਾਨੇ ਉੱਪਰ ਡਾਕਾ ਮਾਰਨ ਦੀ ਵਿਉਂਤਬੰਦੀ ਕੀਤੀ। ਭਗਤ ਸਿੰਘ ਦਾੜੀ ਕੇਸ ਹੋਣ ਕਰਕੇ ਬਿਹਾਰ ਵਿੱਚ ਪਹਿਚਾਣੇ ਜਾ ਸਕਦੇ ਸਨ, ਇਸ ਕਰਕੇ ਪਾਰਟੀ ਦੀਆਂ ਹਦਾਇਤਾਂ ਅਨੁਸਾਰ ਭਗਤ ਸਿੰਘ ਦੇ ਦਾੜੀ ਅਤੇ ਕੇਸ ਇਸੇ ਗੁਪਤ ਟਿਕਾਣੇ ਵਿੱਚ ਕ੍ਰਾਂਤੀਕਾਰੀਆਂ ਨੇ ਖੁਦ ਕੱਟੇ ਸਨ। ਇਸ ਤੋਂ ਇਲਾਵਾ ਇਤਿਹਾਸ ਦੀ ਵੱਡੀ ਘਟਨਾ ਸਾਈਮਨ ਦੇ ਵਿਰੋਧ ਵਿੱਚ ਭਾਰਤੀਆਂ ਵੱਲੋਂ ਵੱਡਾ ਜਲੂਸ ਜਥੇਬੰਦ ਕੀਤਾ ਗਿਆ ਸੀ। ਇਸ ਵਿੱਚ ਲਾਠੀਚਾਰਜ ਦੌਰਾਨ ਲਾਲਾ ਲਾਜਪੱਤ ਰਾਏ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ ਅਤੇ ਥੋੜੇ ਦਿਨਾਂ ਬਾਅਦ ਉਨ੍ਹਾਂ ਦੀ ਸ਼ਹਾਦਤ ਹੋ ਗਈੇ ਉਨ੍ਹਾਂ ਦੀ ਮੌਤ ਦਾ ਬਦਲਾ ਲੈਣ ਲਈ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਨ ਲਈ ਇਸੇ ਟਿਕਾਣੇ ਵਿੱਚ ਵਿਉ ਨੇਪਰੇ ਚਾੜੀ ਗਈ। ਕ੍ਰਾਂਤੀਕਾਰੀ ਏਅਰ ਪਿਸਟਲ ਨਾਲ ਇਸੇ ਜਗ੍ਹਾ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਦੇ ਰਹੇ। ਇਸ ਤੋਂ ਇਲਾਵਾ ਇਲਾਹਾਬਾਦ ਤੋਂ ਨਿਕਲਦੇ ਰਸਾਲੇ ਚਾਂਦ ਵਿੱਚ ਸ਼ਹੀਦਾਂ ਦੀਆਂ ਜੀਵਨੀਆ ਲਿਖੀਆਂ ਗਈਆਂ ਸਨ। ਇਨ੍ਹਾਂ ਵਿਚੋ ਕਈ ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਕ੍ਰਾਂਤੀਕਾਰੀ ਸ਼ਿਵ ਵਰਮਾ ਨੇ ਫਿਰੋਜ਼ਪੁਰ ਸਥਿਤ ਇਸ ਟਿਕਾਣੇ ਅੰਦਰ ਰਹਿ ਕੇ ਲਿਖੀਆਂ ਸਨ। ਜਿਸ ਦਾ ਜਿਕਰ ਸ਼ਿਵ ਵਰਮਾ ਨੇ ਆਪਣੀਆਂ ਯਾਦਾਂ ਦੀਆਂ ਲਿਖਤਾਂ ਵਿੱਚ ਕੀਤਾ ਹੈ। ਡਾ: ਗਯਾ ਪ੍ਰਸ਼ਾਦ ਇਥੇ ਬੰਬ ਬਣਾਉਣ ਦੀ ਸਮੱਗਰੀ ਇਕੱਠੀ ਕਰਦੇ ਸਨ। ਇਸ ਟਿਕਾਣੇ ਨੂੰ ਪੰਜਾਬ ਤੋਂ ਬਾਹਰਲੇ ਕ੍ਰਾਂਤੀਕਾਰੀ ਭੇਸ ਬਦਲਣ ਲਈ ਵਰਤਦੇ ਸਨ। ਇਸ ਟਿਕਾਣੇ ਤੇ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਅਜ਼ਾਦ, ਮਹਾਂਵੀਰ ਸਿੰਘ, ਸੁਖਦੇਵ, ਭਗਤ ਸਿੰਘ, ਸ਼ਿਵ ਵਰਮਾ, ਡਾ: ਗਯਾ ਪ੍ਰਸ਼ਾਦ ਕਈ-ਕਈ ਮਹੀਨੇ ਇੱਥੇ ਰਹਿੰਦੇ ਸਨ। ਹਿੰਦੋਸਤਾਨ ਦੀ ਅਜ਼ਾਦੀ ਦੀ ਲੜਾਈ ਲਈ ਅਤੇ ਸਮਾਜ ਵਿੱਚ ਹੋ ਰਹੀ ਜਮਾਤੀ ਲੁੱਟ ਖਸੁੱਟ ਅਤੇ ਨਾ ਬਰਾਬਰੀ ਖਿਲਾਫ ਅਨੇਕਾਂ ਕ੍ਰਾਂਤੀਕਾਰੀਆਂ ਨੇ ਫਾਂਸੀ ਦੇ ਰੱਸੇ ਚੁੱਮੇ। ਕਾਲੇ ਪਾਣੀ ਦੀਆਂ ਸਜ਼ਾਵਾਂ ਝੱਲੀਆਂ ਅਤੇ ਜਾਇਦਾਦਾ ਕੁਰਕ ਕਰਵਾਈਆਂ। 1947 ਨੂੰ ਅੰਗਰੇਜ਼ੀ ਸਾਮਰਾਜੀ ਨਹਿਰੂ ਗਾਂਧੀ ਅੰਗਰੇਜਾ ਨਾਲ ਸਮਝੌਤਾਂ ਕਰਕੇ ਪਰਦੇ ਪਿੱਛੇ ਚਲੇ ਗਏ ਅਤੇ ਗੋਰੇ ਹਾਕਮਾ ਦੀ ਥਾਂ ਕਾਲੇ ਅੰਗਰੇਜ ਹਕੂਮਤ ਚਲਾ ਰਹੇ ਹਨ। ਸਮਾਜ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਆਈ। ਸ਼ਹੀਦਾਂ ਦਾ ਬਰਾਬਰੀ ਵਾਲਾ ਲੁੱਟ-ਖਸੁੱਟ  ਰਹਿਤ ਸੋਹਣਾ ਸਮਾਜ ਸਿਰਜਣ ਦਾ ਸੁਪਨਾ ਅੱਜ ਵੀ ਅਧੂਰਾ ਹੈ। 85% ਅਬਾਦੀ ਥੁੜ੍ਹਾਂ ਮਾਰੀ ਜਿੰਦਗੀ ਜਿਉਣ ਲਈ ਮਜਬੂਰ ਹੈ 15% ਵੱਡੇ ਕਾਰਪੋਰੇਟ ਘਰਾਣੇ ਅਤੇ ਬਹੁਕੌਮੀ ਸਾਮਰਾਜੀ ਕੰਪਨੀਆਂ ਸਾਡੇ ਮੁਲਕ ਨੂੰ ਦੋਹੀਂ ਹੱਥੀਂ ਲੁੱਟ ਰਹੀਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ 85% ਕਿਸਾਨੀ ਕਰਜ਼ੇ ਦੀ ਮਾਰ ਹੇਠ ਹੈ 21% ਕਿਸਾਨ ਆਪਣਾ ਘਰ ਬਾਰ, ਡੰਗਰ, ਜਇਦਾਦ ਵੇਚ ਕੇ ਵੀ ਕਰਜ਼ਾ ਨਹੀਂ ਲਾਹ ਸਕਦੇ। 72 ਲੱਖ ਦੀ ਗਿਣਤੀ ਵਿੱਚ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹਨ। ਉਨ੍ਹਾਂ ਨੂੰ ਭਵਿੱਖ ਵਿੱਚ ਵੀ ਰੁਜ਼ਗਾਰ ਦੀ ਕੋਈ ਆਸ ਨਹੀਂ। ਇਸ ਮੌਕੇ ਸਾਡੇ ਉਹ ਮਹਾਨ ਨਾਇਕ ਜੋ ਮਨੁੱਖ ਦੀ ਲੁੱਟ ਨੂੰ ਖਤਮ ਕਰਨਾ ਚਾਹੁੰਦੇ ਸਨ। ਬਰਾਬਰੀ ਵਾਲਾ ਸਮਾਜ ਸਿਰਜਣਾ ਚਾਹੁੰਦੇ ਸਨ ਉਨ੍ਹਾਂ ਦੀ ਵਿਚਾਰ ਧਾਰਾ ਅਤੇ ਵਿਰਾਸਤ ਹੀ ਹਨੇਰ ਦੇ ਆਲਮ ਵਿੱਚ ਸਾਡੇ ਰਾਹ ਦਰਸੇਵਾ ਹਨ। ਇਸ ਲਈ ਸਾਨੂੰ ਸ਼ਹੀਦਾਂ ਦੀ ਵਿਰਾਸਤ ਨੂੰ ਬਚਾਉਣਾ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨਾਂ ਸਮੇਂ ਦੀ ਲੋੜ ਹੈ।

ਪਰਦੀਪ ਕੌਰ ਉੱਧਾ

WRITTEN BY